Share on Facebook

Main News Page

ਅਕਾਲੀ ਦਲ ਦੀ ਸੰਘੀ ਹੁਣ ‘ਅਜਗਰ’ ਦੇ ਮੂੰਹ ਵਿੱਚ
-: ਜਸਬੀਰ ਸਿੰਘ ਪੱਟੀ 093560 24684

ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਲੜ ਰਹੇ ਉਮਦੀਵਾਰਾਂ ਨੂੰ ਚੋਣ ਬੁਖਾਰ ਚੜਣਾ ਸ਼ੁਰੂ ਹੋ ਗਿਆ ਹੈ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀ ਭਾਜਪਾ ਗਠਜੋੜ ਨੇ ਭਾਜਪਾ ਦੇ ਧੁਨੰਤਰ ਸ੍ਰੀ ਅਰੁਣ ਜੇਤਲੀ ਨੂੰ ਟਿਕਟ ਦੇ ਕੇ ਅੰਮ੍ਰਿਤਸਰ ਨੂੰ ਲਾਵਾਰਸ ਕਰਨ ਦਾ ਦੂਸਰੀ ਵਾਰ ‘ਗੁਰੂ ਕੀ ਨਗਰੀ’ ਵਿਰੋਧੀ ਕਦਮ ਚੁੱਕਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਭਾਜਪਾ ਨੇ ਅੰਮ੍ਰਿਤਸਰ ਤੋਂ ਬਾਹਰ ਦੇ ਵਿਅਕਤੀ ਨਵਜੋਤ ਸਿੰਘ ਸਿੱਧੂ ਨੂੰ ਟਿਕਟ ਦੇ ਕੇ ਸਾਬਤ ਕਰ ਦਿੱਤਾ ਸੀ, ਕਿ ਉਹਨਾਂ ਕੋਲ ਅੰਮ੍ਰਿਤਸਰ ਵਿੱਚ ਅਜਿਹਾ ਕੋਈ ਆਗੂ ਨਹੀਂ ਹੈ ਜਿਹੜਾ ਲੋਕ ਸਭਾ ਦੀ ਚੋਣ ਲੜ ਸਕੇ।

ਭਾਜਪਾ ਦੇ ਵੱਡੇ ਕੱਦ ਬੁੱਤ ਵਾਲੇ ਆਗੂ ਅਰੁਣ ਜੇਤਲੀ ਨੂੰ ਟਿਕਟ ਮਿਲਣ ਨਾਲ ਇੰਨੀ ਖੁਸ਼ੀ ਤਾਂ ਸ਼ਾਇਦ ਭਾਜਪਾ ਨੇ ਵੀ ਮਨਾਈ ਹੋਵੇਗੀ, ਜਿੰਨੀ ਖੁਸ਼ੀ ਅਕਾਲੀ ਦਲ ਨੇ ਮਨਾ ਕੇ ਆਤਸ਼ਬਾਜੀ ਕੀਤੀ ਤੇ ਥਾਂ ਥਾਂ ਤੇ ਸੁਆਗਤੀ ਬੋਰਡ ਲਗਾ ਕੇ ਉਹਨਾਂ ਦਾ ਸੁਆਗਤ ਕੀਤਾ। ਇਸ ਸੁਆਗਤ ਨੂੰ ਲੈ ਕੇ ਚੋਣ ਕਮਿਸ਼ਨ ਨੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਅਕਾਲੀ ਦਲ ਤੇ ਭਾਜਪਾ ਦੀਆ ਜਿਲਾ ਇਕਾਈਆਂ ਨੂੰ 90-90 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ।

