Share on Facebook

Main News Page

ਅਖੌਤੀ ਜਥੇਦਾਰ ਵਲੋਂ ਚਾਰ ਚਾਰ ਬੱਚੇ ਪੈਦਾ ਕਰਨ ਦੇ ਆਦੇਸ ਬਾਰੇ
-:
ਅਵਤਾਰ ਸਿੰਘ ਮਿਸ਼ਨਰੀ 510 432 5827

ਅਜੋਕੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਯੁੱਗ ਵਿੱਚ ਵੱਧ ਬੱਚੇ ਪੈਦਾ ਕਰਨਾ ਸਿਆਣਪ ਨਹੀਂ ਸਗੋਂ ਮੂਰਖਤਾ ਹੈ। ਖਾਸ ਕਰਕੇ ਗਰੀਬ ਜਾਂ ਮਿਡਲ ਕਲਾਸ ਦੇ ਲੋਕ ਇਹ ਬੋਝ ਨਹੀਂ ਚੁੱਕ ਸਕਦੇ। ਹਾਂ ਸਰਦੇ ਪੁਜਦੇ ਅਮੀਰ ਲੋਕ ਹੀ ਅਜਿਹਾ ਕਰ ਸਕਦੇ ਹਨ। ਬਾਕੀ ਜੇ ਅਕਾਲ ਤਖਤ ਦਾ ਜਥੇਦਾਰ, ਸ਼੍ਰੋਮਣੀ ਕਮੇਟੀ, ਭਾਰਤ ਜਾਂ ਪੰਜਾਬ ਸਰਕਾਰ ਬੱਚਿਆਂ ਦੀ ਪੜ੍ਹਾਈ, ਸਿਹਤ ਸੰਭਾਲ, ਰਹਿਣ-ਸਹਿਣ ਅਤੇ ਖਾਣ-ਪੀਣ ਦਾ ਖਰਚਾ ਦੇਵੇ, ਜਿਨ੍ਹਾਂ ਚਿਰ ਬੱਚਾ (੧੮) ਅਠਾਰਾਂ ਸਾਲ ਦਾ ਨਹੀਂ ਹੋ ਜਾਂਦਾ, ਤਾਂ ਅਜਿਹਾ ਕੀਤਾ ਜਾ ਸਕਦਾ ਹੈ। ਜਿਵੇਂ ਅਮਰੀਕਾ, ਕਨੇਡਾ ਆਦਿਕ ਵਿਕਸਤ ਦੇਸ਼ਾਂ ਵਿਖੇ ੧੮ ਸਾਲ ਤੱਕ ਬੱਚਿਆਂ ਦੀ ਪੜ੍ਹਾਈ ਅਤੇ ਮੈਡੀਕਲ ਫਰੀ ਹੈ ਜੇ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਅਜਿਹਾ ਕਰ ਦੇਵੇ ਤਾਂ ਲੋਕ ਵੱਧ ਬੱਚੇ ਪੈਦਾ ਕਰ ਸਕਦੇ ਹਨ। ਦੂਜਾ ਜੇ ਘੱਟੋ ਤੋਂ ਘੱਟ ਸ੍ਰੋਮਣੀ ਕਮੇਟੀ ਮੈਂਬਰ ਵੋਟਾਂ ਵੇਲੇ ਗੋਲਕ ਦਾ ਪੈਸਾ ਅੰਨ੍ਹੇਵਾਹ ਨਾਂ ਰੋੜਨ , ਨਸ਼ਾ ਨਾਂ ਵੰਡਣ ਅਤੇ ਪੁਲੀਟੀਕਲ ਪਾਰਟੀਆਂ ਵਾਸਤੇ ਇਹ ਪੈਸਾ ਨਾਂ ਰੋੜਿਆ ਜਾਵੇ ਤਾਂ ਪੰਜਾਬ ਕੀ ਪੂਰੇ ਭਾਰਤ ਵਿੱਚ ਸਿੱਖ ਕੌਮ ਲਈ ਬੱਚਿਆਂ ਦੀ ਸੇਵਾ ਸੰਭਾਲ ਹੋ ਸਕਦੀ ਹੈ।
