ਪੰਜਾਬ
ਦੇ ਕਾਂਗਰਸੀਆਂ ਵੱਲੋਂ ਧੜਾ-ਧੜ ਕਾਂਗਰਸ ‘ਚ ਸ਼ਾਮਲ ਹੋਣ ਦਾ ਦੌਰ ਨਿਰੰਤਰ ਜਾਰੀ ਹੈ, ਜਿਸ
ਕਾਰਣ ਆਮ ਲੋਕਾਂ ‘ਚ ਇਹ ਚਰਚਾ ਵੀ ਹੁੰਦੀ ਹੈ ਕਿ ਸੁਖਬੀਰ ਬਾਦਲ, ਪੰਜਾਬ ‘ਚੋਂ ਕਾਂਗਰਸ
ਦਾ ਸਫ਼ਾਇਆ ਕਰ ਦੇਵੇਗਾ। ਕਾਂਗਰਸ ਦਾ ਪੰਜਾਬ ‘ਚੋਂ ਸਫ਼ਾਇਆ
ਹੋਵੇਗਾ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ, ਪ੍ਰੰਤੂ ਸਿੱਖੀ ਸਿਧਾਤਾਂ, ਸੇਵਾ ਭਾਵਨਾ,
ਕੁਰਬਾਨੀ ਦੇ ਜਜ਼ਬੇ ਦੀ ਕਦਰ ਛੱਡ ਕੇ, ਸਿਰਫ਼ ਸੱਤਾ ਲਾਲਸਾ ਲਈ, ਸੱਤਾ ਦੇ ਸੁਦਾਗਰ ਨੂੰ
ਅਕਾਲੀ ਦਲ ‘ਚ ਸ਼ਾਮਲ ਕਰਕੇ, ਅਕਾਲੀ ਦਲ ਦਾ ਭੋਗ
ਸੁਖਬੀਰ ਬਾਦਲ ਨੇ ਜ਼ਰੂਰ ਪਾ ਦਿੱਤਾ ਹੈ, ਕਿਸੇ ਸਮੇਂ ਅਕਾਲੀ ਦਲ, ਸਿੱਖੀ ਨੂੰ ਸਮਰਪਿਤ
ਟਕਸਾਲੀ ਜਥੇਦਾਰਾਂ ਦੀ ਜਥੇਬੰਦੀ ਹੁੰਦੀ ਸੀ। ਉਸ ਸਮੇਂ ਅਕਾਲੀ ਦਲ, ਸਿੱਖੀ ਸਿਧਾਂਤਾਂ ਦੀ
ਅਤੇ ਸਿੱਖ ਮੁੱਦਿਆਂ ਦੀ ਪਹਿਰੇਦਾਰੀ ਕਰਦਾ ਸੀ। ਚੌਧਰਪੁਣੇ ਦੀ ਲਾਲਸਾ ਦੀ ਥਾਂ
ਸੇਵਾ ਭਾਵਨਾ ਹੁੰਦੀ ਸੀ, ਹੁਣ ਸਿਰਫ਼ ‘ਟਿਕਟ ਤੇ ਚੌਧਰ’ ਲਈ ਹੀ ਪਾਰਟੀ ਦੀ ਚੋਣ ਕੀਤੀ
ਜਾਂਦੀ ਹੈ। ਜਿਹੜੇ ਕਾਂਗਰਸੀ ਅੱਧੀ ਸਦੀ ਤੱਕ ਕਾਂਗਰਸ ‘ਚ ਰਾਜ ਸੱਤਾ ਦੀਆਂ ਮੌਜਾਂ ਮਾਣਦੇ
ਰਹੇ, ਹਰ ਭ੍ਰਿਸ਼ਟ ਢੰਗ ਤਰੀਕਾ ਵਰਤ ਕੇ, ਧਨ ਕੁਬੇਰ ਬਣੇ, ਉਹ ਹੁਣ ਜਦੋਂ ਇਹ ਵਿਖਾਈ ਦੇਣ
