Share on Facebook

Main News Page

ਰੀਠੇ ਮਿੱਠੇ ਜਾਂ ਕੌੜੇ? ਕੌਡਾ ਕੌਣ ਸੀ ? ਗੁਰੂ ਨਾਨਕ ਸਾਹਿਬ ਦੀ ਕਲਯੁਗ ਨਾਲ ਮੁਲਾਕਾਤ ਇਹਨਾਂ ਸਭਨਾਂ 'ਤੇ ਇਕ ਵਿਚਾਰ
-: ਜਗਪਾਲ ਸਿੰਘ ਸਰੀ

ਕਾਦਰ ਦੀ ਕੁਦਰਤ ਬੜੀ ਬੇਅੰਤ ਹੈ, ਇਸ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਮਨੁੱਖ ਦਿਨ ਬ ਦਿਨ ਖੋਜ ਤਾਂ ਕਰ ਸਕਦਾ, ਪਰ ਜੇਕਰ ਕੋਈ ਆਖੇ ਮੇਰੀ ਖੋਜ ਹੀ ਅੰਤ ਹੈ, ਇਸ ਤੋਂ ਅੱਗੇ ਕੁਝ ਨਹੀਂ ਤਾਂ ਉਸ ਮਨੁੱਖ ਦੀ ਮੂਰਖਤਾ ਤਾਂ ਹੋ ਸਕਦੀ ਹੈ, ਸਿਆਣਪ ਨਹੀਂ। ਧਰਤੀ ਤੋਂ ਪੈਦਾ ਹੋਣ ਵਾਲੀਆਂ ਵਸਤਾਂ ਦਾ ਸੁਆਦ ਆਪਣਾ ਹੀ ਹੁੰਦਾ ਹੈ । ਖੇਤ ਵਿੱਚ ਖਾਣ ਦੀਆਂ ਵਸਤਾਂ ਨੂੰ ਪੈਦਾ ਕੀਤਾ ਜਾਂਦਾ ਹੈ । ਉਹਨਾਂ ਦਾ ਆਪਣਾ ਹੀ ਸੁਆਦ ਹੁੰਦਾ ਹੈ । ਖੇਤ ਵੀ ਉਹ ਹੀ ਹੁੰਦਾ ਹੈ, ਬੀਜ ਵੀ ਇਕ ਹੀ ਥੈਲੀ ਵਿਚੋਂ ਲਿਆ ਹੁੰਦਾ ਹੈ । ਕਈ ਵਾਰ ਉਹਨਾਂ ਦੇ ਸੁਆਦ ਦਾ ਜਮੀਨ ਅਸਮਾਨ ਜਿੰਨਾ ਅੰਤਰ ਹੁੰਦਾ ਹੈ । ਜਿਵੇਂ ਕਿ ਇਕ ਖੇਤ ਵਿੱਚ ਖੇਤੀ ਕਰਨ ਵਾਲਾ ਕਿਰਸਾਨ ਇਕ ਹੀ ਵੱਟ ਉਪਰ ਮੂਲੀ ਦਾ ਬੀਜ ਪਾਉਂਦਾ ਹੈ, ਉਸ ਬੀਜ ਵਿਚੋ ਇਕ ਮੂਲੀ ਤਾਂ ਬੇਅੰਤ ਸੁਆਦ ਤੇ ਦੂਜੀ ਕੌੜੀ, ਬੀਜ ਵੀ ਇਕ ਥੈਲੇ ਵਿਚੋਂ ਲਿਆ, ਖੇਤ ਵੀ ਇਕ, ਫਿਰ ਸੁਆਦ ਵਿੱਚ ਇੰਨਾ ਫਰਕ ਕਿਉਂ।

