Share on Facebook

Main News Page

ਮਰ ਚੁਕੀ ਜ਼ਮੀਰ ਦੇ ਬੇ ਅਣਖੇ, ਬੇ ਇਤਬਾਰੇ ਆਤਮਘਾਤੀ ਲੋਕ
-: ਅਤਿੰਦਰਪਾਲ ਸਿੰਘ ਸਾਬਕਾ ਐਮ ਪੀ

20 ਮਾਰਚ 2014 ਨੂੰ ਪਟਿਆਲਾ ਲੋਕ ਸਭਾ ਹਲਕੇ ਦੇ ਕਸਬੇ ਘਨੌਰ ਵਿੱਚ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ੍ਰੀ ਦੀਪਇੰਦਰ ਸਿੰਘ ਢਿੱਲੋਂ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤ੍ਰੀ ਸ੍ਰੀ ਸੁਖਬੀਰ ਸਿੰਘ ਬਾਦਲ ਆਏ ਤਾਂ ਰੈਲੀ ਉਪਰੰਤ ਸ਼ਰਾਬ ਦੀਆਂ ਬੋਤਲਾਂ ਨਹੀਂ, ਪੇਟੀਆਂ ਵੰਡੀਆਂ ਗਈਆਂ, ਜਦੋਂ ਕਿਸੇ ਵੀ ਸੂਬੇ ਜਾਂ ਕਿੱਤੇ ਦੀ ਲੋਕਾਈ ਵਿੱਚੋਂ ਬੁੱਧ ਅਤੇ ਬਿਬੇਕ ਨੂੰ ਮੁਕਾ ਦਿਓ ਤਾਂ ਇੰਝ ਹੀ ਹੁੰਦਾ ਹੈ।

ਸਾਰੇ ‘ਸਿਆਣੇ, ਧਾਰਮਿਕ ਅਤੇ ਪੜ੍ਹੇ ਲਿਖੇ ਵੀ ਫਿਰ ਮੂਕ ਦਰਸ਼ਕ’ ਬਣ ਕੇ ਭੇਡਾਂ ਵਾਂਗ ਆਪੋ ਆਪਣੀ ਭੁੱਕ ਦੀ ਤ੍ਰਿਪਤੀ ਲਈ ਸੱਤਾ ਦੇ ਚਾਰੇ ਨੂੰ ਹੀ ਚਰਦੇ ਹਨ। ਇਸੇ ਨਿਮਿਤ ਹੀ ਭਾਈ ਗੁਰਦਾਸ ਜੀ ਨੇ ਕਿਹਾ ਅਤੇ ਸੁਚੇਤ ਕੀਤਾ ਹੈ “ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ॥ ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ॥ ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ॥ ਚੋਆ ਚੰਦਨੁ ਪਰਹਰੈ ਖਰੁ ਖੇਹ ਪਲਟੈ॥ ਤਿਉ ਨਿੰਦਕ ਪਰ ਨਿੰਦਹੂ ਹਥਿ ਮੂਲਿ ਨ ਹਟੈ॥ ਆਪਣ ਹਥੀਂ ਆਪਣੀ ਜੜ ਆਪਿ ਉਪਟੈ ॥1॥” ਪਰ ਕੀ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਲੋਕ ਮੱਥਾ ਟੇਕਣ ਵਾਲੇ, ਸ਼ਰਾਬ ਦੀਆਂ ਪੇਟੀਆਂ ਵੰਡ ਰਹੇ ਹਨ ਤੇ ਉਸੇ ਗੁਰੂ ਨੂੰ ਹੀ ਮੰਨਣ ਵਾਲੇ ਸ਼ਾਨ ਨਾਲ ਲੈ ਰਹੇ ਹਨ।

