Share on Facebook

Main News Page

ਜੁਗ ਜੀਅ ਖੇਲੇ ਥਾਵ ਕੈਸੇ
-:
ਗੁਰਿੰਦਰ ਸਿੰਘ ਸਿਡਨੀ
ਫੋਨ +੬੧੪੧੩੭੯੯੨੧੧

ਪੁਰਾਤਨ ਸਮੇ ਤੋਂ ਕੁਝ ਵਿਦਵਾਨਾਂ ਨੇ ਸਮੇ ਨੂੰ ਮਾਪਣ ਦੀਆਂ ਕੁਝ ਇਕਾਈਆਂ ਰਖੀਆਂ ਜਿਸ ਵਿੱਚ ਵਿਸੁਏ, ਚਸਿਆ, ਘੜੀ, ਪਹਰ, ਥਿਤ, ਵਾਰ, ਮਹੀਨੇ, ਸਾਲ, ਦਹਾਕਾ, ਸਦੀ ਹੈ ਇਸੇ ਤਰਾਂ ਇੱਕ ਇਕਾਈ ਹੈ ਜੁਗ (ਯੁੱਗ) ਅਤੇ ਜੁਗਾਂ ਦੀ ਗਿਣਤੀ ਚਾਰ ਰਖੀ ਗਈ ਹੈ, ਜਿਸ ਅਨੁਸਾਰ ਕਲਜੁਗ ਦੀ ਉਮਰ 432000 ਸਾਲ, ਦੁਆਪਰ ਜੁਗ ਦੀ ਉਮਰ 864000 ਸਾਲ, ਤ੍ਰੇਤੇ ਜੁਗ ਦੀ ਉਮਰ 1296000 ਸਾਲ ਅਤੇ ਸਤਜੁਗ ਦੀ ਉਮਰ 1728000 ਸਾਲ ਮੰਨੀ ਗਈ ਹੈ। ਆਮ ਮਨੁਖ ਬਾਕੀ ਇਕਾਈਆਂ ਬਾਰੇ ਤਾਂ ਕਾਫੀ ਹਦ ਤੱਕ ਸਮਝਣ ਵਿੱਚ ਕਾਮਯਾਬ ਹੋ ਗਿਆ ਪਰ ਜੁਗਾਂ ਬਾਰੇ ਇਸਨੂੰ ਬਹੁਤ ਭੁਲੇਖੇ ਵਿੱਚ ਰਖਿਆ ਗਿਆ ਜਿਸ ਦਾ ਕਾਰਨ ਇੱਕ ਇਹ ਵੀ ਸੀ ਕੇ ਪੁਰਾਤਨ ਸਮੇ ਵਿੱਚ ਵਿਦਿਆ ਹਾਸਿਲ ਕਰਨ ਦਾ ਹਕ਼ ਹਰ ਕਿਸੇ ਨੂੰ ਨਹੀਂ ਸੀ, ਆਪਣੇ ਆਪ ਨੂੰ ਦੇਵਤਾ ਅਖਵਾਉਣ ਵਾਲਾ ਬ੍ਰਾਹਮਣ ਜਿਵੇ ਚਾਹੇ ਇਹਨਾਂ ਜੁਗਾਂ ਬਾਰੇ ਆਮ ਮਨੁਖਾਂ ਨੂੰ ਭਰਮਾਂ ਵਿੱਚ ਰਖ ਰਿਹਾ ਸੀ। ਜਿਆਦਾਧਰ ਬ੍ਰਾਹਮਣਾ ਨੇ ਆਮ ਮਨੁਖਾਂ ਨੂੰ ਜੁਗਾਂ ਦਾ ਡਰ ਦੇ ਕੇ ਖੂਬ ਲੁਟਿਆ, ਲੋਕਾਂ ਨੂੰ ਕਰਮ ਧਰਮ ਸਮਝਾਉਣ ਵਾਲੇ ਬ੍ਰਾਹਮਣ ਦੇਵਤਾ ਜਦੋਂ ਕਦੀ ਵੀ ਖੁਦ ਕਿਰਦਾਰ ਤੋਂ ਡਿਗੇ ਤਾਂ ਆਪਣੀ ਗਲਤੀ ਮੰਨਣ ਦੀ ਜਗਾ ਉਸ ਨੇ ਇਹ ਕਹਿ ਕੇ ਆਪਣਾ ਖਹਿੜਾ ਛੁੜਵਾ ਲਿਆ ਕਿ ਭਾਈ ਇਹ ਤਾਂ ਕਲਜੁਗ ਕਾਰਨ ਹੋ ਰਿਹਾ ਹੈ ਅਤੇ ਕਲਜੁਗ ਵਿੱਚ ਅਜਿਹੀਆਂ ਕੁਰੀਤੀਆਂ ਹੋਣੀਆਂ ਸੁਭਾਵਿਕ ਹੀ ਹਨ ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ।

