ਸਮੁੱਚਾ
ਸੰਸਾਰ ਜਾਣਦਾ ਹੈ ਕਿ 4 ਜੁਲਾਈ 2010
ਨੂੰ ਸ਼੍ਰੋਮਣੀ ਕਮੇਟੀ ਨੇ ਦਰਸ਼ਨੀ ਡਿਉੜ੍ਹੀ ਦੇ ਦਰਵਾਜ਼ੇ ਭੂਰੀ ਵਾਲੇ ਸਾਧ ਕਸ਼ਮੀਰ ਸਿੰਘ
ਨੂੰ ਮੁਰੰਮਤ ਲਈ ਦਿੱਤੇ ਸਨ। ਅਖ਼ਬਾਰਾਂ ‘ਚ ਖ਼ਬਰਾਂ ਆਉਂਦੀਆਂ ਸਨ ਕਿ ਜਦੋਂ ਵੀ ਉਸ ਨੂੰ
ਪੁੱਛਿਆ ਜਾਂਦਾ ਹੈ ਤਾਂ ਉਹ ਕਹਿ ਦਿੰਦਾ ਹੈ ਕਿ ਲੋੜੀਂਦਾ ਸਾਮਾਨ ਨਹੀਂ ਮਿਲ ਰਿਹਾ,
ਵਿਸ਼ੇਸ਼ ਕਰ ਕੇ ਹਾਥੀ ਦੰਦ। ਇਹ ਨਹੀਂ ਪਤਾ ਕਿ ਉਸ ਨਾਲ਼ ਸੰਪਰਕ ਕੌਣ ਰੱਖ ਰਿਹਾ
ਹੈ।
ਕੁਝ ਦਿਨ ਹੋਏ ਦਾਸ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਸੰਬੰਧੀ ਫੂਨ ਕੀਤਾ
ਸੀ। ਜੂਨੀਅਰ ਸਟਾਫ਼ ਤਾਂ ਇਸ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀ। ਮੈਨੇਜਰ ਸਾਹਿਬ
ਨੇ ਵੀ ਉਹੋ ਹੀ ਜਵਾਬ ਦਿੱਤਾ ਕਿ ਹਾਥੀ ਦੰਦ ਨਹੀਂ ਮਿਲ ਰਿਹਾ। ਮੈਨੇਜਰ ਸਾਹਿਬ ਇਸ ਤੋਂ
ਵਧੇਰੇ ਗੱਲ ਕਰਨ ਲਈ ਤਿਆਰ ਨਹੀਂ ਸਨ।
ਇਹ ਠੀਕ ਹੈ ਕਿ ਬਹੁਤ ਸਾਰੇ ਦੇਸ਼ਾਂ ਨੇ, ਸਮੇਤ ਭਾਰਤ ਦੇ, ਹਾਥੀ
ਦੰਦ ਉੱਪਰ ਪਾਬੰਦੀ ਲਗਾਈ ਹੋਈ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਹਾਥੀਆਂ ਨੂੰ ਬਚਾਉਣ
ਵਾਸਤੇ ਇਹ ਕਦਮ ਚੁੱਕਿਆ ਗਿਆ ਹੈ। ਪਰ ਜਿਹੜੇ ਹਾਥੀ ਕੁਦਰਤੀ ਮੌਤ ਮਰਦੇ ਹਨ, ਉਨ੍ਹਾਂ ਦੇ
ਹਾਥੀ ਦੰਦ ‘ਤੇ ਤਾਂ ਕੋਈ ਪਾਬੰਦੀ ਨਹੀਂ ਹੋਵੇਗੀ। ਜ਼ਰੂਰ ਕੋਈ ਨਾ ਕੋਈ ਰਾਹ ਤਾਂ ਹੋਵੇਗਾ
ਜਿਸ ਨਾਲ ਕਾਨੂੰਨੀ ਤੌਰ ‘ਤੇ ਹਾਥੀ ਦੰਦ ਮਿਲ ਸਕਦਾ ਹੋਵੇ। ਸਿਰਫ਼ ਇਹ ਸਾਬਤ ਕਰਨ ਦੀ ਲੋੜ
ਹੋਵੇਗੀ ਕਿ ਇਸ ਹਾਥੀ ਦੰਦ ਵਾਸਤੇ ਕਿਸੇ ਹਾਥੀ ਦਾ ਸ਼ਿਕਾਰ ਨਹੀਂ ਕੀਤਾ ਗਿਆ। ਜੇ ਨਹੀਂ
ਤਾਂ ਅੱਜ ਕਲ ਪਲਾਸਟਿਕ ਵੀ ਬਹੁਤ ਵਧੀਆ ਕੁਆਲਿਟੀ ਦਾ ਉਪਲਬਧ ਹੈ। ਦਾਸ ਨੇ ਇਹ ਸੁਝਾਅ
ਦਿੱਤਾ ਸੀ, ਪਰ ਮੈਨੇਜਰ ਸਾਹਿਬ ਕਹਿ ਰਹੇ ਸਨ ਕਿ ਪੁਰਾਤਨ ਦਿੱਖ ਰੱਖਣ ਲਈ ਹਾਥੀ ਦੰਦ
ਜ਼ਰੂਰੀ ਹੈ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਦੇਸਾਈ
ਸਾਹਿਬ ਸ੍ਰੀ ਦਰਬਾਰ ਸਾਹਿਬ ਆਏ ਸਨ ਤੇ ਉਹ ਡਿਉੜ੍ਹੀ ਦੇ ਦਰਵਾਜ਼ਿਆਂ ਦਾ ਜ਼ਿਕਰ ਕਰ ਕੇ ਗਏ
ਸਨ ਕਿ ਇਹ ਦਰਵਾਜ਼ੇ ਸੋਮਨਾਥ ਮੰਦਰ ਦੇ ਹਨ। ਜਿਸ ਤਰ੍ਹਾਂ ਕਿ
ਅੱਜ ਕਲ ਅਕਾਲੀ ਭਾਜਪਾ ਘਿਉ-ਖਿਚੜੀ ਹਨ ਖ਼ਤਰਾ ਹੈ, ਕਿ ਕਿਤੇ ਅੰਦਰੋਂ ਅੰਦਰੀਂ ਦਰਵਾਜ਼ੇ
ਖੁਰਦ ਬੁਰਦ ਤਾਂ ਨਹੀਂ ਕਰ ਦਿੱਤੇ ਗਏ, ਕਿਉਂਕਿ ਇਸ ਵੇਲੇ ਪੰਜਾਬ ਵਿਚ ਆਰ.ਐਸ.ਐਸ. ਅਤੇ
ਭਾਜਪਾ ਦਾ ਏਜੰਡਾ ਲਾਗੂ ਹੋ ਰਿਹਾ ਹੈ।
ਜੇ ਕਿਸੇ ਪਾਠਕ ਨੂੰ ਇਸ ਬਾਰੇ ਵਧੇਰੇ
ਪਤਾ ਹੋਵੇ ਤਾਂ ਇਹ ਜਾਣਕਾਰੀ ਸਿੱਖ ਸੰਗਤਾਂ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਜੀ।