Share on Facebook

Main News Page

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਚੋਣ ਮਨੋਰਥ ਪੱਤਰ : ਲੜੀ-2
ਇੰਦਰਾਕੇ, ਮੋਦੀਕੇ ਅਤੇ ਬਾਦਲਕੇ ਹਰਾਓ
-: ਦਲਬੀਰ ਸਿੰਘ ਪੱਤਰਕਾਰ
ਮੋਬਾ: 99145-71713

ਜਲੰਧਰ, 4 ਅਪ੍ਰੈਲ : ਮੋਦੀ ਦੀ ਜਨਤਕ ਗੰਢਤੁਪ ਭਾਵੇਂ ਪ੍ਰਕਾਸ਼ ਸਿੰਘ ਬਾਦਲ ਨਾਲ ਦਿਖਾਈ ਜਾਂਦੀ ਹੈ, ਪਰ ਅਸਲੀ ਪੀਡੀਆਂ ਗੰਢਾਂ ਨਰਿੰਦਰ ਮੋਦੀ ਦੀਆਂ ਸੁਖਬੀਰ ਸਿੰਘ ਬਾਦਲ ਨਾਲ ਹਨ। ਇਹ ਗੰਢਾਂ ਅਸਲ ਵਿਚ ਖਰਬਾਂਪਤੀ ਅਨਿਲ ਅੰਬਾਨੀ ਅਤੇ ਉਸ ਦੇ ਭਾਈਚਾਰੇ ਨੇ ਦਿੱਤੀਆਂ ਹਨ।

ਪੰਜਾਬ ਦੇ ਸਮੂਹ ਵੀਰਾਂ ਭੈਣਾਂ ਨੂੰ ਪਤਾ ਹੈ ਕਿ ਪਿਛਲੇ ਦਿਨੀਂ ਪੰਜਾਬ ਦੀ ਕੱਚੀ ਜਿਹੀ ਵਧਦੀ-ਫੁੱਲਦੀ ਰਾਜਧਾਨੀ ਮੁਹਾਲੀ ਵਿਖੇ ਭਾਰਤ ਦੇ ਵੱਡੇ ਖਰਬਾਂਪਤੀ ਸੁਖਬੀਰ ਬਾਦਲ ਦੇ ਸੱਦੇ ਉਤੇ ਆਏ ਸਨ। ਬਾਦਲ ਦੇ ਮੂੰਹ ਜ਼ੋਰ ਬੇਟੇ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਬਹੁਤ ਵਡਿਆਇਆ ਸੀ ਅਤੇ ਉਨ੍ਹਾਂ ਨੇ ਛੋਟੇ ਬਾਦਲ ਨੂੰ ਪੰਜਾਬ ਦੀ ਆਰਥਿਕ ਉਨਤੀ ਦਾ ਹੀਰੋ ਦੱਸਿਆ ਸੀ। ਨਿੱਕੇ-ਵੱਡੇ ਸਮਝੌਤੇ ਵੀ ਹੋਏ ਸਨ। ਗੁਜਰਾਤ ਵਿਖੇ ਮੋਦੀ ਵੱਲੋਂ ‘‘ਉੱਨਤੀ’’ ਦੀ ਰੂਪਰੇਖਾ ਪੰਜਾਬ ਵਿੱਚ ਵੀ ਲਾਗੂ ਕੀਤੇ ਜਾਣ ਦੀ ਨੀਂਹ ਰੱਖੀ ਗਈ ਪ੍ਰਸਿੱਧ ਹੋਈ ਸੀ।