ਇਸੇ ਹੀ ਤਰ੍ਹਾਂ ਸਿੱਖ ਇਤਹਾਸ ਵਿੱਚ ਇਕ ਸਾਖੀ ਪ੍ਰਚਲੱਤ ਹੈ । ਗੁਰੂ ਸਾਹਿਬ ਦੇ ਭਾਈ ਮਰਦਾਨੇ ਨੂੰ ਇਕ ਵਾਰ ਭੁਖ ਲਗੀ ਤੇ ਖਾਣ ਨੂੰ ਕੁਝ ਨਾ ਮਿਲੇ, ਤਾਂ ਗੁਰੂ ਸਾਹਿਬ ਇਕ ਰੀਠੇ ਦੇ ਦਰਖਤ ਦੇ ਥੱਲੇ ਬੈਠੇ ਸਨ। ਉਹਨਾਂ ਨੇ ਭਾਈ ਮਰਦਾਨੇ ਨੂੰ ਉਸ ਦਰਖਤ ਤੋਂ ਫਲ ਤੋੜ ਕੇ ਖਾਣ ਲਈ ਕਹਿਆ, ਜੋ ਕਿ ਰੀਠੇ ਸਨ । ਆਮ ਕਰਕੇ ਰੀਠੇ ਖਾਣ ਵਿੱਚ ਕੌੜੇ ਹੁੰਦੇ ਹਨ, ਪਰ ਜਦ ਭਾਈ ਮਰਦਾਨੇ ਨੇ ਤੋੜ ਕੇ ਖਾਦੇ ਤਾਂ ਉਹ ਬੜੇ ਹੀ ਸੁਆਦ ਨਿਕਲੇ । ਬੱਸ ਫਿਰ ਕੀ ਸੀ ਆਪਣੇ ਆਪ ਨੂੰ ਸਿੱਖ ਪੰਥ ਦੇ ਪ੍ਰਚਾਰਕ ਅਖਵਾਉਣ ਵਾਲਿਆਂ ਨੇ ਉਹ ਪਰਚਾਰ ਕੀਤਾ, ਉਹ ਪਰਚਾਰ ਕੀਤਾ ਕਿ ਸਿੱਖ ਕੌਮ ਦਾ ਦਿਮਾਗ ਰੀਠੇ ਮਿੱਠੇ 'ਤੇ ਹੀ ਰੋਕ ਦਿੱਤਾ । ਗੁਰੂ ਸਾਹਿਬ ਦਾ ਉਥੇ ਜਾਣ ਦਾ ਕੀ ਮਕਸਦ ਸੀ, ਉਸ ਗੱਲ ਵੱਲ ਕਦੇ ਧਿਆਨ ਨਹੀਂ ਦਿੱਤਾ ।

੨੦੦੮ ਵਿੱਚ ਭਾਈ ਗੁਰਚਰਨ ਸਿੰਘ ਜਿਉਣ ਵਾਲਾ ਤੇ ਉਹਨਾਂ ਦੇ ਦੋ ਹੋਰ ਸਾਥੀ ਉਸ ਜਗ੍ਹਾ 'ਤੇ ਗਏ ਸਨ । ਇਹ ਜਗ੍ਹਾ ਉਤਰ ਪ੍ਰਦੇਸ਼ ਨਾਨਕ ਮਤੇ ਗੁਰਦਵਾਰੇ ਤੋਂ ਕੁਝ ਕੁ ਕਿਲੋਮੀਟਰ ਦੇ ਫਾਸਲੇ 'ਤੇ ਹੈ । ਜਦ ਇਹ ਲੋਕ ਉਸ ਜਗ੍ਹਾ 'ਤੇ ਗਏ ਉਹਨਾਂ ਦੇ ਦੱਸਣ ਅਨੁਸਾਰ ਉਥੇ ਇਕ ਨਹੀਂ ਕਈ ਏਕੜ ਵਿੱਚ ਰੀਠੇ ਦੇ ਦਰਖਤ ਲੱਗੇ ਹੋਏ ਹਨ । ਸਿੱਖ ਇਤਹਾਸ ਵਿੱਚ ਜਿਕਰ ਆਉਂਦਾ ਜਾਂ ਕੁਝ ਪ੍ਰਚਾਰਕ ਕਹਿੰਦੇ ਹਨ, ਉਹ ਸਿਰਫ ਇਕ ਹੀ ਦਰਖਤ ਹੀ ਸੀ, ਜਿਸ ਦੇ ਇਕ ਪਾਸੇ ਰੀਠੇ ਮਿਠੇ ਤੇ ਦੂਜੇ ਪਾਸੇ ਕੌੜੇ ਹਨ । ਜਿਸ ਜਗ੍ਹਾ 'ਤੇ ਗੁਰਦਵਾਰਾ ਉਸ ਜਗ੍ਹਾ 'ਤੇ ਕੋਈ ਰੀਠੇ ਦਾ ਦਰਖਤ ਨਹੀਂ ਹੈ । ਜਦ ਇਹਨਾਂ ਵੀਰਾਂ ਨੇ ਆਸ ਪਾਸ ਦੇ ਲੋਕਾਂ ਨੂੰ ਪੁਛਿਆ ਤਾਂ ਉਹਨਾਂ ਨੇ ਕਹਿਆ ਕਿ ਸਾਡੇ ਖੇਤਾਂ ਦੇ ਵਿੱਚ ਵੀ ਕਈ ਦਰਖਤ ਹਨ, ਅਸੀਂ ਵੀ ਤੋੜ ਕੇ ਗੁਰਦਵਾਰੇ ਦੇ ਸੇਵਾਦਾਰਾਂ ਨੂੰ ਦੇ ਜਾਂਦੇ ਹਾਂ । ਇਕ ਗੱਲ ਧਿਆਨ ਦੇਣ ਯੋਗ ਹੈ, ਜਿਸ ਵਕਤ ਰੀਠਾ ਦਰਖਤ ਨਾਲੋਂ ਟੁਟਦਾ ਹੈ, ਤਾਂ ਉਹ ਆਕੜਿਆ ਹੁੰਦਾ ਹੈ, ਜੋ ਰੀਠੇ ਪ੍ਰਸ਼ਾਦ ਦੇ ਰੂਪ ਵਿੱਚ ਮਿਲਦੇ ਹਨ,ਉਹ ਕਾਫੀ ਨਰਮ ਹਨ ।