ਸਤਿਗੁਰਾਂ ਨੇ ਗੁਰਬਾਣੀ ਵਿੱਚ ਅਨਗਿਣਤ ਅਜਿਹੇ ਪ੍ਰਮਾਣ ਦਿਤੇ ਜਿਹਨਾਂ ਨੂੰ ਪੜਕੇ ਸਿਖਾਂ ਨੂੰ ਜੁਗਾਂ ਬਾਰੇ ਸਮਝ ਆ ਸਕਦੀ ਸੀ ਪਰ ਸਤਿਗੁਰਾਂ ਦੀ ਬਾਣੀ ਨੂੰ ਨਾ ਵਿਚਾਰਨ ਕਾਰਨ ਕਈ ਵਾਰ ਸਾਬਤ ਸੂਰਤ ਦਿਸਣ ਵਾਲੇ ਸਿਖ ਵੀ ਸੁਭਾਵਿਕ ਹੀ ਕਹਿ ਦਿੰਦੇ ਹਨ ਕਿ ‘ਇਹ ਘਟਨਾ ਦੇ ਘਟਣ ਦਾ ਕਾਰਨ ਤਾਂ ਭਾਈ ਕਲਜੁਗ ਹੈ’।

ਬ੍ਰਾਹਮਣ ਨੇ ਜਦੋਂ ਜੁਗਾਂ ਬਾਰੇ ਵਰਨਣ ਕਰਨਾ ਸ਼ੁਰੂ ਕੀਤਾ ਤਾਂ ਸਤਿਜੁਗ ਨੂੰ ਸਭ ਤੋਂ ਉਤਮ ਮਨਿਆ ਪਰ ਜੇਕਰ ਇਹਨਾਂ ਦੇ ਹੀ ਗ੍ਰੰਥਾਂ ਦੀ ਸਟਡੀ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਸਤਿਜੁਗ ਵੀ ਅਜਿਹਾ ਹੀ ਸਮਾ ਸੀ ਜਦੋਂ ਆਮ ਮਨੁਖ ਦੁਖੀ ਸਨ, ਕੇਵਲ ਸਤਿਯੁਗ ਹੀ ਕੀ ਚਾਰੇ ਜੁਗਾਂ ਵਿੱਚ ਆਮ ਮਨੁਖਾਂ ਦੇ ਜੀਵਨ ਵਿੱਚ ਕੋਈ ਅੰਤਰ ਨਹੀਂ ਦਿਖਾਈ ਦਿੰਦਾ। ਸਤਿਗੁਰੂ ਜੀ ਮਨੁਖ ਮਾਤਰ ਨੂੰ ਸੁਖੀ ਹੋਣ ਦਾ ਤਰੀਕਾ ਦਸਦੇ ਹੋਏ ਇਹਨਾਂ ਤੁਕਾਂ ਵਿੱਚ ਕਹਿੰਦੇ ਹਨ:-
ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥(ਮ:੫ ਪੰਨਾ ੫੫)
ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥੩॥(ਮ:੩ ਪੰਨਾ ੨੬)