ਅਕਾਲੀ ਦਲ ਵਾਲੇ ਇਸ ਕਰਕੇ ਖੁਸ਼ੀਆ ਮਨਾ ਰਹੇ ਹਨ ਕਿ ਉਹਨਾਂ ਨੇ ਆਪਣੇ ਕੱਟੜ ਵਿਰੋਧੀ ਤੇ ਭਾਜਪਾ ਦੇ ਆਗੂ ਨਵਜੋਤ ਸਿੰਘ ਸਿੱਧੂ ਦੀ ਟਿਕਟ ਕੱਟਵਾ ਕੇ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ, ਪਰ ਉਹਨਾਂ ਨੂੰ ਸ਼ਾਇਦ ਇਹ ਜਾਣਕਾਰੀ ਨਹੀਂ ਹੈ ਕਿ ਉਹਨਾਂ ਨੇ ਆਪਣੀ ‘ਸੰਘੀ’ ਭਾਜਪਾ ਦੇ ਉਸ ਅਜਗਰ ਦੇ ਸੰਘ ਵਿੱਚ ਦੇ ਦਿੱਤੀ ਹੈ, ਜਿਥੋਂ ਅਕਾਲੀ ਦਲ ਦਾ ਬੱਚ ਕੇ ਨਿਕਲਣਾ ਬਹੁਤ ਮੁਸ਼ਕਲ ਹੀ ਨਹੀਂ ਸਗੋਂ ਨਾ ਮੁਮਕਿਨ ਹੈ। ਇਸ ਤੋਂ ਪਹਿਲਾਂ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਜੀਜੇ ਤੇ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਵਜੋਂ ਵਿਚਰ ਰਹੇ ਸ੍ਰ. ਸੁਖਬੀਰ ਸਿੰਘ ਬਾਦਲ ਕੋਲੋ ਸਾਰੇ ਸਰਕਾਰੀ ਅਧਿਕਾਰੀਆ ਨੂੰ ਹੁਕਮ ਜਾਰੀ ਕਰਵਾ ਕੇ ਸਿੱਧੂ ਦੇ ਕੰਮ ਕਰਨ ਤੋਂ ਰੋਕ ਲਗਾ ਦਿੱਤੀ ਸੀ, ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਸਿੱਧੂ ਦੀ ਸ਼ੋਹਰਤ ਅੱਗੇ ਉਸ ਦੀ ਨੇਤਾਗਿਰੀ ਬੌਣੀ ਹੋ ਰਹੀ ਹੈ। ਭਾਜਪਾ ਨੇ ਸਿੱਧੂ ਨੂੰ ਆਪਣਾ ਸਟਾਰ ਕੰਪੈਨਰ ਵੀ ਬਣਾਇਆ ਤੇ ਸਿੱਧੂ ਦੇ ਵਿਸ਼ਵ ਪ੍ਰਸਿੱਧ ਕ੍ਰਿਕਟਰ ਹੋਣ ਕਾਰਨ ਜਿਥੇ ਉਸ ਦੀ ਵੱਖਰੀ ਪਹਿਚਾਣ ਬਣੀ ਹੋਈ ਹੈ ਉਥੇ ਉਸ ਦੇ ਲੱਛੇਦਾਰ ਭਾਸ਼ਨ ਸੁਨਣ ਲਈ ਵੀ ਲੋਕ ਹਮੇਸ਼ਾਂ ਉਤਾਵਲੇ ਰਹਿੰਦੇ ਸਨ

ਅਕਾਲੀ ਦਲ ਲਈ ਨਵਜੋਤ ਸਿੰਘ ਸਿੱਧੂ ਬਹੁਤ ਵੱਡਾ ਲੀਡਰ ਸਾਬਤ ਹੋਇਆ ਜਿਸ ਤੋਂ ਅਕਾਲੀ ਦਲ ਨੂੰ ਖਤਰਾ ਮਹਿਸੂਸ ਹੋ ਰਿਹਾ ਸੀ ਕਿ ਸਿੱਧੂ ਦੇ ਸਾਹਮਣੇ ਉਹਨਾਂ ਦੀ ਦਾਲ ਨਹੀਂ ਗਲ ਸਕਦੀ। ਅਕਾਲੀ ਦਲ ਨੂੰ ਸਿੱਧੂ ਉਹਨਾਂ ਦੇ ਰਸਤੇ ਵਿੱਚ ਬਹੁਤ ਵੱਡਾ ਰੋੜਾ ਜਾਪਣ ਲੱਗ ਪਿਆ ਸੀ, ਜਦ ਕਿ 2004 ਵਿੱਚ ਜਦੋਂ ਸਿੱਧੂ ਨੇ ਪਹਿਲੀ ਵਾਰੀ ਚੋਣ ਲੜੀ ਸੀ ਤਾਂ ਸਿੱਧੂ ਉਸ ਸਮੇਂ ਪਾਕਿਸਤਾਨ ਵਿੱਚ ਸੀ ਅਤੇ ਸਰਹੱਦ ਤੇ ਉਸ ਦੀ ਵਾਪਸੀ ਸਮੇਂ ਭਾਜਪਾ ਤੇ ਅਕਾਲੀ ਦਲ ਨੇ ਇਸੇ ਤਰ੍ਹਾਂ ਹੀ ਖੁਸ਼ੀ ਮਨਾਈ ਸੀ ਜਿਸ ਤਰ੍ਵਾ ਅੱਜ ਜੇਤਲੀ ਦੀ ਆਮਦ 'ਤੇ ਮਨਾਈ ਜਾ ਰਹੀ ਹੈ, ਪਰ ਜਲਦੀ ਹੀ ਸਿੱਧੂ ਤੋਂ ਅਕਾਲੀ ਦਲ ਦਾ ਮੋਹ ਭੰਗ ਹੋ ਗਿਆ ਅਤੇ ਅਕਾਲੀਆਂ ਨੇ ਉਸ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ। ਨਗਰ ਨਿਗਮ ਅੰਮ੍ਰਿਤਸਰ ਦੀਆ ਚੋਣਾਂ ਵਿੱਚ ਵੀ ਸਿੱਧੂ ਜਦੋਂ ਹਾਈਕਮਾਂਡ ਕੋਲੋ ਨੌ ਟਿਕਟਾਂ ਆਪਣੇ ਉਮੀਦਵਾਰਾ ਲਈ ਲੈ ਕੇ ਆਇਆ ਤਾਂ ਭਾਜਪਾ ਵਿੱਚ ਸਿੱਧੂ ਸ਼ਿਸ਼ ਤੇ ਅੱਜ ਕਲ ਕੱਟੜ ਵਿਰੋਧੀ ਅਨਿਲ ਜੋਸ਼ੀ ਨੇ ਅਕਾਲੀਆਂ ਦੇ ਕੰਨਾੜਿਆ ਤੇ ਚੜ ਕੇ ਸਿੱਧੂ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਪਾਰਟੀ ਉਮੀਦਵਾਰ ਦੇ ਨਾਲ ਨਾਲ ਕਈ ਅਕਾਲੀ ਤੇ ਅਜ਼ਾਦ ਉਮੀਦਵਾਰ ਵੀ ਖੜੇ ਕਰ ਦਿੱਤੇ ਜਿਸ ਕਾਰਨ ਸਿੱਧੂ ਦੇ ਉਮੀਦਵਾਰ ਹਾਰ ਗਏ।