ਜਦ ਭਾਈ ਗੁਰਚਰਨ ਸਿੰਘ ਤੇ ਇਹਨਾਂ ਦੇ ਸਾਥੀਆਂ ਨੇ ਉਹ ਰੀਠੇ ਲੇਕੇ ਖਾਦੇ, ਤਾਂ ਇਹਨਾਂ ਤੇ ਉਹ ਰੀਠੇ ਆਪਣੇ ਮੂੰਹ ਵਿੱਚ ਰੱਖ ਕੇ ਕੁਝ ਦੇਰ ਤੱਕ ਉਸ ਨੂੰ ਚੂਸਦੇ ਰਹੇ । ਕੋਈ ੫-੭ ਮਿੰਟ ਚੂਸਣ ਤੋਂ ਮਗਰੋ ਉਹਨਾਂ ਰਿਠਿਆਂ ਦੀ ਮਿਠਾਸ ਖਤਮ ਹੋ ਗਈ, ਜਦ ਇਹਨਾਂ ਨੇ ਉਸ ਨੂੰ ਚੂਸਣ ਤੋਂ ਮਗਰੋ ਖਾਦਾ ਤਾਂ ਉਹ ਰੀਠਾ ਕੌੜਾ ਹੀ ਸੀ । ਇਹਨਾਂ ਨੇ ਪ੍ਰਸ਼ਾਦ ਦੇ ਰੂਪ ਵਿੱਚ ਕਾਫੀ ਰੀਠੇ ਲਿਆਂਦੇ {ਪ੍ਰਸ਼ਾਦ ਦੇ ਰੂਪ ਵਿੱਚ ਰੀਠਾ ਲੈਣਾ ਮਜਬੂਰੀ ਸੀ, ਕੋਈ ਵਿਸ਼ਵਾਸ ਨਹੀਂ} ਇਹਨਾਂ ਨੇ ਉਸ ਜਗ੍ਹਾ ਤੋਂ ਕੁਝ ਮਿੱਟੀ ਦੇ ਵੀ ਲਿਆਂਦੀ, ਤਾਂ ਕਿ ਉਸ ਨੂੰ ਟੇਸਟ ਕਰਵਾ ਕੇ ਅਸਲੀਅਤ ਦਾ ਪਤਾ ਲਾਗਾਇਆ ਜਾ ਸਕੇ । ਇਹਨਾਂ ਨੇ ਕੁਝ ਰੀਠੇ ਤੇ ਉਸ ਮਿੱਟੀ ਦੇ ਨਮੂਨੇ ਨਵੀਂ ਦਿੱਲੀ ਵਿੱਚ ਪੂਸਾ ਇੰਨਸੀਟਿਊਟ ਐਗਰੀਕਲਚਰ ਵਿੱਚ ਭੇਜੇ ਗਏ ਸਨ । ਜਿਸ ਵੀਰ ਨੂੰ ਇਹ ਕੰਮ ਕਰਨ ਦੀ ਜਿੰਮੇਵਾਰੀ ਦਿੱਤੀ ਸੀ, ਉਸ ਵੀਰ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ । ਅੱਜ ਵੀ ਭਾਈ ਗੁਰਚਰਨ ਸਿੰਘ ਕੋਲ ਕੁਝ ਰੀਠੇ ਮੌਜੂਦ ਹਨ, ਜੇਕਰ ਕੋਈ ਵੀਰ ਉਹਨਾਂ ਨੂੰ ਲਿਜਾਕੇ ਟੇਸਟ ਕਰਵਾ ਸਕਦੇ ਹਨ ਤਾਂ ਉਹਨਾਂ ਨੂੰ ਟੇਸਟ ਕਰਵਾ ਸਕਦੇ ਹਨ ।