ਭਾਵ:-ਜਿਹਨਾਂ ਮਨੁਖਾਂ ਨੇ ਪ੍ਰਮਾਤਮਾ ਨਾਲ ਸਾਂਝ ਪਾ ਲਈ ਹੈ ਉਹ ਹਰ ਸਮੇ ਵਿੱਚ ਸੁਖੀ ਹੀ ਹਨ ਅਤੇ ਨਾਲ ਹੀ ਸਤਿਗੁਰਾਂ ਨੇ ਦੁਖਾਂ ਦਾ ਕਾਰਨ ਵੀ ਦਸਿਆ ਹੈ ਕਿ ਜੁਗ ਕੋਈ ਭੀ ਹੋਵੇ ਗੁਰੂ ਦੀ ਸ਼ਰਨ ਤੋਂ ਬਿਨਾ ਦੁੱਖ ਹੈ ਜਿਸ ਬਾਬਤ ਸਤਿਗੁਰਾਂ ਦਾ ਫੁਰਮਾਨ ਹੈ:-
ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ ॥(ਮ: ੩ ਪੰਨਾ ੩੪)
ਜੁਗਾਂ ਬਾਬਤ ਸਤਿਗੁਰੂ ਨਾਨਕ ਪਾਤਸ਼ਾਹ ਦਾ ਰਾਮਕਲੀ ਰਾਗ ਵਿੱਚ ਉਚਾਰਿਆ ਸ਼ਬਦ ਮੰਨ ਦੇ ਸਾਰੇ ਸ਼ਕੇ ਦੂਰ ਕਰ ਦਿੰਦਾ ਹੈ, ਸਤਿਗੁਰੂ ਕਹਿੰਦੇ ਹਨ:-
ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥(ਮ:੧ ਪੰਨਾ ੯੦੨)
ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥੧॥

ਭਾਵ:- ਸਤਜੁਗ, ਤ੍ਰੇਤਾ, ਦੁਆਪਰ ਅਤੇ ਕਲਜੁਗ ਆਦਿਕ ਸਾਰੇ ਹੀ ਸਮਿਆਂ ਵਿੱਚ ਉਹੀ ਚੰਦ ਚੜਦਾ ਆਇਆ ਹੈ ਉਹੀ ਤਾਰੇ ਹਨ ਅਤੇ ਉਹੀ ਸੂਰਜ ਚਮਕ ਰਿਹਾ ਹੈ, ਧਰਤੀ ਵੀ ਉਹੀ ਅਤੇ ਹਵਾ ਵੀ ਉਹੀ ਝੂਲ ਰਹੀ ਹੈ ਫਿਰ ਮੈਨੂੰ ਦਸੋ ਕਿ ਜੁਗਾਂ ਦਾ ਪ੍ਰਭਾਵ ਕਿਸ ਸਥਾਨ ਉਪਰ ਪੈਂਦਾ ਹੈ
ਜੀਵਨ ਤਲਬ ਨਿਵਾਰਿ ॥
ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥੧॥ ਰਹਾਉ ॥

ਹੇ ਪੰਡਿਤ ਆਪਣੇ ਮੰਨ ਵਿਚੋਂ ਖੁਦਗਰਜੀ ਦੂਰ ਕਰ ਕਿਉਕੇ ਇਹ ਖੁਦਗਰਜੀ ਹੀ ਕਲਜੁਗ ਹੈ, ਇਸ ਖੁਦਗਰਜੀ ਕਾਰਨ ਜਰਵਾਣੇ ਲੋਕਾਂ ਉਪਰ ਧੱਕਾ ਕਰਦੇ ਹਨ ਅਤੇ ਕਲਜੁਗ ਆਖਕੇ ਉਸਨੂੰ ਜਾਇਜ ਠਹਿਰਾਉਂਦੇ ਹਨ, ਇਸ ਗੱਲ ਨੂੰ ਸਮਝ। ਇਹਨਾਂ ਵਿਚਾਰਾ ਨੂੰ ਇਸੇ ਸ਼ਬਦ ਵਿੱਚ ਸਤਿਗੁਰ ਹੋਰ ਖੁਲਕੇ ਸਮਝਾਉਂਦੇ ਹਨ:-
ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ ॥
ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ ॥੨॥