ਸਿੱਧੂ ਨੇ ਅਕਾਲੀਆਂ ਦੀਆਂ ਸਾਰੀਆਂ ਜਿਆਦਤੀਆਂ ਬਰਦਾਸ਼ਤ ਕੀਤੀਆਂ, ਪਰ ਜਦੋ ਪਾਣੀ ਸਿਰ ਤੋਂ ਉਂਪਰ ਲੰਘ ਗਿਆ ਤਾਂ ਸਿੱਧੂ ਨੇ ਪੰਜਾਬ ਸਰਕਾਰ ਦੇ ਉਹਨਾਂ ਵਿਕਾਸ ਪ੍ਰਾਜੈਕਟਾਂ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਜਿਹੜੇ ਕਈ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਸਨ, ਪਰ ਅੱਜ ਤੱਕ ਡੱਕਾ ਤੋੜ ਕੇ ਵੀ ਦੋਹਰਾ ਨਹੀਂ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੀ ਸਿੱਧੂ ਕੋਲੋ ਇੰਨੇ ਖੌਫਜਦਾ ਹੋ ਗਏ, ਕਿ ਉਹਨਾਂ ਨੇ ਸਿੱਧੂ ਦੇ ਬਿਆਨਾਂ ਦਾ ਜਵਾਬ ਰੋ ਰੋ ਦਿੱਤਾ ਤੇ ਭਾਜਪਾ ਹਾਈ ਕਮਾਂਡ ਕੋਲ ਸਿੱਧੂ ਦੀ ਸ਼ਕਾਇਤ ਵੀ ਕੀਤੀ। ਸਿੱਧੂ ਕੁਝ ਸਮੇਂ ਲਈ ਤਾਂ ਚੁੱਪ ਕਰ ਗਿਆ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਜਦੋਂ ਭਾਜਪਾ ਹਾਈ ਕਮਾਂਡ ਨੇ ਸਿੱਧੂ ਨੂੰ ਮੁੜ ਮੈਦਾਨ ਵਿੱਚ ਲਿਆਉਣ ਦੀ ਗੱਲ ਤੋਰੀ ਤਾਂ ਅਕਾਲੀਆਂ ਨੂੰ ਫਿਰ ਅੱਚਵੀ ਲੜਨੀ ਸ਼ੁਰੂ ਹੋ ਗਈ।

ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਉਹਨਾਂ ਕੋਲੋ ਪੰਜਾਬ ਤੋਂ ਬਾਹਰ ਵੀ ਅਕਾਲੀਆਂ ਨੂੰ ਟਿਕਟਾਂ ਦੇਣ ਦੀ ਮੰਗ ਕੀਤੀ ਤਾਂ ਰਾਜਨਾਥ ਸਿੰਘ ਨੇ ਇਹਨਾਂ ਮਹਾਂਰਥੀਆਂ ਨੂੰ ਕੋਰੇ ਲੱਠੇ ਵਰਗਾ ਜਵਾਬ ਦੇ ਦਿੱਤਾ ਕਿ, ‘‘ਸਰਦਾਰ ਸਾਹਿਬ ਜਾਕਰ ਪੰਜਾਬ ਮੇ ਇਲੈਕਸ਼ਨ ਕੀ ਤਿਆਰੀ ਕਰੇ, ਪੰਜਾਬ ਸੇ ਬਾਹਰ ਆਪ ਕੋ ਕੋਈ ਸੀਟ ਨਹੀਂ ਮਿਲ ਸਕਤੀ।’’ ਅੰਮ੍ਰਿਤਸਰ ਤੋਂ ਉਮੀਦਵਾਰ ਦੀ ਜਦੋਂ ਗੱਲ ਚੱਲੀ ਤਾਂ ਵੀ ਰਾਜਨਾਥ ਸਿੰਘ ਨੇ ਤਿੰਨ ਵਾਰ ਜੇਤੂ ਰਹੇ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਮੈਦਾਨ ਵਿੱਚ ਉਤਾਰਨ ਦੀ ਗੱਲ ਕਹੀ। ਅਕਾਲੀਆਂ ਨੇ ਬਲਦੇਵ ਰਾਜ ਚਾਵਲਾ, ਫਿਰ ਰਾਜਿੰਦਰਮੋਹਨ ਸਿੰਘ ਛੀਨਾ ਅਤੇ ਕਮਲ ਸ਼ਰਮਾ ਵਿੱਚੋ ਕਿਸੇ ਇੱਕ ਨੂੰ ਟਿਕਟ ਦੇਣ ਦੀ ਵਕਾਲਤ ਵੀ ਕੀਤੀ ਪਰ ਰਾਜਨਾਥ ਸਿੰਘ ਨੇ ਇਹ ਕਹਿ ਕੇ ਵਾਪਸ ਤੋਂਰ ਦਿੱਤਾ ਕਿ ‘ਵੋ ਵਿਚਾਰ ਕਰੇਗੇ’। ਇਸੇ ਤਰ੍ਹਾਂ ਬਾਦਲ ਸਾਬ ਨੇ ਹਰਿਆਣਾ ਵਿੱਚ ਆਪਣੇ ਪੁਰਾਣੇ ਸੰਗੀ ਸਾਥੀ ਚੌਟਲਾ ਪਰਿਵਾਰ ਨਾਲ ਵੀ ਰਾਜਨਾਥ ਸਿੰਘ ਨੂੰ ਸਮਝੌਤਾ ਕਰਨ ਲਈ ਕਿਹਾ ਪਰ ਰਾਜਨਾਥ ਸਿੰਘ ਨੇ ‘‘ਵੋ ਚੋਰ ਹੈ ਉਨ ਕੇ ਸਾਥ ਸਮਝੌਤਾ ਨਹੀਂ ਹੋ ਸਕਤਾ’’ ਕਹਿ ਕੇ ਸਮਝੌਤੇ ਦਾ ਅਧਿਆਇ ਹੀ ਬੰਦ ਕਰ ਦਿੱਤਾ।

