Share on Facebook

Main News Page

ਵੈਸਾਖੀ 'ਤੇ ਵਿਸ਼ੇਸ਼
-:
ਮੁਹਿੰਦਰ ਸਿੰਘ ਘੱਗ

ਭਾਰਤ ਦੇ ਬਹੁਤ ਸਾਰੇ ਮੇਲਿਆਂ ਵਾਂਗ ਵੈਸਾਖੀ ਵੀ ਇਕ ਮੌਸਮੀ ਮੇਲਾ ਹੈ। ਕਣਕ ਦੀ ਫਸਲ ਨਾਲ ਇਸ ਦਾ ਸਬੰਧ ਹੋਣ ਕਾਰਨ, ਜ਼ਿਮੀਂਦਾਰ ਆੜਤੀਆ, ਲਾਗੀ ਚੋਗੀ ਸੇਪੀ ਵਾਲੇ ਸਭ ਇਸ ਦੀ ਤੀਬਰਤਾ ਨਾਲ ਉਡੀਕ ਕਰਦੇ ਹਨ।

ਕੋਈ ਦਸ ਹਜ਼ਾਰ ਸਾਲ ਹੋਏ ਮਿਸਰ ਵਾਲਿਆਂ ਨੇ ਕਣਕ ਦੀ ਫਸਲ ਦੀ ਕਾਸਤਕਾਰੀ ਦੀ ਸਫਲਤਾ ਹੋਣ 'ਤੇ ਮਿਨ ਦੇਵਤੇ ਦੀ ਪੂਜਾ ਕੀਤੀ, ਜਿਸ ਦਾ ਜ਼ਿਕਰ ਬਾਈਬਲ ‘ਓਲਡ ਟੈਸਟੇਮੈਂਟ’ ਵਿਚ ਹਜ਼ਰਤ ਮੂਸਾ ਆਪਣੇ ਪੈਰੋਕਾਰਾਂ ਨੂੰ 19 ਮਾਰਚ ਤੋਂ ਲੈ ਕੇ 30 ਮਾਰਚ ਤਕ ਖੁਸ਼ੀਆਂ ਮਨਾਉਣ ਲਈ ਆਖਦਾ ਹੋਇਆ, ਇਹ ਵੀ ਦਸ ਦਿੰਦਾ ਹੈ ਕਿ ਇਹ ਤੁਹਾਡਾ ਧਾਰਮਕ ਮੇਲਾ ਨਹੀਂ, ਪਰ ਤੁਸੀਂ ਵੀ ਇਸ ਵਕਤ ਬਾਕੀ ਲੋਕਾਂ ਨਾਲ ਰਲ ਕੇ ਖੁਸ਼ੀਆਂ ਮਨਾਓ। ਅਤੇ ਨਾਲ ਹੀ ਕਣਕ ਦੀ ਫਸਲ ਦੀ ਵਾੱਢੀ ਬਾਰੇ ਕੁਝ ਹਦਾਇਤਾਂ ਹਨ। ਫਸਲ ਵੱਢਣ ਸਮੇਂ ਫਸਲ ਐਨ ਬਨੀ ਤਕ ਨਾਂ ਵੱਢੋ, ਕੁਝ ਹਿਸਾ ਗਰੀਬ ਗੁਰਬੇ ਲਈ ਛਡੱਣਾ ਚਾਹੀਦਾ ਹੈ। ਪੰਜਾਬ ਵਿਚ ਵੀ ਵਾੱਢੀ ਸਮੇਂ ਮੁਰੀਂਡਾ ਛਡਿੱਆ ਜਾਂਦਾ ਸੀ। ਅਤੇ ਦੂਸਰੀ ਹਦਾਇਤ ਹੈ ਕਿ ਵਾੱਢੀ ਸਮੇਂ ਹਥੋਂ ਡਿਗਿਆ ਹੋਇਆ ਸਿੱਟਾ (ਕਣਕ ਦੀ ਬਾਲੀ) ਗਰੀਬ ਗੁਰਬੇ ਦੇ ਚੁੱਗਣ ਲਈ ਛੱਡ ਦਿਉ।

ਪੰਜਾਬ ਵਿਚ ਵੈਸਾਖੀ ਦੀ ਸ਼ੁਰੂਆਤ

ਪੰਜਾਬ ਵਿੱਚ ਕਣਕ ਦੀ ਕਾਸ਼ਤ ਆਰੀਆਂ ਨਾਲ ਸ਼ੁਰੂ ਹੁੰਦੀ ਹੈ। ਆਰੀਆਂ ਦੇ ਨਾਲ ਹੀ ਕੁਝ ਮਿਸਰ ਦੇ ਪੁਜਾਰੀ ਵੀ ਆਏ ਜਿਹਨਾਂ ਨੂੰ ਮਿਸਰ ਕਰਕੇ ਜਾਣਿਆਂ ਜਾਂਦਾ ਸੀ। ਤਕਰੀਬਨ ਹਰ ਪਿੰਡ ਵਿਚ ਇਕ ਮਿਸਰ ਪਰਵਾਰ ਹੁੰਦਾ ਸੀ। ਮਿਸਰ ਪਰਿਵਾਰ ਨੂੰ ਹੀ ਬ੍ਰਾਹਮਣ ਕਹਿਣ ਲਗ ਪਏ। ਥਿਤ ਵਾਰਾਂ ਦਾ ਹਿਸਾਬ ਕਿਤਾਬ ਰਖਣਾ ਗਮੀ ਖੁਸ਼ੀ ਦੀਆਂ ਰਸਮਾਂ ਨਿਭਾਉਣੀਆਂ ਉਸੇ ਦੀ ਜ਼ਿੰਮੇਵਾਰੀ ਸੀ। ਪੰਜਾਬ ਵਿਚ ਵੈਸਾਖੀ ਦੀ ਸ਼ੁਰੂਆਤ ਵੀ ਮਿਸਰ ( ਬ੍ਰਾਹਮਣ) ਵਲੋਂ ਹੀ ਕੀਤੀ ਗਈ ਹੈ। ਇਸੇ ਲਈ ਮੇਲਿਆਂ ਤਿਉਹਾਰਾਂ ਦੀ ਵੰਡ ਸਮੇਂ ਉਸ ਨੇ ਵੈਸਾਖੀ ਤੇ ਆਪਣਾ ਹਕ ਜਤਾਇਆ, ਦੁਸੈਹਰਾ ਰਾਮਚੰਦਰ ਜੀ ਨਾਲ ਸਬੰਧਤ ਹੈ (ਰਾਮਚੰਦਰ ਖਤਰੀ ਸੀ) ਇਸ ਲਈ ਦੁਸੈਹਰਾ ਖਤਰੀਆਂ ਦੇ ਹਿਸੇ ਆਇਆ, ਦੀਵਾਲੀ ਵੈਸ਼ ਦੇ ਹਿੱਸੇ ਆਈ ( ਵੈਸ਼ ਹੀ ਖਾਣ ਪੀਣ ਦੇ ਸਮਾਨ ਦੀ ਉਪਜ ਕਰਦਾ ਹੇ ) ਅਤੇ ਹੋਲੀ ਨੂੰ ਸ਼ੂਦਰਾਂ (ਕ੍ਰਿਸ਼ਨ ਜੀ ਜਾਦਵ ਸਨ, ਹੋਲੀ ਕ੍ਰਿਸ਼ਨ ਜੀ ਨਾਲ ਜੁੜੀ ਹੋਈ ਹੈ ) ਦਾ ਤਿਉਹਾਰ ਆਖਿਆ।