ਵਿਚਾਰ

ਜਿਸ ਗੁਰੂ ਨਾਨਕ ਸਾਹਿਬ ਦੇ ਬੋਲ ਸੁਣ ਕੇ ਲੋਕਾਂ ਦੇ ਅੰਦਰ ਦੀ ਭੁਖ ਮਿੱਟ ਜਾਂਦੀ ਸੀ । ਭਾਈ ਮਰਦਾਨਾ ਜੋ ਗੁਰੂ ਸਾਹਿਬ ਨਾਲ ਕੋਈ ੩੪-੩੫ ਗੁਰੂ ਸਾਹਿਬ ਨਾਲ ਰਹਿਆ ਸੀ । ਉਸ ਦੇ ਅੰਦਰ ਦੀ ਭੁਖ ਤਾਂ ਉਸ ਦਿਨ ਹੀ ਖਤਮ ਜਿਸ ਦਿਨ ਉਸ ਨੂੰ ਗੁਰੂ ਸਾਹਿਬ ਨੇ ਭਾਈ ਦਾ ਦਰਜਾ ਦਿੱਤਾ ਸੀ । ਜੇਕਰ ਉਸ ਦੇ ਅੰਦਰ ਕੋਈ ਵੀ ਭੁਖ ਹੁੰਦੀ, ਤਾਂ ਭਾਈ ਸਾਹਿਬ ਕਦੇ ਵੀ ਗੁਰੂ ਸਾਹਿਬ ਨਾਲ ਜਾਣ ਦਾ ਫ਼ੈਸਲਾ ਨਾ ਕਰਦੇ । ਇਕ ਬਾਲੇ ਨਾਮ ਦੇ ਬੰਦੇ ਨੇ {ਜਿਸ ਦਾ ਅਸਲੀ ਨਾਮ ਬਿਧੀਚੰਦ ਹਿੰਦਾਲੀਆ ਸੀ} ਉਸ ਨੇ ਜਨਮ ਸਾਖੀ ਵਿੱਚ ਇਸ ਦੀਆਂ ਮਨਘੜਤ ਗੱਲ ਲਿਖ ਦਿੱਤੀਆਂ ਤੇ ਸਾਡੇ ਪ੍ਰਚਾਰਕਾਂ ਨੇ ਉਸ ਨੂੰ ਪ੍ਰਚਾਰਨ 'ਤੇ ਹੀ ਜੋਰ ਦਿੱਤਾ । ਅਸੀਂ ਆਪਣੇ ਮਹਾਨ ਗੁਰੂ ਦੀ ਸਿਖਿਆ 'ਤੇ ਕੋਈ ਅਮਲ ਨਹੀਂ ਕੀਤਾ, ਬੱਸ ਦਿਨ ਰਾਤ ਅਸੀਂ ਵੀ ਆਪਣੇ ਗੁਰੂ ਨੂੰ ਇਕ ਕਰਾਮਾਤੀ ਸਿੱਧ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ । ਕਰਾਮਾਤਾਂ ਤਾਂ ਅੱਜ ਦੇ ਸਮੇਂ ਵਿੱਚ ਜਾਦੂਗਰ ਵੀ ਬਹੁਤ ਦਿਖਾਉਂਦੇ ਹਨ ਫਿਰ ਕੀ ਅਸੀਂ ਵੀ ਆਪਣੇ ਗੁਰੂ ਨੂੰ ਇਕ ਕਰਾਮਾਤਾਂ ਦਿਖਾਉਣ ਵਾਲਾ ਜਾਦੂਗਰ ਮੰਨ ਲਈਏ । ਜੇ ਕੋਈ ਕਰਮਾਤ ਹੁੰਦੀ, ਤਾਂ ਫਿਰ ਗੁਰੂ ਸਾਹਿਬ ਉਸ ਕਰਾਮਾਤ ਨਾਲ ਆਪਣੇ ਦੋਵੇ ਪੁਤਰਾਂ ਨੂੰ ਸਿੱਧੇ ਰਸਤੇ ਪਾ ਲੈਂਦੇ, ਗੁਰੂ ਸਾਹਿਬ ਨੂੰ ਇਹਨੀ ਦੂਰ ਦੀਆਂ ਯਾਤਰਾਵਾਂ ਕਰਨ ਦੀ ਕੀ ਲੋੜ ਸੀ, ਕਰਾਮਾਤ ਨਾਲ ਹੀ ਸਭ ਕੁੱਝ ਠੀਕ ਕਰ ਦੇਂਦੇ । ਜੇ ਕੋਈ ਕਰਾਮਾਤ ਸੀ, ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲ੍ਹਾ ਕਿਉਂ ਛੱਡਿਆ, ਕਰਾਮਾਤ ਨਾਲ ਅੰਦਰ ਬੈਠੇ ਪ੍ਰਸ਼ਾਦਾ ਪਾਣੀ ਵਧਾ ਲਿਆ ਕਰਦੇ । ਦੁਸ਼ਮਨ ਆਪੇ ਥੱਕ ਹਾਰ ਘੇਰਾ ਛੱਡ ਕੇ ਚਲਾ ਜਾਂਦਾ...

ਅਸੀਂ ਆਪਣੇ ਮਹਾਨ ਗੁਰੂ ਸਾਹਿਬਾਨਾਂ ਨੂੰ ਕਰਾਮਾਤੀ ਨਾ ਸਿੱਧ ਕਰਨ 'ਤੇ ਜੋਰ ਦੇਈਏ, ਸਗੋਂ ਉਹਨਾਂ ਦੇ ਮਹਾਨ ਗਿਆਨ ਨੂੰ ਸਮਝ ਕੇ ਆਪਣੇ ਜੀਵਨ ਸੁਧਾਰੀਏ ।