ਬਾਕੀ ਪਹਿਲੇ ਪੈਦਾ ਹੋਏ ਸਿੱਖ ਬੱਚਿਆਂ ਜਾਂ ਸਿੱਖਾਂ ਨੂੰ ਹੀ ਜੇ ਨਸ਼ਿਆਂ ਅਤੇ ਹੋਰ ਬੁਰਾਈਆਂ ਤੋਂ ਬਚਾ ਲਿਆ ਜਾਵੇ, ਪੰਥ ਚੋਂ ਛੇਕ ਛਕਾਈ ਬੰਦ ਕੀਤੀ ਜਾਵੇ ਅਤੇ ਪੂਰੇ ਭਾਰਤ ਵਿੱਚ ਤਨਦੇਹੀ ਨਾਲ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਸਾਂਝੀ ਗੁਰਬਾਣੀ ਦਾ ਨਿਰੋਲ ਪ੍ਰਚਾਰ ਹੋਵੇ, ਗੁਰੂ ਦੀ ਗੋਲਕ ਗਰੀਬ ਦਾ ਮੂੰਹ ਬਣਾ ਦਿੱਤੀ ਜਾਵੇ ਅਤੇ ਪੰਜਾਬ ਚੋਂ ਭੇਖੀ ਸਾਧਾਂ ਦੇ ਡੇਰੇ ਬੰਦ ਕਰ ਦਿੱਤੇ ਜਾਣ ਤਾਂ ਸਿੱਖ ਕੌਮ ਦੀ ਗਿਣਤੀ ਆਪਣੇ ਆਪ ਵਧ ਸਕਦੀ ਹੈ ਨਾਂ ਕਿ ਚਾਰ ਚਾਰ ਬੱਚੇ ਪੈਦਾ ਕਰਕੇ। ਜਰਾ ਸੋਚੋ! ਜੇ ਪਹਿਲੇ ਪੈਦਾ ਹੋਏ ਬੱਚਿਆਂ ਦੀ ਦੇਖ ਭਾਲ ਨਾਂ ਕੀਤੀ ਅਤੇ ਗੁਰਮਤਿ ਨਾਂ ਸਿਖਾਈ ਤਾਂ ਹੋਰ ਪੈਦਾ ਕੀਤੇ ਬੱਚੇ ਵੀ ਸਿੱਖੀ ਛੱਡ ਜਾਣਗੇ।
ਅਜੋਕੇ ਜਥੇਦਾਰ ਨਸ਼ਿਆਂ ਦੇ ਤਿਆਗ ਅਤੇ ਗੁਰਦੁਆਰਿਆਂ ਦਾ ਪੈਸਾ ਪੁਲੀਟੀਕਲ ਪਾਰਟੀ ਬਾਦਲ ਅਕਾਲੀ ਦਲ ਵੱਲੋਂ ਮਿਸਯੂਜ ਕਰਨ ਤੋਂ ਰੋਕਣ ਲਈ ਅਕਾਲ ਤਖਤ ਤੋਂ ਆਦੇਸ਼ ਜਾਰੀ ਕਿਉਂ ਨਹੀਂ ਕਰਦੇ? ਇਹ ਆਦੇਸ਼ ਵੀ ਸਿੱਖ ਸੰਗਤ ਦੇ ਨਾਂ ਤੇ ਕਿਉਂ ਨਹੀਂ ਜਾਰੀ ਕਰਦੇ ਕਿ ਕੋਈ ਵੀ ਸਿੱਖ ਡੇਰਿਆਂ ਤੇ ਬੈਠੇ ਵਿਹਲੜ ਸਾਧਾਂ ਨੂੰ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਨਾਂ ਚੜ੍ਹਾਵੇ ਸਗੋਂ ਸਿੱਧਾ ਵਿਦਿਅਕ ਅਤੇ ਪੰਥਕ ਸੰਥਾਵਾਂ ਜੋ ਵਿਦਿਆ ਦਾ ਪਾਸਾਰ ਅਤੇ ਗੁਰਮਤਿ ਦਾ ਪ੍ਰਚਾਰ ਕਰ ਰਹੀਆਂ ਹਨ। ਪੰਜਾਬ ਵਿੱਚ ਸ਼ਰਾਬ ਦੇ ਠੇਕੇ ਨਾਂ ਖੁੱਲ੍ਹਣ, ਮਾਰੂ ਨਸ਼ਿਆਂ ਅਤੇ ਤੰਬਾਕੂ ਦੀ ਵਿਕਰੀ ਤੇ ਪਾਬੰਧੀ ਲਾਈ ਜਾਵੇ ਅਤੇ ਵਿਦਿਆ ਦੇ ਪਸਾਰ ਲਈ ਵੱਧ ਤੋਂ ਵੱਧ ਸਕੂਲ, ਕਾਲਜ, ਯੂਨੀਵਰਸਿਟੀਆਂ, ਗੁਰਬਾਣੀ ਸਿਖਲਾਈ ਕੇਂਦਰ ਮਿਸ਼ਨਰੀ ਕਾਲਜ ਆਦਿਕ ਸਮਾਜ ਸੇਵੀ ਅਦਾਰੇ ਖੋਲ੍ਹੇ ਜਾਣ ਜਥੇਦਾਰ ਅਜਿਹੇ ਆਦੇਸ਼ ਜਾਰੀ ਕਿਉਂ ਨਹੀਂ ਕਰਦੇ? ਜੇ ਵੱਧ ਬੱਚੇ ਪੈਦਾ ਕਰਨ ਦਾ ਆਦੇਸ਼ ਦੇਣਾ ਹੀ ਹੈ ਤਾਂ ਹੱਟੇ-ਕੱਟੇ ਅਰਬਾਂ ਰੁਪਿਆਂ ਦੇ ਮਾਲਕ ਵਿਹਲੜ ਡੇਰੇਦਾਰ ਸਾਧਾਂ ਅਤੇ ਤਜੌਰੀਆਂ ਭਰੀ ਬੈਠੇ ਲੀਡਰਾਂ ਨੂੰ ਜਾਰੀ ਕਰਨ ਜੋ ਬੇਗਾਨੀਆਂ ਧੀਆਂ ਦੀ ਤਾਂ ਇਜ਼ਤ ਰੋਲਦੇ ਹਨ ਪਰ ਗ੍ਰਿਹਸਤ ਧਰਮ ਧਾਰਨ ਕਰਕੇ, ਆਪਣੀਆਂ ਧਰਮ ਪਤਨੀਆਂ ਨਾਲ ਪਿਆਰ ਕਰਕੇ, ਸਿੱਖ ਕੌਮ ਲਈ ਬੱਚਿਆਂ ਦੀ ਨਰਸਰੀ ਪੈਦਾ ਕਿਉਂ ਨਹੀਂ ਕਰਦੇ? ਅਸਲ ਵਿੱਚ ਅਜਿਹੇ ਪੁਲੀਟੀਕਲ ਆਦੇਸ਼ ਜਥੇਦਾਰਾਂ ਨੂੰ ਉਪਰੋਂ ਆਉਂਦੇ ਹਨ ਜਿਨ੍ਹਾਂ ਨੂੰ ਉਹ ਮੋੜ ਨਹੀਂ ਸਕਦੇ ਕਿਉਂਕਿ ਅਜੋਕੇ ਜਥੇਦਾਰ ਅਜਾਦ ਨਹੀਂ ਅਤੇ ਨਾਂ ਹੀ ਉਹ ਸਰਬਤ ਖਾਲਸਾ ਦੇ ਥਾਪੇ ਸਰਬ ਪ੍ਰਵਾਣਤ ਹਨ।
ਸ਼੍ਰੋਮਣੀ ਕਮੇਟੀ ਅਤੇ ਤਖਤਾਂ ਦੇ ਜਥੇਦਾਰ ਕਿਸੇ ਪੁਲੀਟੀਕਲ ਪਾਰਟੀ ਦੇ ਮੁਥਾਜ ਨਹੀਂ ਹੋਣੇ ਚਾਹੀਦੇ ਜੋ ਐਸ ਵੇਲੇ ਅਸਿਧੇ ਰੂਪ ਵਿਚ ਬਾਦਲ ਅਕਾਲੀ ਦਲ ਦੇ ਆਦੇਸਾਂ ਤੇ ਕੰਮ ਕਰ ਰਹੇ ਹਨ। ਬਾਦਲਾਂ ਦਾ ਕਬਜਾ ਸਿੱਖ ਧਰਮ ਅਸਥਾਨਾਂ ਤੋਂ ਉਨ੍ਹਾਂ ਚਿਰ ਨਹੀਂ ਲੱਥ ਸਕਦਾ ਜਿਨਾ ਚਿਰ ਉਹ ਸਤਾ ਵਿੱਚ ਹਨ। ਸਿੱਖ ਜਨਤਾ ਬਲਕਿ ਪੰਜਾਬ ਦੀ ਸਮੁੱਚੀ ਜਨਤਾ ਨੂੰ ਜਾਗਣ ਦੀ ਲੋੜ ਹੈ ਤਾਂ ਕਿ ਉਹ ਆਂਮ ਆਦਮੀ ਵਰਗੀ ਧਰਮ ਨਿਰਪੱਖ ਅਤੇ ਭ੍ਰਿਸ਼ਟਾਚਾਰ ਵਿਰੋਧੀ ਲੋਕ ਪਾਰਟੀ ਨੂੰ ਮੌਕਾ ਦੇ ਕਾਂਗਰਸ ਅਤੇ ਬੀਜੇਪੀ ਦੀਆਂ, ਲੋਕਾਈ ਦਾ ਖੂਣ ਪੀਣੀਆਂ ਜੋਕਾਂ ਅਤੇ ਲੋਟੂ ਸਰਕਾਰਾਂ ਨੂੰ ਭਾਰਤ ਦੇ ਸਰਕਾਰੀ ਨਿਜਾਮ ਵਿੱਚੋਂ ਬਾਹਰ ਕੱਢ ਸੱਕਣ।
