Share on Facebook

Main News Page

ਬਾਦਲ ਤੋਂ ਪੁੱਛੇ ਬਗੈਰ ਤਾਂ ਮੱਕੜ ‘‘ਕੁੱਕੜ’’ ਨਹੀਂ ਰੱਖ ਸਕਦਾ, ਉਸ ਦੇ ਕਹਿਣ 'ਤੇ ਵੋਟ ਕੌਣ ਪਾਵੇਗਾ
-: ਕੈਪਟਨ ਅਮਰਿੰਦਰ ਸਿੰਘ

ਅੰਮ੍ਰਿਤਸਰ 4 ਅਪ੍ਰੈਲ (ਜਸਬੀਰ ਸਿੰਘ ਪੱਟੀ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਪਣੇ ਕਾਂਗਰਸੀ ਉਮੀਦਵਾਰ ਵਜੋ ਪੇਪਰ ਦਾਖਲ ਕਰਨ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਵਿੱਚ ਭਾਗ ਲਿਆ ਤੇ ਗੁਰੂ ਸਾਹਿਬ ਦੇ ਸ਼ੁੱਕਰਾਨਾ ਕਰਨ ਤੋਂ ਬਾਅਦ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਨਾਮਜਦਗੀ ਪੇਪਰ ਦਾਖਲ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੇ ਸੀਨੀਅਰ ਆਗੂ ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੇ ਹਾਲੇ ਤੱਕ ਅੱਤਵਾਦ ਦੇ ਦੌਰ ਦੌਰਾਨ ਬੇਕਸੂਰ ਮਾਰੇ ਗਏ 35000 ਹਿੰਦੂਆ ਬਾਰੇ ਆਪਣੀ ਜ਼ੁਬਾਨ ਨਹੀਂ ਖੋਹਲੀ। ਉਹਨਾਂ ਕਿਹਾ ਕਿ ਜੇਤਲੀ ਇਸ ਬਾਰੇ ਸਪੱਸ਼ਟਕਰਨ ਕਿ ਉਹ ਲੋਕਾਂ ਨਾਲ ਹਨ ਜਾਂ ਫਿਰ ਆਪਣੀ ਸਹਿਯੋਗੀ ਪਾਰਟੀ ਦੇ ਅਕਾਲੀ ਦਲ ਦੇ ਏਜੰਡੇ ਨਾਲ ਹੈ।

ਉਹਨਾਂ ਕਿਹਾ ਕਿ ਜੇਤਲੀ ਇਹ ਦੱਸਣ ਦੀ ਕਿਰਪਾਲਤਾ ਕੀ ਉਹ ਆਪਣੇ ਸਹਿਯੋਗੀ ਅਕਾਲੀ ਸਰਪ੍ਰਸਤਾਂ ਨੂੰ ਨਰਾਜ਼ ਕਰਨ ਤੋਂ ਡਰਦੇ ਹਨ? ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਤੇ ਮਰਹੂਮ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਦੇ ਕਾਤਲਾਂ ਨੂੰ ਹਰ ਸਾਲ ਸਨਮਾਨਿਤ ਕੀਤਾ ਜਾਂਦਾ ਹੈ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਤਲੀ ਨੇ ਇਸ ਮੁੱਦੇ ਤੇ ਹੁਣ ਤੱਕ ਆਪਣੀ ਸਥਿਤੀ ਸਪੱਸ਼ਟ ਨਹੀਂ ਕੀਤੀ ਕਿ ਉਹ ਅਜਿਹਾ ਕਰਨ ਨੂੰ ਠੀਕ ਸਮਝਦੇ ਹਨ ਜਾਂ ਫਿਰ ਗਲਤ ਸਮਝਦੇ ਹਨ। ਉਹਨਾਂ ਕਿਹਾ ਕਿ ਜੇਤਲੀ ਕੋਲੋ ਪੰਜਾਬ ਦੇ ਲੋਕ ਉਹਨਾਂ ਦੀ ਰਾਇ ਜਾਨਣ ਲਈ ਉਤਾਵਲੇ ਹਨ। ਉਹਨਾਂ ਕਿਹਾ ਕਿ ਇਸ ਦਾ ਜਵਾਬ ਦੇਣ ਤੋਂ ਸ਼ਾਇਦ ਜੇਤਲੀ ਸਾਹਿਬ ਡਰਦੇ ਹਨ ਕਿਉਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਵੀ ਉਹਨਾਂ ਦਾ ਸਹਿਯੋਗੀ ਅਕਾਲੀ ਦਲ ਚਲਾਉਦਾ ਹੈ।