ਅਖੀਰ ਜਦੋਂ ਇਹ ਪੂਰੀ ਤਰ੍ਵਾ ਪੱਕਾ ਹੋ ਗਿਆ ਕਿ ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਹੀ ਚੋਣ ਲੜਨਗੇ ਤਾਂ ਮੁੱਖ ਮੰਤਰੀ ਨੇ ਬਿਆਨ ਦੇ ਦਿੱਤਾ ਕਿ ਜੇਕਰ ਸਿੱਧੂ ਨੂੰ ਟਿਕਟ ਮਿਲਦੀ ਹੈ ਤਾਂ ਅਕਾਲੀ ਦਲ ਉਸ ਦੀ ਪੂਰੀ ਮਦਦ ਕਰੇਗਾ ਤੇ ਉਹ ਖੁਦ ਚੋਣ ਪ੍ਰਚਾਰ ਕਰਨਗੇ। ਇਸ ਤੋਂ ਬਾਅਦ ਇੱਕ ਵਾਰੀ ਫਿਰ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਹਾਈ ਕਮਾਂਡ ਤੇ ਆਪਣੇ ਆਰ.ਐਸ.ਐਸ ਦੇ ਅਕਾਵਾਂ ਰਾਹੀ ਰਾਬਤਾ ਕਾਇਮ ਕੀਤਾ ਕਿ ਸਿੱਧੂ ਦੀ ਬਜਾਏ ਹੋਰ ਕਿਸੇ ਵੀ ਹੋਰ ਉਮੀਦਵਾਰ ਨੂੰ ਟਿਕਟ ਦਿਉ ਨਹੀਂ ਤਾਂ ਉਹਨਾਂ ਦੀ ਹਾਸੋਹੀਣੀ ਹੋਵੇਗੀ। ਇਸ ਤੋਂ ਬਾਅਦ ਹੀ ਸਿੱਧੂ ਨੂੰ ਪੱਛਮੀ ਦਿੱਲੀ ਤੋਂ ਪਾਰਟੀ ਨੇ ਟਿਕਟ ਦੇਣ ਲਈ ਕਿਹਾ ਪਰ ਸਿੱਧੂ ਦੀ ‘ਜੱਟਾਂ’ ਵਾਲੀ ਅੜੀ ਕਿ ‘ਉਹ ਜੇਕਰ ਚੋਣ ਲੜੇਗਾ ਤਾਂ ਅੰਮ੍ਰਿਤਸਰ ਤੋਂ ਹੀ ਲੜੇਗਾ।’ ਹਾਈ ਕਮਾਂਡ ਨੇ ਫਿਰ ਗੁਰੂ ਦੇ ਗੁਰੂ ਵਾਲਾ ਪੱਤਾ ਖੇਡਦਿਆਂ ਅਰੁਣ ਜੇਤਲੀ ਜਿਸ ਨੂੰ ਸਿੱਧੂ ਆਪਣਾ ਸਿਆਸੀ ‘ਗੁਰੂ’ ਮੰਨਦੇ ਹਨ ਨੂੰ ਟਿਕਟ ਦੇ ਦਿੱਤੀ ਤੇ ਗੁਰੂ ਨੇ ਆਪਣੇ ਗੁਰੂ ਦਾ ਵਿਰੋਧ ਤਾਂ ਭਾਂਵੇ ਨਹੀਂ ਕੀਤਾ, ਪਰ ਉਹ ਜੇਤਲੀ ਦੀ ਪਲੇਠੀ ਅੰਮ੍ਰਿਤਸਰ ਫੇਰੀ ਦੌਰਾਨ ਸਾਥੀਆਂ ਸਮੇਤ ਗੈਰ ਹਾਜਰ ਜਰੂਰ ਰਹੇ।

