ਅੰਮ੍ਰਿਤਸਰ
21 ਮਾਰਚ (ਜਸਬੀਰ ਸਿੰਘ) ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ
ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰੀ
ਸੁਖਬੀਰ ਸਿੰਘ ਬਾਦਲ ਤੇ ਦੋਸ਼ ਲਗਾਇਆ ਕਿ ਜੂਨੀਅਰ ਬਾਦਲ ਨੇ ਸ਼ਹੀਦਾਂ ਮੁਰੀਦਾਂ ਤੇ ਕੁਰਬਾਨੀ
ਵਾਲੇ ਸਿੰਘਾਂ ਦੀ ਜਥੇਬੰਦੀ ਅਕਾਲੀ ਦਲ ਦਾ ਪੂਰੀ ਤਰ੍ਹਾਂ ਭਗਵਾਂਕਰਨ ਤੇ ਅਪਰਾਧੀਕਰਨ ਕਰਕੇ
ਇਸ ਜਥੇਬੰਦੀ ਦੇ ਅਸਲੀ ਰੂਪ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ।
ਜਾਰੀ ਇੱਕ ਬਿਆਨ ਰਾਹੀਂ ਸ੍ਰੀ ਸਰਨਾ ਨੇ ਕਿਹਾ ਕਿ ਅਕਾਲੀ ਦਲ ਦਾ
ਵਰਕਰ ਅੰਮ੍ਰਿਤਧਾਰੀ ਤੇ ਪੰਥ ਤੇ ਗ੍ਰੰਥ ਵਿੱਚ ਭਰੋਸਾ ਰੱਖਣ ਵਾਲਾ ਹੀ ਬਣ ਸਕਦਾ ਹੈ ਅਤੇ
ਹੁਣ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਨੇ ਅਕਾਲੀ ਦਲ ਵਿੱਚ ਗੈਰ ਸਿੱਖ ਭਰਤੀ ਕਰਨੇ ਸ਼ੁਰੂ
ਕਰ ਦਿੱਤੇ ਹਨ, ਉਸ ਨੇ ਅਕਾਲੀ ਦਲ ਦਾ ਪੂਰੀ ਤਰ੍ਹਾਂ ਮੁਹਾਦਰਾਂ ਹੀ ਵਿਗਾੜ ਕੇ ਰੱਖ ਦਿੱਤਾ
ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਹੁਣ ਮਾਫੀਆ ਸਰਗਨਿਆਂ ਦਾ ਦਲ ਬਣ ਕੇ ਰਹਿ ਗਿਆ ਹੈ
ਅਤੇ ਕਾਂਗਰਸ ਪਾਰਟੀ ਵਿੱਚੋ ਧੱਕੇ ਹੋਏ ਆਗੂ ਅਕਾਲੀ ਦਲ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਉਹ ਕਾਂਗਰਸੀਆਂ ਦੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ 'ਤੇ ਕੋਈ ਇਤਰਾਜ ਨਹੀਂ
ਹੈ, ਪਰ ਉਹਨਾਂ ਕਾਂਗਰਸੀਆਂ ਨੂੰ ਹੀ ਅਕਾਲੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜਿਹੜੇ
ਪੰਥ ਤੇ ਗ੍ਰੰਥ ਨੂੰ ਸਮੱਰਪਿੱਤ ਹੋਣ। ਉਹਨਾਂ ਕਿਹਾ ਕਿ ਜੇਕਰ ਅਕਾਲੀ ਦਲ ਵਿੱਚ ਇਸੇ ਤਰ੍ਹਾਂ
ਹੀ ਗੈਰ ਸਿੱਖਾਂ ਦੀ ਆਮਦ ਜਾਰੀ ਰਹੀ, ਤਾਂ ਇਹ ਸਮਝ ਲੈਣਾ ਚਾਹੀਦਾ ਕਿ ਬਾਦਲ ਪਰਿਵਾਰ ਪੂਰੀ
ਤਰ੍ਹਾਂ ਸਿੱਖੀ ਨੂੰ ਖਤਮ ਕਰਕੇ ਆਰ.ਐਸ.ਐਸ ਦੇ ਏਜੰਡੇ ਨੂੰ ਪੰਜਾਬ ਵਿੱਚ ਲਾਗੂ ਕਾਮਯਾਬ
ਹੋ ਜਾਵੇਗਾ।
ਉਹਨਾਂ ਟਕਸਾਲੀ ਅਕਾਲੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਵਜੂਦ ਨੂੰ ਖਤਮ ਹੋਣ ਤੋ
ਰੋਕਣ ਲਈ ਸਾਹਮਣੇ ਆਉਣ ਤੇ ਉਹਨਾਂ ਸ਼ਕਤੀਆਂ ਦਾ ਡੱਟ ਕੇ ਵਿਰੋਧ ਕਰਨ ਜਿਹੜੀਆਂ ਅਕਾਲੀ ਦਲ