ਪਾਰਲੀਮੈਂਟ ਦੀ ਇਸ ਚੋਣ ਵਿਚ ਜੇ ਪੰਜਾਬ ਅੰਦਰ ਬਾਦਲਕਿਆਂ ਦੀ ਜਿੱਤ ਹੁੰਦੀ ਹੈ ਤਾਂ ਮੋਦੀ ਵਾਂਗ ਇਥੇ ਵੀ ਭਾਰਤ ਦੇ ਆਰਥਿਕ ਢਾਂਚੇ ਦੀ ਸਿਖਰਲੇ ਮਾਲਕਾਂ ਦੇ ਅਸੀਂ ਪੰਜਾਬੀ ਗੁਲਾਮ ਹੋ ਕੇ ਰਹਿ ਜਾਵਾਂਗੇ। ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਸ੍ਰ. ਕੁਲਦੀਪ ਸਿੰਘ ਹੁਰਾਂ, ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਉਤੇ, ਚੰਡੀਗੜ ਅਤੇ ਉਸ ਦੇ ਇਰਦ-ਗਿਰਦ ਦੇ ਪੰਜਾਬੀ ਇਲਾਕਿਆਂ ਵਿਚ ਰਾਜਨੀਤਿਕ ਆਗੂਆਂ, ਨੌਕਰਸ਼ਾਹੀ ਅਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਮਿਲੀ-ਭੁਗਤ ਕਾਰਨ ਵੱਡੀ ਪੱਧਰ ਉਤੇ ਸਰਕਾਰੀ, ਅਰਧ ਸਰਕਾਰੀ, ਪੰਚਾਇਤੀ ਅਤੇ ਜੰਗਲਾਤੀ ਜ਼ਮੀਨਾਂ ਦੀ, ਕਾਨੂੰਨਾਂ ਦੀ ਉਲੰਘਣਾ ਕਰਕੇ ਕੀਤੀ ਗਈ ਲੁੱਟ ਸਬੰਧੀ ਪੂਰੇ ਵਿਸਥਾਰ ਨਾਲ ਇਕ ਰਿਪੋਰਟ ਪੇਸ਼ ਕੀਤੀ ਸੀ। ਇਸ ਦੇ ਅੰਤ ਵਿਚ ਉਨ੍ਹਾਂ ਸਿਫਾਰਸ਼ ਕੀਤੀ ਸੀ ਕਿ ਇਸ ਕਿਸਮ ਦੀ ਲੁੱਟ-ਖਸੁੱਟ ਲਗਪਗ ਸਾਰੇ ਪੰਜਾਬ ਵਿਚ ਹੋਈ ਹੈ। ਹਾਈ ਕੋਰਟ ਨੂੰ ਚਾਹੀਦਾ ਹੈ ਕਿ ਉਹ ਹੁਕਮ ਦੇ ਕੇ ਇਸ ਦੀ ਪੜਤਾਲ ਕਰਵਾਵੇ। ਅਜੇ ਤਾਈਂ ਇਸ ਸਬੰਧੀ ਬਹੁਤੀ ਪ੍ਰਗਤੀ ਨਹੀਂ ਹੋਈ। ਕਈ ਸਾਲ ਪਹਿਲਾਂ ਕਾਂਗਰਸੀਆਂ, ਅਕਾਲੀਆਂ, ਭਾਜਪਾਈਆਂ ਅਤੇ ਕੁਝ ਖੱਬੇਪੱਖੀਆਂ ਨੇ ਮਿਲ ਕੇ ਚੰਡੀਗੜ ਦੇ ਗਿਰਦ ਸਸਤੇ ਭਾਅ ਅਤੇ ਕਾਨੂੰਨ ਦੀ ਉਲੰਘਣਾ ਕਰਕੇ ਘਰ ਬਣਾਉਣ ਲਈ ਜ਼ਮੀਨਾਂ ਦੀ ਪ੍ਰਾਪਤ ਕੀਤੀ ਸੀ। ਖਰਬਾਂਪਤੀਆਂ ਟਾਟਿਆਂ ਕੋਲ ਉਸ ਨੂੰ ਵੇਚ ਕੇ ਇਨ੍ਹਾਂ ਬੇਸ਼ਰਮ ਲੋਕਾਂ ਨੇ ਵੱਡੇ ਮੁਨਾਫੇ ਵੀ ਕਮਾਏ ਅਤੇ ਆਪਣੇ ਲਈ ਬਹੁਤ ਵੱਡੇ-ਵੱਡੇ ਘਰਾਂ ਦੀ ਮੁਫਤ ਵਿਚ ਉਸਾਰੀ ਕਰਵਾਉਣ ਦੇ ਸਮਝੌਤੇ ਕੀਤੇ।