ਅਸੀਂ ਇਸ ਤਰ੍ਹਾਂ ਦੀਆਂ ਸਾਖੀਆਂ ਨਾਲ ਗੁਰੂ ਸਾਹਿਬ ਤੇ ਭਾਈ ਮਰਦਾਨੇ ਦਾ ਹਰ ਰੋਜ ਨਿਰਾਦਰ ਕਰਦੇ ਹਾਂ । ਇਸ ਤਰ੍ਹਾਂ ਦੀਆਂ ਸਾਖੀਆਂ ਤੋ ਕੋਈ ਗਿਆਨ ਨਹੀ ਮਿਲਦਾ ਸਗੋ ਅੰਧਵਿਸ਼ਵਾਸ ਹੀ ਵਧੱਦਾ ਹੈ । ਗੁਰਬਾਣੀ ਦੇ ਚਾਨਣ ਵਿੱਚ ਸਾਨੂੰ ਆਪਣਾ ਗੁਰ ਇਤਹਾਸ ਸਮਝਣ ਦੀ ਲੋੜ ਹੈ ।

ਨੋਟ: ਰੀਠਾ ਸਾਹਿਬ ਦੀਆਂ ਹੋਰ ਤਸਵੀਰਾਂ ਦੇਖਣ ਲਈ ਇੱਥੇ ਕਲਿੱਕ ਕਰੋ ਜੀ।

ਕੌਡਾ ਕੋਣ ਸੀ ?

ਕੌਡਾ ਭਾਰਤ ਦੇ ਮੂਲ ਵਸਨੀਕ ਸੀ, ਇਹ ਉਹ ਲੋਕ ਸਨ ਜਿੰਨਾ ਨੂੰ ਆਰੀਅਨ ਲੋਕਾਂ ਨੇ ਸੂਦਰ ਆਖ ਨੀਵੀ ਜਾਤ ਦੇ ਲੋਕ ਸਾਬਤ ਕਰ ਦਿੱਤਾ ਸੀ । ਕੌਡਾ ਭੀਲ ਜਾਤੀ ਨਾਲ ਸੰਬਧਤ ਸੀ । ਭੀਲ ਦ੍ਰ੍ਵਾੜ ਭਾਸ਼ਾ ਦਾ ਸ਼ਬਦ ਹੈ, ਦਰਾਵੜ ਭਾਸ਼ਾ ਵਿੱਚ ਭੀਲ ਤੀਰ ਵਾਲੀ ਕਮਾਨ ਨੂੰ ਕਹਿਆ ਜਾਂਦਾ ਹੈ । ਜੋ ਲੋਕ ਆਪਣੇ ਕੋਲ ਕਮਾਨ ਰਖਦੇ ਸਨ, ਉਹਨਾਂ ਨੂੰ ਹੋਲੀ ਹੋਲੀ ਭੀਲ ਕਹਿਣ ਲੱਗ ਪੈਏ ਜਿਸ ਤੋ ਭੀਲ ਜਾਤੀ ਹੋਂਦ ਵਿੱਚ ਆ ਗਈ । ਇਹ ਉਹ ਲੋਕ ਸਨ ਜਿੰਨਾਂ ਨੇ ਆਪਣੀ ਅਣਖ ਦੀ ਖਾਤਰ ਆਰੀਅਨ ਲੋਕਾਂ ਦੀ ਈਨ ਨਹੀਂ ਮੰਨੀ ਸੀ । ਆਰੀਅਨ ਲੋਕਾਂ ਨੇ ਇਹਨਾਂ ਨੂੰ ਮੈਦਾਨੀ ਇਲਾਕਿਆਂ ਵਿੱਚ ਕੱਢ ਕੇ ਜੰਗਲਾਂ ਵੱਲ ਧੱਕ ਦਿੱਤਾ ਸੀ ।

ਭੀਲ ਲੋਕ ਵੀ ਸਾਡੇ ਵਾਂਗ ਕਿਰਤੀ ਲੋਕ ਸਨ। ਜਦ ਉਹਨਾਂ ਨੂੰ ਅੰਨ ਉਪਜਾਊ ਧਰਤੀ ਤੋ ਨਿਕਲਣ ਲਈ ਮਜਬੂਰ ਕੀਤਾ ਗਿਆ, ਤੇ ਇਸ ਤਰ੍ਹਾਂ ਭੁੱਖ ਤੇ ਮੌਤ ਦਾ ਟਾਕਰਾ ਕਰਨਾ ਪਿਆ, ਤਾਂ ਉਹ ਇਸ ਤੋਂ ਛੁੱਟ ਹੋਰ ਕੀ ਕਰਦੇ । ਜਦੋ ਕਦੇ ਉਹਨਾਂ ਦੇ ਢਹੇ ਕੋਈ ਆਰੀਅਨ ਲੋਕਾਂ ਦਾ ਬੰਦਾ ਚੜ੍ਹ ਜਾਣਾ ਤੇ ਉਸ ਨੂੰ ਮਾਰ ਕੇ ਉਸ ਦਾ ਮਾਸ ਰਿੰਨ ਕੇ ਖਾ ਲੈਂਦੇ ਸਨ । ਇਸ ਕਰਕੇ ਉਹਨਾਂ ਨੂੰ ਰਾਖਸ਼ ਕਹਿਣ ਲੱਗ ਪੈ ਸਨ ।

