Share on Facebook

Main News Page

ਬਠਿੰਡਾ ਦੀ ਜੰਗ ’ਚ ਕੀ ਰੰਗ ਲਾਵੇਗਾ ‘ਪਾਵੇ ਵਾਲਾ ਬਾਈ’ ਜੱਸੀ ਜਸਰਾਜ ?

ਮਲੋਟ (ਮਿੰਟੂ ਗੁਰੂਸਰੀਆ): ਅਕਸਰ ਗੀਤਾਂ-ਬੋਲੀਆਂ ’ਚ ਛਾਇਆ ਰਹਿਣ ਵਾਲਾ ਮਲਵਈ ਸ਼ਹਿਰ ਬਠਿੰਡਾ ਅੱਜਕੱਲ ਦੁਨੀਆਂ ਵਿਚ ਚੁੰਝ-ਚਰਚਾ ਬਣਿਆ ਹੋਇਆ ਹੈ। ਇਸ ਚਰਚਾ ਦਾ ਮੂਲ ਕਾਰਨ ਹੈ ਬਾਦਲ ਕੁਨਬੇ ਦੇ ਦੋ ਸਿਆਸੀ ਮਹਾਂਰਥੀਆਂ ਦਰਮਿਆਨ ਹੋ ਰਹੀ ਹੁਣ ਤੱਕ ਦੀ ਸਭ ਤੋਂ ਵੱਡੀ ਸਿਆਸੀ ਜੰਗ। ਇਸ ਜੰਗ ਦੇ ਇੱਕ ਮੋਰਚੇ ’ਤੇ ਹੈ ਅਕਾਲੀ ਦਲ ਦੀ ਰਵਾਇਤੀ ਸਿਆਸਤ ਦੇ ਸਿਧਾਤਾਂ ਤੋਂ ਬਾਗੀ ਹੋਏ ਪੀ ਪੀ ਪੀ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਅਤੇ ਦੂਜੇ ਮੋਰਚੇ ’ਤੇ ਉਨ੍ਹਾਂ ਦੀ ਭਰਜਾਈ ਬੀਬਾ ਹਰਸਿਮਰਤ ਕੌਰ ਬਾਦਲ। ਮੁਕਾਬਲਾ ਸਖਤ ਹੀ ਨਹੀਂ, ਸਿਆਸੀ ਵੱਕਾਰ ਦਾ ਸਵਾਲ ਵੀ ਹੈ। ਜਿੱਤ ਦਾ ਬੁੱਲਾ ਕਿਸ ਦੀਆਂ ਦਹਿਲੀਜ਼ਾਂ ਨੂੰ ਛੋਹੇਗਾ, ਇਸ ਸਮੇਂ ਦੀ ਗਰਭ ’ਚ ਛੁਪਿਆ ਹੈ।

ਪਰ ਮਨਪ੍ਰੀਤ ਬਾਦਲ ਨੂੰ ਕਾਂਗਰਸ, ਖੱਬੇ-ਪੱਖੀ ਦਲਾਂ ਅਤੇ ਹੋਰ ਪਾਰਟੀਆਂ ਵੱਲੋਂ ਮਿਲੀ ਹਮਾਇਤ ਨੇ ਓਸ ਬਾਦਲ ਪਰਵਾਰ ਦੀ ਨੀਂਦ ਉਡਾ ਰੱਖੀ ਹੈ, ਜਿਸ ਨੇ ਕਦੇ ‘ਪੱਛੜੇ’ ਵੱਜਦੇ ਬਠਿੰਡਾ ਸ਼ਹਿਰ ਨੂੰ ‘ਪੈਰਿਸ’ ਬਨਾਉਂਣ ਲਈ ਪੈਸਾ ਇਓਂ ਵਹਾਇਆ ਹੈ, ਜਿਵੇਂ ਬਠਿੰਡਾ ਦੀਆਂ ਝੀਲਾਂ ’ਚ ਪਾਣੀ ਵਹਿੰਦਾ ਹੈ।