ਪੰਜਾਬ ਤੋਂ ਸ਼ੁਰੂ ਹੋਇਆ ਵੈਸਾਖੀ ਮੇਲਾ ਹੌਲੀ ਹੌਲੀ ਕਣਕ ਦੀ ਫਸਲ ਅਤੇ ਪੰਜਾਬੀਆਂ ਦਾ ਦੂਸਰੇ ਸੂਬਿਆਂ ਅਤੇ ਦੇਸ਼ਾ ਵਿਚ ਵਸਣ ਨਾਲ ਪੰਜਾਬ ਤੋਂ ਬਾਹਰ ਭਾਰਤ ਅਤੇ ਸ਼ੰਸਾਰ ਭਰ ਵਿਚ ਮਨਾਇਆ ਜਾਣ ਲਗਾ । ਸ਼ੁਰੂ ਸ਼ੁਰੂ ਵਿਚ ਇਹ ਮੇਲਾ ਦਰਿਆਵਾਂ ਤੇ ਇਸ਼ਨਾਨ ਕਰਨ ਤਕ ਹੀ ਸੀਮਤ ਸੀ। ਜਿਊਂ ਜਿਊਂ ਖੁਸ਼ਹਾਲੀ ਆਈ ਮੇਲੇ ਦਾ ਤੌਰ ਤਰੀਕਾ ਵੀ ਬਦਲਿਆ। ਗਭਰੂਆਂ ਵਲੋਂ ਭੰਗੜਾ ਅਤੇ ਮੁਟਿਆਰਾਂ ਵਲੋਂ ਗਿੱਧਾ ਵੀ ਵੈਸਾਖੀ ਦੀਆਂ ਖੁਸ਼ੀਆਂ ਦਾ ਹਿਸਾ ਬਣ ਗਿਆ। ਪੰਜਾਬੀ ਗਭਰੂਆਂ ਦੇ ਖੁਲੇ ਜੁਸੇ ਦੱਗ ਦੱਗ ਕਰਦੇ ਚੇਹਰੇ ਹਥ ਸਮਾਂ ਵਾਲੀ ਡਾਂਗ ਜਾਂ ਖੂੰਡਾ ਧਰਤੀ ਹੂੰਝਦੇ ਚਾਦਰੇ ਸਰਦੇ ਪੁਜਦਿਆਂ ਦੇ ਗਲੀਂ ਕੈਂਠੇ ਮੇਲੇ ਵਿਚ ਟੋਲੀਆਂ ਬਣਾ ਕੇ ਮਸਤ ਹਾਥੀਆਂ ਵਾਂਗ ਝੂਮਦੇ ਫਿਰਨਾ ਮੇਲੇ ਦੇ ਛਿੜਨ ਵੇਲੇ ਤਕ ਪਕੌੜਿਆਂ ਦੇ ਨਾਲ ਤਿਪ ਤਿਪ ਅੰਦਰ ਜਾਣ ਨਾਲ ਚੋਬਰਾਂ ਦੀਆਂ ਅਖਾਂ ਵਿਚ ਲਾਲੀ ਦੇ ਡੋਰੇ, ਮੱਘੇ ਅਤੇ ਬੁਲਬੁਲੀਆਂ ਦੇ ਰੂਪ ਵਿਚ ਅੰਗੜਾਈਆਂ ਲੈਂਦੀ ਜਵਾਨੀ ਬਸ ਕਿਸੇ ਪਾਸਿਓਂ ਇਕ ਖੰਘੂਰਾ ਹੀ ਖੂੰਡੇ ਖੜਕਣ ਦੀ ਕਿਰਿਆ ਅਰੰਭ ਦਿੰਦਾ।

ਇਕ ਪਾਸੇ ਇਹ ਆਪਮੁਹਾਰੀ ਤਾਕਤ ਦੀ ਪ੍ਰਦਰਸ਼ਨੀ ਦੂਜੇ ਪਾਸੇ ਸਾਧਾਂ ਦੇ ਭੇਸ ਵਿਚ ਠਗਾਂ ਦੇ ਟੋਲੇ। ਬ੍ਰਾਹਮਣ ਬਰਾਦਰੀ ਦਾ ਵਰਣ ਵੰਡ ਤੇ ਜ਼ੋਰ । ਭੋਲੇ ਭਾਲੇ ਲੋਕ ਭਰਮਾਂ, ਵੈਹਮਾਂ, ਟੂਣਿਆਂ, ਤਵੀਤਾਂ ਦੇ ਚਕ੍ਰ ਵਿਚ ਗ੍ਰਸੇ ਹੋਏ ਠਗੇ ਜਾ ਰਹੇ ਸਨ। ਦੈਵੀ ਪੁਰਸਾਂ ਦਾ ਕੰਮ ਹੁੰਦਾ ਹੈ ਕਿ ਲੋਕਾਈ ਨੂੰ ਗਿਆਨਵਾਨ ਕਰਨਾ, ਇਜਾਈਂ ਜਾਂਦੀ ਤਾਕਤ ਨੂੰ ਸੇਧ ਦੇ ਕੇ ਉਸਾਰੂ ਕੰਮਾ ਵਲ ਲਾਉਣਾ। ਇਸੇ ਕੰਮ ਲਈ ਬਾਬੇ ਨਾਨਕ ਜੀ ਨੇ ਹਰਿਦਵਾਰ ਦੀ ਵੈਸਾਖੀ ਤੇ ਜੁੜੇ ਇਕੱਠ ਨਾਲ ਸੰਵਾਦ ਰਚਾਉਣ ਲਈ ਬੜੇ ਹੀ ਨਵੇਕਲੇ ਢੰਗ ਨਾਲ ਲੋਕਾਈ ਤੋਂ ਉਲਟ ਲਹਿੰਦੇ ਪਾਸੇ ਨੂੰ ਪਾਣੀ ਦੇ ਕੇ ਫੋਕਟ ਕਰਮਾਂ ਬਾਰੇ ਲੋਕਾਈ ਨੂੰ ਸਮਝਾਇਆ। ਹਰਿਦਵਾਰ ਦੀ ਵੈਸਾਖੀ ਤੇ ਹੀ ਗੁਰੂ ਬਾਬੇ ਨੇ ਵਿਦਵਾਨ ਪੰਡਤਾਂ ਨਾਲ ਵੀ ਗੋਸ਼ਟੀਆਂ ਕੀਤੀਆਂ। ਮੇਹਰਬਾਨ ਜੀ ਨੇ ਸਾਖੀ ਵਿਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਜੀ ਨੇ ‘ਸਚੁ ਸੰਜਮੁ ਕਰਣੀ ਕਾਰਾਂ, ਨਾਵਣ ਨਾਉ ਜਪਾਇਆ ਤਾਂ ਯਾਤਰੂਆਂ ਨੇ ਜਨੇਊ ਲਾਹਿ ਕੇ ਗੰਗਾ ਬੀਚ ਡਾਰੇ। ਉਨ੍ਹਾਂ ਦੀ ਚੰਮ ਦ੍ਰਿਸ਼ਟੀ ਦੂਰ ਹੋਈ। ਬਾਬੇ ਦੀ ਰਹਿਮਤ ਨਾਲ ਦਿਬ ਦ੍ਰਿਸ਼ਟੀ ਮਿਲੀ । ਜੀਵਨ ਤਤ ਦੱਸਦਟ ਕਿਹਾ’