ਦੇਖੋ ਮਰਦ ਸੂਰਮੇ ਗੁਰੂ ਨਾਨਕ ਸਾਹਿਬ ਨੂੰ ਤੇ ਉਹਨਾਂ ਦੇ ਭਾਈ ਮਰਦਾਨੇ ਨੂੰ ਜੋ ਉਸ ਇਲਾਕੇ ਵਿੱਚ ਦੀ ਗੁਜਰੇ ਜਿਸ ਇਲਾਕੇ ਵਿੱਚ ਕੋਈ ਵੀ ਮੌਤ ਤੋਂ ਡਰਦਾ ਨਹੀਂ ਜਾਂਦਾ । ਇਸ ਤਰ੍ਹਾਂ ਦੇ ਜੰਗਲ ਵਿੱਚ ਦੀ ਗੁਜਰਨਾ ਭੀਲਾਂ ਵਾਲੋਂ ਉਹਨਾਂ 'ਤੇ ਹਮਲੇ ਕਰਨ ਦਾ ਖਤਰਾ ਹਰ ਵੇਲੇ ਬਣਇਆ ਰਹਿੰਦਾ ਸੀ । ਗੁਰ ਇਤਹਾਸ ਵਿੱਚ ਜਿਕਰ ਆਉਂਦਾ ਹੈ, ਜਦ ਗੁਰੂ ਸਾਹਿਬ ਤੇ ਭਾਈ ਮਰਦਾਨਾ ਇਸ ਇਲਾਕੇ ਵਿੱਚ ਦੀ ਗੁਜਰ ਰਹੇ ਸਨ, ਲੰਘਦੇ ਲੰਘਦੇ ਕਿਸੇ ਉਜਾੜ ਜਿਹੀ ਜਗ੍ਹਾ ਤੇ ਪਹੁੰਚੇ । ਕਿਸੇ ਕਾਰਨ ਕਰਕੇ ਭਾਈ ਮਰਦਾਨਾ ਜੀ ਗੁਰੂ ਸਾਹਿਬ ਤੋਂ ਕੁੱਝ ਲਾਂਭੇ ਚਲਾ ਗਿਆ । ਕੁਝ ਦੇ ਤੱਕ ਜਦ ਭਾਈ ਮਰਦਾਨਾਂ ਵਾਪਸ ਨਾ ਆਇਆ, ਤਾਂ ਗੁਰੂ ਸਾਹਿਬ ਭਾਈ ਸਾਹਿਬ ਦੀ ਤਲਾਸ਼ ਵਿੱਚ ਨਿਕਲ ਪਏ ।

ਗੁਰੂ ਸਾਹਿਬ ਭਾਈ ਮਰਦਾਨੇ ਨੂੰ ਲਭਦੇ ਲਭਦੇ ਉਸ ਜਗ੍ਹਾ 'ਤੇ ਪਹੁੰਚ ਗਏ ਜਿਸ ਜਗ੍ਹਾ ਤੇ ਕੌਡੇ ਨੇ ਭਾਈ ਮਰਦਾਨੇ ਨੂੰ ਬੰਦੀ ਬਣਾਇਆ ਹੋਇਆ ਸੀ । ਗੁਰੂ ਸਾਹਿਬ ਕੋਲ ਕੋਈ ਨਾ ਹਥਿਆਰ, ਨਾ ਕੋਈ ਫੌਜ ਤੇ ਉਹਨਾਂ ਦੇ ਗੜ ਵਿੱਚ ਚਲੇ ਜਾਣਾ, ਇਹ ਹੈ ਅਸਲੀ ਸੂਰਮਗਤੀ, ਜਿਥੇ ਕੋਈ ਆਪਣਾ ਨਹੀਂ ਸਿਰਫ਼ ਤੇ ਸਿਰਫ ਮੌਤ ਦਾ ਹੀ ਖਤਰਾ ਸੀ । ਜਦ ਗੁਰੂ ਸਾਹਿਬ ਕੌਡੇ ਦੇ ਕਬੀਲੇ ਵਿੱਚ ਗਏ, ਕੌਡਾ ਕਬੀਲੇ ਦਾ ਮੁਖੀ ਸੀ । ਉਹ ਗੁਰੂ ਸਾਹਿਬ ਦੀ ਨਿਡਰਤਾ ਨੂੰ ਦੇਖ ਕੇ ਬਹੁਤ ਪ੍ਰਭਾਵਤ ਹੋਇਆ ।

ਕੌਡਾ ਨਫਰਤ ਦੀ ਅੱਗ ਵਿੱਚ ਅੱਤ ਨੀਵੇਂ ਦਰਜੇ ਤੱਕ ਚਲਾ ਗਿਆ ਸੀ । ਗੁਰੂ ਸਾਹਿਬ ਦੇ ਨੂਰਾਨੀ ਚਿਹਰੇ ਵੱਲ ਤੱਕ ਕੇ ਉਸ ਦੇ ਅੰਦਰ ਦਾ ਮਰ ਚੁਕਾ ਮਨੁੱਖ ਦੁਬਾਰਾ ਜਿਉਂਦਾ ਹੋ ਗਿਆ । ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਭਲੇ ਲੋਕਾਂ ਨੂੰ ਮਾਰਨ ਨਾਲ ਕੁਝ ਵੀ ਪ੍ਰਾਪਤ ਹੋਣਾ । ਗੁਰੂ ਸਾਹਿਬ ਦੀ ਨਿਰਭੈਤਾ ਦੇਖ ਉਸ ਦੇ ਅੰਦਰ ਦਾ ਮਨੁੱਖ ਤਾਂ ਜਾਗ ਹੀ ਚੁਕਾ ਸੀ । ਗੁਰੂ ਸਾਹਿਬ ਦੀ ਸਿਖਿਆ ਨਾਲ ਉਸ ਨੂੰ ਸਾਰੇ ਬੁਰੇ ਕਰਮ ਤਿਆਗਣ ਤੇ ਮਨੁੱਖਤਾ ਨੂੰ ਪਿਆਰ ਕਰਨ ਦਾ ਗੁਰੂ ਸਾਹਿਬ ਨਾਲ ਉਸ ਨੇ ਵਾਅਦਾ ਕੀਤਾ । ਗੁਰ ਇਤਹਾਸ ਵਿੱਚ ਜਿਕਰ ਆਉਂਦਾ ਹੈ, ਕੌਡਾ ਗੁਰੂ ਸਾਹਿਬ ਦੀ ਵਿਚਾਰ ਧਾਰਾ ਦਾ ਪ੍ਰਚਾਰ ਕਰਨ ਵਿੱਚ ਲੱਗ ਗਿਆ । ਗੁਰੂ ਸਾਹਿਬ ਦੀ ਸਿਖਿਆ ਨੇ ਉਸ ਨੂੰ ਕੌਡੇ ਰਾਖਸ਼ ਤੋਂ ਭਾਈ ਕੌਡਾ ਬਣਾ ਦਿੱਤਾ ।

"ਗੁਰੂ ਸਾਹਿਬ ਦੀ ਕਲਯੁਗ ਨਾਲ ਮੁਲਾਕਾਤ ਦਾ ਸੱਚ"

ਜਦ ਗੁਰੂ ਸਾਹਿਬ ਮਥੁਰਾ ਗਏ ਤਾਂ ਉਹਨਾਂ ਦੀ ਮੁਲਾਕਾਤ ਉਥੋ ਦੇ ਪਾਂਡਿਆਂ ਨਾਲ ਹੋਈ । ਗੁਰੂ ਸਾਹਿਬ ਨੇ ਉਹਨਾਂ ਨੂੰ ਮਾੜੇ ਕਰਮ ਕਰਨ ਤੋਂ ਰੋਕਿਆ ਤੇ ਇਕ ਅਕਾਲ ਪੁਰਖ ਦੀ ਬੰਦਗੀ ਵੱਲ ਪ੍ਰੇਰਿਆ, ਚਰਚਾ ਦੁਆਰਨ ਪਾਂਡੇ ਕਹਿੰਦੇ ਅਸੀਂ ਤੇ ਕੋਈ ਮਾੜਾ ਕਰਮ ਨਹੀਂ ਕਰਨਾ ਚਾਹੁੰਦੇ, ਪਰ ਕਲਯੁਗ ਸਾਡੇ ਤੋਂ ਮਾੜੇ ਕਰਮ ਕਰਵਾ ਦੇਂਦਾ ਹੈ । ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕੀ ਕੋਈ ਕਲਯੁਗ ਬਾਹਰ ਨਹੀਂ, ਇਹ ਤਾਂ ਮਨੁੱਖ ਦੇ ਅੰਦਰ ਹੀ ਵਸਦਾ, ਮਨੁੱਖ ਦੇ ਮਾੜੇ ਕਰਮ ਹੀ ਕਲਯੁਗ ਹਨ । ਉਹ ਪਾਂਡੇ ਤਾਂ ਇਹ ਗੱਲ ਸਮਝਗੇ, ਪਰ ਸਿੱਖ ਇਤਹਾਸ ਵਿੱਚ ਇਕ ਮਨਘੜਤ ਸਾਖੀ ਘੜ ਲਈ ਗਈ ਕਿ ਕਲਯੁਗ ਗੁਰੂ ਸਾਹਿਬ ਨੂੰ ਮਿਲਿਆ ਸੀ । ਕਲਯੁਗ ਗੁਰੂ ਸਾਹਿਬ ਨੂੰ ਕਹਿੰਦਾ ਤੁਹਾਡੇ ਗਿਆਨ ਕਰਕੇ ਮੇਰਾ ਪ੍ਰਭਾਵ ਬਹੁਤ ਘੱਟ ਗਿਆ ਹੈ ।