ਹੁਣ ਇਸ ਟੱਕਰ ਨੂੰ ਤਿਕੋਣੀ ਬਨਾਉਂਣ ਲਈ ਆਮ ਆਦਮੀ ਪਾਰਟੀ ਨੇ ‘ਪਾਵੇ ਬਾਲੇ ਬਾਈ’ ਦੇ ਨਾਂਅ ਨਾਲ ਮਸ਼ਾਹੂਰ ਗਾਇਕ ਜੱਸੀ ਜਸਰਾਜ਼ ਨੂੰ ਮੈਦਾਨ ’ਚ ਉਤਾਰਣ ਦਾ ਐਲਾਨ ਕਰ ਦਿੱਤਾ ਹੈ। ਜੱਸੀ ਜਸਰਾਜ਼ ਬਠਿੰਡਾ ਲਈ ਠੀਕ ਓਵੇਂ ਹੀ ਨਵਾਂ ਹੈ, ਜਿਵੇਂ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜ਼ਰੀਵਾਲ ਭਾਰਤੀ ਸਿਆਸਤ ਲਈ ਨਵੇਂ ਚਿਹਰੇ ਸਨ। ਹਾਲਾਂਕਿ ‘ਬੜੀ ਦੇਰ ਕਰ ਦੀ ਮੇਹਰਬਾਂ ਆਤੇ ਆਤੇ’ ਦੀ ਤਰਜ਼ ’ਤੇ ਆਮ ਆਦਮੀ ਪਾਰਟੀ ਨੇ ਬਠਿੰਡਾ ਤੋਂ ਆਪਣਾ ਉਮੀਦਵਾਰ ਬੜਾ ਪੱਛੜ ਕੇ ਐਲਾਨਿਆ।

ਜਦੋਂ ਤੱਕ ਆਮ ਆਦਮੀ ਪਾਰਟੀ ਨੇ ਆਪਣਾ ‘ਰਣਬਾਂਕਾ’ ਮੈਦਾਨ ’ਚ ਲਿਆਉਂਣ ਦਾ ਐਲਾਨ ਕੀਤਾ, ਉਦੋਂ ਤੱਕ ਬੀਬਾ ਹਰਸਿਮਰਤ ਬਾਦਲ ਅਤੇ ਮਨਪ੍ਰੀਤ ਬਾਦਲ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾ ਚੁੱਕੇ ਸਨ। ਇਸ ਪਛੇਤ ਲਈ ਆਮ ਆਦਮੀ ਪਾਰਟੀ ਅਲੋਚਨਾ ਦਾ ਸ਼ਿਕਾਰ ਵੀ ਹੋਈ, ਕਿਉਂਕਿ ਦੋਸ਼ ਲੱਗੇ ਕਿ ਅਜਿਹਾ ਆਮ ਆਦਮੀ ਪਾਰਟੀ ਨੇ ਮਨਪ੍ਰੀਤ ਬਾਦਲ ਨੂੰ ਲਾਭ ਪਹੁੰਚਾਉਂਣ ਲਈ ਕੀਤਾ। ਪਰ ਹੁਣ ਆਮ ਆਦਮੀ ਪਾਰਟੀ ਨੇ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨ ਕੇ ਇਨ੍ਹਾਂ ਦੋਸ਼ਾਂ ਨੂੰ ਰੱਦਣ ਦੀ ਕੋਸ਼ਿਸ਼ ਕੀਤੀ ਹੈ। ਪਰ ਆਮ ਆਦਮੀ ਪਾਰਟੀ ਦਾ ਇਹ ਐਲਾਨ ਭਸੂੜੀ ਵੀ ਪਾ ਗਿਆ ਹੈ। ਕਿਉਂਕਿ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਕਾਰਕੁਨਾਂ ਨੇ ਬਕਾਇਦਾ ਪੱਤਰ ਲਿਖ ਕੇ ਜੱਸੀ ਜਸਰਾਜ ਨੂੰ ਬਾਹਰੀ ਉਮੀਦਵਾਰ ਕਰਾਰ ਕੇ ਦੇ ਮੰਗ ਕਰ ਦਿੱਤੀ ਕਿ ਬਠਿੰਡਾ ਤੋਂ ਉਮੀਦਵਾਰ ਬਦਲਿਆ ਜਾਵੇ, ਇੰਝ ਨਾ ਕਰਨ ਦੀ ਸੂਰਤ ’ਚ ਜੱਸੀ ਜਸਰਾਜ ਦਾ ਬਾਈਕਾਟ ਕੀਤਾ ਜਾਵੇਗਾ। ਇਸ ਸੂਰਤ ’ਚ ਜੱਸੀ ਜਸਰਾਜ ਬਠਿੰਡਾ ਜਿਹੀ ਅਹਿਮ ਸੀਟ ’ਤੇ ਕੋਈ ਚਮਤਕਾਰ ਕਰ ਦੇਂਣਗੇ, ਐਸੀ ਉਮੀਦ ਘੱਟ ਹੀ ਹੈ, ਪਰ ਉਨ੍ਹਾਂ ਲਈ ਹੋਂਦ ਦਰਸਾਉਂਣਾ ਵੀ ਇੱਕ ਵੱਡੀ ਚਣੌਤੀ ਹੋਵੇਗੀ, ਕਿਉਂਕਿ ਜੱਸੀ ਜਸਰਾਜ ਬਠਿੰਡਾ ਦੇ ਲੋਕਾਂ ਲਈ ਅਨਜਾਣ ਹਨ।

