Share on Facebook

Main News Page

 ਨਰਿੰਦਰ ਮੋਦੀ - ਦੰਗਿਆਂ ਦਾ ਮੋਢੀ
-: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ

ਅੰਮ੍ਰਿਤਸਰ 1 ਅਪ੍ਰੈਲ (ਜਸਬੀਰ ਸਿੰਘ) ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਗੰਭੀਰ ਦੋਸ਼ ਲਾਇਆ ਹੈ ਕਿ ਆਰ ਐਸ ਐਸ ਘੱਟ ਗਿਣਤੀਆਂ ਲਈ ਹੀ ਨਹੀਂ ਸਮੁੱਚੀ ਮਾਨਵਤਾ ਲਈ ਖਤਰਾ ਹੈ ਅਤੇ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਸਿੱਖੀ ਦੀਆਂ ਜੜਾਂ ਵੱਢਣ ਲਈ ਆਰ ਐਸ ਐਸ ਦੇ ਕੁਹਾੜੇ ਦਾ ਦਸਤਾ ਬਣ ਬੈਠਾ ਹੈ।

ਜਥੇਬੰਦੀ ਦੀ ਕੇਂਦਰੀ ਕਮੇਟੀ ਦੀ ਮੀਟਿੰਗ ਤੋਂ ਬਾਦ ਜਾਰੀ ਬਿਆਨ ਵਿੱਚ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਸਪੋਕਸਮੈਨ ਪ੍ਰਧਾਨ ਸਤਵਿੰਦਰ ਸਿੰਘ ਪਲਾਸੌਰ, ਸਰਪ੍ਰਸਤ ਪਰਮਜੀਤ ਕੌਰ ਖਾਲੜਾ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਭਾਈ ਸਤਵੰਤ ਸਿੰਘ ਮਾਣਕ ਨੇ ਕਿਹਾ ਕਿ ਆਰ ਐਸ ਐਸ ਵਿਚਾਰਧਾਰਾ ਨੇ 1947 ਵਿੱਚ ਦੇਸ਼ ਦੀ ਵੰਡ ਕਰਵਾਈ ਅਤੇ ਕਾਂਗਰਸ ਨੇ ਲੰਮਾ ਸਮਾ ਇਸ ਵਿਚਾਰਧਾਰਾ ਤੇ ਪਹਿਰੇਦਾਰੀ ਕੀਤੀ। ਦੇਸ਼ ਦੀ ਵੰਡ ਕਾਰਨ ਦਸ ਲੱਖ ਤੋਂ ਉੱਪਰ ਮਨੁੱਖੀ ਜਾਨਾ ਗਈਆਂ, ਵੱਡੀ ਪੱਧਰ ਤੇ ਮਾਲੀ ਨੁਕਸਾਨ ਹੋਇਆ।