ਲੱਗ ਪਿਆ ਹੈ ਕਿ ਕਾਂਗਰਸ ਡੁੱਬਦਾ ਜਹਾਜ਼ ਹੈ ਤਾਂ ਉਸ ‘ਚੋਂ ਛਾਲਾਂ ਮਾਰਨ ਲੱਗ ਪਏ ਹਨ।
ਡੁੱਬਦੇ ਜਹਾਜ਼ ‘ਚੋਂ ਸਭ ਤੋਂ ਪਹਿਲਾ ਚੂਹੇ ਛਾਲਾਂ ਮਾਰਦੇ ਹਨ।
ਇਹ ਅਖਾਣ, ਸਦੀਵੀ ਸੱਚ ‘ਚੋਂ ਨਿਕਲਿਆ ਹੋਇਆ ਹੈ। ਜਦੋਂ ਇਕ ਪਾਸੇ
ਅਕਾਲੀ ਦਲ ਅਤੇ ਸਿੱਖੀ ਦੀ ਆਨ-ਸ਼ਾਨ ਲਈ ਕੁਰਬਾਨੀਆਂ ਕਰਨ ਵਾਲੇ, ਜੇਲ੍ਹਾਂ ਕੱਟਣ ਵਾਲੇ ਅਤੇ
ਘਰ-ਘਰ ਜਾ ਕੇ ਪਾਰਟੀ ਲਈ ਨੋਟ ਤੇ ਵੋਟ ਮੰਗ ਕੇ, ਆਪਣੇ ਬਲਬੂਤੇ ਚੋਣਾਂ ਜਿਤਾਉਣ ਵਾਲੇ,
ਖੂੰਡੇ ਵਾਲੇ ਜਥੇਦਾਰ ਪਾਰਟੀ ਦੀ ਕਾਰਗੁਜ਼ਾਰੀ ਕਾਰਣ, ਨਿਰਾਸ਼ ਹੋ ਕੇ ‘ਸੱਥਾਂ ‘ਚ ਬੈਠੇ,
ਸਿੱਖੀ ਤੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਚਿੰਤਾ ਕਰ ਰਹੇ ਹਨ, ਉਥੇ ਕਾਂਗਰਸ ‘ਚ ਰਹਿ ਕੇ
ਅੱਧੀ ਸਦੀ ਟਕਸਾਲੀ ਜਥੇਦਾਰਾਂ ਨੂੰ ਕੁੱਟਣ ਤੇ ਪੰਜਾਬ ਨੂੰ ਲੁੱਟਣ ਵਾਲੇ, ‘ਨਵੇਂ ਜਥੇਦਾਰ’
ਬਣ ਰਹੇ ਹਨ ਤਾਂ ਅਕਾਲੀ ਦਲ ਦਾ ਭੋਗ ਤਾਂ ਆਪਣੇ-ਆਪ ਹੀ ਪੈ ਗਿਆ ਹੈ।
ਕਾਂਗਰਸੀ ਤੇ ਬਾਦਲੀ, ਕਲਚਰ ‘ਚ ਹੁਣ ਕੋਈ ਫ਼ਰਕ ਨਹੀਂ ਹੈ।
ਕਾਂਗਰਸ ‘ਚ ਵੀ ‘ਅਟੈਚੀ’ ਦਾ ਭਾਰ ਵੇਖ ਕੇ ਟਿਕਟਾਂ ਤੇ ਅਹੁਦੇ ਮਿਲਦੇ ਰਹੇ ਹਨ ਅਤੇ ਬਾਦਲ
ਦਲ ‘ਚ ਵੀ ਇਹੋ ਵਰਤਾਰਾ ਸ਼ੁਰੂ ਹੋ ਚੁੱਕਾ ਹੈ। ਅੱਜ ਜੇ ਪੰਜਾਬ ‘ਚ ਲੋਕ ਸਭਾ ਚੋਣਾਂ ਸਮੇਂ