ਇਹ ਭ੍ਰਿਸ਼ਟਾਚਾਰ ਦੀ ਸਿਖਰ ਸੀ। ਇਸ ਤੋਂ ਅੱਗੇ ਵਧ ਕੇ ਸਾਰੇ ਪੰਜਾਬ ਵਿਚ, ਜਿੱਥੇ ਲੋਹੇ, ਕੋਲੇ ਆਦਿ ਦੀ ਹੋਂਦ ਨਹੀਂ ਹੈ ਉਥੇ ਵੀ ਰੇਤ, ਬੱਜਰੀ, ਰੁੱਖ, ਪਾਣੀ, ਪ੍ਰਾਪਰਟੀ ਡੀਲਰਾਂ ਰਾਹੀਂ ਅਨੇਕ ਘਪਲੇ ਆਦਿ ਕਰਕੇ ਵੱਡੇ ਧਨ ਦੇ ਅੰਬਾਰ ਹਥਿਆਏ। ਇਸ ਲੁੱਟ ਉਤੇ ਪਰਦਾ ਪਾਉਣਾ ਤਾਂ ਔਖਾ ਸੀ, ਪਰ ਜਨਤਕ ਵਿਰੋਧ ਨੂੰ ਠੱਲ• ਪਾਉਣ ਲਈ ਸੁਖਬੀਰ ਬਾਦਲ ਨੇ ਆਪਣੇ ਸਾਲਾ ਸਾਹਿਬ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਉਭਰਦੀ ਜਵਾਨੀ ਨੂੰ ‘ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ’ ਦੇ ਨਾਂਅ ਉਤੇ ਲਾਮਬੰਦ ਕਰਨ ਦਾ ਜ਼ਿੰਮਾ ਸੌਂਪ ਦਿਤਾ। ਇਨ੍ਹਾਂ ਅੱਲੜ ਜਵਾਨਾਂ ਨੂੰ ਹਰ ਕਿਸਮ ਦੀ ਬਦਮਾਸ਼ੀ, ਤਸਕਰੀ ਅਤੇ ਥਾਂ-ਥਾਂ ਸਮਾਜਿਕ, ਕਾਨੂੰਨੀ ਕਿਰਿਆਵਾਂ ਦੀ ਉਲੰਘਣਾ ਕਰਨ ਦੀ ਖੁੱਲੀ ਛੁੱਟੀ ਦੇ ਦਿੱਤੀ। ਸਿੱਟੇ ਵਜੋਂ ਸਮੱਗਲਿੰਗ ਤੇ ਨਸ਼ਿਆਂ ਦਾ ਰੋਗ ਸਾਰੇ ਪੰਜਾਬ ਵਿਚ ਵੱਡੀ ਪੱਧਰ ਉਤੇ ਫੈਲ ਗਿਆ। ‘‘ਮਲਾਈ ਵਰਗੀਆਂ ਸੜਕਾਂ’’ ਦੀ ਉਸਾਰੀ ਦੇ ਸੁਖਦੇਵ ਸਿੰਘ ਢੀਂਡਸਾ ਦੇ ਵਜ਼ੀਰ ਬੇਟੇ ਵੱਲੋਂ ਮਾਰੇ ਗਏ ਦਮਗਜੇ ਅੱਜ ਸਭ ਲੋਕਾਂ ਦੇ ਸਾਹਮਣੇ ਹਨ। ਕਿਸਾਨੀ ਭਾਈਚਾਰੇ ਨੂੰ ਆੜਤੀਆਂ ਹੱਥੋਂ ਖੁੱਲੀ ਲੁੱਟ ਦਾ ਸ਼ਿਕਾਰ ਕਰਵਾ ਕੇ ਵੱਡੀ ਪੱਧਰ ਉਤੇ ਉਨ੍ਹਾਂ ਨੂੰ ਖੁਦਕੁਸ਼ੀਆਂ ਦੇ ਰਾਹ ਪਾਇਆ ਗਿਆ। ਅੱਜ ਪੰਜਾਬ ਦਾ ਹਰ ਕਿਸਾਨ ਤੇ ਕਿਰਤੀ ਲੱਖਾਂ-ਲੱਖਾਂ ਦਾ ਕਰਜਾਈ ਹੈ। ਵਿਦਿਆ ਜੋ ਮਨੁੱਖੀ ਉੱਨਤੀ ਦਾ ਇਕ ਮੁਢਲਾ ਸਾਧਨ ਹੈ, ਅੱਜ ਸਮੁਚੇ ਪੰਜਾਬ ਵਿਚ ਪੂਰੀ ਤਰ੍ਹਾਂ ਨਿੱਘਰੀ ਪਈ ਹੈ। ਸਿਹਤ ਸਹੂਲਤਾਂ ਦਾ ਪਿੰਡਾਂ ਵਿਚ ਲਗਭਗ ਦੀਵਾਲਾ ਹੀ ਨਿਕਲਿਆ ਹੋਇਆ ਹੈ। ਪ੍ਰਦੂਸ਼ਣ ਤੇ ਉਸ ਤੋਂ ਉਪਜੇ ਰੋਗ, ਖਾਸਕਰ ਕੈਂਸਰ, ਕਾਰਨ ਸਾਰੇ ਪੰਜਾਬ ਵਿਚ ਹਾਹਾਕਾਰ ਮਚੀ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਦੂਸ਼ਣ ਨੂੰ ਠੱਲ ਪਾਉਣ ਦੀਆਂ ਬੜਕਾਂ ਹਵਾ ਵਿਚ ਉਡ ਗਈਆਂ ਹਨ।

ਇਸ ਪਿਛੋਕੜ ਵਿਚ ਸੁਖਬੀਰ ਬਾਦਲ ਦੀ ਮੋਦੀ ਅਤੇ ਅੰਬਾਨੀ ਆਦਿ ਕਿਆਂ ਨਾਲ ਪਈਆਂ ਗੰਢਾਂ ਪੰਜਾਬ ਨੂੰ ਕਿਸ ਹਨੇਰੀ ਗੁਫਾ ਵਿਚ ਸੁੱਟਣਗੀਆਂ, ਇਹ ਅੰਦਾਜਾ ਲਾਉਣਾ ਬੜਾ ਔਖਾ ਹੈ। ਪਰ ਇਹ ਗੱਲ ਪੱਕੀ ਹੈ ਕਿ ਸੁਖਬੀਰ ਬਾਦਲ-ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੀਆਂ ਨਿੱਕੀਆਂ-ਵੱਡੀਆਂ ਜੁੰਡਲੀਆਂ ਬੜੀ ਤੇਜ਼ੀ ਨਾਲ ਮਾਇਆ ਤੇ ਚੌਧਰ ਦੇ ਭੰਡਾਰਾਂ ਉਤੇ ਛਾ ਜਾਣਗੀਆਂ। ਅਜੋਕੀਆਂ ਪਾਰਲੀਮਾਨੀ ਚੋਣਾਂ ਵਿਚ ਇਹ ਹੈ ਇਨ੍ਹਾਂ ਨਵੇਂ ਰਿਸ਼ਤਿਆਂ ਦੀ ਸੇਧ, ਜੋ ਪੰਜਾਬੀ ਵਾਰਸਾਂ ਅਤੇ ਵੋਟਰਾਂ ਦੇ ਗਲਾਂ ਵਿਚ ਇਕ ਫਾਹੀ ਸਾਬਿਤ ਹੋਣਗੀਆਂ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਪੰਜਾਬ ਅੰਦਰ ‘‘ਸੁਰੱਖਿਆ ਏਜੰਸੀਆਂ’’ ਅਤੇ ਪੰਜਾਬ ਪੁਲਿਸ ਵੱਲੋਂ ਮਾਰੇ ਗਏ 25 ਹਜ਼ਾਰ ਨਿਰਦੋਸ਼ ਮਨੁੱਖਾਂ ਦੀਆਂ ਅਣਪਛਾਤੀਆਂ ਲਾਸ਼ਾਂ ਦੀ ਭਾਲ ਕੀਤੀ ਸੀ, ਉਨ੍ਹਾਂ ਦੀ ਮਾਨਸਿਕ ਦਲੇਰੀ ਤੋਂ ਅਗਵਾਈ ਲੈ ਕੇ ਅਸੀਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਸਮੂਹ ਪੰਜਾਬੀ ਵੀਰਾਂ ਤੇ ਭੈਣਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ‘ਇੰਦਰਾਕਿਆਂ, ਮੋਦੀਕਿਆਂ, ਅਤੇ ਬਾਦਲਕਿਆਂ’ ਨੂੰ ਪੰਜਾਬ ਦੀ ਰਾਜਨੀਤੀ ਵਿਚੋਂ ਪੂਰਨ ਰੂਪ ਵਿਚ ਉਖਾੜ ਦਿਓ।

ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਸਭ ਤੋਂ ਪਹਿਲਾਂ ਅਸੀਂ ਚਾਰ ਬੀਬੀਆਂ ਨੂੰ ਹਰਾਉਣ ਦੀ ਗੱਲ ਕਰਦੇ ਹਾਂ। ਤੁਸੀਂ ਭਾਵੇਂ ਹੈਰਾਨ ਹੋਵੋਗੇ, ਪਰ ਅਸੀਂ ਪੂਰੀ ਦ੍ਰਿੜਤਾ ਅਤੇ ਸ਼ੁੱਧ ਹਿਰਦੇ ਨਾਲ ਇਹ ਕਹਿੰਦੇ ਹਾਂ ਕਿ ਅਸੀਂ ਇਸਤਰੀ ਜਾਤੀ ਨੂੰ ਆਪਣੇ ਹਿਰਦਿਆਂ ਵਿਚ ਬਹੁਤ ਉੱਚਾ ਸਨਮਾਨ ਦਿੰਦੇ ਹਾਂ। ਫਿਰ ਚਾਰ ਬੀਬੀਆਂ ਕੌਣ ਤੇ ਕਿਉਂ ਹਰਾਈਆਂ ਜਾਣ?

ਪਹਿਲੀ ਗੱਲ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਤੋਂ ਕਾਂਗਰਸੀ ਉਮੀਦਵਾਰ ਬੀਬੀ ਅੰਬਿਕਾ ਸੋਨੀ ਨੂੰ ਹਰਾਉਣ ਦੀ ਗੱਲ ਛੇੜਦੇ ਹਾਂ। ਇਹ ਬੀਬੀ ਜੀ ਇੰਦਰਾ ਗਾਂਧੀ ਦੇ ਰਾਜਭਾਗ ਸਮੇਂ ਉਨ੍ਹਾਂ ਦੇ ਵੱਡੇ ਬੇਟੇ ਸੰਜੇ ਗਾਂਧੀ ਦੇ ਪਹਿਰੇਦਾਰ ਸਨ ਅਤੇ ਉਦੋਂ ਤੋਂ ਲੈ ਕੇ ਅੱਜ ਤਾਈਂ ਉਸੇ ਪਰਿਵਾਰ ਭਾਵ ਸੋਨੀਆ ਗਾਂਧੀ ਦੇ ਰਸੋਈ ਪ੍ਰਬੰਧਕਾਂ ਵਿਚ ਪ੍ਰਮੁੱਖ ਹਨ। ਭਾਵੇਂ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਤਾਂ ਸੀ, ਪਰ ਉਸ ਦੇ ਰਾਜਪ੍ਰਬੰਧ ਦਾ ਲਗਭਗ ਪੂਰਾ ਕੰਟਰੋਲ ਸੰਜੇ ਗਾਂਧੀ ਨੇ ਸਾਂਭਿਆ ਹੋਇਆ ਸੀ। ਉਨੀਂ ਦਿਨੀਂ ਭਾਰਤ ਦੇ ਧਨ ਕੁਬੇਰ ਜਦ ਅਟੈਚੀਕੇਸਾਂ ਵਿਚ ਧਨ ਭਰ ਕੇ, ਸੰਜੇ ਗਾਂਧੀ ਨੂੰ ਪੇਸ਼ ਕਰਨ ਆਉਂਦੇ ਸਨ ਤਾਂ ਉਸ ਪਾਸ ਉਨ੍ਹਾਂ ਨਾਲ ਗੱਲ ਕਰਨ ਦਾ ਸਮਾਂ ਵੀ ਨਹੀਂ ਸੀ ਹੁੰਦਾ। ਪਰ ਅਹਿਲਕਾਰ ਏਨਾ ਹੀ ਕਹਿ ਦੇਂਦੇ ਸਨ ਕਿ ‘ਆਪਣੇ ਤੋਹਫੇ ਉਤੇ ਚਿੱਟ ਲਾ ਕੇ ਉੱਥੇ ਰੱਖ ਦਿਓ’। ਮਗਰੋਂ ਬਦਕਿਸਮਤੀ ਨਾਲ ਜਦ ਸੰਜੇ ਹੁਰਾਂ ਦਾ ਹਵਾਈ ਜਹਾਜ਼ ਡਿੱਗਾ ਤਾਂ ਉਨ੍ਹਾਂ ਦੀ ਮੌਤ ਹੋ ਗਈ ਤਾਂ ਅਖ਼ਬਾਰਾਂ ਵਿਚ ਇਹ ਖ਼ਬਰ ਬੜੇ ਜ਼ੋਰ ਨਾਲ ਛਪੀ ਕਿ ਇੰਦਰਾ ਗਾਂਧੀ ਸੰਜੇ ਦੇ ਸੇਫ ਦੀਆਂ ਚਾਬੀਆਂ ਲੱਭਣ ਲਈ ਬੜੀ ਚਿੰਤਤ ਸੀ। ਥੋੜਾ ਸਮਾਂ ਮਗਰੋਂ ਇਹ ਵੀ ਖ਼ਬਰਾਂ ਛਪੀਆਂ ਕਿ ਦਿੱਲੀ ਦੇ ਭਾਰਤੀ ਸਟੇਟ ਬੈਂਕ ਵਿਚ ਮਾਇਆ ਦੇ ਵੱਡੇ-ਵੱਡੇ ਟਰੰਕ ਵੇਖੇ ਗਏ ਹਨ।