ਬਾਦਲਾਂ ਨੂੰ ਸਿੱਧੂ ਇਸ ਕਰਕੇ ਵੀ ਨਹੀਂ ਭਾਉਂਦਾ ਸੀ ਕਿਉਂਕਿ ਉਹ ਨੀਂਹ ਪੱਥਰ ਰੱਖਣ ਦੀ ਪਰੰਪਰਾ ਵਿੱਚ ਵਿਸ਼ਵਾਸ਼ ਨਹੀਂ ਰੱਖਦਾ, ਸਗੋਂ ਯਥਾਰਥ ਵਿੱਚ ਕੁਝ ਕਰਨਾ ਲੋਚਦਾ ਸੀ ਜਦ ਕਿ ਬਾਦਲ ਸਿਰਫ ਨੀਂਹ ਪੱਥਰ ਰੱਖ ਕੇ ਵਾਹ ਵਾਹ ਖੱਟਣ ਵਿੱਚ ਯਕੀਨ ਰੱਖਦੇ ਹਨ। ਸਿੱਧੂ ਦੀ ਭਾਵਨਾ ਹੈ ਕਿ ਵਿਕਾਸ ਸਿਰਫ ਗਲੀਆਂ ਨਾਲੀਆਂ ਬਣਾਉਣ ਨਾਲ ਹੀ ਨਹੀਂ ਹੋ ਸਕਦਾ, ਸਗੋਂ ਵਿਕਾਸ ਲਈ ਤਾਂ ਅਜਿਹੇ ਪ੍ਰਾਜੈਕਟ ਲਗਾਏ ਜਾਣੇ ਚਾਹੀਦੇ ਹਨ, ਜਿਹਨਾਂ ਨਾਲ ਬੇਰੁਜਗਾਰਾਂ ਨੂੰ ਰੁਜਗਾਰ ਮਿਲੇ ਤੇ ਟੈਕਸਾਂ ਦੇ ਰੂਪ ਵਿੱਚ ਮਿਲਣ ਵਾਲੇ ਮਾਲੀਏ ਨਾਲ ਖਜਾਨਾ ਭਰਿਆ ਜਾ ਸਕੇ। ਅੰਮ੍ਰਿਤਸਰ ਲਈ ਉਸ ਨੇ ਸਾਲਿਡਵੈਸਟ ਮੈਨੇਜਮੈਂਟ ਵਰਗੇ ਪਲਾਂਟ ਲਿਆਂਦੇ, ਸਿਟੀ ਬੱਸ ਚਲਾਈ ਅਤੇ ਵੱਧ ਰਹੀ ਟਰੈਫਿਕ ਨੂੰ ਸਟਰੀਮਲਾਈਨ ਕਰਨ ਲਈ ਫਲਾਈ ਉਵਰ ਬਣਾਉਣਾ ਵੀ ਸਿੱਧੂ ਦੀ ਹੀ ਦੇਣ ਸੀ। ਇਸ ਤੋਂ ਇਲਾਵਾ ਸਿੱਧੂ ਕਈ ਵਾਰੀ ਕਹਿ ਚੁੱਕੇ ਹਨ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਹਰ ਰੋਜ਼ ਇੱਕ ਲੱਖ ਤੋਂ ਉਪਰ ਸ਼ਰਧਾਲੂ ਮੱਥਾ ਟੇਕਣ ਲਈ ਆਉਦੇ ਹਨ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਨੂੰ ਪ੍ਰਮੋਟ ਕਰਕੇ ਇਥੇ ਵੱਧ ਤੋਂ ਵੱਧ ਫਲਾਈਟਾਂ ਲਿਆਦੀਆਂ ਜਾਣ, ਪਰ ਅਕਾਲੀ ਦਲ ਨੂੰ ਇਹ ਨਹੀਂ ਭਾਉਂਦਾ ਸੀ ਅਤੇ ਉਹਨਾਂ ਨੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਅੱਖੋ ਪਰੋਖੇ ਕਰਕੇ ਮੋਹਾਲੀ ਹਵਾਈ ਅੱਡੇ ਨੂੰ ਪਰਮੋਟ ਕੀਤਾ। ਸਿੱਧੂ ਨੇ ਕਈ ਬੰਦ ਫਲਾਈਟਾਂ ਚਾਲੂ ਕਰਾਉਣ ਲਈ ਵੀ ਯਤਨ ਵੀ ਕੀਤੇ, ਪਰ ਸਰਕਾਰ ਨੇ ਅੰਦਰ ਖਾਤੇ ਇਹਨਾਂ ਫਲਾਈਟਾਂ ਨੂੰ ਮੁੜ ਬੰਦ ਕਰਾਉਣ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡੀ।