ਸਿੱਖ ਮੁੱਦੇ ਤਾਂ ਬਹੁਤ ਦੂਰ, ਪੰਜਾਬ ਦੇ ਗੰਭੀਰ ਮੁੱਦੇ ਵੀ ਗਾਇਬ ਹਨ, ਪੰਜਾਬ ਦੀਆਂ ਮੰਗਾਂ
ਤੇ ਆਨੰਦਪੁਰ ਸਾਹਿਬ ਦੇ ਮਤੇ ਦੀ ਚਰਚਾ ਨਹੀਂ, ਤਾਂ ਇਸਦਾ ਮੁੱਖ ਕਾਰਣ ਵੀ ਇਹੋ ਹੈ ਕਿ
ਅੱਜ ਸ਼੍ਰੋਮਣੀ ਅਕਾਲੀ ਦਲ, ਬਾਦਲ ਪਰਿਵਾਰ ਦੀ ਜੇਬੀ ਪਾਰਟੀ ‘ਬਾਦਲ ਦਲ’ ਬਣ ਗਿਆ ਹੈ, ਇਸ
ਕਾਰਣ ਹੁਣ ਕੌਮ ਜਾਂ ਸੂਬੇ ਦੀ ਥਾਂ, ਸਿਰਫ਼ ਬਾਦਲ ਪਰਿਵਾਰ ਦੀ ਪਰਿਵਾਰਕ ਸੱਤਾ ਤੇ ਪਰਿਵਾਰ
ਦੀਆਂ ਤਿਜੌਰੀਆਂ ਦੀ ਚਿੰਤਾ ਤੋਂ ਇਲਾਵਾ ਹੋਰ ਕੁਝ ਨਹੀਂ।
ਅਸੀਂ ਪਹਿਲਾ ਵੀ ਲਿਖਿਆ ਹੈ ਕਿ ਅੱਜ ਵੀ ਸਿਆਸਤ ਸਿਰਫ਼ ਮੌਕਾ ਪ੍ਰਸਤੀ
ਤੇ ਸੁਆਰਥੀ ਖੇਡ ਬਣ ਚੁੱਕੀ ਹੈ, ਇਸ ਲਈ ਸਿਧਾਂਤਾਂ ਜਾਂ ਅਸੂਲਾਂ ਦੀ ਗੱਲ, ਹੁਣ ਖ਼ਤਮ ਹੋ
ਗਈ। ਹਰ ਸਿਆਸੀ ਧਿਰ ਦੇ ਆਗੂ ਜਿਥੇ ਸੁਆਰਥੀ ਹਨ, ਉਥੇ ਬੇਗੈਰਤ ਤੇ ਬੇਸ਼ਰਮ ਵੀ ਹੋ ਗਏ ਹਨ।
ਵਫ਼ਾਦਾਰੀ ਬਦਲਣ ਨੂੰ ਉਹ ਕੱਪੜੇ ਬਦਲਣ ਵਰਗਾ ਮੰਨਣ ਲੱਗ ਪਏ, ਇਸ ਲਈ ਵਫ਼ਾਦਾਰੀ ਬਦਲਦਿਆਂ
ਉਨ੍ਹਾਂ ਨੂੰ ਭੋਰਾ-ਭਰ ਸ਼ਰਮ ਨਹੀਂ ਆਉਂਦੀ, ਜਦੋਂਕਿ ਪਾਰਟੀ ਨਾਲ ਜੁੜਿਆ ਆਮ ਵਰਕਰ ਆਪਣੇ
ਆਗੂਆਂ ਦੀ ਅਜਿਹੀ ਬੇਸ਼ਰਮੀ ਵੇਖ ਕੇ ਪਾਣੀ-ਪਾਣੀ ਜ਼ਰੂਰ ਹੁੰਦਾ ਰਹਿੰਦਾ ਹੈ। ਅੱਜ ਦਾ ਵੋਟਰ
ਸਿਆਣਾ ਤੇ ਚੇਤੰਨ ਵੋਟਰ ਬਣ ਰਿਹਾ ਹੈ, ਪ੍ਰੰਤੂ ਇਸਦੇ ਬਾਵਜੂਦ ਉਹ ਇਨ੍ਹਾਂ ਸ਼ੈਤਾਨ ਸਿਆਸੀ