ਗੁਰਦੁਆਰਿਆਂ ਵਿਚ ਵੈਸਾਖੀ

ਇਸ ਤੋਂ ਅਗੇ ਗੁਰੂ ਅਮਰਦਾਸ ਜੀ ਦੇ ਸਮੇਂ ਗੁਰੂ ਜੀ ਦੇ ਸੇਵਕ ਭਾਈ ਪਾਰੋ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਕਿ ਸਾਰੇ ਤੀਰਥ ਦੇਵ ਲੋਕ ਵਿਚ ਹਨ (ਕੁਰੂ ਕੁਸ਼ੇਤਰ ਤੋਂ ਅਗੇ ਦੇਵ ਲੋਕ ਗਿਣਿਆਂ ਜਾਂਦਾ ਸੀ ਅਤੇ ਪੰਜਾਬ ਨੂੰ ਮਦ੍ ਲੋਕ ਕਹਿੰਦੇ ਸਨ) ਮਦ੍ ਲੋਕ ਵਿਚ ਵੀ ਕਿਸੇ ਤੀਰਥ ਦੀ ਅਸਥਾਪਨਾ ਕੀਤੀ ਜਾਵੇ, ਤਾਂ 1558 ਈਸਵੀ ਨੂੰ ਗੋਇਂਦਵਾਲ ਵਿਚ ਬਣ ਰਹੀ ਬੌਲੀ ਦਾ ਉਦਘਾਟਨ ਵੈਸਾਖੀ ਵਾਲੇ ਦਿਨ ਕੀਤਾ ਗਿਆ। ਭਾਈ ਪਾਰੋ ਦੀ ਬੇਨਤੀ ਨੂੰ ਪਰਵਾਨ ਕਰਦਿਆਂ ਗੁਰੂ ਜੀ ਨੇ ਵੈਸਾਖੀ ਦਾ ਪੁਰਬ ਬਾਉਲੀ ਤੇ ਸਫੇਦ ਝੰਡਾ ਲਾ ਕੇ ਮਨਾਇਆ। ਨਾਨਕ ਨਾਮ ਲੇਵਾ ਦੀ ਇਕ ਵੱਖਰੀ ਪਛਾਣ ਬਣਨੀ ਸ਼ੁਰੂ ਹੋ ਗਈ , ਗੁਰੂ ਜੀ ਦੀ ਸਿੱਖੀ ਸੇਵਕੀ ਲਈ ਵੈਸਾਖੀ ਹੁਣ ਮੇਲੇ ਤੋਂ ਪੁਰਬ ਬਣ ਗਿਆ।

1634 ਈਸਵੀ ਦੀ ਵੈਸਾਖੀ ਗੁਰੂ ਹਰਗੋਬਿੰਦ ਜੀ ਨੇ ਕਰਤਾਰ ਪੁਰ ਵਿਚ ਬੜੀ ਧੂਮਧਾਮ ਨਾਲ ਮਨਾਈ ਦੂਰ ਦੁਰਾਡੇ ਤੋਂ ਗੂਰੂ ਦੀ ਸਿੱਖੀ ਸੇਵਕੀ ਪ੍ਰਵਾਰਾਂ ਸਮੇਤ ਇਕਤ੍ਰ ਹੋਈ । ਸੇਵਾ ਅਤੇ ਸਿਮਰਨ ਦਾ ਪ੍ਰਵਾਹ ਚਲਦਾ ਰਿਹਾ। ਇਸੇ ਤਰਾਂ ਗੁਰੂ ਹਰਿਰਾਏ ਜੀ ਦੇ ਸਮੇਂ ਵੀ ਵੈਸਾਖੀ ਬੜੀ ਧੂਮ ਧਾਮ ਨਾਲ ਮਨਾਈ ਗਈ। ਵਡੇ ਵਡੇ ਇਕੱਠ ਜੁੜੇ ਦੂਰ ਦੂਰ ਤਕ ਸਿੱਖੀ ਦਾ ਪਰਚਾਰ ਹੋਇਆ। ਬਰਾਬਰਤਾ ਦੇ ਅਧਾਰ ਤੇ ਨਿਰਵੈਰ ਅਤੇ ਨਿਰਭੌ ਸਮਾਜ ਦੀ ਉਸਾਰੀ ਸ਼ੁਰੂ ਹੋ ਗਈ।