ਉਨਾਂ ਕਿਹਾ ਕਿ ਜੂਨ 1984 ਵਿੱਚ ਸ਼੍ਰੀ ਹਰਿਮੰਦਰ ਸਾਹਿਬ ਤੇ ਫੌਜੀ ਹਮਲਾ, ਨਵੰਬਰ 1984 ਵਿੱਚ ਦਿੱਲੀ ਅਤੇ ਹੋਰਨਾ ਥਾਵਾਂ ਤੇ ਸਿੱਖਾਂ ਦਾ ਕਤਲੇਆਮ, ਪੰਜਾਬ ਅੰਦਰ 25000 ਤੋਂ ਉੱਪਰ ਸਿੱਖ ਨੌਜਵਾਨਾਂ ਦੇ ਝੂਠੇ ਪੁਲੀਸ ਮੁਕਾਬਲੇ ਇਸ ਵਿਚਾਰਧਾਰਾ ਦੀ ਦੇਣ ਹਨ। ਉਹਨਾਂ ਕਿਹਾ ਕਿ ਆਰ.ਐਸ.ਐਸ ਦੀ ਮਨੁੱਖਤਾ ਵਿਰੋਧੀ ਵਿਚਾਰਧਾਰਾ ਤਹਿਤ ਹੀ ਬਾਬਰੀ ਮਸਜਿਦ ਢਾਂਹੀ ਗਈ, ਇਸਾਈਆਂ ਤੇ ਘੱਟ ਗਿਣਤੀਆਂ ਤੇ ਹਮਲੇ ਹੋਏ ਅਤੇ ਇਸੇ ਵਿਚਾਰਧਾਰਾ ਨੇ ਹੀ ਮੁਜੱਫਰਪੁਰ ਵਰਗੇ ਦੰਗੇ ਕਰਵਾਏ। ਉਹਨਾਂ ਕਿਹਾ ਕਿ ਬਾਦਲਕਿਆਂ ਨੂੰ ਆਪਣੇ ਪਰਿਵਾਰਵਾਦੀ ਰਾਜ ਨੂੰ ਪੱਕੇ ਪੈਰੀ ਕਰਨ ਲਈ ਹਰਿਮੰਦਰ ਸਾਹਿਬ ਤੇ ਫੌਜੀ ਹਮਲੇ ਸਮੇਂ ਇੰਦਰਾਕਿਆਂ ਦੇ ਕੁਹਾੜੇ ਦਾ ਦਸਤਾ ਬਣਨਾ ਕਬੂਲ ਕੀਤਾ ਅਤੇ ਹੁਣ ਫਿਰ ਆਪਣੇ ਪਰਿਵਾਰਕ ਹਿੱਤਾਂ ਦੀ ਖਾਤਰ ਮਾਨਵਤਾ ਦੇ ਕਾਤਲ ਤੇ ਗੁਜਰਾਤ ਦੰਗਿਆਂ ਦੇ ਮੁੱਖ ਦੋਸ਼ੀ ਸ਼੍ਰੀ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਤਰਲੋ ਮੱਛੀ ਹੋ ਰਹੇ ਹਨ। ਉਹਨਾ ਕਿਹਾ ਕਿ ਬਾਦਲਕਿਆਂ ਵੱਲੋਂ ਆਪਣੇ ਗੁਨਾਹਾਂ ਉੱਤੇ ਪਰਦਾ ਪਾਉਣ ਲਈ ਮੋਦੀ ਦੀ ਜੈ ਜੈ ਕਾਰ ਕੀਤੀ ਜਾ ਰਹੀ ਹੈ।

ਇਸੇ ਲੜੀ ਵਿੱਚ ਉਹਨਾਂ ਨਾਗਪੁਰੀ ਵਿਚਾਰਧਾਰਾ ਦੇ ਪ੍ਰਚਾਰਕ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਦੀ ਸੀਟ ਤੋਂ ਲੋਕ ਸਭਾ ਲਈ ਖੜਾ ਕਰ ਕੇ ਸਿੱਖ ਪੰਥ ਨੂੰ ਇੱਕ ਵਾਰ ਫਿਰ ਵੰਗਾਰਿਆ ਹੈ। ਉਹਨਾਂ ਕਿਹਾ ਕਿ ਬਾਦਲਕਿਆਂ ਨੂੰ ਸਿੱਖ ਪੰਥ ਨਾਲ ਅਤੇ ਪੰਜਾਬ ਨਾਲ ਸਬੰਧਤ ਮੁੱਦਿਆ ਬਾਰੇ ਆਪਣਾ ਪੱਖ ਪੰਥ ਦੀ ਕਚਿਹਰੀ ਵਿੱਚ ਰੱਖਣ ਲਈ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਗੋ ਦੱਸਣਾ ਚਾਹੀਦਾ ਹੈ ਕਿ ਪੰਜਾਬ ਦੀ ਰਾਜਨੀਤਿਕ, ਆਰਥਿਕ ਅਤੇ ਸੱਭਿਆਂਚਾਰਕ ਬਰਬਾਦੀ ਕਿਵੇਂ ਹੋਈ ।

ਉਹਨਾਂ ਨੇ ਸਵਾਲਾਂ ਦੀ ਝੜੀ ਲਾਉਂਦਿਆਂ ਕਿਹਾ ਕਿ ਹਾਲਾਤ ਇਹ ਹਨ ਕਿ ਜਦੋਂ, ਪੰਥ ਪੁਛਦਾ ਹੈ ਕਿ ਹਰਿਮੰਦਰ ਸਾਹਿਬ ਤੇ ਫੌਜੀ ਹਮਲੇ ਦੀ ਇੰਦਰਾਕਿਆਂ, ਬਾਦਲਕਿਆਂ, ਭਾਜਪਾਈਆਂ ਨੇ ਸਾਂਝੀ ਯੋਜਨਾਬੰਦੀ ਕਿਵੇਂ ਕੀਤੀ? ਅੱਜ ਤੱਕ ਇਸ ਹਮਲੇ ਦੇ ਦੋਸ਼ੀਆਂ ਖਿਲਾਫ ਐਫ ਆਈ ਆਰ ਦਰਜ ਕਿਉਂ ਨਹੀਂ ਹੋਈ? ਬਾਦਲਕਿਆਂ ਦਾ ਜਵਾਬ ਹੈ, ਠਅਜਿਹੀਆਂ ਗੱਲਾਂ ਨਾ ਕਰੋ, ਮਾਹੌਲ ਖਰਾਬ ਹੁੰਦਾ ਹੈ’’, ਕੀ ਜੱਲਿਆਂਵਾਲੇ ਬਾਗ ਗੋਲੀਕਾਂਡ ਦੀ ਪੜਤਾਲ ਜਦੋ ਅੰਗਰੇਜਾਂ ਨੇ ਕਰਵਾਈ ਸੀ ਤਾਂ ਉਦੋਂ ਮਾਹੌਲ ਖਰਾਬ ਨਹੀਂ ਹੋਇਆ?

ਪੰਥ 25000 ਤੋਂ ਉੱਪਰ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਦੇ ਨਾਮ ਪੁੱਛਦਾ ਹੈ, ਪਰ ਬਾਦਲਕੇ ਕਹਿੰਦੇ ਹਨ ਕਿ ਸਾਡੀ ਯਾਰੀ ਤਾਂ ਹੈ ਹੀ ਝੂਠੇ ਮੁਕਾਬਲੇ ਬਣਾਉਣ ਵਾਲੇ ਦੋਸ਼ੀਆਂ, ਸੈਣੀਆਂ ਤੇ ਆਲਮਾਂ ਨਾਲ ਹੈ, ਤੁਸੀਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਕਰੋ। ਸਿੱਖ ਪੰਥ ਪੁੱਛਦਾ ਹੈ ਬਾਦਲ ਜੀ ਮੋਦੀ ਵੱਲੋਂ ਗੁਜਰਾਤ ਅੰਦਰ ਉਜਾੜੇ ਜਾ ਰਹੇ ਸਿੱਖ ਕਿਸਾਨਾਂ ਦਾ ਬਚਾਅ ਕਰਾਉ ਤਾਂ ਅੱਗੋਂ ਫਰਮਾਉਂਦੇ ਹਨ ਕਿ ਉਜਾੜੇ ਦੀ ਗੱਲ ਛੱਡੋ ਗੁਜਰਾਤ ਅੰਦਰ ਕਿਸਾਨ ਤਾਂ ਮੋਦੀ ਤੋਂ ਹੱਦੋਂ ਵੱਧ ਖੁਸ਼ ਹਨ ਤੁਸੀ ਬੱਸ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉ। ਖਾਲਸਾ ਪੰਥ ਲੰਮੇ ਸਮੇਂ ਤੋਂ ਜੇਲਾਂ ਵਿੱਚ ਰੁਲ ਰਹੇ ਨੌਜਵਾਨਾਂ ਦੀ ਰਿਹਾਈ ਬਾਰੇ ਪੁੱਛਦਾ ਹੈ ਤਾਂ ਜਵਾਬ ਮਿਲਦਾ ਹੈ ਕਿ ਇਹ ਅੱਤਵਾਦੀ ਹਨ ਅਤੇ ਇਹਨਾਂ ਤੋ ਉਹਨਾਂ ਨੂੰ ਤੇ ਸੂਬੇ ਨੂੰ ਖਤਰਾ ਹੈ। ਅਸੀਂ ਤਾਂ ਨੌਜਵਾਨਾਂ ਨੂੰ ਜੇਲਾਂ ਅੰਦਰ ਡੱਕਣਾ ਜਾਣਦੇ ਹਾਂ, ਰਿਹਾਈ ਤਾਂ ਸਾਡੇ ਵੱਸ ਤੋਂ ਬਾਹਰ ਦੀ ਗੱਲ ਹੈ। ਏਨਾਂ ਹੀ ਨਹੀਂ ਪੇਰੋਲ ਤੇ ਰਿਹਾਈ ਲਈ ਵੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਦੀ ਮੋਹਰ ਲਵਾਈ ਜਾਂਦੀ ਹੈ।

