ਬੜੇ
ਲੁਕਵੇਂ ਏਜੰਡੇ ਅਧੀਨ ਪੰਜਾਬ ਦੀਆਂ ਸਿੱਖ ਸੰਸਥਾਵਾਂ, ਵਿਸ਼ੇਸ਼ ਕਰ ਕੇ ਸਕੂਲਾਂ ਅਤੇ ਕਾਲਜਾਂ
ਵਿਚ, ਹਿੰਦੂਤਵੀ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ। ਪਾਠਕਾਂ ਨੇ ਦੇਖਿਆ ਹੀ ਹੈ ਕਿ ਕੁਝ
ਸਾਲਾਂ ਤੋਂ ਆਰ.ਐੱਸ.ਐੱਸ. ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੁਸਤਕਾਂ
ਛਪਾ ਕੇ ਪੰਜਾਬ ਵਿਚ ਵੰਡ ਰਹੀ ਹੈ। ਕੁਝ ਜਾਗਰੂਕ ਸਿੱਖ ਸੰਸਥਾਂਵਾਂ ਤਾਂ ਇਸ ਬਾਰੇ ਰੌਲ਼ਾ
ਪਾਉਂਦੀਆਂ ਹਨ, ਪਰ ਜਿਨ੍ਹਾਂ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ ਉਹ ਸਾਜ਼ਸ਼ ਅਧੀਨ ਮੂੰਹ ‘ਚ
ਘੁੰਗਣੀਆਂ ਪਾ ਕੇ ਬੈਠੇ ਰਹਿੰਦੇ ਹਨ।
ਹੁਣੇ ਜਿਹੇ ਹੀ ਦਸੰਬਰ ਮਹੀਨੇ ਦੇ ਸ਼੍ਰੋਮਣੀ ਕਮੇਟੀ ਵਲੋਂ ਛਾਪੇ
ਜਾਂਦੇ ਰਸਾਲੇ ‘ਗੁਰਮਤਿ ਪ੍ਰਕਾਸ਼’ ਦੇ ਮੁੱਖ ਪੰਨੇ ‘ਤੇ ਸਾਹਿਬਜ਼ਾਦਿਆਂ ਦੀਆਂ ਟੋਪੀਆਂ ਵਾਲ਼ੀ
ਤਸਵੀਰਾਂ ਕੋਈ ਅਸਮਾਨੋਂ ਉੱਤਰ ਕੇ ਤਾਂ ਨਹੀਂ ਸੀ ਲਗਾ ਗਿਆ। ਪੰਜਾਬ ਨੂੰ ਹਰ ਪਾਸਿਉਂ
ਹਿੰਦੂ ਦਿਖ ਵਾਲ਼ਾ ਬਣਾਉਣਾ ਇਨ੍ਹਾਂ ਸ਼ਕਤੀਆਂ ਦੇ ਏਜੰਡੇ ‘ਚ ਸ਼ਾਮਲ ਹੈ। ਜਾਗਰੂਕ ਸਿੱਖ ਦੇਖ
ਰਹੇ ਹਨ ਕਿ ਕੁਝ ਲੋਕਾਂ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਪੂਰਬੀਏ ਸਿਪਾਹੀਆਂ ਨੂੰ ਸ਼ਹੀਦ
ਸਾਬਤ ਕਰ ਕੇ ਪੰਜਾਬੀਆਂ ਕੋਲੋਂ ਹੀ ਉਨ੍ਹਾਂ ਦੀ ਯਾਦਗ਼ਾਰ ਬਣਵਾਉਣੀ ਹੈ। ਇਹ ਕੌਣ ਲੋਕ ਨੇ
ਜੋ ਸੱਚ ਬੋਲਣ ਵਾਲ਼ੇ ਨਾਮੀ ਗਰਾਮੀ ਇਤਿਹਾਸਕਾਰਾਂ ਦੇ ਪੁਤਲੇ ਫੂਕਦੇ ਹਨ?
ਇਸੇ ਕੜੀ ਦੀ ਇਕ ਹੋਰ ਖ਼ਬਰ ਅਖ਼ਬਾਰ ‘ਚ ਪੜ੍ਹੀ ਕਿ ਪੰਜਾਬ ਦੇ ਇਕ
ਖ਼ਾਲਸਾ ਕਾਲਜ ਦਾ ਪ੍ਰਿੰਸੀਪਲ ਆਪਣੇ ਵਿਦਿਆਰਥੀਆਂ ਨੂੰ ਬਿਨਾਂ ਪ੍ਰਦੂਸ਼ਣ ਅਤੇ ਸੁਰੱਖਿਅਤ
ਹੋਲੀ ਖੇਡਣ ਦੀ ਪ੍ਰੇਰਨਾ ਦੇ ਰਿਹਾ ਹੈ ਜਦ ਕਿ ਉਸ ਨੂੰ ਚਾਹੀਦਾ ਸੀ ਕਿ ਉਹ ਇਸ ਸੰਸਥਾ ਦਾ
ਸਿਰਮੌਰ ਹੁੰਦਿਆਂ ਹੋਇਆਂ ਵਿਦਿਆਰਥੀਆਂ ਨੂੰ ਹੋਲੇ ਮਹੱਲੇ ਦੀ ਮਹੱਤਤਾ ਦੱਸਦਾ। ਹੋਲੀ
ਮਨਾਉਣ ਲਈ ਉਹ ਵਿਦਿਆਰਥੀਆਂ ਨੂੰ ਰੰਗਾਂ ਦੀ ਮਹੱਤਤਾ ਬਾਰੇ ਦੱਸਦਾ ਹੈ ਇਸ ਨੂੰ ਸੱਚੀ
ਭਾਵਨਾ ਨਾਲ਼ ਮਨਾਉਣ ਦੀ ਨਸੀਹਤ ਦਿੰਦਾ ਹੈ। ਹੈ ਨਾ ਕਾਅਬੇ ‘ਚ
ਕੁਫ਼ਰ! ਕੀ ਕਾਲਜ ਦੀ ਗਵਰਨਨਿੰਗ ਬਾਡੀ ਇਸ ਬਾਰੇ ਪੁੱਛ ਪੜਤਾਲ ਕਰੇਗੀ?
ਉਮੀਦ ਨਹੀਂ।