Share on Facebook

Main News Page

ਸਾਕਾ ਨੀਲਾ ਤਾਰਾ ਨੂੰ ਭੁੱਲ ਜਾਣਾ ਹੀ ਪੰਜਾਬ ਦੇ ਹਿੱਤ ‘ਚ
-: ਮਨੋਰੰਜਨ ਕਾਲੀਆ ,ਭਾਜਪਾ

ਜਲੰਧਰ, 21 ਮਾਰਚ – ਭਾਰਤੀ ਜਨਤਾ ਪਾਰਟੀ ਨੇ ਅੱਜ ਕਿਹਾ ਹੈ ਕਿ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਦੀ ਘਟਨਾ ਨੂੰ ਭੁੱਲ ਕੇ ਵਿਕਾਸ ਦੀਆਂ ਗੱਲਾਂ ਕਰਨਾ ਹੀ ਪੰਜਾਬ ਦੇ ਹਿੱਤ ਵਿੱਚ ਹੈ। ਭਾਜਪਾ ਦੀ ਕੌਮੀ ਕਾਰਜਕਰਨੀ ਦੇ ਮੈਂਬਰ ਮਨੋਰੰਜਨ ਕਾਲੀਆ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, "ਸਾਕਾ ਨੀਲਾ ਤਾਰਾ ਬੀਤੇ ਸਮੇਂ ਦੀ ਗੱਲ ਹੈ ਅਤੇ ਕਾਂਗਰਸੀ ਆਗੂ ਵਾਰ ਵਾਰ ਇਸ ਮੁੱਦੇ ਨੂੰ ਕੁਰੇਦ ਰਹੇ ਹਨ। ਉਹਨਾਂ ਨੂੰ ਇਸ ਦੀ ਬਜਾਏ ਵਿਕਾਸ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ।"

ਮਨੋਰੰਜਨ ਕਾਲੀਆ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਵੱਲੋਂ ਅਰੁਣ ਜੇਤਲੀ ਨੂੰ ਦਿੱਤੀ ਬਹਿਸ ਦੀ ਚੁਨੌਤੀ ਦੇ ਮੁੱਦੇ ‘ਤੇ ਬੋਲ ਰਹੇ ਸਨ। ਸੁਖਪਾਲ ਸਿੰਘ ਖਹਿਰਾ ਨੇ ਜੇਤਲੀ ਨੂੰ ਬਾਹਰਲਾ ਵਿਅਕਤੀ ਦੱਸਦਿਆਂ ਉਹਨਾਂ ਸਾਹਮਣੇ ਸਾਕਾ ਨੀਲਾ ਤਾਰਾ ਸਣੇ ਕਈ ਮੁੱਦਿਆਂ ਉੱਪਰ ਬਹਿਸ ਦੀ ਚੁਨੌਤੀ ਰੱਖੀ ਸੀ।

ਕਾਲੀਆ ਤੋਂ ਜਦੋਂ ਪੁੱਛਿਆ ਗਿਆ ਕਿ ਸੁਖਪਾਲ ਸਿੰਘ ਖਹਿਰਾ ਨੇ ਗੁਜਰਾਤ ਦੇ ਸਿੱਖ ਕਿਸਾਨਾਂ ਦਾ ਉਜਾੜੇ ਦਾ ਮੁੱਦਾ ਵੀ ਉਠਾਇਆ ਹੈ, ਇਸ ਬਾਰੇ ਕੀ ਕਹਿਣਾ ਚਾਹੋਗੇ ਤਾਂ ਉਹਨਾਂ ਕਿਹਾ, "ਜਗਰਾਉਂ ਰੈਲੀ ਦੌਰਾਨ ਨਰਿੰਦਰ ਮੋਦੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਸਿੱਖ ਕਿਸਾਨਾਂ ਨੂੰ ਉਜਾੜਿਆ ਨਹੀਂ ਜਾਵੇਗਾ।"

ਇਹ ਪੁੱਛੇ ਜਾਣ 'ਤੇ ਕਿ ਖਹਿਰਾ ਨੇ ਕਿਹਾ ਸੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਣੇ ਸਾਰੇ ਅਕਾਲੀ ਆਗੂ ਖਾੜਕੂਆਂ ਨੂੰ ਰਿਹਾਅ ਕਰਵਾਉਣ ਦੀ ਮੰਗ ਲੈ ਕੇ ਰਾਸ਼ਟਰਪਤੀ ਕੋਲ ਪੁੱਜ ਗਏ, ਕੀ ਭਾਜਪਾ ਇਸ ਦਾ ਸਮਰਥਨ ਕਰਦੀ ਹੈ, ਕਾਲੀਆ ਨੇ ਕਿਹਾ, "ਮੈਨੂੰ ਅਤੇ ਮੇਰੀ ਪਾਰਟੀ ਨੂੰ ਨਿਆਂ ਪ੍ਰਣਾਲੀ ‘ਤੇ ਭਰੋਸਾ ਹੈ ਅਤੇ ਅਸੀਂ ਨਿਆਂਪਾਲਿਕਾ ਦਾ ਸਮਰਥਨ ਕਰਦੇ ਹਾਂ।"


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top