ਭਾਵ:- ਕਦੇ ਕਿਸੇ ਨੇ ਨਹੀਂ ਸੁਣਿਆ ਕਿ ਕਿਸੇ ਦੇਸ਼ ਵਿੱਚ ਕਲਜੁਗ ਆਇਆ ਹੋਵੇ ਅਤੇ ਨਾ ਹੀ ਕਦੇ ਕਿਸੇ ਤੀਰਥ ਤੇ ਦੇਖਿਆ ਗਿਆ ਹੈ,ਜਿਥੇ ਕੋਈ ਦਾਨੀ ਦਾਨ ਕਰ ਰਿਹਾ ਹੋਵੇ ਨਾ ਹੀ ਕਦੀ ਉਥੇ ਸੁਣਿਆ, ਕਦੇ ਕਿਸੇ ਨੂੰ ਨਹੀਂ ਪਤਾ ਲਗਾ ਕਿ ਕਿਤੇ ਉਸਨੇ ਮਹਿਲ ਉਸਾਰਿਆ ਹੋਵੇ।

ਇਤਹਾਸ ਵਿੱਚ ਵੀ ਇੱਕ ਘਟਨਾ ਦਾ ਜਿਕਰ ਆਉਂਦਾ ਹੈ ਕਿ ਜਦੋਂ ਸਤਿਗੁਰੂ ਨਾਨਕ ਪਾਤਸ਼ਾਹ ਮਥੁਰਾ ਗਏ ਤਾਂ ਮੰਦਰਾਂ ਵਿੱਚ ਫੈਲੀ ਹੋਈ ਅਰਾਜਕਤਾ ਨੂੰ ਦੇਖਕੇ ਮਰਦਾਨੇ ਨੇ ਪ੍ਰਸ਼ਨ ਕੀਤਾ ਕਿ ਗੁਰੂ ਜੀ ਮੈਂ ਤਾਂ ਇਹੀ ਸਮਝਦਾ ਸੀ ਕਿ ਇਹਨਾਂ ਮੰਦਰਾਂ ਵਿੱਚ ਬਹੁਤ ਅਨੰਦ ਹੀ ਹੋਵੇਗਾ ਪ੍ਰੰਤੂ ਇਹਨਾਂ ਸਥਾਨਾ ਉਪਰ ਵੀ ਲੋਕ ਪਰੇਸ਼ਾਨ ਅਤੇ ਦੁਖੀ ਦਿਖਾਈ ਦਿੰਦੇ ਹਨ। ਗੁਰੂ ਨਾਨਕ ਪਾਤਸ਼ਾਹ ਇਸ ਪ੍ਰਸ਼ਨ ਦਾ ਉਤਰ ਦਿੰਦੇ ਇਸਤੋਂ ਪਹਿਲਾਂ ਹੀ ਮੰਦਰ ਦਾ ਪੁਜਾਰੀ ਬੋਲਿਆ ਜੋ ਕੇ ਕੋਲ ਹੀ ਬੈਠਾ ਸਾਰੀ ਵਾਰਤਾ ਸੁਣ ਰਿਹਾ ਸੀ। ‘ਤੁਹਾਨੂੰ ਪਤਾ ਨਹੀਂ ਹੈ ਇਹ ਸੱਭ ਕੁਝ ਕਲਜੁਗ ਕਾਰਨ ਹੋ ਰਿਹਾ ਹੈ’। ਗੁਰੂ ਜੀ ਨੇ ਕਿਹਾ ਕਿ ਪੰਡਤ ਜੀ ਜੇਕਰ ਤੁਹਾਨੂੰ ਪਤਾ ਹੈ ਕਿ ਇਸਦਾ ਕਾਰਨ ਕਲਜੁਗ ਹੈ ਤਾਂ ਤੁਸੀਂ ਇਸਦਾ ਕੋਈ ਉਪਾਆ ਕਿਉਂ ਨਹੀਂ ਕਰਦੇ, ਬੱਸ ਇਨਾਂ ਕਹਿ ਕਿ ਹੀ ਖਹਿੜਾ ਛਡਵਾਉਣਾ ਤੁਹਾਨੂੰ ਸ਼ੋਭਾ ਨਹੀਂ ਦਿੰਦਾਂ, ਅਤੇ ਨਾਲੇ ਜੇਕਰ ਕਲਜੁਗ ਆ ਹੀ ਗਿਆ ਹੈ ਤਾਂ ਕੀ ਤੁਹਾਨੂੰ ਦਿਖਾਈ ਦੇ ਰਿਹਾ ਹੈ? ਪੰਡਤ ਨੇ ਜਵਾਬ ਦਿਤਾ ਨਹੀਂ ਜੀ ਦਿਖਾਈ ਤਾਂ ਨਹੀਂ ਦੇ ਰਿਹਾ। ਸਤਿਗੁਰਾਂ ਨੇ ਕਿਹਾ ਦਿਖਾਈ ਦੇਵੇ ਵੀ ਕਿਵੇਂ ਕਿਉਕੇ ਕਲਜੁਗ ਤਾਂ ਮਨੁਖ ਦੀ ਮੱਤ ਵਿੱਚ ਆਉਂਦਾ ਹੈ। ਕਿਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਮਨੁਖ ਕਹਿ ਰਿਹਾ ਹੁੰਦਾ ਹੈ ਕਿ ਕਲਜੁਗ ਆਇਆ ਹੈ ਇਸ ਲਈ ਉਹ ਦੁਖੀ ਹੈ ਪਰ ਉਸਦੇ ਨਾਲ ਦੇ ਘਰ ਵਿੱਚ ਸੁਖ ਹੀ ਸੁਖ ਹੁੰਦੇ ਹਨ ਫਿਰ ਕਲਜੁਗ ਤਾਂ ਮੱਤ ਵਿੱਚ ਹੀ ਆ ਸਕਦਾ ਹੈ।

