ਅੰਮ੍ਰਿਤਸਰ 4 ਅਪ੍ਰੈਲ (ਜਸਬੀਰ ਸਿੰਘ): ਅੱਜ ਪਿੰਡ ਜਾਮਾਰਾਏ ਵਿਖੇ
ਭਾਈ ਕੁਲਵੰਤ ਸਿੰਘ ਮੁੱਖ ਗਵਾਹ ਖਾਲੜਾ ਕੇਸ ਦੀ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਟ
ਕਰਦਿਆਂ ਕਿਹਾ ਕਿ ਕੁਲਵੰਤ ਸਿੰਘ ਹੁਰਾਂ ਦਾ ਨਾਮ ਇਤਿਹਾਸ ਦੇ ਸੁਨਿਹਰੀ ਅਖਰਾਂ ਵਿੱਚ
ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਈ ਜਾਮਾਰਾਏ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ
ਸ੍ਰ: ਜਸਵੰਤ ਸਿੰਘ ਖਾਲੜਾ ਬਾਰੇ ਸੱਚ ਅਦਾਲਤਾਂ ਵਿੱਚ ਅਤੇ ਸਾਰੇ ਸੰਸਾਰ ਸਾਹਮਣੇ ਰੱਖਿਆ।
ਬੀਬੀ ਖਾਲੜਾ ਨੇ ਕਿਹਾ ਕਿ ਅਜ ਸੱਚ ਸਾਹਮਣੇ ਆ ਚੁਕਾ ਹੈ ਅਤੇ
ਬਾਦਲਕੇ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੇ ਹਨ।
ਸਾਰਾ ਸੰਸਾਰ ਮੰਨ ਚੁੱਕਾ ਹੈ ਕਿ ਸਾਕਾ ਨੀਲਾ ਤਾਰਾ ਅਤੇ ਪੰਜਾਬ
ਅੰਦਰ 25000 ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਾਦਲਕਿਆਂ, ਕਾਂਗਰਸੀਆਂ ਤੇ ਭਾਜਪਈਆਂ
ਦੀ ਮਿਲੀ ਭੁਗਤ ਦਾ ਸਿੱਟਾ ਸਨ, ਇਸ ਕਾਰਨ ਸਾਕਾ ਨੀਲਾ ਤਾਰਾ ਬਾਰੇ ਅਤੇ ਝੂਠੇ ਮੁਕਾਬਲਿਆਂ
ਬਾਰੇ ਕੋਈ ਪੜਤਾਲ ਨਹੀਂ ਕਰਾਈ ਗਈ। ਉਲਟਾ ਬਾਦਲਕਿਆਂ ਦਾ ਦੱਲ ਝੂਠੇ ਮੁਕਾਬਲਿਆਂ ਬਣਾਉਣ
ਵਾਲਿਆਂ, ਪ੍ਰਾਪਰਟੀ ਡੀਲਰਾਂ ਅਤੇ ਨਸ਼ਿਆਂ ਦੇ ਠੇਕੇਦਾਰਾਂ ਦਾ ਦੱਲ ਬਣ ਚੁੱਕਾ ਹੈ।
ਬੀਬੀ ਖਾਲੜਾ ਨੇ ਕਿਹਾ ਕਿ ਬਾਦਲਕੇ ਆਪਣੇ
ਪ੍ਰੀਵਾਰਕ ਹਿਤਾਂ ਖਾਤਰ ਨਰਿੰਦਰ ਮੋਦੀ ਜੋ ਦੰਗਿਆਂ ਦਾ ਮੋਢੀ ਹੈ ਦੀ ਜੈ ਜੈ ਕਾਰ ਕਰ ਰਹੇ
ਹਨ। ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਘਟ ਗਿਣਤੀਆਂ ਲਈ ਹੀ ਨਹੀਂ ਸਗੋਂ ਸਮੁੱਚੀ
ਮਾਨਵਤਾ ਲਈ ਖਤਰਨਾਕ ਹੋਵੇਗਾ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ
ਖੁਦਕੁਸ਼ੀਆਂ ਕਰ ਰਿਹਾ ਹੈ, ਸਿੱਖ ਕਿਸਾਨਾ ਨੂੰ ਮੋਦੀ ਗੁਜਰਾਤ ਵਿੱਚੋਂ ਉਜਾੜ ਰਿਹਾ ਹੈ ਪਰ
ਬਾਦਲਕੇ ਪੰਥ ਤੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਬਾਰੇ ਕੋਈ ਜਵਾਬ ਨਹੀਂ ਦੇ ਰਹੇ। ਇਸ ਮੌਕੇ
'ਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਭਾਈ ਕੁਲਵੰਤ ਸਿੰਘ ਜਾਮਾਰਾਏ ਦੀਆਂ ਦੋਵਾਂ
ਬੇਟੀਆਂ ਨੂੰ ਧਾਰਮਿਕ ਤਸਵੀਰ ਤੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਸ੍ਰ: ਬਲਵਿੰਦਰ ਸਿੰਘ ਝਬਾਲ ਨੇ ਭਾਈ ਕੁਲਵੰਤ ਸਿੰਘ
ਜਾਮਾਰਾਏ ਵੱਲੋਂ ਕੀਤੇ ਕੰਮਾਂ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਬੜੀ ਦਲੇਰੀ ਨਾਲ
ਖਾਲੜਾ ਕੇਸ ਵਿੱਚ ਗਵਾਹੀ ਦਿੱਤੀ। ਭਾਈ ਜੋਗਿੰਦਰ ਸਿੰਘ ਫੌਜੀ, ਹਰਮਨਦੀਪ ਸਿੰਘ ਸਰਹਾਲੀ,
ਬਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ 'ਤੇ ਹੋਰਨਾਂ ਤੋਂ ਬਿਨ੍ਹਾਂ ਸਰਵਨ ਸਿੰਘ
ਸਰਪੰਚ ਭੈਲ, ਮਾਸਟਰ ਤਾਰਾ ਸਿੰਘ, ਗੁਰਪ੍ਰੀਤ ਸਿੰਘ ਖਾਨ, ਚਮਨ ਲਾਲ ਤਰਨ ਤਾਰਨ, ਬਾਬਾ
ਦਰਸ਼ਨ ਸਿੰਘ, ਦਲੇਰ ਸਿੰਘ, ਲਖਬੀਰ ਸਿੰਘ, ਮੁਖਤਾਰ ਸਿੰਘ ਪੰਜਵੜ, ਇਕਬਾਲ ਸਿੰਘ ਸ਼ਾਹ
ਗੰਢੀਵਿੰਡ, ਅਵਤਾਰ ਸਿੰਘ ਪ੍ਰਧਾਨ ਆਦਿ ਹਾਜਰ ਸਨ। ਆਖਿਰ ਵਿੱਚ ਸਾਬਕਾ ਸਰਪੰਚ ਤੇ ਰਿਟਾਇਡ
ਡੀ.ਐੱਸ.ਪੀ. ਕੁਲਦੀਪ ਸਿੰਘ ਨੇ ਸਟੇਜ ਦੀ ਕਾਰਵਾਈ ਚਲਾਈ ਅਤੇ ਆਈ ਹੋਈ ਸੰਗਤ ਧੰਨਵਾਦ ਕੀਤਾ।