ਸ੍ਰੀ ਦਰਬਾਰ ਕੰਪਲੈਕਸ ਵਿੱਚ ਬਣੇ ਸ਼ਹੀਦੀ ਯਾਦਗਾਰ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਹੜੇ 35000 ਲੋਕ ਨਿਰਦੋਸ਼ ਮਾਰੇ ਗਏ ਹਨ ਉਹਨਾਂ ਦੀ ਯਾਦਗਾਰ ਉਸਾਰੀ ਜਾਣੀ ਚਾਹੀਦੀ ਹੈ ਤਾਂ ਕਿ ਲੋਕ ਜਾਣ ਸਕਣ ਕਿ ਕਿੰਨੇ ਲੋਕਾਂ ਨੂੰ ਪੰਜਾਬ ਦੇ ਸੰਤਾਪ ਦੌਰਾਨ ਆਪਣੀਆ ਜਾਨਾਂ ਕੁਰਬਾਨ ਕਰਨੀਆ ਪਈਆ ਹਨ ਪਰ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੋਹਰੇ ਮਾਪਦੰਡ ਅਪਨਾ ਰਹੇ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸ੍ਰ. ਬਾਦਲ ਨੇ ਸਾਕਾ ਨੀਲਾ ਤਾਰਾ ਦੀ ਯਾਦ ਵਿੱਚ ਯਾਦਗਾਰ ਬਣਾਈ ਹੈ ਜਦ ਕਿ ਦੂਸਰੇ ਪਾਸੇ ਨਿਰਦੋਸ਼ ਮਾਰੇ ਗਏ ਲੋਕਾਂ ਦੀ ਯਾਦਗਾਰ ਬਣਾਉਣ ਦਾ ਸ੍ਰ ਬਾਦਲ ਵਿਰੋਧ ਕਰ ਰਹੇ ਹਨ।

ਜਦੋਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੱਲੋ ਸ਼ਰੋਮਣੀ ਕਮੇਟੀ ਦੇ ਮੁਲਾਜਮਾਂ ਨੂੰ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਹੱਕ ਵਿੱਚ ਵੋਟ ਪਾਉਣ ਲਈ ਦਿੱਤੇ ਗਏ ਆਦੇਸ਼ ਤੇ ਮੁਅੱਤਲ ਮੁਲਾਜਮਾਂ ਨੂੰ ਬਹਾਲ ਕਰਨ ਤੇ ਜੁਰਮਾਨ ਮੁਆਫ ਕਰਨ ਦੇ ਦਿੱਤੇ ਲਾਲਚ ਬਾਰੇ ਪੁੱਛਿਆ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਜੋ ਕੁਝ ਵੀ ਹੁੰਦਾ ਹੈ, ਉਹ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਹੀ ਹੁੰਦਾ ਹੈ, ਮੱਕੜ ਵਿਚਾਰਾ ਤਾਂ ਬਾਦਲ ਦੇ ਪੁੱਛਿਆ ਬਗੈਰ ਕੁੱਕੜ ਵੀ ਨਹੀਂ ਰੱਖ ਸਕਦਾ ਉਸ ਦੀ ਕਹਿਣ ਤੇ ਵੋਟ ਕੌਣ ਪਾਵੇਗਾ। ਉਹਨਾਂ ਕਿਹਾ ਕਿ ਸ਼ਰੋਮਣੀ ਕਮੇਟੀ ਦੇ ਮੁਲਾਜਮ ਬਹੁਤ ਸਿਆਣੇ ਹਨ ਅਤੇ ਉਹ ਭਲੀਭਾਂਤ ਜਾਣਦੇ ਹਨ ਕਿ ਉਹਨਾਂ ਦੀ ਵੋਟ ਦੀ ਹੱਕਦਾਰ ਕੌਣ ਹੈ।