ਖਾਲਸੇ ਦੀ ਸਿਰਜਨਾ

30 ਮਾਰਚ 1699 ਵਾਲੀ ਵੈਸਾਖੀ ਨੇ ਤਾਂ ਦੁਨੀਆਂ ਦੇ ਇਤਹਾਸ ਵਿਚ ਇਕ ਨਵੇਕਲੀ ਅਸਥਾਨ ਬਣਾ ਲਈ, ਸਾਰੇ ਸੰਸਾਰ ਵਿਚ ਕੋਈ ਐਸਾ ਦਿਨ ਨਹੀਂ ਜਿਸ ਦੀ ਤੁਲਨਾ ਵੈਸਾਖੀ ਨਾਲ ਕੀਤੀ ਜਾ ਸਕੇ। ਕੋਹ ਸ਼ਿਵਾਲਕ ਦੇ ਰਮਣੀਕ ਵਾਤਾ ਵਰਨ ਵਿਚ ਗੁਰੂ ਅਮਰਦਾਸ ਜੀ ,ਗੁਰੂ ਹਰਗੋਬਿੰਦ ਜੀ ਅਤੇ ਗੁਰੂ ਹਰਿਰਾਏ ਜੀ ਵਲੋਂ ਮਨਾਈ ਗਈ ਵੈਸਾਖੀ ਵਾਂਗ ਹੀ ਬਹੁਤ ਵਡਾ ਇਕੱਠ ਜੁੜਿਆ ਹੋਇਆ ਸੀ ਸਾਂਝੇ ਲੰਗਰ ਵੀ ਉਸੇ ਤਰਾਂ ਚਲ ਰਹੇ ਸਨ ਸੰਗਤਾਂ ਸੇਵਾ ਅਤੇ ਸਿਮਰਨ ਵਿਚ ਜੁੜੀਆਂ ਹੋਈਆਂ ਸਨ। ਫੇਰ 30 ਮਾਰਚ ਦੀ ਸਵੇਰ ਕੀਰਤਨ ਉਪਰੰਤ ਗੁਰੂ ਗੋਬਿੰਦ ਰਾਏ ਨੇ ਲਿਸ਼ਕਦੀ ਕਿਰਪਾਨ ਲਹਿਰਾ ਕੇ ਗਰਜ਼ਵੀ ਆਵਾਜ਼ ਵਿਚ ਅਨੋਖੀ ਮੰਗ ਕਰ ਦਿਤੀ। “ਮੈਨੂ ਇਕ ਸਿਰ ਦੀ ਲੋੜ ਹੈ।“ ਪੰਡਾਲ ਵਿਚ ਜੁੜੇ ਇਕੱਠ ਵਿਚ ਸੁਨਾਟਾ ਛਾ ਗਿਆ। ਇਕ, ਦੋ ਤੀਸਰੀ ਆਵਾਜ਼ 'ਤੇ ਲਾਹੌਰ ਵਾਸੀ ਦਇਆ ਰਾਮ ਖਤਰੀ ਹਾਜ਼ਰ ਹੁੰਦਾ ਹੈ । ਗੁਰੂ ਗੋਬਿੰਦ ਰਾਏ ਉਸ ਨੂੰ ਤੰਬੂ ਵਿਚ ਲੈ ਜਾਂਦੇ ਹਨ। ਕੁਝ ਦੇਰ ਬਾਅਦ ਤੰਬੂ ਤੋਂ ਬਾਹਰ ਗੁਰੂ ਗੋਬਿੰਦ ਰਾਏ ਇਕ ਸਿਰ ਦੀ ਹੋਰ ਮੰਗ ਕਰ ਦੇ ਹਨ। ਤਲਵਾਰ ਦੀ ਧਾਰ ਚੋਂ ਟਪਕਦਾ ਲਹੂ ਦੇਖ ਕੇ ਪੰਡਾਲ ਵਿਚ ਬੈਠੇ ਸੇਵਕ ਤੰਬੂ ਅੰਦਰ ਵਾਪਰੀ ਘਟਨਾ ਦਾ ਅੰਦਾਜ਼ਾ ਲਾਉਂਦੇ ਹਨ। ਇਕ ਸੋਚ ਜਨਮ ਲੈਂਦੀ ਹੈ । ਹੈਂ ! ਇਹ ਕੀ? ਗੁਰੂ ਨੂੰ ਕੀ ਹੋ ਗਿਆ, ਆਪਣੇ ਹੀ ਸਿੱਖਾਂ ਦਾ ਕਤਲ ਕਰਨ ਲਗ ਪਿਆ। ਦੂਜੀ ਆਵਾਜ਼ 'ਤੇ ਹਸਤਨਾਪੁਰ ਦਾ ਧਰਮਦਾਸ ਜਟ ਵੀ ਗੁਰੂ ਗੋਬਿੰਦ ਰਾਏ ਨਾਲ ਤੰਬੂ ਵਿਚ ਜਾਂਦਾ ਹੈ। ਫੇਰ ਉਸੇ ਤਰਾਂ ਗਰਜ਼ਵੀਂ ਆਵਾਜ਼, ਲਹੂ ਭਿਜੀ ਤਲਵਾਰ ਇਕ ਸਿਰ ਦੀ ਹੋਰ ਮੰਗ। ਪੰਡਾਲ ਵਿਚ ਵਿਰਲ ਪੈਣ ਲਗੀ । ਤੀਸਰੀ ਵੇਰ ਜਗਨ ਨਾਥ (ਗੁਜਰਾਤ)ਦੇ ਰਹਿਣ ਵਾਲਾ ਹਿੰਮਤ ਰਾਏ (ਝੀਵਰ ਜ਼ਾਤੀ ਨਾਲ ਸਬੰਧ ਰਖਣ ਵਾਲਾ) ਹਾਜ਼ਰ ਹੁੰਦਾ ਹੈ। ਚੌਥੀ ਵਾਰੀ ਮੋਹਕਮ ਚੰਦ ਛੀਂਬਾ, ਦਵਾਰਕਾ ਨਿਵਾਸੀ ਅਤੇ ਪਜਵੀਂ ਵਾਰੀ ਸਾਹਿਬ ਚੰਦ, ਬਿਦਰ (ਆਂਧਰਾ ) ਨਿਵਾਸੀ ਨੂੰ ਤੰਬੂ ਵਿਚ ਲੇਜਾਣ ਉਪਰੰਤ ਕੁਝ ਦੇਰ ਲਈ ਖਾਮੌਸ਼ੀ ਫੇਰ ਪੰਜੇ ਹੀ ਗੁਰੂ ਗੋਬਿੰਦ ਵਰਗਾ ਪਹਿਰਾਵਾ ਪਾਈ ਗੁਰੂ ਮਹਾਰਾਜ ਦੇ ਪਿਛੇ ਪਿਛੇ ਤੰਬੂ ਤੋਂ ਬਾਹਰ ਆਊਂਦੇ ਤਕ ਕੇ ਮਨਾਂ ਤੇ ਹੈਰਾਨੀ ਹਾਵੀ ਹੋ ਜਾਂਦੀ ਹੈ। ਅਮ੍ਰਿਤ ਸੰਚਾਰ ਹੁੰਦਾ ਹੈ ਪੰਜਾਂ ਦੇ ਨਾਮ ਨਾਲ ਸਿੰਘ ਸ਼ਬਦ ਜੁੜਦਾ ਹੈ ਅਤੇ ਅੰਤ ਵਿਚ ਗੁਰੂ ਮਹਾਰਾਜ ਖੁਦ ਪੰਜਾਂ ਤੋਂ ਅਮ੍ਰਿਤ ਪਾਨ ਕਰਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਂਦੇ ਹਨ। ਰਾਗੀ, ਢਾਡੀ, ਕੀਰਤਨ ਕਰਨ ਵਾਲੇ,ਕਥਾਕਾਰ ਲੇਖਕ ਅਤੇ ਧਾਰਮਕ ਪਰਚਾਰਕ ਹਰ ਸਾਲ ਬੜੇ ਹੀ ਢੁਕਵੇਂ ਸ਼ਬਦਾਂ ਨਾਲ 1699 ਦੀ ਵੈਸਾਖੀ ਦਾ ਵਰਨਣ ਕਰਦੇ ਹਨ, ਅਖੰਡਪਾਠਾਂ ਦੀਆਂ ਲੜੀਆਂ ਚਲਦੀਆਂ ਹਨ, ਨਗਰ ਕੀਰਤਨ ਹੁੰਦੇ ਹਨ ਅਤੇ ਇਸ ਸਾਰੇ ਜਾਹੋ ਜਲਾਲ ਦੇ ਬਾਵਜੂਦ ਅਸੀਂ ਵੈਸਾਖੀ ਦੇ ਅਸਲ ਮੰਤਵ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ। ਸਭਿਆਚਾਰ ਨੂੰ ਸੰਭਾਲਣ ਦੀ ਗੱਲ ਚਲਦੀ ਹੈ ਤਾਂ ਗਾਉਣ ਵਜਾਉਣ ਦੀਆਂ ਮੈਹਫਲਾਂ ਦਾ ਕੀਤਾ ਪਰਬੰਧ ਸਿਰਫ ਅਸ਼ਲੀਲ ਮਨੋਰੰਜਨ ਅਤੇ ਡਾਲਰ ਬਟੋਰਨ ਤੋਂ ਪਰੇ ਕੁਝ ਨਹੀਂ ਰਹਿ ਜਾਂਦਾ।