ਗੁਰੂ ਸਾਹਿਬ ਨੂੰ ਕਲਯੁਗ ਕਹਿਣ ਲੱਗਾ ਤੁਸੀਂ ਮੇਰੇ ਤੇ ਰਹਿਮ ਕਰੋ । ਕਲਯੁਗ ਗੁਰੂ ਸਾਹਿਬ ਨੂੰ ਕਹਿਣ ਲੱਗਾ ਬੱਸ ਮੈਨੂੰ ਸਿਰਫ ਇਹਨੀ ਆਗਿਆ ਦੇ ਦੇਵੋ ਕਿ ਜਿਸ ਵੇਲੇ ਗੁਰਦਵਾਰੇ ਅੰਦਰ ਕੜਾਹ ਪ੍ਰਸ਼ਾਦ ਵਰਤਨ ਲੱਗੇ ਤਾਂ ਮੈਨੂੰ ਅੰਦਰ ਆਉਣ ਦੀ ਖੁਲ ਮਿਲ ਜਾਵੇ ।

ਅਸਲ ਵਿੱਚ ਜਦ ਅਸੀਂ ਕੁਝ ਸਮਾਂ ਗੁਰੂ ਦੀ ਸੰਗਤ ਵਿੱਚ ਬਤੀਤ ਕਰਦੇ ਹਾਂ । ਜਦੋਂ ਸਮਾਪਤੀ ਦੀ ਅਰਦਾਸ ਹੋਣ ਲਗਦੀ ਹੈ ਤਾਂ ਸਾਡਾ ਮਨ ਕਾਹਲਾ ਪੈਣ ਲੱਗ ਪੈਂਦਾ ਹੈ । ਹੁਣ ਕਦੋਂ ਦੇਗ ਮਿਲੇ, ਤੇ ਕਦੋਂ ਅਸੀਂ ਬਹਾਰ ਜਾਈਏ, ਅਸੀਂ ਆਪਣੀ ਬੇਸਬਰੀ ਨੂੰ ਕਲਯੁਗ ਦਾ ਨਾਮ ਦੇ ਦੇਂਦੇ ਹਾਂ । ਇਕ ਤਰੀਕੇ ਨਾਲ ਅਸੀਂ ਆਪਣੀ ਗਲਤੀ ਦਾ ਦੋਸ਼ ਗੁਰੂ ਸਾਹਿਬ 'ਤੇ ਮੜ੍ਹ ਕੇ ਆਪਣੇ ਆਪ ਨੂੰ ਦੋਸ਼ ਮੁਕਤ ਸਾਬਤ ਕਰ ਲੈਂਦੇ ਹਾਂ।

ਵੈਸੇ ਇਹ ਤਰ੍ਹਾਂ ਦਾ ਅਖੌਤੀ ਕਲਯੁਗ ਨੰਦਸਰ ਵਾਲੇ ਸਰਕਾਰੀ ਮੁਕਬਰ ਨੰਦ ਸਿੰਹੁ ਦੇ ਡੇਰੇ 'ਤੇ ਅਕਸਰ ਹੀ ਆਉਂਦਾ ਹੈ । ਨੰਦ ਸਿੰਹੁ ਤੇ ਈਸਰ ਸਿੰਹੁ ਨਾਲ ਤਾਂ ਕਲਯੁਗ ਦੀ ਪੱਕੀ ਯਾਰੀ ਐ । ਉਹਨਾਂ ਦੇ ਡੇਰੇ 'ਤੇ ਇਹ ਕਲਯੁਗ ਤਾਂ ਪੱਕਾ ਹੀ ਰਹਿੰਦਾ ਹੈ ।

ਸਾਨੂੰ ਇਸ ਤਰ੍ਹਾਂ ਦੀਆਂ ਮਨਘੜਤ ਕਹਾਣੀਆਂ ਨੂੰ ਛੱਡ ਕੇ, ਗੁਰੂ ਗਿਆਨ ਜੋ ਸਾਡੇ ਕੋਲ ਗੁਰੂ ਗਰੰਥ ਸਾਹਿਬ ਦੇ ਰੂਪ ਵਿੱਚ ਮੌਜੂਦ ਹੈ । ਸਾਨੂੰ ਉਸ ਵੱਲ ਧਿਆਨ ਦੇਣ ਦੀ ਲੋੜ ਹੈ, ਨਾ ਤਾਂ ਸਾਡਾ ਇਸ ਤਰ੍ਹਾਂ ਦੀਆਂ ਸਾਖੀਆਂ ਨਾਲ ਸਾਡਾ ਕੁਝ ਨਹੀਂ ਸਵਰਨਾ, ਸਾਡਾ ਜੋ ਕੁਝ ਵੀ ਸੰਵਰਨਾ ਉਹ ਗੁਰੂ ਗਿਆਨ ਨਾਲ ਹੀ ਸੰਵਰਨਾ ਹੈ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top