ਜੱਸੀ ਜਸਰਾਜ ਦਾ ਕੋਈ ਸਿਆਸੀ ਪਿਛੋਕੜ ਵੀ ਨਹੀਂ ਹੈ। ਨੌਜ਼ਵਾਨ ਪੀੜੀ ਅਤੇ ਫਿਲਮਾਂ ਦੇ ਕੁਝ ਸ਼ੌਕੀਨ ਹੀ ਉਨ੍ਹਾਂ ਨੂੰ ਸਿਆਣਦੇ ਹਨ। ਜੇ ਜੱਸੀ ਜਸਰਾਜ਼ ਨੇ ਕੁਝ ਕਰ ਗੁਜ਼ਰਨਾਂ ਹੈ ਤਾਂ ਫੇਰ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੇ ਖਿਲਾਫ਼ ਉੱਠੀ ਬਗਾਵਤ ਨੂੰ ਸ਼ਾਂਤ ਕਰਨਾ ਹੋਵੇਗਾ ਤੇ ਉਸ ਤੋਂ ਬਾਅਦ ਦਿਨ-ਰਾਤ ਇਕ ਕਰਕੇ ਬਠਿੰਡਾ ਹਲਕਾ ਗਹੁਣਾ ਪਵੇਗਾ। ਹੱਠ-ਭੱਠ ਤੇ ਗਲੀ-ਕੂਚੇ ਤੱਕ ਜਾ ਕੇ ਆਪਣੀ ਪਾਰਟੀ ਦੀਆਂ ਨੀਤੀਆਂ ਅਤੇ ਏਜੰਡੇ ਨੂੰ ਲੋਕਾਂ ’ਚ ਰੱਖਣ ਲਈ ਜੱਸੀ ਜਸਰਾਜ ਨੂੰ ਅੱਡੀ ਚੋਟੀ ਵਾਲਾ ਜ਼ੋਰ ਲਾਉਣਾ ਪੈਂਣਾਂ ਹੈ। ਅਜੇ ਤੱਕ ਤਾਂ ਦਿਹਾਤ ਖੇਤਰ ਦੇ ਆਮ ਵੋਟਰ ਲਈ ‘ਪਾਵੇ ਵਾਲਾ ਬਾਈ’ ਕੋਈ ਬੁਝਾਰਤ ਹੀ ਹੈ। ਵੋਟਰ ਦੇ ਮਨ ’ਚ ਹੋਂਦ ਦੀ ਛਾਪ ਛੱਡਣ ਲਈ ਜੱਸੀ ਜਸਰਾਜ ਨੂੰ ¦ਮਾ ਸਫ਼ਰ ਤੈਅ ਕਰਨਾ ਪਵੇਗਾ। ਕਿਉਂਕਿ ਬਠਿੰਡਾ ਤੋਂ ਉਨ੍ਹਾਂ ਦੇ ਦੋਵੇਂ ਵਿਰੋਧੀ ਤਗੜਾ ਜਨ-ਅਧਾਰ ਰੱਖਦੇ ਹਨ। ਇਸ ਦਿਉਰ-ਭਰਜ਼ਾਈ ਦੀ ਟੱਕਰ ਨੂੰ ਪ੍ਰਭਾਵਿਤ ਕਰਨ ਲਈ ਜੱਸੀ ਜਸਰਾਜ ਨੂੰ ਘਰੜੀ ਘਾਲਣਾਂ ਉਡੀਕ ਰਹੀ ਹੈ।