ਸੰਸਾਰ ਵਿਚ ਚਾਹੇ ਕੋਈ ਸੰਤ ਹੈ ਸਾਧ ਹੈ ਜਾਂ ਕੋਈ ਰਾਜਸੀ ਨੇਤਾ ਹੈ ਸਭ ਤਾਕਤ ਨੂੰ ਆਪਣੇ ਕਲਾਵੇ ਵਿਚ ਰਖਣ ਦੇ ਆਹਰ ਵਿਚ ਲਗੇ ਰਹਿੰਦੇ ਹਨ। ਬੇ ਮੁਹਾਰੀ ਤਾਕਤ ਉਸ ਵਾਢੂ ਊਂਠ ਵਰਗੀ ਹੁੰਦੀ ਹੈ ਜੋ ਆਪਣੇ ਮਾਲਕ ਨੂੰ ਵੀ ਚੱਕ ਮਾਰ ਲੈਂਦਾ ਹੈ। ਕਿਸੇ ਇਕ ਹਥ ਤਾਕਤ ਆ ਜਾਣ ਨਾਲ ਤਾਕਤ ਦੀ ਦੁਰਵਰਤੋਂ ਹੋਣ ਲਗ ਜਾਂਦੀ ਹੈ।ਕਮਜ਼ੋਰ ਦਾ ਜੀਣਾ ਦੋਭਰ ਹੋ ਜਾਂਦਾ ਹੈ। ਬ੍ਰਾਹਮਣ ਨੇ ਤਾਕਤ ਹਥਿਆ ਕੇ ਨਫਰਤ ਦੇ ਛਟੇ ਦਿਤੇ। ਹਲਾਕੂ ,ਚੰਗੇਜ਼, ਹਿਟਲਰ ਅਤੇ ਕਿਨੇ ਹੀ ਹੋਰ ਚਾਹੇ ਉਹ ਡਿਕਟੇਟਰ ਸਨ ਜਾਂ ਚੁਣੇ ਹੋਏ ਲੀਡਰ ਬੇਰੋਕ ਤਾਕਤ ਮਿਲਣ ਤੇ ਉਸ ਦੀ ਅਯੋਗ ਵਰਤੋਂ ਕਰਨੋਂ ਨਾ ਟਲੇ , ਜ਼ਾਲਮ ਬਣ ਗਏ ਖੂਨ ਖਰਾਬਾ ਹੋਇਆ। ਸਿਰਫ ਸਿੱਖ ਗੁਰੂਆਂ ਨੇ ਹੀ ਸੰਗਤ ਨੂੰ ਮਾਣ ਦਿਤਾ। ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਲੋਕਾਈ ਨੂੰ ਨਿਰਭੋ ਅਤੇ ਨਿਰਵੈਰ ਕਰਨ ਦੀ ਕਿਰਿਆ ਚਲਦੀ ਰਹੀ। ਗੁਰੂ ਗੋਬਿੰਦ ਰਾਏ ਜੀ ਨੇ ਅਨਭਵ ਕੀਤਾ ਕਿ ਸਿੱਖ ਇਕ ਤਾਕਤ ਬਣਨ ਜਾ ਰਹੇ ਹਨ ਇਹਨਾਂ ਨੇ ਵੱਡੇ ਵੱਡੇ ਫੈਸਲੇ ਕਰਨੇ ਹਨ। ਇਹ ਵਧ ਰਹੀ ਤਾਕਤ ਬਗੈਰ ਕਿਸੇ ਨਿਯਮਾਂਵਲੀ ਤੋਂ ਬਾਕੀਆਂ ਵਾਂਗਰ ਜ਼ਾਲਮ ਵੀ ਬਣ ਸਕਦੀ ਹੈ।

ਇਸ ਵਧ ਰਹੀ ਤਾਕਤ ਨੂੰ ਆਪਮੁਹਾਰੀ ਹੋਣ ਤੇ ਰੋਕ ਲੌਣ ਲਈ ਗੁਰੂ ਗੋਬਿੰਦ ਰਾਏ ਜੀ ਨੇ ਬਹੁਤ ਹੀ ਸੋਚ ਵਿਚਾਰ ਉਪਰੰਤ ਕੁਝ ਨਿਯਮ ਬਣਾਏ। ਸਭ ਤੋਂ ਪਹਿਲਾਂ ਤਾਕਤ ਦਾ ਵਿਕੇਂਦਰੀ ਕਰਨ ਕੀਤਾ। ਆਪਣੀ ਤਾਕਤ ਪੰਜਾਂ ਪਿਆਰਿਆਂ ਵਿਚ ਵੰਡ ਦਿਤੀ। ਖੁਦ ਸਰਵਸ਼ਕਤੀ ਮਾਨ ਹੁੰਦਿਆਂ ਹੋਇਆਂ ਆਪਣੇ ਸੇਵਕਾਂ ਅਗੇ ਹਥ ਜੋੜ ਕੇ ਅਮ੍ਰਿਤ ਦੀ ਦਾਤ ਮੰਗ ਕੇ ਇਹ ਸਾਬਤ ਕਰ ਦਿਤਾ ਕਿ ਕੀ ਵਡਾ ਕੀ ਛੋਟਾ ਨਿਯਮ ਸਭ ਤੇ ਲਾਗੂ ਹੁੰਦਾ ਹੈ। ਦੂਸਰਾ ਤਲਵਾਰ ਦੀ ਨੋਕ ਤੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਤਾਂ ਉਹ ਹੀ ਅਗੇ ਆਏ ਜਿਹਨਾਂ ਨੇ ਤਨ ਵੀ ਤੇਰਾ ਅਤੇ ਮਨ ਵੀ ਤੇਰਾ ਸਮਝਦਿਆਂ ਆਪਣਾ ਆਪ ਗੁਰੂ ਮਹਾਰਾਜ ਨੂੰ ਅਰਪਨ ਕੀਤਾ ਸੀ। ਇਸ ਤਰਾਂ ਦੀ ਚੋਣ ਕਰ ਕੇ ਗੁਰੂ ਮਹਾਰਾਜ ਨੇ ਆਪਣੇ ਖਾਲਸੇ ਨੂੰ ਇਹ ਦਰਸਾਉਣ ਦਾ ਯਤਨ ਕੀਤਾ ਸੀ ਕਿ ਆਗੂਆਂ ਦੀ ਚੋਣ ਸਮੇਂ ਨਾ ਜ਼ਾਤ ਪਾਤ ਦੀ ਬੰਦਸ਼ ਅਤੇ ਨਾ ਧੜੇ ਬਾਜ਼ੀ ਦੇ ਪਰਭਾਵ ਥਲੇ ਕੋਈ ਫੈਸਲਾ ਲੈਣਾ ਚਾਹੀਦਾ ਹੈ । ਚੋਣ ਸਮੇਂ ਕਿਸੇ ਦੀ ਆਰਥਕ ਸਿਥਤੀ ਨਹੀਂ ਉਸ ਦਾ ਚਰਿਤ੍ਰ ਦੇਖਿਆ ਜਾਣਾ ਚਾਹੀਦਾ ਹੈ। ਲੋਕ ਤੰਤਰ ਤਦੇ ਹੀ ਲੋਕਾਂ ਵਲੋਂ ਲੋਕਾਂ ਲਈ ਚੁਣੀ ਸਰਕਾਰ ਬਣ ਸਕੇ ਗਾ ਜੇ ਹਾਈ ਕੰਮਾਡ ਦੀ ਬਜਾਏ ਲੋਕ ਆਪਣੇ ਆਗੂ ਦੀ ਚੋਣ ਆਪ ਕਰਨਗੇ। ਪੈਸੇ ਦੇ ਜ਼ੋਰ ਤੇ ਅਗੇ ਆਇਆ ਆਗੂ ਲੋਕਾਈ ਦੀ ਸੇਵਾ ਕਰਨ ਦੀ ਬਜਾਏ ਕੁਨਬਾ ਪਰਵਰ ਹੀ ਬਣੇਗਾ। ਗੁਰੂ ਜੀ ਦੇ ਦਰਸਾਏ ਰਾਹ ਤੋਂ ਉਖੜ ਕਾਰਨ ਹੀ ਅਜ ਚੋਰ ਠੱਗ ਧਾੜਵੀ ਕਾਤਲ ਚੋਣਾ ਲਈ ਟਿਕਟਾਂ ਪਰਾਪਤ ਕਰ ਲੈਂਦੇ ਹਨ। ਸ਼ਰਾਬ ਕਬਾਬ ਤੇ ਰੀਝ ਕੇ ਮਤ ਦਾਤਾ ਆਪਣੇ ਲਈ ਆਪ ਹੀ ਨਰਕ ਸਹੇੜ ਲੈਂਦਾ ਹੈ। ਲੋਕ ਰਾਜ ਦਾ ਪਵਿਤ੍ਰ ਕੇਂਦਰ ਪਾਰਲੀਮੈਂਟ ਠਗਵਾੜਾ ਬਣ ਕੇ ਰਹਿ ਜਾਂਦਾ ਹੈ । 1699 ਦੀ ਵੈਸਾਖੀ ਤੋਂ ਕੋਈ ਸਦੀ ਤੋਂ ਵੀ ਉਪਰ ਬੀਤ ਜਾਣ ਬਾਅਦ ਅਮਰੀਕਾ ਦਾ ਵਿਧਾਨ ਲਿਖਿਆ ਗਿਆ ਉਸ ਦੀ ਬੁਨਿਆਦ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਕਸ਼ੇ ਕਦਮ ਤੇ ਤਾਕਤ ਦਾ ਵਿਕੇਂਦਰੀ ਕਰਨ ਹੀ ਹੈ ।