ਇਕ ਦਿਲਚਸਪ ਘਟਨਾ ਮੈਂ ਆਪਣੀ ਅੱਖੀਂ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਖੇ ਵੇਖੀ। ਗਿਆਨੀ ਜੈਲ ਸਿੰਘ ਨੇ ਸੰਜੇ ਗਾਂਧੀ ਦੇ ਬੂਟ ਫੜ ਕੇ ਆਪਣੇ ਰੁਮਾਲ ਨਾਲ ਸਾਫ ਕਰਕੇ ਇਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਰੱਖੇ। ਇਸ ਵਰਤਾਰੇ ਨੂੰ ਇਥੇ ਹੀ ਛੱਡਦਿਆਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਸ੍ਰੀਮਤੀ ਅੰਬਿਕਾ ਸੋਨੀ ਨੂੰ ਕਿਉਂ ਵੋਟ ਪਾਈ ਜਾਏ? ਆਓ ਅੱਗੇ ਵੇਖੀਏ :- ਮਹਾਨ ਸ਼ਹੀਦ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਿਛੋੜੇ ਪਿਛੋਂ ਖਾਲਸਾ ਪੰਥ ਦੇ ਸਿਰਜਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਤੀ ਦੇ ਉਸ ਅਸਥਾਨ ਉਤੇ ਮੋਹੜੀ ਗੱਡੀ ਸੀ ਜਿੱਥੇ ਅੱਜ ਸ੍ਰੀ ਕੇਸਗੜ• ਸਾਹਿਬ ਦਾ ਮਹਾਨ ਗੁਰਅਸਥਾਨ ਸਥਾਪਤ ਹੈ। ਇਥੇ ਹੀ ਪੰਜ ਸ਼ੁੱਧ ਹਿਰਦੇ, ਅਣਖ ਅਤੇ ਸਿਰੜ ਦੇ ਮਾਲਕ ਭਾਰਤੀ ਸਪੂਤਾਂ ਨੇ ਸੱਚੀ ਵਿਚਾਰਧਾਰਾ ਉਤੇ ਪਹਿਰਾ ਦੇਣ ਲਈ ਸਿਰਾਂ ਦੀ ਭੇਟਾ ਕੀਤੀ ਸੀ। ਜਿਸ ਆਦਰਸ਼ ਨੂੰ ਲੈ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਕੋਲੋਂ ਆਪ ਅੰਮ੍ਰਿਤ ਪਾਨ ਕੀਤਾ ਸੀ। ਸਿੱਧ ਇਹ ਕੀਤਾ ਸੀ ਕਿ ਸੱਚੇ-ਸੁੱਚੇ ਸਿੰਘ ਗੁਰੂ ਨਾਲੋਂ ਇਕ ਵਿਸਵਾ ਵੱਧ ਹਨ। ਸ਼ਾਇਦ ਅਰਵਿੰਦ ਕੇਜਰੀਵਾਲ ਜਦ ਆਮ ਲੋਕਾਂ ਨੂੰ ਵਡਿਆਉਂਦਾ ਹੈ ਤਾਂ ਗੁਰੂ ਜੀ ਦਾ ਇਹ ਸੁਨੇਹਾ ਉਨ੍ਹਾਂ ਦੇ ਸਾਹਮਣੇ ਹੋਵੇਗਾ, ਕਿਉਂਕਿ ਹਰਿਆਣਾ ਤਾਂ ਪੰਜਾਬ ਦਾ ਹਿੱਸਾ ਹੀ ਸੀ। ਕਥਾ ਬਹੁਤ ਲੰਬੀ ਹੈ, ਗੱਲ ਇਥੇ ਹੀ ਮੁੱਕਦੀ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਵੋਟਰੋ ਇਸ ਬੀਬੀ ਦੀ ਜਮਾਨਤ ਆਪਣੇ ਕੋਲ ਰੱਖ ਕੇ ਸ੍ਰੀ ਕੇਸਗੜ• ਸਾਹਿਬ ਦੀ ਭੇਟ ਕਰ ਦਿਓ। ਪਰ ਆਨੰਦਪੁਰ ਸਾਹਿਬ ਤੋਂ ਦਿੱਲੀ ਦੀ ਵਾਪਸੀ ਦਾ ਰੇਲ ਕਿਰਾਇਆ ਉਨ੍ਹਾਂ ਨੂੰ ਜ਼ਰੂਰ ਦੇ ਦੇਣਾ। ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ ਜੀ ਨੂੰ ਇਹ ਸੁਨੇਹਾ ਦੇਣਾ ਜ਼ਰੂਰੀ ਹੈ।

ਹੁਣ ਗੱਲ ਕਰਦੇ ਹਾਂ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ‘ਮਹਾਰਾਣੀ’ ਪ੍ਰਨੀਤ ਕੌਰ ਜੀ ਦੀ। ਮਹਾਰਾਣੀ ਜੀ ਸੁਭਾਅ ਦੇ ਬਹੁਤ ਵਧੀਆ ਹਨ। ਨਿੱਜ ਪੱਖੋਂ ਸਾਡੇ ਵੱਲੋਂ ਉਨ੍ਹਾਂ ਉਤੇ ਕੋਈ ਉਂਗਲੀ ਚੁੱਕਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਪਰ ਪਟਿਆਲਾ ਦੇ ਵੋਟਰਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਉਹ ਅੰਬਿਕਾ ਸੋਨੀ ਵਾਂਗ ਜਿਸ ਕਾਂਗਰਸ ਪਾਰਟੀ ਦੇ ਵਰਕਰ ਹਨ, ਉਸ ਨੇ ਸਾਕਾ ਨੀਲਾ ਤਾਰਾ ਸਮੇਂ ਪੰਜਾਬ ਦਾ ਜੋ ਵਿਨਾਸ਼ ਕੀਤਾ ਅਤੇ ਉਸ ਤੋਂ ਅੱਗੇ ਦਿੱਲੀ ਵਿਖੇ 1984 ਦੇ ਅੰਤ ਵਿੱਚ ਜੋ ਕਤਲੇਆਮ ਕਰਵਾਇਆ ਉਸ ਪਿਛੋਕੜ ਵਿਚ ਭਾਰਤ ਦੀ ਪਾਰਲੀਮੈਂਟ ਵਿੱਚ ਉਹ ਪੰਜਾਬ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ। ਉਨ੍ਹਾਂ ਦੇ ਪਤੀ ‘ਮਹਾਰਾਜਾ’ ਅਮਰਿੰਦਰ ਸਿੰਘ ਹੁਰਾਂ ਨੇ ਅੰਮ੍ਰਿਤਸਰ ਸਾਹਿਬ ਦੇ ਹਲਕੇ ਤੋਂ ਇਸ ਲਈ ਕਾਮਯਾਬ ਹੋ ਜਾਣਾ ਹੈ ਕਿ ਉਥੋਂ ਭਾਰਤ ਦੇ ਮੋਦੀ ਨੰਬਰ ਦੋ ਅਰੁਣ ਜੇਤਲੀ ਨੂੰ ਹਰਾਉਣਾ ਜ਼ਰੂਰੀ ਹੈ। ਜੇ ਅੰਮ੍ਰਿਤਸਰ ਦੇ ਵੋਟਰ ਅਜਿਹਾ ਨਾ ਕਰਨ ਤਾਂ ਸਾਡੇ ਵਰਗੇ ਅਨੇਕ ਲੋਕਾਂ ਦਾ, ਬੀਬੀ ਜੀਓ ਮੂੰਹ ਕਾਲਾ ਹੁੰਦਾ ਹੈ। ਇਹ ਗੱਲ ਠੀਕ ਹੈ ਕਿ ਜੇ ‘ਮਹਾਰਾਜਾ’ ਸਾਹਿਬ ਕਾਂਗਰਸੀ ਲੀਡਰ ਬਣ ਕੇ ਉਥੋਂ ਚੋਣ ਲੜਦੇ ਅਤੇ ਮੁਕਾਬਲੇ ਉਤੇ ਕੋਈ ਸਾਧਾਰਨ ਜਿਹਾ ਪੁਰਸ਼ ਵੀ ਖੜਾ ਹੁੰਦਾ ਤਾਂ ਅਮਰਿੰਦਰ ਸਿੰਘ ਹੁਰਾਂ ਨੂੰ ਆਰਾਮ ਨਾਲ ਹਰਾ ਦੇਣਾ ਜ਼ਰੂਰੀ ਸੀ। ਆਪ ਜੀ ਦੋਵਾਂ ਪਤੀ-ਪਤਨੀ ਦਾ ਸਤਿਕਾਰ ਕਰਦੇ ਹੋਏ ਸਾਡੀ ਇਹ ਬੇਨਤੀ ਹੈ ਕਿ ਉਪਰੋਕਤ ‘ਮਹਾਰਾਜਾ’ ਅਤੇ ‘ਮਹਾਰਾਣੀ’ ਦਾ ਚੱਕਰ ਵਿਚੋਂ ਨਿਕਲੋ 21ਵੀਂ ਸਦੀ ਦੇ ਇਸ ਵਿਗਿਆਨਕ ਯੁਗ ਵਿਚ ਹੁਣ ਇਹ ਲਕਬ ਨਹੀਂ ਚੱਲਣੇ। ਸਾਨੂੰ ਇਸ ਗੱਲ ਦੀ ਪੂਰੀ ਆਸ ਹੈ ਕਿ ਆਪ ਜੀ ਪਟਿਆਲਾ ਹਲਕੇ ਤੋਂ ਮਾਤ ਖਾ ਜਾਓਗੇ।