ਸਿੱਧੂ ਬਾਰੇ ਇਹ ਵੀ ਮਸ਼ਹੂਰ ਹੈ ਕਿ ਉਹ ਹਰਿਦੁਆਰ ਜਾ ਕੇ ਸਿੱਖ ਪਰੰਪਰਾਵਾਂ ਦੇ ਖਿਲਾਫ ਕਰਮ ਕਾਂਡਾ ਵਿੱਚ ਵੀ ਵਿਸ਼ਵਾਸ਼ ਰੱਖਦਾ ਹੈ ਅਤੇ ਜੋਤਸ਼ੀਆਂ ਦੇ ਇਸ਼ਾਰਿਆਂ ‘ਤੇ ਹੀ ਨੱਚਦਾ ਹੈ, ਪਰ ਫਿਰ ਵੀ ਉਹ ਕੱਟੜਵਾਲਤਾ ਦੇ ਹੱਕ ਵਿੱਚ ਨਹੀਂ ਅਤੇ ਭਾਜਪਾ ਵਿੱਚ ਪੈਰ ਰੱਖਦਿਆਂ ਹੀ ਉਸਨੇ ਪੁਰਾਣੇ ਤੇ ਫਿਰਕਾਪ੍ਰਸਤ ਭਾਜਪਾਈ ਆਗੂਆਂ ਬਲਰਾਮ ਜੀ ਦਾਸ ਟੰਡਨ, ਲਕਸ਼ਮੀ ਕਾਂਤਾ ਚਾਵਲਾ, ਡਾ. ਬਲਦੇਵ ਰਾਜ ਚਾਵਲਾ ਵਰਗਿਆ ਨੂੰ ਪਿੱਛੇ ਸੁੱਟ ਕੇ ਨਵੀ ਪਨੀਰੀ ਪੈਦਾ ਕੀਤੀ ਜਿਹੜੀ ਕੱਟੜਵਾਲਤਾ ਤੋਂ ਉਪਰ ਸੀ। ਸਿੱਧੂ ਨੂੰ ਇਹਨਾਂ ਲੀਡਰਾਂ ਦੀ ਵੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ। ਸਿੱਧੂ ਨੇ ਅਕਾਲੀ ਦਲ ਨਾਲ ਵੀ ਹਮੇਸ਼ਾਂ ਇਸੇ ਕਰਕੇ ਹੀ ਛੱਤੀਸ਼ ਦਾ ਅੰਕੜਾ ਰੱਖਿਆ ਕਿਉਂਕਿ ਅਕਾਲੀ ਦਲ ਦੀਆਂ ਨੀਤੀਆਂ ਉਸ ਦੇ ਫਰੇਮ ਵਿੱਚ ਫਿੱਟ ਨਹੀਂ ਬੈਠਦੀਆਂ ਸਨ। ਸਿੱਧੂ ਅਨਿਲ ਜੋਸ਼ੀ ਅਤੇ ਰਾਜਿੰਦਰਮੋਹਨ ਸਿੰਘ ਛੀਨਾ ਨੂੰ ਭਾਜਪਾ ਵਿੱਚ ਲੈ ਕੇ ਆਏ ਅਤੇ ਦੋਵਾਂ ਨੂੰ ਉਸ ਨੇ ਪਰਮੋਟ ਵੀ ਕੀਤਾ, ਪਰ ਅੱਜ ਇਹ ਦੋਵੇ ਲੀਡਰ ਅਕ੍ਰਿਤਘਣ ਦੀ ਹੱਦਾਂ ਟੱਪ ਕੇ ਸਿੱਧੂ ਦੇ ਕੱਟੜ ਵਿਰੋਧੀ ਹਨ। ਵਿਰੋਧਤਾ ਕਰਨ ਵਿੱਚ ਸਿੱਧੂ ਨੇ ਵੀ ਘੱਟ ਨਹੀਂ ਕੀਤੀ ਅਤੇ ਦੋਵਾਂ ਦੇ ਰਸਤਿਆਂ ਵਿੱਚ ਉਸ ਨੇ ਕਈ ਪ੍ਰਕਾਰ ਦੇ ਤਿੱਖੀਆ ਸੂਲਾਂ ਵਾਲੇ ਕੰਡੇ ਬੀਜੇ। ਅਕਾਲੀ ਦਲ ਵਾਲੇ ਵੀ ਇਹੀ ਚਾਹੁੰਦੇ ਸੀ ਕਿ ਸਿੱਧੂ ਨੂੰ ਉਸ ਦੇ ਆਪਣੇ ਘਰ ਵਿੱਚ ਹੀ ਮਾਰਿਆ ਜਾਵੇ। ਅਕਾਲੀ ਦਲ ਤੇ ਭਾਜਪਾ ਦੀ ਪੰਜਾਬ ਇਕਾਈ ਨੇ ਸਿੱਧੂ ਨੂੰ ਰਾਮ ਤੀਰਥ ਵਿਖੇ ਕੀਤੇ ਗਏ ਰਾਜ ਪੱਧਰੀ ਸਮਾਗਮ ਵਿੱਚ ਨਾ ਬੁਲਾਇਆ ਤੇ ਜਗਰਾਉ ਰੈਲੀ ਸਮੇਂ ਵੀ ਉਸ ਨੂੰ ਅੱਖੋ ਪਰੋਖੇ ਕੀਤਾ ਗਿਆ। ਜਿਥੇ ਬਾਦਲਾਂ ‘ਤੇ ਦੋਸ਼ ਲੱਗਦੇ ਹਨ ਕਿ ਉਹ ਸਰਕਾਰ ਤੇ ਲੋਕਾਂ ਨੂੰ ਬਰਾਬਰ ਲੁੱਟ ਰਹੇ ਹਨ ਉਥੇ ਸਿੱਧੂ ਨੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਇੱਕ ਕਰੋੜ ਰੁਪਈਆ ਪੰਜਾਬ ਨੂੰ ਹਰਿਆ ਭਰਿਆ ਕਰਨ ਲਈ ਕੇਂਦਰ ਸਰਕਾਰ ਕੋਲ ਜਮਾ ਕਰਵਾਏ ਤਾਂ ਕਿ ਬੂਟੇ ਖਰੀਦ ਕੇ ਲਗਾਏ ਜਾਣ