ਨੂੰ ਖਤਮ ਕਰਨ ਵਿੱਚ ਲੱਗੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਅੱਜ ਅਕਾਲੀ ਦਲ ਉਹਨਾਂ ਸਿੰਘਾਂ
ਦਾ ਨਹੀਂ ਰਹਿ ਗਿਆ, ਜਿਹਨਾਂ ਬਾਰੇ ਇਹ ਧਾਰਨਾ ਪ੍ਰਚੱਲਤ ਸੀ ਕਿ , ‘ਨੀ
ਆਏ ਬੀਬੀ ਨਿਹੰਗ, ਬੂਹਾ ਖੋਲ ਦੇ ਨਿਸ਼ੰਗ।’
ਉਹਨਾਂ ਕਿਹਾ ਕਿ ਫਰੀਦਕੋਟ ਜਿਲ੍ਹੇ ਤੇ ਅੰਮ੍ਰਿਤਸਰ ਦੇ ਛੇਹਰਟਾ
ਖੇਤਰ ਵਿੱਚ ਸੁਖਬੀਰ ਤੇ ਮਜੀਠੀਏ ਦੀ ਨਵੀਂ ਟੀਮ ਜੋ ਗੁੱਲ ਖਿਲਾਏ ਹਨ ਉਹ ਸਭ ਦੇ ਸਾਹਮਣੇ
ਹਨ। ਉਹਨਾਂ ਕਿਹਾ ਕਿ ਫਰੀਦਕੋਟ ਵਿੱਚ ਮਜੀਠਾ ਤੇ ਬਾਦਲ ਗੈਂਗ ਦਾ ਇੱਕ ਆਗੂ ਨਿਸ਼ਾਨ ਸਿੰਘ
ਨਾਬਾਲਗ ਲੜਕੀ ਨਾਲ ਬਲਾਤਕਾਰ ਕਰਦਾ ਰਿਹਾ ਤੇ ਰੌਲਾ ਪੈਣ ਉਪਰੰਤ ਉਸ ਨੇ ਸ਼ਾਦੀ ਦਾ ਫਕੌਚ
ਵੀ ਰਚਾਇਆ, ਪਰ ਸੰਘਰਸ਼ ਕਮੇਟੀ ਵੱਲੋ ਵਿੱਢੇ ਸੰਘਰਸ਼ ਕਾਰਨ ਅਖੀਰ ਉਸ ਨੂੰ ਜੇਲ ਜਾਣਾ ਹੀ
ਪਿਆ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਛੇਹਰਟਾ ਖੇਤਰ ਵਿੱਚ ਵੀ ਇੱਕ ਅਕਾਲੀ ਆਗੂ ਰਣਵੀਰ
ਸਿੰਘ ਰਾਣਾ ਕੋਲੋਂ ਆਪਣੀ ਧੀ ਰਾਖੀ ਕਰਦਾ ਥਾਣੇਦਾਰ ਸ਼ਹੀਦ ਹੋ ਗਿਆ। ਉਹਨਾਂ ਕਿਹਾ ਕਿ
ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਅਕਾਲੀ ਦਲ ਵਿੱਚ ਅਜਿਹੇ ਲੋਕ ਸ਼ਾਮਲ ਹੋ ਚੁੱਕੇ
ਹਨ, ਜਿਹਨਾਂ ਦਾ ਕਿਰਦਾਰ ਹੀ ਸ਼ੱਕੀ ਨਹੀਂ ਸਗੋਂ ਅਪਰਾਧੀਆਂ ਵਾਲਾ ਹੈ। ਉਹਨਾਂ ਕਿਹਾ ਕਿ
ਅੰਤਰਰਾਸ਼ਟਰੀ ਸਮੱਗਲਰ ਭੋਲਾ ਤੇ ਮਨਜਿੰਦਰ ਸਿੰਘ ਬਿੱਟੂ ਔਲਖ ਵੀ ਮਜੀਠੀਆ ਗੈਂਗ ਦੇ ਹੀ
ਬੰਦੇ ਹਨ ਅਤੇ ਭੋਲਾ ਤਾਂ ਸ਼ਰੇਆਮ ਕਹਿ ਚੁੱਕਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਗੋਰਖਧੰਦੇ
ਵਿੱਚ ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ ਹੈ।
ਉਹਨਾਂ ਕਿਹਾ ਕਿ ਸੱਤਾ ਖਾਤਰ ਅਕਾਲੀ ਦਲ ਦੀਆਂ ਪਰੰਪਰਾਵਾਂ ਨੂੰ ਖਤਮ ਕਰਨਾ ਕੋਈ ਵੀ ਸਿਆਣਪ
ਹੈ, ਸਗੋਂ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਸੱਤਾ ਦੀ ਬਜਾਏ ਪੰਥਕ ਰਵਾਇਤਾਂ
ਨੂੰ ਪਹਿਲ ਦੇ ਕੇ ਉਹਨਾਂ ਵਿਅਕਤੀਆਂ ਨੂੰ ਬਿਨਾਂ ਕਿਸੇ ਦੇਰੀ 'ਤੇ ਬਾਹਰ ਕੱਢੇ ਜਿਹੜੇ
ਅਕਾਲੀ ਦਲ ਦਾ ਅਕਸ਼ ਵਿਗਾੜਨ ਲਈ ਦੋਸ਼ੀ ਹਨ।