ਪ੍ਰਾਪਟੀ ਟੈਕਸ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਅਜਿਹਾ ਟੈਕਸ ਲਗਾ ਕੇ ਸਰਕਾਰ ਨੇ ਲੋਕਾਂ ਨਾਲ ਅਨਿਆਂ ਕੀਤਾ ਹੈ ਅਤੇ ਇਸ ਟੈਕਸ ਨੂੰ ਬਿਨਾਂ ਕਿਸੇ ਦੇਰੀ ਤੋਂ ਵਾਪਸ ਲਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਟੈਕਸ ਲਗਾ ਕੇ ਸਰਕਾਰ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਕਿਰਾਏਦਾਰ ਬਣਾ ਦਿੱਤਾ ਹੈ ਜੋ ਸਰਾਸਰ ਗਲਤ ਹੈ। ਪੰਜਾਬ ਦੀ ਨਿਘਰਦੀ ਜਾ ਰਹੀ ਆਰਥਿਕ ਸਥਿਤੀ ਬਾਰੇ ਉਹਨਾਂ ਕਿਹਾ ਕਿ ਸਰਕਾਰ ਸਾਰੇ ਪਾਸਿਆ ਤੋਂ ਫੇਲ ਹੋ ਚੁੱਕੀ ਹੈ ਅਤੇ ਆਰਥ ਵਿਵਸਥਾ ਪੂਰੀ ਤਰਾ ਚਰਮਰਾ ਗਈ ਹੈ। ਉਹਨਾਂ ਕਿਹਾ ਕਿ ਹੁਣ ਸਰਕਾਰ ਲੋਕਾਂ ਦੀਆ ਜੇਬਾਂ ਵਿੱਚੋ ਪੈਸੇ ਲੁੱਟ ਰਹੀ ਹੈ ਜੋ ਪੂਰੀ ਲੋਕ ਹਿੱਤਾਂ ਦੇ ਵਿਰੁੱਧ ਹੈ। ਉਹਨਾਂ ਕਿਹਾ ਕਿ ਰੀਜਰਵ ਬੈਕ ਨੇ ਪੰਜਾਬ ਸਰਕਾਰ ਦੀ ਹੋਰ ਅਦਾਇਗੀ ਕਰਨ ਦੀ ਬੇਨਤੀ ਨੂੰ ਖਾਰਜ ਕਰ ਦਿੱਤਾ ਹੈ ਅਤੇ ਮੁਲਾਜਮਾਂ ਨੂੰ ਤਨਖਾਹਾਂ ਦੇਣ ਜੋਗੇ ਵੀ ਪੈਸੇ ਸਰਕਾਰ ਕੋਲ ਪੈਸੇ ਨਹੀਂ ਹਨ। ਉਹਨਾਂ ਕਿਹਾ ਕਿ ਮੁਲਾਜਮ ਸੰਘਰਸ਼ ਦੇ ਰਾਹ ਪੈ ਹੋਏ ਹਨ ਪਰ ਸਰਕਾਰ ਆਪਣੀ ਲੁੱਟਖੋਹ ਕਰਨ ਵਿੱਚ ਰੁੱਝੀ ਹੋਈ ਹੈ।

ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋ ਪ੍ਰਚਾਰਿਆ ਜਾ ਰਿਹਾ ਹੈ ਕਿ ਜੇਤਲੀ ਦੇ ਜਿੱਤਣ ਨਾਲ ਪੰਜਾਬ ਨੂੰ ਬਹੁਤ ਫਾਇਦਾ ਹੋਵੇਗਾ ਜਦ ਕਿ ਹਾਲੇ ਚੋਣ ਹੋਣ ਵਿੱਚ ਕਾਫੀ ਸਮਾਂ ਬਾਕੀ ਹੈ ਤੇ ਜੇਤਲੀ ਸਾਹਿਬ ਨੂੰ ਅਕਾਲੀਆ ਦੁਆਰਾ ਵਿਖਾਏ ਸਬਜਬਾਗ ਸੱਖਣੇ ਨਜਰ ਆਉਣੇ ਸ਼ੁਰੂ ਹੋ ਗਏ ਹਨ। ਉਹਨਾਂ ਕਿਹਾ ਕਿ ਨਾ ਹੀ ਜੇਤਲੀ ਜਿੱਤ ਸਕੇਗਾ ਤੇ ਨਾ ਹੀ ਕੇਂਦਰ ਵਿੱਚ ਐਨ.ਡੀ.ਏ ਦੀ ਸਰਕਾਰ ਬਣੇਗੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਆਪਣੀ ਪਤਨੀ ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ, ਬੇਟੀ ਜੈ ਇੰਦਰ ਕੌਰ, ਬੇਟੇ ਰਣਇੰਦਰ ਸਿੰਘ ਤੇ ਨੂੰਹ ਰੇਸ਼ਮਾ ਕੌਰ ਤੇ ਰਾਣਾ ਗੁਰਜੀਤ ਸਿੰਘ ਨਾਲ ਨਾਮਜ਼ਦਗੀ ਪੱਤਰ ਦਾਖਲ ਕੀਤਾ। ਰਾਣਾ ਗੁਰਜੀਤ ਨੇ ਬਕੌਲ ਕਵਰਿੰਗ ਕੈਡੀਡੇਟ ਫਾਰਮ ਭਰਿਆ। ਇਸ ਸਮੇਂ ਉਹਨਾਂ ਦੇ ਨਾਲ ਓਮ ਪ੍ਰਕਾਸ਼ ਸੋਨੀ, ਡਾਂ ਰਾਜ ਕੁਮਾਰ, ਗੁਰਜੀਤ ਸਿੰਘ ਔਜਲਾ, ਸੁਖ ਸਰਕਾਰੀਆ, ਲਾਲੀ ਮਜੀਠੀਆ ਤੋਂ ਹੋਰ ਵੀ ਬਹੁਤ ਸਾਰੇ ਆਗੂ ਵੀ ਮੌਜੂਦ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top