ਪੰਜਾਬ ਭਾਜਪਾ ਦਾ ਪ੍ਰਧਾਨ ਕਮਲ ਸ਼ਰਮਾ ਵੀ ਪਹਿਲਾਂ ਸਿੱਧੂ ਦਾ ਹੀ ਸ਼ਿਸ਼ ਸੀ, ਪਰ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਸਲਾਹਕਾਰ ਬਣਿਆ ਤਾਂ ਉਸ ਨੇ ਵੀ ਸਿੱਧੂ ਨੂੰ ਪੱਲੇ ਨਾ ਬੱਧਾ। ਕਮਲ ਸ਼ਰਮਾ ਨੂੰ ਭਾਜਪਾ ਦਾ ਪੰਜਾਬ ਪ੍ਰਧਾਨ ਬਣਾਉਣ ਲਈ ਅਕਾਲੀਆ ਨੇ ਸਿਰਤੋਂੜ ਯਤਨ ਕੀਤਾ ਕਿਉਂਕਿ ਅਕਾਲੀਆ ਨੂੰ ਕਮਲ ਸ਼ਰਮਾ ਕੋਲੋ ਕੋਈ ਖਤਰਾ ਨਹੀਂ ਹੈ ਜਦ ਕਿ ਸਿੱਧੂ ਦੇ ਪਰਧਾਨ ਜਾਂ ਮੈਂਬਰ ਪਾਰਲੀਮੈਂਟ ਬਣਨ ਨਾਲ ਅਕਾਲੀ ਕਾਫੀ ਬੈਚੇਨੀ ਮਹਿਸੂਸ ਕਰਦੇ ਹਨ।

ਭਾਜਪਾ ਦਾ ਧੁਨੰਤਰ ਨੇਤਾ ਤੇ ਆਰ.ਐਸ. ਐਸ ਦੀ ‘ਮਾਂ’ ਵਜੋ ਜਾਣੇ ਜਾਂਦੇ ਅਰੁਣ ਜੇਤਲੀ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਟਿਕਟ ਮਿਲਣ ਨਾਲ ਭਾਂਵੇ ਅਕਾਲੀ ਕਾਫੀ ਖੁਸ਼ ਹਨ, ਪਰ ਭਵਿੱਖ ਵਿੱਚ ਵਾਪਰਨ ਵਾਲੇ ਭਾਣੇ ਤੋਂ ਪੂਰੀ ਤਰ੍ਹਾਂ ਬੇਖਬਰ ਹਨ। ਜੇਤਲੀ ਚੋਣ ਜਿੱਤ ਜਾਂਦੇ ਹਨ ਜਾਂ ਹਾਰ ਜਾਂਦੇ ਹਨ ਤਾਂ ਅਕਾਲੀ ਦਲ ਤੇ ਅਸਰ ਬਰਾਬਰ ਹੀ ਪਵੇਗਾ ਕਿਉਂਕਿ ਚੋਣ ਜਿੱਤਣ ਉਪਰੰਤ ਉਹਨਾਂ ਦਾ ਦਫਤਰ ਅੰਮ੍ਰਿਤਸਰ ਵਿੱਚ ਖੁੱਲੇਗਾ ਤੇ ਜਦੋਂ ਕੋਈ ਦਫਤਰ ਵਿੱਚ ਬੈਠਾ ਵਿਅਕਤੀ ਕਿਸੇ ਵੀ ਅਧਿਕਾਰੀ ਨੂੰ ਫੋਨ ਕਰਕੇ ਕੰਮ ਕਹੇਗਾ ਤਾਂ ਸਿਰਫ ਕੰਮ ਜੇਤਲੀ ਦੇ ਹੀ ਹੋਣਗੇ ਤੇ ਅਕਾਲੀ ਦਲ ਦੇ ਆਗੂ ਪੂਰੀ ਤਰ੍ਹਾਂ ਖੁੱਡੇ ਲਾਈਨ ਲੱਗ ਜਾਣਗੇ। ਜੇਕਰ ਜੇਤਲੀ ਚੋਣ ਹਾਰ ਗਿਆ ਤਾਂ ਵੀ ਅਕਾਲੀਆ ਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਅਕਾਲੀ ਜੇਤਲੀ ਨੂੰ ਸਿਰਫ ਇਸ ਸ਼ਰਤ ਤੇ ਹੀ ਅੰਮ੍ਰਿਤਸਰ ਲੈ ਕੇ ਆਏ ਹਨ ਕਿ ਉਹ ਸਿਰਫ ਕਾਗਜ ਭਰਨ ਲਈ ਅੰਮ੍ਰਿਤਸਰ ਆਉਣ ਬਾਕੀ ਸਾਰੀ ਚੋਣ ਲੜ ਕੇ ਜਿੱਤ ਦਾ ਸਰਟੀਫਿਕੇਟ ਉਹਨਾਂ ਦੇ ਹੱਥ ਵਿੱਚ ਥਮਾ ਦਿੱਤਾ ਜਾਵੇਗਾ।