ਸਿਆਸੀ ਪੰਡਤ ਮੰਨ ਰਹੇ ਹਨ ਕਿ ਜੇਕਰ ਆਮ ਆਦਮੀ ਪਾਰਟੀ ਆਪਣੀ ਉਮੀਦਵਾਰ ਪਹਿਲਾਂ ਐਲਾਨ ਦਿੰਦੀ ਤਾਂ ਅਕਾਲੀ ਦਲ ਦੀ ਡਿੱਗ ਰਹੀ ਲੋਕਪ੍ਰਿਅਤਾ ਅਤੇ ਮਨਪ੍ਰੀਤ ਬਾਦਲ ਦੇ ਕਾਂਰਗਸ ਨਾਲ ਸਮਝੌਤੇ ਕਾਰਨ ਉਪਜ਼ੀ ਨਾਰਾਜ਼ਗੀ ਨੂੰ ਕੈਸ਼ ਕੀਤਾ ਜਾ ਸਕਦਾ ਸੀ, ਪਰ ਹੁਣ ਜਰਾ ਕੰਮ ਟੇਢਾ ਹੈ। ਪਰ ਫੇਰ ਵੀ ਜੇਕਰ ਜੱਸੀ ਜਸਰਾਜ਼ ਮਿਹਨਤ ਕਰਦਾ ਹੈ ਤਾਂ ਆਪ ਆਦਮੀ ਪਾਰਟੀ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ। ਉਸ ਲਈ ਜੱਸੀ ਜਸਰਾਜ ਨੂੰ ਘਰ-ਘਰ ਤੱਕ ਪਹੁੰਚ ਕਰਨੀ ਹੋਵੇਗੀ। ਜੋ ਅੰਦਰੂਨੀ ਵਿਰੋਧ ਅਤੇ ਸਮੇ ਦੀ ਥੁੜ ਕਾਰਨ ਮੁਸ਼ਕਲ ਲੱਗਦਾ ਹੈ। ਪਹਿਲਾਂ ਅਨੁਮਾਨ ਲਗਾਏ ਜਾ ਰਹੇ ਸੀ ਕਿ ਬਠਿੰਡਾ ਤੋਂ ਨਸ਼ੇ ਖਿਲਾਫ਼ ਜੇਹਾਦ ਵਿੱਢੀ ਬੈਠੇ ਸ਼ਸ਼ੀ ਕਾਂਤ ਉਮੀਦਵਾਰ ਹੋ ਸਕਦੇ ਹਨ। ਜੇਕਰ ਸ਼ਸ਼ੀ ਕਾਂਤ ਨੂੰ ਟਿਕਟ ਮਿਲਦੀ ਤਾਂ ਬਠਿੰਡਾ ’ਚ ਸਿਆਸੀ ਸਮੀਕਰਣ ਪ੍ਰਭਾਵਿਤ ਹੋ ਸਕਦੇ ਸਨ। ਅੰਤ ’ਚ ਇਹੀ ਕਿਹਾ ਜਾ ਸਕਦਾ ਹੈ ਕਿ ਬਠਿੰਡਾ ’ਚ ਹੋ ਰਹੀ ਦੋ ਦਿੱਗਜ਼ਾਂ ਦੀ ਟੱਕਰ ਦਰਮਿਆਨ ਕੁਝ ਕਰਨ ਲਈ ‘ਪਾਵੇ ਵਾਲੇ ਬਾਈ’ ਨੂੰ ਪਾਵਾ ਨਹੀਂ ਕੋਈ ਜਾਦੂ ਦੀ ਛੜੀ ਘੁੰਮਾਉਂਣ ਦੀ ਲੋੜ ਹੈ ਤਾਂ ਜੋ ਉਹ ਇਸ ਧਾਰਨਾਂ ਨੂੰ ਗਲਤ ਸਾਬਤ ਕਰ ਸਕਣ ਕਿ ਉਹ ਪੈਰਾਸ਼ੂਟ ਨਾਲ ਉਤਾਰੇ ਗਈ ਬਾਹਰੀ ਉਮੀਦਵਾਰ ਨਹੀਂ ਸਗੋਂ ਜਨਤਾ ਦੇ ਸਰਫ਼-ਸੇਵਕ ਬਣਕੇ ਆਏ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top