1699 ਦੀ ਵੈਸਾਖੀ ਵਾਲੇ ਦਿਨ ਖਾਲਸੇ ਦੀ ਸ੍ਰਿਜਣਾ ਇਕ ਅਜੂਬਾ ਸੀ । ਸੰਤ ਸਿਪਾਹੀਆਂ ਦੀ ਜਮਾਤ ਜਿਸ ਦਾ ਧੁਰਾ ਸੀ ਆਪਸੀ ਸ਼ਾਂਝ ,ਪਿਆਰ, ਬਰਾਬਰਤਾ, ਸਤਕਾਰ ਅਤੇ ਫੈਸਲੇ ਕਰਨ ਸਮੇਂ ਡਰਨ ਡਰਾਉਣ ਤੋਂ ਰਹਿਤ ਹੋਣਾ। ਵੈਸਾਖੀ ਜੋ ਕਦੇ ਮੇਲਾ ਸੀ ਫੇਰ ਉਹ ਪੁਰਬ ਬਣਿਆਂ ਅਤੇ 1699 ਦੀ ਵੈਸਾਖੀ ਤੋਂ ਬਾਅਦ ਵੈਸਾਖੀ ਰਾਜਸੀ ਫੈਸਲੇ ਕਰਨ ਯੋਗ ਹੋ ਗਈ। ਵੈਸਾਖੀ ਤੇ ਖਾਲਸਾ ਆਪਣੇ ਤੀਰਥ ਅਸਥਾਨ ਅਮ੍ਰਿਤਸਰ ਜੁੜ ਬੈਠਦਾ। ਗੁਰਬਾਣੀ ਕੀਰਤਨ ਦਵਾਰਾ ਆਪਣੇ ਧੁਰੇ ਨਾਲ ਜੁੜਿਆ ਹੋਇਆ ਪੰਥ ਲਈ ਦਰਪੈਸ਼ ਮਸਲਿਆਂ 'ਤੇ ਵਿਚਾਰਾਂ ਕਰਦਾ। ਜੋ ਵੀ ਗੁਰਮਤਾ ਪਾਸ ਹੁੰਦਾ ਉਹ ਸਭ ਤੇ ਇਕੋ ਜਿਹਾ ਲਾਗੂ ਹੁੰਦਾ।

ਕੋਮੀ ਜਥੇਬੰਦੀ ਨੂੰ ਨਰੋਆ ਨਿਗਰ ਕਰਨ ਲਈ ਮਾਰਚ 1747 ਦੀ ਵੈਸਾਖੀ ਨੂੰ ਨਵਾਬ ਕਪੂਰ ਸਿੰਘ ਨੇ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਸਰਬੱਤ ਖਾਲਸਾ ਬੁਲਾ ਕੇ ਇਕੋ ਆਗੂ ਇਕੋ ਅਰਦਾਸ ਅਤੇ ਇਕ ਜਥੇਬੰਦੀ ਦੀ ਨ੍ਹੀਂ ਰਖੀ। 83 ਦਲ ਇਕ ਜਥੇਬੰਦੀ ਦਲ ਖਾਲਸਾ ਵਿਚ ਸਮੋ ਗਏ। ਖਾਲਸਾ ਇਕ ਸ਼ਕਤੀ ਬਣ ਕੇ ਉਭਰਿਆ। ਉਸੇ ਸ਼ਕਤੀ ਦਾ ਸਦਕਾ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ 12 ਮਿਸਲਾਂ ਦੀ ਸ਼ਕਤੀ ਨੂੰ ਇਕ ਲੜੀ ਵਿਚ ਪਰੋ ਕੇ ਇਕ ਸ਼ਕਤੀ ਸ਼ਾਲੀ ਖਾਲਸਾ ਰਾਜ ਕਾਇਮ ਕੀਤਾ। ਚੰਗਾ ਵਾਰਸ ਨਾ ਹੋਣ ਕਾਰਨ ਆਪੋ ਧਾਪ ਰਾਜ ਖੁਸਣ ਦਾ ਕਾਰਨ ਬਣੀ।

