ਅੰਮ੍ਰਿਤਸਰ
22 ਮਾਰਚ (ਜਸਬੀਰ ਸਿੰਘ) ਸ੍ਰ. ਬਲਦੇਵ ਸਿੰਘ ਸਿਰਸਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੰਚ
ਪ੍ਰਧਾਨੀ) ਨੇ ਭਾਜਪਾ ਆਗੂ ਤੇ ਸਾਬਕਾ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਦੇ ਬਿਆਨ ਦਾ ਕੜਾ
ਨੋਟਿਸ ਲੈਦਿਆਂ ਕਿਹਾ ਕਿ ਸਿੱਖ ਨਾ ਤਾਂ ਸਾਕਾ ਨੀਲਾ ਤਾਰਾ ਤੇ ਨਾ ਹੀ ਨਵੰਬਰ 1984 ਵਿੱਚ
ਸਿੱਖਾਂ ਦੀ ਹੋਈ ਨਸ਼ਲਕੁਸ਼ੀ ਨੂੰ ਭੁੱਲ ਸਕਦੇ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰ. ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ
ਮਨੋਰੰਜਨ ਕਾਲੀਆ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ
ਅੰਦਾਜੀ ਕਰਕੇ ਆਪਣੀ ਲੀਡਰੀ ਚਮਕਾਉਣ। ਉਹਨਾਂ ਕਿਹਾ ਕਿ ਕਾਲੀਆ ਨੇ ਕਿਹਾ ਕਿ ਸਿੱਖਾਂ ਨੂੰ
ਸਾਕਾ ਨੀਲਾ ਤਾਰਾ ਭੁੱਲ ਜਾਣਾ ਚਾਹੀਦਾ ਤੇ ਇਹ ਕਹਿ ਕੇ ਕਾਲੀਆ ਨੇ ਸਿੱਖਾਂ ਦੇ ਜਖਮਾਂ
ਇੱਕ ਵਾਰੀ ਫੇਰ ਉਚੇੜ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਕਰੀਬ 6 ਸਦੀਆਂ ਪਹਿਲਾਂ ਬਣੀ
ਬਾਬਰੀ ਮਸਜਿਦ ਨੂੰ ਢਾਹ ਕੇ ਅੱਜ ਵੀ ਉਥੇ ਮੰਦਰ ਬਣਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ
ਹਨ ਤੇ ਫਿਰ 30 ਸਾਲ ਪੁਰਾਣੇ ਸਾਕੇ ਨੂੰ ਸਿੱਖ ਕਿਵੇਂ ਭੁੱਲ ਸਕਦੇ ਹਨ?
ਉਹਨਾਂ ਕਿਹਾ ਕਿ ਕਾਲੀਆ ਨੂੰ ਸਿੱਖ ਮਸਲਿਆਂ ਬਾਰੇ ਬੋਲਣ ਦਾ ਕੋਈ
ਅਧਿਕਾਰ ਨਹੀਂ ਹੈ ਅਤੇ ਉਹਨਾਂ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਜਾਬਤੇ
ਵਿੱਚ ਰਹਿ ਕੇ ਸਿਆਸਤ ਕਰਨ। ਉਹਨਾਂ ਕਿਹਾ ਕਿ ਸਿੱਖ ਨਾ ਤਾਂ ਸਾਕਾ ਨੀਲਾ ਤਾਰਾ ਨੂੰ ਅਤੇ
ਨਾ ਹੀ ਨਵੰਬਰ 1984 ਵਿੱਚ ਸਿੱਖਾਂ ਦੀ ਹੋਈ ਨਸ਼ਲਕੁਸ਼ੀ ਨੂੰ ਭੁੱਲ ਸਕਦੇ ਹਨ, ਜਦੋਂ ਸਿੱਖਾਂ
ਦੇ ਗਲਾਂ ਵਿੱਚ ਬੱਲਦੇ ਟਾਇਰ ਪਾ ਕੇ ਸਾੜਿਆ ਗਿਆ ਸੀ। ਉਹਨਾਂ ਕਿਹਾ ਕਿ ਸਿੱਖਾਂ ਨੂੰ
ਸਾੜਣ ਵਾਲੇ ਲੋਕ ਕੌਣ ਸਨ? ਕੀ ਉਹਨਾਂ ਵਿੱਚ ਭਾਜਪਾਈ ਸ਼ਾਮਲ ਨਹੀਂ ਸਨ? ਉਹਨਾਂ ਕਿਹਾ ਕਿ
ਅੱਜ ਵੀ ਰਿਕਾਰਡ ਬੋਲਦਾ ਹੈ ਕਿ ਸਿੱਖਾਂ ਨੂੰ ਜਿਉਂਦਿਆਂ ਸਾੜਨ ਵਾਲੇ ਇਕੱਲੇ ਕਾਂਗਰਸੀ ਹੀ
ਨਹੀਂ ਸਗੋਂ ਉਹਨਾਂ ਦੇ ਨਾਲ ਭਾਜਪਾਈ ਵੀ ਬਰਾਬਰ ਸ਼ਾਮਲ ਸਨ।
ਉਹਨਾਂ ਕਿਹਾ ਕਿ ਸ੍ਰੀ ਕਾਲੀਆ ਦੇ ਗੁਰੂ ਲਾਲ ਕ੍ਰਿਸ਼ਨ ਅਡਵਾਨੀ ਨੇ
ਆਪਣੀ ਕਿਤਾਬ ‘ਮੇਰੀ ਜ਼ਿੰਦਗੀ, ਮੇਰਾ ਦੇਸ’ ਵਿੱਚ ਲਿਖਿਆ ਹੈ ਕਿ ਸਾਕਾ ਨੀਲਾ ਤਾਰਾ ਕਰਨ
ਲਈ ਇੰਦਰਾ ਗਾਂਧੀ ਤਾਂ ਤਿਆਰ ਨਹੀਂ ਸੀ, ਪਰ ਉਹਨਾਂ ਦੇ ਦਬਾਅ ਪਾ ਕੇ ਕਰਵਾਇਆ ਸੀ ਤੇ ਅੱਜ
ਉਹੀ ਲੋਕ ਸਿੱਖਾਂ ਨੂੰ ਇਸ ਨੂੰ ਭੁੱਲ ਜਾਣ ਲਈ ਕਹਿ ਰਹੇ ਹਨ। ਉਹਨਾਂ ਕਿਹਾ ਕਿ ਕਾਲੀਆ
ਨੂੰ ਸਾਕਾ ਨੀਲਾ ਤਾਰਾ ਬਾਰੇ ਸਿੱਖਾਂ ਨੂੰ ਸਲਾਹ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ
ਕਿਹਾ ਕਿ ਪਹਿਲਾਂ ਬਾਬਰੀ ਮਸਜਿਦ ਦੇ ਮਾਮਲੇ ਨੂੰ ਭੁੱਲਣ ਦੀ ਗੱਲ ਕਰਨ ਅਤੇ ਸਾਕਾ ਨੀਲਾ
ਤਾਰਾ ਬਾਰੇ ਆਪੇ ਸੋਚ ਲੈਣਗੇ ਕਿ ਉਹਨਾਂ ਨੇ ਕੀ ਕਰਨਾ ਹੈ? ਉਹਨਾਂ ਕਿਹਾ ਕਿ ਜਦੋਂ ਵੀ
ਚੋਣਾਂ ਆਉਦੀਆਂ ਹਨ ਉਦੋਂ ਹੀ ਇੱਕ ਫਿਰਕੇ ਦੀਆਂ ਵੋਟਾਂ ਲੈਣ ਵਾਸਤੇ ਭਾਜਪਾਈ ਵੋਟਾਂ ਦੀ
ਖਾਤਰ ਅਜਿਹੇ ਡਰਾਮੇ ਕਰਦੇ ਹਨ ਜਿਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।