ਚੰਡੀਗੜ੍ਹ:
ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜ ਕੇ 1985 ਤੋਂ ਲੈ ਕੇ 1987 ਤੱਕ ਪੰਜਾਬ ਦੇ ਮੁੱਖ
ਮੰਤਰੀ ਅਤੇ 1998 ‘ਚ ਅਕਾਲੀ ਦਲ ਦੀ ਟਿਕਟ ‘ਤੇ ਹੀ ਸੰਗਰੂਰ ਤੋਂ ਲੋਕ ਸਭਾ ਮੈਂਬਰ ਬਣ ਕੇ
ਕੇਂਦਰ ਸਰਕਾਰ ‘ਚ ਮੰਤਰੀ ਰਹੇ ਸੁਰਜੀਤ ਸਿੰਘ ਬਰਨਾਲਾ ਸ਼ਨੀਵਾਰ ਨੂੰ ਕਾਂਗਰਸੀ ਹੋ ਗਏ।
ਬਰਨਾਲਾ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਸ਼੍ਰੋਮਣੀ ਅਕਾਲੀ ਦਲ
ਲੋਂਗੋਵਾਲ ਦੀ ਪ੍ਰਧਾਨ ਹੈ ਅਤੇ ਇਨ੍ਹਾਂ ਦੋਹਾਂ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ
ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਦਾ ਹੁਣ ਕਾਂਗਰਸ ‘ਚ ਰਲੇਵਾਂ ਹੋ ਗਿਆ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ
ਨੇ ਚੰਡੀਗੜ੍ਹ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਸੁਰਜੀਤ ਸਿੰਘ ਬਰਨਾਲਾ ਅਤੇ ਉਨ੍ਹਾਂ
ਦੀ ਪਤਨੀ ਸੁਰਜੀਤ ਕੌਰ ਬਰਨਾਲਾ ਦਾ ਪਾਰਟੀ ‘ਚ ਆਉਣ ‘ਤੇ ਸੁਆਗਤ ਕੀਤਾ। ਇਸ ਦੌਰਾਨ ਬਾਜਵਾ
ਨੇ ਕਿਹਾ ਕਿ ਕੇਂਦਰ ‘ਚ ਕੱਟੜਪੰਥੀ ਤਾਕਤਾਂ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ
ਲੋਂਗੋਵਾਲ ਬਿਨਾਂ ਸ਼ਰਤ ਕਾਂਗਰਸ ਨੂੰ ਸਮਰਥਨ ਦੇਣ ਜਾ ਰਿਹਾ ਹੈ।
ਇਸ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਮਾਨ ਨੇ ਕਿਹਾ ਕਿ
ਪੰਜਾਬ ‘ਚ ਅਕਾਲੀ ਦਲ ਦੇ ਰਾਜ ‘ਚ ਨਸ਼ੇ ਫੈਲ ਰਹੇ ਹਨ ਅਤੇ ਸੂਬੇ ਦਾ ਨੌਜਵਾਨ ਬੇਰੋਜ਼ਗਾਰੀ
ਕਾਰਨ ਪਰੇਸ਼ਾਨ ਹੈ। ਲਿਹਾਜਾ ਕਾਂਗਰਸ ਹੀ ਇਨ੍ਹਾਂ ਹਾਲਾਤਾਂ ‘ਚ ਪੰਜਾਬ ਲਈ ਮਦਦਗਾਰ ਸਿੱਧ
ਹੋ ਸਕਦੀ ਹੈ। ਚੋਣਾਂ ਦਾ ਮੌਸਮ ਆਉਂਦਿਆਂ ਹੀ ਵੱਖ-ਵੱਖ ਆਗੂਆਂ ਵਲੋਂ ਪਾਲੇ ਬਦਲਣ ਦਾ ਕੰਮ
ਚੱਲਦਾ ਰਹਿੰਦਾ ਹੈ। ਸ਼ਨੀਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਸੁਰਜੀਤ ਸਿੰਘ ਬਰਨਾਲ
ਤਾਂ ਅਕਾਲੀ ਦਲ ਬਾਦਲ ਖਿਲਾਫ ਜ਼ਿਆਦਾ ਨਹੀਂ ਬੋਲੇ ਪਰ ਉਨ੍ਹਾਂ ਦੀ ਪਾਰਟੀ ਦੇ ਜਨਰਲ ਸਕੱਤਰ
ਬਲਦੇਵ ਸਿੰਘ ਮਾਨ ਨੇ ਭਾਰਤੀ ਜਨਤਾ ਪਾਰਟੀ ਖਿਲਾਫ ਜੰਮ ਕੇ ਭੜਾਸ ਕੱਢੀ। ਸੁਰਜੀਤ ਸਿੰਘ
ਬਰਨਾਲਾ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਲੋਕ ਸਭਾ ਚੋਣਾਂ ‘ਚ ਕਾਂਗਰਸ ਨੂੰ ਕਿੰਨਾ
ਫਾਇਦਾ ਹੁੰਦਾ ਹੈ, ਇਹ ਤਾਂ ਫਿਲਹਾਲ ਸਮਾਂ ਹੀ ਤੈਅ ਕਰੇਗਾ, ਪਰ ਇਕ ਗੱਲ ਸਾਫ ਹੋ ਗਈ ਹੈ
ਕਿ ਅਕਾਲੀ ਦਲ ਵਲੋਂ ਵਿਸਾਰੇ ਗਏ ਬਹੁਤੇ ਆਗੂਆਂ ਲਈ ਕਾਂਗਰਸ ਹੀ ਹੁਣ ਆਖਰੀ ਸਹਾਰਾ ਬਣਦੀ
ਜਾ ਰਹੀ ਹੈ।