ਬਰਤਾਨੀਆਂ ਸਰਕਾਰ ਨੇ ਪੰਜਾਬ ਨੁੰ ਵੀ ਆਪਣੇ ਰਾਜ ਵਿਚ ਮਿਲਾ ਲਿਆ। ਮੁਗਲਾਂ, ਅੰਗਰੇਜ਼ਾ ਅਤੇ ਵੇਦਾਂਤ ਮਤ ਵਾਲਿਆਂ ਨੇ ਸਿੱਖ ਇਤਹਾਸ ਨਾਲ ਛੇੜਖਾਨੀ ਕੀਤੀ ਕੁਝ ਸਿੱਖ ਵਿਦਵਾਨ ਵੀ ਇਸ ਕਾਰਜ ਵਿਚ ਸ਼ਰੀਕ ਹੋਏ ਬਾਅਦ ਵਿਚ ਆਉਣ ਵਾਲੇ ਵਿਦਵਾਨਾਂ ਨੇ ਕੋਈ ਕਿੰਤੂ ਪਰਤੂੰ ਕਰਨ ਦੀ ਬਜਾਏ ਸਿਰਫ ਹਾਂ ਵਿਚ ਹਾਂ ਰਲਾਈ ਜਿਸ ਕਾਰਨ ਸਿੱਖ ਕੌਮ ਮੁੜ ਬ੍ਰਾਹਮਣ ਦੇ ਚੁੰਗਲ ਵਿਚ ਫਸ ਗਈ । ਜ਼ਾਤ ਪਾਤ ਦਾ ਫੇਰ ਬੋਲ ਬਾਲਾ ਹੋ ਗਿਆ। ਅਤੇ ਸਿੱਖ ਕੌਮ ਜਗੀਰਦਾ੍ਰਾ ਦੀ ਕੌਮ ਬਣ ਗਈ । ਸ਼ਰਾਬ ਪਰਧਾਨ ਹੋ ਗਈ, ਬਰਾਬਰਤਾ ਦਾ ਵਿਧਾਨ ਸਿਰਫ ਕਹਿਣ ਸੁਨਣ ਦੀ ਗੱਲ ਬਣ ਕੇ ਰਹਿ ਗਿਆ।

ਸਿੱਖ ਧਰਮ ਅੰਦਰ ਆ ਗਈਆਂ ਕਮਜ਼ੋਰੀਆਂ ਨੂੰ ਦੇਖਦੇ ਹੋਏ 1857 ਦੀ ਵੈਸਾਖੀ ਵਾਲੇ ਦਿਨ ਬਾਬਾ ਰਾਮ ਸਿੰਘ ਨਾਮਧਾਰੀ ਨੈ ਸੁਧਾਰ ਲਹਿਰ ਚਲਾਈ । ਬਰਤਾਨੀਆਂ ਸਰਕਾਰ ਨੇ ਉਸ ਦਾ ਨੋਟਸ ਲਿਆ ਬਾਬਾ ਰਾਮ ਸਿੰਘ ਤੇ ਨਜ਼ਰ ਰਖਣੀ ਸ਼ੁਰੂ ਹੋ ਗਈ।

ਬਾਬਾ ਰਾਮ ਸਿੰਘ ਜਦ 1860 ਦੀ ਵੈਸਾਖੀ ਅੰਮ੍ਰਿਤਸਰ ਮਨਾਉਂਣ ਲਈ ਆਏ ਤਾਂ ਅੰਗਰੇਜ਼ ਸਰਕਾਰ ਦੀਆਂ ਪਾਬੰਦੀਆਂ ਨੂੰ ਨਾ ਸਹਾਰਦੇ ਹੋਏ ਵਿਦਰੋਹ ਕਰ ਦਿਤਾ ਜਿਸ ਕਾਰਨ ਕੂਕਾ ਲੈਹਰ ਨੇ ਜਨਮ ਲਿਆ। ਅੱਸ਼ਕੇ ਜਾਈਏ ਉਹਨਾ ਜਾਨਬਾਜ਼ ਸੂਰਮਿਆਂ ਦੇ ਜਿਹਨਾਂ ਨੇ ਅੰਗਰੇਜ਼ ਸਰਕਾਰ ਅਗੇ ਸਿਰ ਨੀਵਾਂ ਕਰਨ ਦੀ ਬਜਾਏ ਸ਼ਹੀਦੀਆਂ ਪਾਉਂਣ ਨੁੰ ਤਰਜੀਹ ਦਿਤੀ।

1919 ਸ਼ਹਿਰ ਅਮ੍ਰਿਤਸਰ ਸਥਾਨ ਜਲਿਆਂਵਾਲਾ ਬਾਗ ਇਕ ਪਾਸੇ ਅੰਗਰੇਜ਼ ਸਰਕਾਰ ਦੂਜੇ ਪਾਸੇ ਵੈਸਾਖੀ ਤੇ ਜੁੜਿਆ ਹੋਇਆ ਇਕੱਠ ਜੋ ਗੁਲਾਮੀ ਦਾ ਜੂਲਾ ਸਹਾਰਨ ਤੋਂ ਇਨਕਾਰੀ ਹੋਣ ਦੇ ਯਤਨ ਕਰ ਰਿਹਾ ਸੀ, ਪੁਰ ਅਮਨ ਜਲਸੇ ਤੇ ਹਕੂਮਤ ਬਰਤਾਨੀਆਂ ਨੇ ਗੋਲੀਆਂ ਦੀ ਵਰਖਾ ਕੀਤੀ ਲਹੂ ਨਾਲ ਧਰਤੀ ਲਾਲ ਹੋ ਗਈ । ਭਾਰਤ ਵਾਸੀਆਂ ਦਾ ਸ਼ਾਂਝਾ ਖੂਨ ਡੁਲਿਆ ਜਿਸ ਨੇ ਜੰਗੇ ਆਜ਼ਾਦੀ ਲਈ ਇਰਾਦੇ ਹੋਰ ਮਜ਼ਬੂਤ ਕਰ ਦਿਤੇ। ਮੁਗਲ ਜ਼ੁਲਮ ਕਰਦੇ ਸਨ ਤਾਂ ਖਾਲਸਾ ਨਾਹਰਾ ਦਿੰਦਾ ਸੀ ਮੰਨੂ ਸਾਡੀ ਦਾਤਰੀ ਅਸ਼ੀਂ ਮੰਨੂ ਦੇ ਸੋਏ ਜਿਊਂ ਜਿਊਂ ਸਾਨੂੰ ਵਢਦਾ ਅਸੀਂ ਦੂਣੇ ਤੀਣੇ ਹੋਏ। ਅੰਗਰੇਜ਼ ਦੀ ਵਾਰੀ ਆਈ ਤਾਂ ਨੀਲੀਆਂ ਕਾਲੀਆਂ ਪਗਾਂ ਦਾ ਸਮੁੰਦਰ ਠਾਠਾਂ ਮਾਰਨ ਲੱਗਾ। ਜਾਇਦਾਦਾਂ ਕੁਰਕ ਹੋਈਆਂ,ਕਾਲੇ ਪਾਣੀ ਦਾ ਨਰਕ ਭੋਗਿਆ ਅਤੇ ਫਾਸੀਆਂ ਦੇ ਰਸੇ ਚੁਮੇਂ । ਪਰ ਦਿਨੇ ਰਾਤੀਂ ਸੁਪਨਾ ਇਕੋ, ‘ਇਨਕਲਾਬ’ ਰਾਤੀਂ ਸੁਤੇ ਪਏ ਮੈਨੂੰ ਇਕ ਖੁਆਬ ਆ ਗਿਆ ਭੱਜੇ ਜਾਣ ਫਰੰਗੀ ਇਨਕਲਾਬ ਆ ਗਿਆ। ਐਮਰਜੈਂਸੀ ਦੌਰਾਨ ਸਾਰਾ ਭਾਰਤ ਇੰਦਰਾ ਅਗੇ ਗੋਡੇ ਟੇਕ ਗਿਆ ਪਰ ਪੰਜਾਬ ਵਿਚ ਅਕਾਲੀ ਦਲ ਨੇ ਜਿਨਾ ਚਿਰ ਐਮਰਜੈਂਸੀ ਦਾ ਭੋਗ ਨਹੀਂ ਪਿਆ ਦਮ ਨਹੀਂ ਛਡਿਆ।