ਆਪਣੇ ਚੋਣ ਮਨੋਰਥ ਪੱਤਰ ਵਿਚ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਹਲਕਾ ਬਠਿੰਡੇ ਤੋਂ ਬੀਬੀ ਹਰਸਿਮਰਤ ਕੌਰ ਸੁਪਤਨੀ ਪੰਜਾਬ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਨੂੰਹ ਰਾਣੀ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੂੰ ਸਤਿਕਾਰ ਨਾਲ ਸੰਬੋਧਨ ਹੁੰਦੇ ਹੋਏ, ਬੇਨਤੀ ਕਰਦੇ ਹਾਂ ਕਿ ਬੀਬੀ ਜੀ ਤੁਸੀਂ ਭਾਰਤੀ ਪਾਰਲੀਮੈਂਟ ਵਿਚ ਸਮੇਂ-ਸਮੇਂ ਚੰਗੀਆਂ ਤਕਰੀਰਾਂ ਤੇ ਚੰਗਾ ਯੋਗਦਾਨ ਤਾਂ ਪਾਇਆ ਹੈ ਪਰ ਤੁਹਾਡੇ ਉਪਰੋਕਤ ਦੋਹਾਂ ਮਹਾਂਬਲੀਆਂ ਨੇ ਪੰਜਾਬੀਆਂ ਨੂੰ ਜਿੰਨਾ ਲੁੱਟਿਆਂ ਤੇ ਕੁੱਟਿਆ ਉਸ ਦਾ ਲੇਖਾ-ਜੋਖਾ ਅਸੀਂ ਵੱਡੀ ਪੱਧਰ ਉਤੇ ਆਉਣ ਵਾਲੇ ਸਮੇਂ ਵਿਚ ਕਰਦੇ ਰਹਾਂਗੇ। ਤੁਹਾਡੇ ਸਹੁਰਾ ਸਾਹਿਬ ਭਾਰਤ ਦੀ ਉਸ ਫੌਜ ਦੀ ਲਗਾਮ ਫੜ ਕੇ ਲਿਆਏ ਸਨ, ਜਿਸ ਨੇ ਇਥੋਂ ਦੇ ਉਚਤਮ ਧਾਰਮਿਕ ਤੇ ਸਭਿਆਚਾਰਕ ਅਸਥਾਨ ਦੇ ਪਰਖਚੇ ਉਡਾਏ ਅਤੇ ਅਗਨ ਭੇਟ ਕੀਤਾ। ਇਹ ਫੌਜ ਭੇਜੀ ਸੀ ਕਾਂਗਰਸ ਮੁਖੀ ਇੰਦਰਾ ਗਾਂਧੀ ਨੇ। ਕਿੰਨਾ ਜਾਨੀ ਨੁਕਸਾਨ ਹੋਇਆ ਉਪਰੋਕਤ ਘਟਨਾਕ੍ਰਮ ਵਿਚ? ਇਸ ਦਾ ਅੱਜ ਤਾਈਂ ਕੋਈ ਹਿਸਾਬ ਨਹੀਂ।

ਤੁਹਾਨੂੰ ਵੀ ਪ੍ਰਤੀਤ ਹੁੰਦਾ ਹੋਵੇਗਾ ਕਿ ਭਾਰਤ ਦੀ ਸੁਪਰੀਮ ਕੋਰਟ ਅਤੇ ਪੰਜਾਬ ਦੇ ਹਾਈ ਕੋਰਟ ਜਿਹੀਆਂ ਵੱਡੀਆਂ ਅਦਾਲਤਾਂ ਜਿਨ੍ਹਾਂ ਨੂੰ ਅਸੀਂ ਬਹੁਤ ਸਤਿਕਾਰ ਦੇਂਦੇ ਹਾਂ, ਇਨ੍ਹਾਂ ਘਟਨਾਵਾਂ ਪ੍ਰਤੀ ਅੱਜ ਤਾਈਂ ਅੱਖਾਂ ਮੀਟੀ ਬੈਠੀਆਂ ਹਨ। ਇਨ੍ਹਾਂ ਅਦਾਲਤਾਂ ਦੀ ਬੇਸ਼ਰਮੀ ਦੀ ਹੱਦ ਇਹ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ਲੱਭੀਆਂ ਗਈਆਂ ‘ਅਣਪਛਾਤੀਆਂ ਲਾਸ਼ਾਂ’ ਦੇ ਦੋਸ਼ੀ ਲੱਭੇ ਜਾਣ ਮਗਰੋਂ ਵੀ ਇਹ ਫੈਸਲਾ ਸੁਣਾਇਆ ਗਿਆ ਕਿ ਦੋਸ਼ੀਆਂ ਉਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਮਨੁੱਖੀ ਇਤਿਹਾਸ ਦੇ ਇਨਸਾਫ ਪ੍ਰਤੀ ਚਰਚਾਵਾਂ ਵਿਚ ਸ਼ਾਇਦ ਇਹੋ ਜਿਹਾ ਇਨਸਾਫ ਪਾਠਕਾਂ ਨੂੰ ਕਦੇ ਵੀ ਨਹੀਂ ਲੱਭੇਗਾ। ਇਥੇ ਤੁਹਾਡੇ ਧਿਆਨ ਲਈ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਹੁਣੇ-ਹੁਣੇ ਸੁਪਰੀਮ ਕੋਰਟ ਵੱਲੋਂ ਰੱਦ ਕੀਤੀ ਗਈ ਫਾਂਸੀ ਦੀ ਸਜ਼ਾ ਦਾ ਸਵਾਗਤ ਤਾਂ ਇਹ ਕਹਿ ਕੇ ਕਰਨਾ ਪੈਂਦਾ ਹੈ ਕਿ ਅਰਵਿੰਦ ਕੇਜਰੀਵਾਲ ਜੀ ਤੁਸੀਂ ਆਪਣੀ ਦਿੱਲੀ ਦੀ ਵਜ਼ਾਰਤ ਵੱਲੋਂ ਇਸ ਫਾਂਸੀ ਦੀ ਸਜ਼ਾ ਦੀ ਮੁਆਫੀ ਤੇ ਸਿਫਾਰਸ਼ ਨਾ ਕਰਦੇ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰੋ. ਭੁੱਲਰ ਨੂੰ ‘ਅੱਤਵਾਦੀ’ ਗਰਦਾਨੇ ਜਾਣ ਕਰਕੇ ਉਨ੍ਹਾਂ ਦਾ ਜੀਵਨ ਕਦੇ ਵੀ ਨਹੀਂ ਸੀ ਬਚਣਾ। ਅਸੀਂ ਆਪਣੀ ਦਲੀਲ ਦੇ ਕੇ ਤੁਹਾਡੇ ਸੇਵਾ ਵਿਚ ਇਹ ਬੇਨਤੀ ਕਰਦੇ ਹਾਂ ਕਿ ਆਪਣਾ ਆਦਰ-ਮਾਣ ਸੰਭਾਲੋ ਅਤੇ ਬਠਿੰਡਾ ਪਾਰਲੀਮਾਨੀ ਸੀਟ ਤੋਂ ਚੋਣ ਲੜਨ ਤੋਂ ਨਾਂਹ ਕਰ ਦਿਓ। ਕਿਤੇ ਇਹ ਨਾ ਹੋਵੇ ਕਿ ਅਸੀਂ ਆਪਣੀ ਸਤਿਕਾਰਯੋਗ ਭੈਣ ਤੇ ਬੇਟੀ ਨੂੰ.........ਵੇਖੀਏ।