ਐਸ ਵੇਲੇ ਸਮੁੱਚੇ ਭਾਰਤ ਵਿੱਚ ਭੁੱਖਮਰੀ, ਬੇਰੁਜਗਾਰੀ, ਭ੍ਰਿਸ਼ਟਾਚਾਰ, ਜਾਤ-ਪਾਤ, ਛੂਆ-ਛਾਤ, ਹੇਰਾਫੇਰੀ, ਬਲਾਤਕਾਰੀ, ਬੇਕਸੂਰਾਂ ਦੀ ਕੁਟ ਕਟਾਈ, ਅਮੀਰਾਂ, ਪੁਜਾਰੀਆਂ ਅਤੇ ਵੱਡੀਆਂ ਰਾਜਸੀ ਪਾਰਟੀਆਂ ਦੀ ਤਿਕੜੀ ਰਲ ਕੇ ਆਮ ਮਿਹਨਤ ਮਜ਼ਦੂਰੀ ਕਰਕੇ ਪ੍ਰਵਾਰ ਚਲਾਉਣ ਵਾਲੇ ਲੋਕਾਂ ਦਾ ਕਚੂਬਰ ਕੱਢ ਕੇ ਖੂਨ ਪੀ ਰਹੀ ਹੈ। ਲੋਕ ਇਨ੍ਹਾਂ ਖੂੰਖਾਰਾਂ ਦੀ ਮਾਰ ਤੋਂ ਡਰਦੇ ਸਹਿਮੇ ਹੋਏ ਹਨ। ਆਸ ਦੀ ਕਿਰਨ ਮਿਸਟਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ “ਆਮ ਅਦਮੀ ਪਾਰਟੀ” ਹੀ ਦਿਖਾਈ ਦੇ ਰਹੀ ਹੈ। ਇਸ ਲਈ ਜਥੇਦਾਰਾਂ ਨੂੰ ਚਾਰ ਚਾਰ ਬੱਚੇ ਪੈਦਾ ਕਰਨ ਦੀ ਥਾਂ ਆਂਮ ਲੋਕਾਂ ਦੀ ਭਲਾਈ ਲਈ ਉੱਠੀ ਆਮ ਆਦਮੀ ਪਾਰਟੀ ਨੂੰ ਸਹਿਯੋਗ ਦੇਣ ਦਾ ਆਦੇਸ਼ ਵੀ ਜਾਰੀ ਕਰਨਾ ਚਾਹੀਦਾ ਹੈ ਨਹੀਂ ਤਾਂ ਉਹ ਆਪ ਵੀ ਗੁਲਾਮਾਂ ਵਾਲੀ ਜਿੰਦਗੀ ਜੀਣ ਲਈ ਮਜਬੂਰ ਹੁੰਦੇ ਰਹਿਣਗੇ। ਜਮੀਰ ਮਾਰ ਚੁੱਕੇ ਜਥੇਦਾਰਾਂ ਤੋਂ ਜੁਅਰਤ ਕਰਕੇ ਅਜਿਹਾ ਕਰ ਗੁਜਰਨ ਦੀ ਆਸ ਤਾਂ ਨਹੀਂ, ਪਰ ਫਿਰ ਵੀ ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਇਨ੍ਹਾਂ ਨੂੰ ਸੁਮੱਤਿ ਬਖਸ਼ੇ ਤਾਂ ਕਿ ਉਹ ਕਿਸੇ ਰਾਜਸੀ ਲੀਡਰ ਨਹੀਂ ਸਗੋਂ “ਗੁਰੂ ਗ੍ਰੰਥ ਸਾਹਿਬ” ਦੀ ਅਗਵਾਈ ਵਿੱਚ ਨਿਰਪੱਖ ਫੈਸਲੇ ਲੈ ਸੱਕਣ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top