ਪੰਜਾਬ ਦੇ ਲੋਕ ਕਿਸਾਨਾਂ ਵੱਲੋਂ ਹਜਾਰਾ ਦੀ ਗਿਣਤੀ ਵਿੱਚ ਕੀਤੀਆਂ ਖੁਦਕੁਸ਼ੀਆਂ ਬਾਰੇ ਜਾਣਨਾ ਚਾਹੁੰਦੇ ਹਨ ਅਤੇ ਬਾਦਲਕਿਆਂ, ਭਾਜਪਾ ਅਤੇ ਕਾਂਗਰਸੀਆਂ ਵੱਲੋ ਕੀਤੀ ਲੁੱਟ ਬਾਰੇ ਗਿਆਨ ਹਾਸਲ ਕਰਨਾ ਚਾਹੁੰਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਵਿਕਾਸ ਦੀਆਂ ਗੱਲਾਂ ਕਰੋ ਅਤੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉ।ਲੋਕ ਜਵਾਬ ਮੰਗਦੇ ਹਨ ਕਿ ਸੂਬੇ ਦਾ ਮੁਖ ਮੰਤਰੀ ਸ਼ਰਾਬ ਵੇਚ ਕੇ ਸੂਬੇ ਦਾ ਗੁਜਾਰਾ ਕਿਉਂ ਚਲਾ ਰਿਹਾ ਹੈ ਤਾਂ ਜਵਾਬ ਮਿਲਦਾ ਹੈ ਕਿ ਅਸੀਂ ਤਾਂ ਰਾਜ ਨਹੀਂ ਸੇਵਾ ਕਰ ਰਹੇ ਹਾਂ। ਪੰਜਾਬ ਦੇ ਲੋਕ ਪੁੱਛਦੇ ਹਨ ਕਿ ਬਾਦਲ ਜੀ , ਮੋਦੀ, ਜੇਤਲੀ ਵੱਲੋਂ ਪਾਕਿਸਤਾਨ ਵਰਗੇ ਮੁਲਕ ਦੇ ਖਿਲਾਫ ਬਿਆਨ ਬਾਜੀ ਜੰਗ ਲਾ ਸਕਦੀ ਹੈ ਜਿਸ ਕਾਰਨ ਪੰਜਾਬ ਤੇ ਦੇਸ਼ ਦੀ ਬਰਬਾਦੀ ਹੋ ਸਕਦੀ ਹੈ ਤਾਂ ਜਵਾਬ ਮਿਲਦਾ ਹੈ ਨਹੀਂ ਤੁਸੀਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉ, ਪੰਜਾਬ ਤੇ ਦੇਸ਼ ਦੀ ਬਰਬਾਦੀ ਕੋਈ ਵੱਡਾ ਮਸਲਾ ਨਹੀਂ ਹੈ।