1941 ਦੀ ਵੈਸਾਖੀ ਵਾਲੇ ਦਿਨ ਸਿੱਖ ਰੈਜਮੈਂਟ ਦੇ ਸਿਰਲਥ ਸੂਰਮਿਆਂ ਨੇ ਫੋਰਟ ਵਿਲੀਅਮ, ਕਲਕਤਾ ਤੋਂ ਯੂਨੀਅਨ ਜੈਕ ਉਤਾਰ ਕੇ ਕਾਂਗਰਸ ਦਾ ਤਰੰਗਾ ਲੈਹਰਾ ਦਿਤਾ ਅਤੇ ਅਮਲੀ ਤੌਰ ਤੇ ਭਾਰਤ ਦੀ ਸੁਤੰਤਰਤਾ ਦਾ ਐਲਾਨ ਕਰ ਦਿਤਾ। ਆਜ਼ਾਦੀ ਵਿਚ ਗਾਂਧੀ ਜੀ ਦੇ ਯੋਗਦਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਜੇ ਆਖੋ ਸਿਰਫ ਸਤਿਆ ਗ੍ਰੈਹ ਜਾਂ ਚਰਖੇ ਦੀ ਘੂਕ ਨਾਲ ਆਜ਼ਾਦੀ ਪਰਾਪਤ ਹੋਈ ਹੈ ਤਾਂ ਇਸ ਤੋਂ ਵਡਾ ਦੁਨੀਆਂ ਤੇ ਕੋਈ ਝੂਠ ਨਹੀਂ ਹੋ ਸਕਦਾ। ਗਦਰੀ ਬਾਬਿਆਂ ਤੋਂ ਲੈ ਕੇ ਹੋਰ ਜਾਨਾਂ ਨਿਸ਼ਾਵਰ ਕਰਨ ਵਾਲਿਆਂ ਨਾਲ ਧਰੋਹ ਹੈ। ਇਤਹਾਸ ਗਵਾਹ ਹੈ , ਖੈਬਰ ਵਲੋਂ ਆਉਂਦੇ ਹਮਲਾ ਆਵਰਾਂ ਨੂੰ ਠਲ ਪਾਉਣ ਵਾਲੇ ਵੀ ਗੁਰੂ ਗੋਬਿੰਦ ਸਿੰਘ ਵਲੋਂ ਵਰਸਾਏ ਸਿੱਖ, ਬਰਤਾਨੀਆਂ ਸਰਕਾਰ ਖਿਲਾਫ ਜੰਗੇ ਆਜ਼ਾਦੀ ਦੋਰਾਨ ਭਾਰਤ ਦੀ ਆਜ਼ਾਦੀ ਦਾ 2% ਹਿਸਾ ਸਿੱਖ, ਕੁਰਬਾਨੀ 85 ਤੋਂ 90% ਜੰਗ ਚਾਹੇ ਚੀਨ ਨਾਲ ਹੈ ਜਾਂ ਪਾਕਸਤਾਨ ਨਾਲ 2% ਸਿੱਖਾਂ ਦੀ ਗਿਣਤੀ ਮੋਹਰਲੀ ਕਤਾਰ ਵਿਚ ਖੜੀ ਨਜ਼ਰ ਆਂਉਂਦੀ ਹੈ। ਇਸ ਸਭ ਕੁਝ ਕਿਊਂ? ਇਸ ਸਭ ਕੁਝ ਦਾ ਸੇਹਰਾ ਗੁਰੂ ਗੋਬਿੰਦ ਸਿੰਘ ਜੀ ਵਲੌਂ ਮਨਾਈ 1699 ਦੀ ਵੈਸਾਖੀ ਨੂੰ ਜਾਂਦਾ ਹੈ।

1978 ਦੀ ਵੈਸਾਖੀ ਦਾ ਨਿਰੰਕਾਰੀ ਕਾਂਡ ਤੋਂ ਸ਼ੁਰੂ ਹੋਇਆ ਖੂਨੀ ਕਾਂਡ ਪੂਰਾ ਸ਼ੀਆਂ ਦਾ ਦਹਾਕਾ ਚਲਦਾ ਰਿਹਾ, ਜਿਸ ਨੇ ਪੰਜਾਬ ਦੀ ਜਵਾਨੀ ਨਿਗਲ ਲਈ , ਪੰਜਾਬ ਨੁੰ ਕੰਗਾਲ ਕਰ ਦਿਤਾ। 84 ਦੌਰਾਨ ਦਿਲੀ ਸਰਕਾਰ ਨੇ ਇਕ ਵੇਰ ਫੇਰ ਦਸ ਦਿਤਾ ਕਿ ਮੁਗਲ ਅਤੇ ਅੰਗਰੇਜ਼ ਵਾਂਗ ਆਜ਼ਾਦ ਭਾਰਤ ਦੀ ਹਕੂਮਤ ਨੇ ਵੀ ਖਾਸ ਕਰਕੇ ਸਿੱਖਾਂ ਨੂੰ ਇਹ ਦਸ ਦਿਤਾ ਕਿ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੋ। 84 ਦਾ ਲਗਾ ਜ਼ਖਮ ਭਰਨ ਦਾ ਨਾ ਹੀ ਨਹੀਂ ਲੈਂਦਾ, ਜਦ ਕਦੇ ਥੋਹੜਾ ਘਨਾਂ ਭਰਨ ਲਗਦਾ ਹੈ ਤਾਂ ਕਿਤੋਂ ਨਾ ਕਿਤੋਂ ਫੇਰ ਨਸ਼ਤਰ ਲਗ ਜਾਂਦੀ ਹੈ। ਆਸ ਹੈ ਕਿ ਭਾਰਤ ਵਾਸੀ ਹਰ ਵੈਸਾਖੀ ਤੇ ਪਰਨ ਕਰਨਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਰਾਹ 'ਤੇ ਚਲ ਕੇ ਕੌਮ 'ਤੇ ਆਪਾ ਨਿਸ਼ਾਵਰ ਕਰਨ ਵਾਲੇ ਸੁਲਝੇ ਹੋਏ ਆਗੂ ਹੀ ਅਗੇ ਲਿਆਦੇ ਜਾਣ ਗੇ। ਤਾਂ ਹੀ ਭਾਰਤ ਦਾ ਭਵਿਖ ਉਜਲਾ ਹੋ ਸਕਦਾ ਹੈ।

ਇਤਹਾਸ ਦੀ ਦੀ ਜਾਂਚ ਕੀਤਿਆਂ ਵੈਸਾਖੀ ਨੂੰ ਸਿੱਖ ਇਤਹਾਸ ਅਤੇ ਭਾਰਤ ਦੀ ਜੰਗੇ ਆਜ਼ਾਦੀ ਤੋਂ ਵਖਰਿਆਂ ਨਹੀਂ ਕੀਤਾ ਜਾ ਸਕਦਾ। ਵੈਸਾਖੀ ਨੂੰ ਮਨੁੱਖਤਾ ਦਾ ਦਿਵਸ ਆਖਣਾ ਅਤਕਥਨੀ ਨਹੀਂ ਹੋਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top