ਰਈਆ,
23 ਮਾਰਚ - ਅੱਜ ਦੂਸਰੇ ਦਿਨ ਫਿਰ ਪਿੰਡ ਚੀਮਾਂਬਾਠ ਵਿੱਚ ਕਿਸਾਨ ਸੰਘਰਸ਼ ਕਮੇਟੀ ਵੱਲੋਂ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਹਲਕਾ
ਬਾਬਾ ਬਕਾਲਾ ਦੇ ਵਿਧਾਇਕ ਅਤੇ ਹੋਰ ਅਕਾਲੀ ਆਗੂਆਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ
ਗਿਆ ਅਤੇ ਅਕਾਲੀ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਹਲਕਾ ਵਿਧਾਇਕ ਮਨਜੀਤ ਸਿੰਘ ਮੰਨਾ
ਮੀਆਂਵਿੰਡ ਅਤੇਹਲਕਾ ਚੋਣ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਆਪਣੇ ਸਾਥੀਆਂ ਸਮੇਤ ਜਦੋਂ
ਪਿੰਡ ਚੀਮਾਂਬਾਠ ਵਿੱਚ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ
ਚੋਣ ਪ੍ਰਚਾਰ ਮੁਹਿੰਮ ਤਹਿਤ ਪੁੱਜੇ ਤਾਂ ਉਥੇ ਪਹਿਲਾਂ ਹੀ ਮੌਜੂਦ ਕਿਸਾਨ ਸੰਘਰਸ਼ ਕਮੇਟੀ
ਦੇ ਆਗੂਆਂ ਨੇ ਕਾਲੀਆਂ ਝੰਡੀਆਂ ਦਿਖਾਕੇ ਵਿਰੋਧ ਕੀਤਾ ਅਤੇ ਪੰਜਾਬ ਸਰਕਾਰ ਵਿਰੁੱਧ
ਨਾਅਰੇਬਾਜ਼ੀ ਕੀਤੀ।
ਇਹ ਵਿਰੋਧ ਪ੍ਰਧਾਨ ਸਤਨਾਮ ਸਿੰਘ ਮੱਦੜ ਅਤੇ ਬੀਬੀ ਜਗੀਰ ਕੌਰ ਕਲੇਰ
ਘੁਮਾਣ ਮਹਿਲਾ ਪ੍ਰਧਾਨ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ
ਕਿ ਪੰਜਾਬ ਸਰਕਾਰ ਨੇ ਕਿਸਾਨਾਂ ’ਤੇ 22 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਗੋਲੀਆਂ ਚਲਾਈਆਂ,
ਅੱਥਰੂ ਗੈਸ ਦੇ ਗੋਲੇ ਸੁੱਟੇ ,ਜਿਸ ਦੌਰਾਨ ਕਿਸਾਨ ਬਹਾਦਰ ਸਿੰਘ ਦੀ ਮੌਤ ਹੋ ਗਈ ਸੀ। ਇਸੇ
ਤਰ੍ਹਾਂ ਪਿੰਡ ਕਲੇਰ ਘੁਮਾਣ ਦੀ ਇੱਕ ਬੀਬੀ ਸਵਰਨ ਕੌਰ ਅੱਥਰੂ ਗੈਸ ਦਾ ਗੋਲਾ ਡਿੱਗਣ ਨਾਲ
ਸੜ ਗਈ ਸੀ। ਉਹ ਕਈ ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਰਹੀ ਪਰ ਕਿਸੇ ਨੇ ਉਸਦੀ
ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਬਾਦਲ ਸਰਕਾਰ ਦੇ ਨੁਮਾਇੰਦੇ ਪਿੰਡਾਂ ਵਿੱਚ
ਵੋਟਾਂ ਮੰਗਣ ਆਉਣਗੇ ਤਾਂ ਉਨ੍ਹਾਂ ਨੂੰ ਕਾਲੇ ਝੰਡੇ ਵਿਖਾਏ ਜਾਣਗੇ।