ਧਿਰਾਂ ਦੇ ਕਿਸੇ ਨਾ ਕਿਸੇ ਚੱਕਰਵਿਊ ‘ਚ ਫ਼ਸ ਹੀ ਜਾਂਦਾ ਹੈ। ਬਹੁਗਿਣਤੀ ਵੋਟਰ ਅੱਜ ਵੀ
ਸਿਆਸੀ ਆਗੂਆਂ ਲਈ ਭੇਡਾਂ-ਬੱਕਰੀਆਂ ਦੇ ਇੱਜੜ ਬਣੇ ਹੋਏ ਹਨ, ਜਿਸ ਕਾਰਣ ਉਹ ਸਿਆਸਤ ਨੂੰ
ਆਪਣੀ ਸੁਆਰਥਪੂਰਤੀ ਦੀ ਖੇਡ ਮੰਨ ਕੇ ਹੀ ਖੇਡਦੇ ਹਨ, ਸੇਵਾ ਭਾਵਨਾ ਦੀ ਸੋਚ ਉਨ੍ਹਾਂ ਨੂੰ
ਆਉਂਦੀ ਹੀ ਨਹੀਂ।
ਅਸੀਂ ਚਾਹੁੰਦੇ ਹਾਂ ਕਿ ਵੋਟਰ ਬਾਦਸ਼ਾਹ ਆਪਣੀ ਵੋਟ ਦੀ ਕੀਮਤ ਨੂੰ
ਪਛਾਣਨ ਲੱਗੇ ਅਤੇ ਉਸਦੀ ਸਹੀ ਵਰਤੋਂ ਦੀ ਜਾਂਚ ਸਿੱਖੇ। ਜਦੋਂ ਵੋਟਰ ਆਪਣੀ ਵੋਟ ਦੀ ਸਹੀ
ਵਰਤੋਂ ਸਿੱਖ ਗਿਆ, ਫ਼ਿਰ ਸੁਆਰਥ ਤੇ ਪਦਾਰਥ ਲਈ ਹੁੰਦੀਆਂ ਦਲ-ਬਦਲੀਆਂ ਦੀ ਖੇਡ ਆਪਣੇ-ਆਪ
ਖ਼ਤਮ ਹੋ ਜਾਵੇਗੀ, ਕਿਉਂਕਿ ਸਿਆਸੀ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਲੋਕ ਸਿਰਫ਼ ਪਾਰਟੀ
ਹੀ ਨਹੀਂ ਆਪਣਾ ਪ੍ਰਤੀਨਿਧ ਬਣਾਉਣ ਤੋਂ ਪਹਿਲਾ ਉਮੀਦਵਾਰ ਦੇ ਕਿਰਦਾਰ ਦੀ ਪਰਖ ਵੀ ਜ਼ਰੂਰ
ਕਰਦਾ ਹੈ। ਮੌਕਾ ਪ੍ਰਸਤ, ਲੋਭੀ-ਲਾਲਸੀ ਤੇ ਸੱਤਾ ਦੇ ਭੁੱਖੇ ਨੂੰ ਉਹ ਆਪਣਾ ਪ੍ਰਤੀਨਿਧ,
ਬਣਾਉਣ ਲਈ ਕਦੇ ਵੀ ਤਿਆਰ ਨਹੀਂ ਹੋਵੇਗਾ। ਜਦੋਂ ਇਹ ਅਹਿਸਾਸ ਹਰ ਸਿਆਸੀ ਧਿਰ ਤੇ ਆਗੂ ਨੂੰ
ਹੋ ਗਿਆ, ਫ਼ਿਰ ਦੇਸ਼ ਦਾ ਸਮੁੱਚਾ ਢਾਂਚਾ ਖ਼ੁਦ ਹੀ ਦਰੁਸਤ ਹੋ ਜਾਵੇਗਾ।