ਅਕਾਲੀ ਇਸ ਗੱਲ ਤੋਂ ਬੇਖਬਰ ਹਨ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਭਾਜਪਾ ਇਕਾਈ ਵਿੱਚ ਵੱਡੀ ਰੱਦੋ ਬਦਲ ਹੋਵੇਗੀ ਅਤੇ ਨਵਜੋਤ ਸਿੰਘ ਨੂੰ ਪੰਜਾਬ ਭਾਜਪਾ ਦਾ ਪਰਧਾਨ ਥਾਪ ਕੇ ਇੱਕ ਵਾਰੀ ਫਿਰ ਭਾਜਪਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ‘‘ਗਾਉਂ ਕੀ ਔਰ’’ ਦਾ ਨਾਅਰਾ ਲੈ ਕੇ ਪਿੰਡਾਂ ਤੱਕ ਪਹੁੰਚ ਕਰੇਗੀ। ਸਿੱਧੂ ਜੱਟ ਹੋਣ ਕਾਰਨ ਪਿੰਡਾਂ ਦੇ ਜੱਟ ਉਸ ਦਾ ਸਾਥ ਦੇ ਸਕਦੇ ਹਨ ਅਤੇ ਅਕਾਲੀ ਦਲ ਦੀ ਵੋਟ ਨੂੰ ਕੱਟ ਸਕਦੇ ਹਨ।

ਸ੍ਰੀ ਜੇਤਲੀ ਹਾਰੇ ਜਾਂ ਜਿੱਤੇ ਅਕਾਲੀ ਦਲ ਦੀ ਹਾਲਤ ਉਸ ਖਰਬੂਜੇ ਵਰਗੀ ਬਣ ਜਾਵੇਗੀ ਜਿਸ ਦਾ ਵਜੂਦ ਭਾਂਵੇ ਛੁਰੀ ਨਾਲੋ ਕਈ ਗੁਣਾ ਵੱਡਾ ਹੁੰਦਾ, ਪਰ ਛੁਰੀ ਖਰਬੂੰਜੇ ਤੇ ਡਿੱਗੇ ਜਾਂ ਫਿਰ ਖਰਬੂਜਾ ਛੁਰੀ ਤੇ ਡਿੱਗੇ ਨੁਕਸਾਨ ਖਰਬੂਜੇ ਦਾ ਹੀ ਹੋਣਾ ਹੈ, ਠੀਕ ਇਸੇ ਤਰ੍ਹਾਂ ਅਕਾਲੀ ਦਲ ਦੀ ਹਾਲਤ ਹੈ ਕਿ ਭਾਂਵੇ ਜੇਤਲੀ ਹਾਰੇ ਜਾਂ ਜਿੱਤੇ ਨੁਕਸਾਨ ਅਕਾਲੀ ਦਲ ਦਾ ਹੀ ਹੋਣਾ ਹੈ ਅਤੇ ਜੇਤਲੀ ਨੂੰ ਟਿਕਟ ਦਿਵਾਉਣ ਲਈ ਅਕਾਲੀਆਂ ਨੂੰ ਇੱਕ ਦਿਨ ਜਰੂਰ ਪਛਤਾਉਣਾ ਪਵੇਗਾ। ਸਿੱਧੂ ਤਾਂ ਇੱਕ ਛੋਟੀ ਮੱਛਲੀ ਸੀ ਜਿਸ ਨੂੰ ਅਕਾਲੀਆਂ ਕੋਲ ਘੜੇ ਵਿੱਚ ਬੰਦ ਕਰਨ ਦੀ ਸਮੱਰਥਾ ਸੀ, ਪਰ ਜੇਤਲੀ ਸਿਆਸਤ ਦਾ ਉਹ ਅਜਗਰ ਹੈ, ਜਿਸ ਦੇ ਮੂੰਹ ਵਿੱਚ ਹੁਣ ਅਕਾਲੀ ਦਲ ਦੀ ਸੰਘੀ ਪੂਰੀ ਤਰ੍ਹਾਂ ਆ ਚੁੱਕੀ ਹੈ। ਸਿੱਧੂ ਤੋਂ ਤਾਂ ਸਿਰਫ ਬਾਦਲਾਂ ਨੂੰ ਹੀ ਖਤਰਾ ਸੀ, ਪਰ ਜੇਤਲੀ ਤੋਂ ਤਾਂ ਸਮੁੱਚੇ ਅਕਾਲੀ ਦਲ ਨੂੰ ਹੀ ਖਤਰਾ ਬਣਿਆ ਹੋਇਆ ਹੈ। ਅਕਾਲੀ ਦਲ ਦੇ ਭਵਿੱਖ ਦਾ ਫੈਸਲਾ ਹੁਣ ਜੇਤਲੀ ਹੀ ਕਰੇਗਾ ਕਿ ਉਸ ਨੇ ਅਕਾਲੀ ਦਲ ਨਾਲ ਕੀ ਸਲੂਕ ਕਰਨਾ ਹੈ? ਗੱਜ ਕੇ ਬੋਲੇ ਜੀ ਜੈ ਸ਼ੀਆ ਰਾਮ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top