ਇਹ ਪੰਜਾਬ ਵਿਚਲੀ ਪੰਜਾਬੀਅਤ ਬਣ ਚੁਕੀ ਸਿਆਸੀ ਚੇਤਨਾ ਦੇ ਖ਼ਾਤਮੇ ਦੀ ਨਿਸ਼ਾਨੀ ਹੈ ਤੇ ਮੈਨੂੰ ਤਾਂ ਇੰਝ ਲੱਗਦਾ ਪਿਆ ਹੈ, ਜਿਵੇਂ ਆਪਣੇ ਹੱਥੀ ਆਪਣੇ ਵਰਤਮਾਨ ਅਤੇ ਭਵਿੱਖ ਨੂੰ ਇਹ ਲੋਕ ਸ਼ਰਾਬ ਦੀਆਂ ਪੇਟੀਆਂ ਵਿੱਚ ਕਤਲ ਕਰਕੇ ਖੁਦ ਹੀ ਸਸਕਾਰ ਕਰਨ ਤੁਰ ਪਏ ਹਨ।ਤ੍ਰਾਸਦੀ ਇਹ ਹੈ ਕਿ ਇਹ ਭਵਿੱਖ ਅਤੇ ਵਰਤਮਾਨ ਦੀ ਚਿਖਾ ਨੂੰ ਅੱਗ ਵੀ ਇਨ੍ਹਾਂ ਦੇ ਆਪਣੇ ਹੀ ਘਰ ਆਪਣੇ ਹੀ ਵਿਹੜੇ ਵਿੱਚ ਅਤੇ ਆਪਣੀ ਹੀ ਲੋਥ ਰੂਪੀ ਦੇਹ ਦੇ ਅੰਦਰ ਜ਼ਮੀਰ ਨੂੰ ਲੱਗੇਗੀ ਪਰ ਭਰੂਣ ਹਤਿਆ ਸਮੁੱਚੀ ਕੌਮੀ ਭਵਿੱਖਤ ਨਸਲ ਦੀ ਕੀਤੀ ਜਾਵੇਗੀ…..ਪੰਜਾਬ ਵਿੱਚ ਬੋਤਲ ਬਦਲੇ ਵੋਟ ਤੋਂ ਹੁਣ ਪੇਟੀ ਬਦਲੇ ਵੋਟ ਤੇ ਪਹੁੰਚ ਚੁਕੀ ਸਿਆਸਤ ਤੇ, ਬੱਚਿਆਂ ਅਤੇ ਔਰਤਾਂ ਦੀ ਮੰਗ ਤੇ ਘਰਾਂ ਵਿੱਚ ਮਿੱਠੇ ਸੋਡੇ ਅਤੇ ਹੋਰ ਪਕਵਾਨਾਂ ਦੇ ਪੈਕਟਾਂ ਦੀ ਸਪਲਾਈ ਤੋਂ ਇਲਾਵਾ ਪ੍ਰਤੀ ਔਰਤ ਵੋਟਰ ਇਕ ਸੂਟ ਦੀਆਂ ਸਾਈਆਂ ਲੱਗ ਚੁਕੀਆਂ ਹਨ।

ਇਸ ਭ੍ਰਿਸ਼ਟਤਾ ਵਿੱਚ ਵੋਟਰਾਂ ਦੇ ਹਰ ਤਬਕੇ ਤੋਂ ਲੈ ਕੇ ਹਰ ਲੀਡਰ ਇਕੋ ਹਮਾਮ ਵਿੱਚ ਬੇਸ਼ਰਮੀ ਨਾਲਨੰਗੇ ਹੋ ਚੁਕੇ ਹਨ। ਮਨੁੱਖੀ ਨਸਲ ਲਈ ਘਾਤਕ ਬਣ ਚੁਕੀ ਇਸ ਮਾਨਸੀਕਤਾ ਤੋਂ ਇਲਾਵਾਂ ਸਿਆਸੀ ਅਤੇ ਰਾਜ ਪ੍ਰਬੰਧ ਲਈ ਆਤਮਘਾਤੀ ਬਣ ਚੁਕੀ ਇਸ ਲੋਕਤੰਤਰੀ ਪ੍ਰਣਾਲੀ ਨੇ ਬ੍ਰਹਿਮੰਡੀ ਵਿਨਾਸ਼ਕਾਰੀ ਹਾਲਾਤ ਪੈਦਾ ਕਰਨੇ ਹਨ। ਮਾਨਵੀ ਸਭਿਅਤਾ ਵਿੱਚ ਬ੍ਰਹਿਮੰਡੀ ਅਤੇ ਮਨੁੱਖੀ ਵਿਕਾਸ ਦੇ ਸੰਘਰਸ਼ ਨੂੰ ਕੁਰਾਹੇ ਪਾਉਣ ਵਾਲੀ ਅਤੇ ਲਤਾੜਨ ਵਾਲੀ ਇਸ ਕਾਰਵਾਈ ਤੇ ਅਵੱਸ਼ ਵਿਚਾਰ ਕਰਨ ਦੀ ਖੇਚਲ ਕਰੋ ਤਾਂ ਜੋ ਸਭ ਕੁਝ ਲੀਹ ਤੇ ਪੈ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top