ਸਾਹਿਬ ਗੁਰੂ ਨਾਨਕ ਪਾਤਸ਼ਾਹ ਆਸਾ ਦੀ ਵਾਰ ਦੇ ਸਲੋਕਾਂ ਵਿੱਚ ਫੁਰਮਾਉਂਦੇ ਹਨ:-
ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥(ਪੰਨਾ ੪੭੦)
ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥
ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥
ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥
ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥
ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥

ਭਾਵ:-ਹੇ ਨਾਨਕ! ਮਨੁਖਾ ਸਰੀਰ ਇੱਕ ਮੁਸਾਫ਼ਿਰ ਹੈ ਅਤੇ ਇਸ ਲਮੇ ਸਫਰ ਨੂੰ ਸੋਖੇ ਤਰੀਕੇ ਤੈ ਕਰਨ ਲਈ ਜੀਵ ਸਮੇ-ਸਮੇ ਕਿਸੇ ਨਾ ਕਿਸੇ ਦੀ ਅਗਵਾਈ ਕਬੂਲਦਾ ਹੈ ਪਰ ਜਿਉ-ਜਿਉ ਸਮਾ ਗੁਜਰਦਾ ਹੈ ਜੀਵਾਂ ਦੇ ਸੁਭਾਹ ਬੱਦਲ ਰਿਹੇ ਹਨ, ਇਸ ਕਾਰਨ ਜੀਵਾਂ ਦਾ ਆਪਣੀ ਜਿੰਦਗੀ ਦਾ ਮਨੋਰਥ ਵੀ ਬੱਦਲ ਰਿਹਾ ਹੈ, ਇਸ ਭੇਦ ਨੂੰ ਸਿਆਣੇ ਲੋਕ ਹੀ ਸਮਝ ਸਕਦੇ ਹਨ।