ਸਵਾਲ ਪੁੱਛਿਆ ਜਾਂਦਾ ਹੈ ਕਿ ਪੰਜਾਬ ਦੇ ਰਾਜਨੀਤਿਕ ਲੋਕਾਂ ਅਤੇ ਅਫਸਰ ਸ਼ਾਹੀ ਵੱਲੋਂ ਚੰਡੀਗੜ ਦੇ ਨੇੜੇ ਪਿੰਡਾਂ ਦੀਆਂ ਜਮੀਨਾਂ ਤੇ 25000 ਏਕੜ ਤੋਂ ਉੱਪਰ ਨਜਾਇਜ ਕਬਜੇ ਬਾਰੇ, ਤਾਂ ਜਵਾਬ ਮਿਲਦਾ ਹੈ ਕਿ ਇਹ ਸਵਾਲ ਵਿਕਾਸ ਵਿਰੋਧੀ ਹਨ ਕਿਉਕਿ ਇਹ ਜ਼ਮੀਨ ਅੱਜ ਕਲ• ਬਾਦਲਕਿਆ ਦੀ ਹੋ ਗਈ ਹੈ।ਪੁੱਛਿਆ ਜਾਂਦਾ ਹੈ ਕਿ ਬਾਦਲ ਸਰਕਾਰ ਨੇ ਪਾਣੀਆਂ ਦੀ ਧਾਰਾ (5) ਰੱਦ ਕਿਉਂ ਨਹੀਂ ਕੀਤੀ ਤਾਂ ਜਵਾਬ ਮਿਲਦਾ ਹੈ ਕਿ ਅਜਿਹੀਆਂ ਗੱਲਾਂ ਸੂਬੇ ਦੇ ਭਲੇ ਵਿੱਚ ਨਹੀਂ ਹਨ। ਤੁਸੀਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉ। ਸੂਬੇ ਵਿੱਚ ਲੱਖਾਂ ਬੇਰੋਜਗਾਰਾਂ ਬਾਰੇ ਕਹਿ ਦਿਤਾ ਜਾਂਦਾ ਹੈ ਕਿ ਅਸੀਂ ਰੁਜਗਾਰ ਦੇਣ ਲਈ ਵੱਖਰਾ ਮੰਤਰਾਲਾ ਖੋਲ ਦਿੱਤਾ ਹੈ ਅਤੇ ਨਵਾਂ ਨਾਅਰਾ ਦਿੱਤਾ ਜਾਂਦਾ ਹੈ ਕਿ, ਮੋਦੀ ਨੂੰ ਵੋਟ ਪਾਉ, ਬੇਰੋਜਗਾਰੀ ਹਟਾਉ।

ਆਖਰ ਵਿੱਚ ਉਹਨਾਂ ਕਿਹਾ ਕਿ ਮਨੁੱਖਤਾ ਦਾ ਕਾਤਲ ਨਰਿੰਦਰ ਮੋਦੀ ਤਖਤ ਦੇ ਲਾਇਕ ਨਹੀਂ, ਸਗੋਂ ਉਸਨੂੰ ਤਖਤਾ ਚਾਹੀਦਾ ਸੀ। ਉਹਨਾਂ ਇਹ ਵੀ ਕਿਹਾ ਕਿ ਜੇਤਲੀ ਅਤੇ ਹਰਸਿਮਰਤ ਕੌਰ ਬਾਦਲ ਦੀ ਹਾਰ ਪੰਥ ਦੀ ਜਿੱਤ ਦਾ ਮੁੱਢ ਬੰਨ ਸਕਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top