ਹੁਣ ਗੱਲ ਕਰਦੇ ਹਾਂ ਚੌਥੀ ਬੀਬੀ ਪਰਮਜੀਤ ਕੌਰ ਗੁਲਸ਼ਨ ਦੀ। ਆਪ ਜੀ ਬਹੁਤ ਹੀ ਸਤਿਕਾਰਯੋਗ ਪਿਤਾ ਦੀ ਬੇਟੀ ਅਤੇ ਦਲਿਤ ਭਾਈਚਾਰੇ ਦੀ ਜਾਣੀ-ਪਛਾਣੀ ਸ਼ਖਸੀਅਤ ਹਨ। ਇਸ ਭਾਈਚਾਰੇ ਦਾ ਸਤਿਕਾਰ ਸਾਡੇ ਸਦਾ ਸਿਰਮੱਥੇ ਰਿਹਾ ਹੈ ਅਤੇ ਰਹੇਗਾ। ਸਾਡੀ ਮੁਸ਼ਕਲ ਇਹ ਹੈ ਕਿ ਇਤਿਹਾਸ ਅੰਦਰ ਇਸ ਭਾਈਚਾਰੇ ਨੇ ਮਾਨਵਤਾ ਦੀ ਸੇਵਾ ਲਈ ਅਥਾਹ ਕੁਰਬਾਨੀਆਂ ਕੀਤੀਆਂ ਪਰ ਇਸ ਬੀਬੀ ਜੀ ਵੱਲੋਂ ਆਪਣੀ ਮੁੱਖ ਭੂਮਿਕਾ ਜਾਗੀਰਦਾਰ, ਲੁਟੇਰੇ ਤੇ ਬਦਨਾਮ ਬਾਦਲਕਿਆਂ ਨਾਲ ਨਿਭਾਈ ਹੈ। ਸਾਡਾ ਸਦਾ ਇਹ ਨਿਸ਼ਾਨਾ ਰਿਹਾ ਹੈ ਕਿ ਅਜੋਕੇ ਯੁਗ ਅੰਦਰ ਲੱਠਮਾਰਾਂ ਅਤੇ ਧੱਕੜਾਂ ਦਾ ਕੋਈ ਅਸਥਾਨ ਨਹੀਂ। ਅਣਖ ਦਾ ਜੀਵਨ ਹਰ ਮਨੁੱਖ ਦਾ ਮੁੱਢਲਾ ਹੱਕ ਹੈ। ਪਰ ਉਪਰੋਕਤ ਊਣਤਾਈ ਸਦਕਾ ਸਾਨੂੰ ਇਹ ਆਸ ਹੈ ਕਿ ਫਰੀਦਕੋਟ ਦੇ ਵੋਟਰ ਬੀਬੀ ਗੁਲਸ਼ਨ ਜੀ ਨੂੰ ਆਉਣ ਵਾਲੇ ਸਮੇਂ ਵਿਚ ਰਾਜਨੀਤਿਕ ਡਿਊਟੀ ਤੋਂ ਵਿਹਲਾ ਕਰ ਦੇਣਗੇ। ਇਹੀ ਸਾਡੀ ਸ਼ੁੱਭ ਇੱਛਾ ਹੈ।

ਚਰਚਾ ਬਹੁਤ ਲੰਬੀ ਹੋਣ ਕਰਕੇ ਗੱਲ ਭਾਵੇਂ ਅਧੂਰੀ ਹੈ ਕਿ ਪਰ ਬਾਕੀ ਕਥਾ ਅਸੀਂ ਆਪਣੀ ਤੀਜੀ ਲੜੀ ਉਤੇ ਛੱਡਦੇ ਹਾਂ।

ਸਰਪ੍ਰਸਤ ਪ੍ਰਧਾਨ
ਦਲਬੀਰ ਸਿੰਘ ਪੱਤਰਕਾਰ
ਹਰਮਨਦੀਪ ਸਿੰਘ
98151-41384


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top