ਜਦੋਂ ਆਮ ਤੋਰ ਤੇ ਮਨੁਖ ਦੀ ਜਿੰਦਗੀ ਦਾ ਨਿਸ਼ਾਨਾ ਧਰਮ ਹੋਵੇ ਸੰਤੋਖ ਵਾਲਾ ਸੁਭਾਹ ਆਪਣੇ ਆਪ ਹੀ ਉਹਨਾ ਵਿੱਚ ਪ੍ਰਬਲ ਹੋ ਜਾਂਦਾ ਹੈ ਅਤੇ ਅਜਿਹੇ ਮਨੁਖਾਂ ਨੂੰ ਸਤਜੁਗ ਵਿੱਚ ਜੀਵਨ ਬਤੀਤ ਕਰ ਰਿਹੇ ਸਮਝੋ। ਜਦੋਂ ਮਨੁਖਾਂ ਅੰਦਰ ਸੂਰਮਤਾ ਪ੍ਰਬਲ ਹੋਵੇ ਤਾਂ ਜਤੀ ਰਹਿਣ ਵਾਲਾ ਸੁਬਾਹ ਉਹ ਗ੍ਰਿਹਨ ਕਰ ਲੈਂਦੇ ਹਨ ਅਜਿਹੀ ਸਥਿਤੀ ਵਿੱਚ ਮਾਨੋ ਉਹ ਤ੍ਰੇਤੇ ਜੁਗ ਵਿੱਚ ਵਿਚਰ ਰਿਹੇ ਹਨ। ਇਸੇ ਤਰਾਂ ਉਚੇ ਆਚਰਨ ਵਾਲੇ ਮਨੁਖ ਆਪਣੀਆਂ ਇੰਦਰੀਆਂ ਨੂੰ ਵਿਕਾਰਾ ਵਲੋਂ ਰੋਕ ਕੇ ਰਖਦੇ ਹਨ ਭਾਂਵੇ ਉਹਨਾਂ ਨੂੰ ਕਿਨੇ ਹੀ ਕਸ਼ਟ ਕਿਉਂ ਨਾ ਝਲਣੇ ਪੈਣ ਅਤੇ ਅਜਿਹੇ ਮਨੁਖਾਂ ਨੂੰ ਦੁਆਪਰ ਜੁਗ ਵਿੱਚ ਸਮਝਿਆ ਜਾ ਸਕਦਾ ਹੈ, ਇਸੇ ਹੀ ਪ੍ਰਕਾਰ ਜਦੋਂ ਮਨੁਖਾਂ ਦਾ ਮਨੋਰਥ ਆਪਣੀ ਤ੍ਰਿਸ਼ਨਾ ਨੂੰ ਪੂਰਾ ਕਰਨਾ ਹੋਵੇ ਅਤੇ ਜਿਸ ਲਈ ਉਹ ਝੂਠ ਦਾ ਸਹਾਰਾ ਲੈ ਰਹੇ ਹੋਣ ਤਾਂ ਅਜਿਹੇ ਮਨੁਖਾਂ ਨੂੰ ਕਲਜੁਗ ਦੇ ਵਾਸੀ ਹੀ ਸਮਝਿਆ ਜਾਂਦਾ ਹੈ।

ਇਸ ਪ੍ਰਕਾਰ ਸਤਿਗੁਰਾਂ ਨੇ ਬਹੁਤ ਖੂਬਸੂਰਤ ਅੰਦਾਜ ਨਾਲ ਸਾਨੂੰ ਇਹ ਮੱਤ ਦਿਤੀ ਹੈ ਕਿ ਹੇ ਮਨੁਖ ਇਹ ਤੇਰੀ ਜਿੰਦਗੀ ਉਪਰ ਨਿਰਭਰ ਕਰਦਾ ਹੈ ਕਿ ਤੂੰ ਕਿਸ ਜੁਗ ਵਿੱਚ ਜੀਵਨ ਗੁਜਾਰਨਾਂ ਹੈ ਸੋ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਬਿਪਰ ਦੁਆਰਾ ਤੈ ਕੀਤੇ ਜੁਗਾਂ ਨੂੰ ਨਹੀਂ ਮਨਿਆ ਸਗੋਂ ਜੁਗਾਂ ਦਾ ਨਾਮ ਲੈ ਕਿ ਉਸ ਵਿੱਚ ਅਰਥ ਆਪਣੇ ਵਰਤੇ ਹਨ ਜੋ ਗੁਰਸਿਖ ਨੂੰ ਸਮਝਣ ਦੀ ਜਰੂਰਤ ਹੈ। ਆਸ ਕਰਦਾਂ ਹਾਂ ਕਿ ਪਾਠਕ ਗੁਰਬਾਣੀ ਨੂੰ ਧਿਆਨ ਨਾਲ ਪੜਕੇ ਵਿਚਾਰਨਗੇ ਤਾਂ ਜੋ ਸਾਨੂੰ ਗੁਰੂ ਦੀ ਦਿਤੀ ਬਿਬੇਕ ਬੁਧ ਆ ਸਕੇ ਅਤੇ ਅਸੀਂ ਗੁਰਬਾਣੀ ਨੂੰ ਗੁਰਬਾਣੀ ਦੇ ਸ਼ਬਦਕੋਸ਼ ਅਨੁਸਾਰ ਸਮਝ ਸਕੀਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top