Share on Facebook

Main News Page

ਸਿਆਸਤ ਨੇ ਅਸੂਲਪ੍ਰਸਤੀ ਦੀਆਂ ਉਡਾਈਆਂ ਧੱਜੀਆਂ !

ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਵਿਆਪਕ ਪੱਧਰ ’ਤੇ ਹੋਈਆਂ ਦਲਬਦਲੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਅਜੋਕੇ ਲੀਡਰਾਂ ਦੀ ਸਿਆਸਤ ਦਾ ਆਧਾਰ ਅਸੂਲ ਨਹੀਂ ਸਗੋਂ ਟਿਕਟਾਂ ਹਾਸਲ ਕਰਕੇ ਸੱਤਾ ਦਾ ਸੁੱਖ ਹਾਸਲ ਕਰਨਾ ਹੈ।

ਕੁਝ ਦਲਬਦਲੀਆਂ ਜਾਂ ਚੋਣ ਗੱਠਜੋੜ ਇਕ ਜਾਂ ਦੂਜੀ ਧਿਰ ਨੂੰ ਹਰਾਉਣ ਲਈ ਵੀ ਹੋਏ ਹਨ। ਇਸ ਪ੍ਰਸੰਗ ਵਿੱਚ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਹਿਲਾਂ ਕਾਂਗਰਸ ਨਾਲ ਚੋਣ ਗੱਠਜੋੜ ਕਰਕੇ ਬਠਿੰਡਾ ਲੋਕ ਸਭਾ ਹਲਕੇ ਵਿੱਚ ਆਪਣੀ ਭਰਜਾਈ ਹਰਸਿਮਰਤ ਕੌਰ ਬਾਦਲ ਵਿਰੁੱਧ ਕਾਂਗਰਸ-ਪੀਪੀਪੀ ਗੱਠਜੋੜ ਦੇ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਲੈਣਾ ਅਤੇ ਬਾਅਦ ਵਿਚ ਆਪਣੀ ਪਤੰਗ ਨੂੰ ਵੀ ਛੱਡ ਕੇ ਕਾਂਗਰਸ ਦੇ ਪੰਜੇ ਨੂੰ ਅਪਣਾਉਣ ਦਾ ਮਾਮਲਾ ਦਿਲਚਸਪ ਹੈ। ਜਾਣਕਾਰ ਹਲਕਿਆਂ ਅਨੁਸਾਰ ਮਨਪ੍ਰੀਤ ਨੇ ਆਪਣੇ ਤਾਏ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼ਰੀਕ-ਭਰਾ ਸੁਖਬੀਰ ਸਿੰਘ ਬਾਦਲ ਦੀ ਇਸ ਵਕਾਰੀ ਹਲਕੇ ਵਿਚ ਪਿੱਠ ਲਾਉਣ ਲਈ ਹੀ ਸਾਰਾ ਕੁਝ ਦਾਅ ’ਤੇ ਲਾਇਆ ਹੈ। ਦੂਸਰੇ ਪਾਸੇ ਪਿਛਲੇ ਸਮੇਂ ਤੋਂ ਵੱਖ-ਵੱਖ ਪੱਧਰ ਦੀਆਂ ਹਾਰਾਂ ਦਾ ਮੂੰਹ ਦੇਖਣ ਵਾਲੀ ਕਾਂਗਰਸ ਵੀ ਬਠਿੰਡਾ ਵਿਖੇ ਬਾਦਲ ਪਰਿਵਾਰ ਦੀ ਨੂੰਹ ਨੂੰ ਹਰਾ ਕੇ ਅਕਾਲੀ-ਭਾਜਪਾ ਸਰਕਾਰ ਨੂੰ ਝਟਕਾ ਦੇਣ ਲਈ ਹਰ ਹਰਬਾ ਵਰਤਣ ਲਈ ਤਿਆਰ ਬੈਠੀ ਸੀ। ਮਨਪ੍ਰੀਤ ਅਤੇ ਕਾਂਗਰਸ ਨੇ ਇਸੇ ਸਾਂਝੇ ਟੀਚੇ ਦੀ ਖ਼ਾਤਰ ਆਪਣੇ ਸਾਰੇ ਅਸੂਲਾਂ ਨੂੰ ਕਿਲੀ ’ਤੇ ਟੰਗ ਕੇ ਫੈਸਲਾ ਲਿਆ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਰਾਜਾ ਮਾਲਵਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਭਤੀਜੇ ਰਣਇੰਦਰ ਸਿੰਘ ਨੂੰ ਟਿਕਟ ਦੇਣ ਕਾਰਨ ਕਾਂਗਰਸ ਦਾ ਪੱਲਾ ਛੱਡ ਕੇ ਉਦੋਂ ਅਕਾਲੀ ਦਲ ਦਾ ਸਿਰੋਪਾ ਕਬੂਲਣ ਦਾ ਫੈਸਲਾ ਲਿਆ ਸੀ। ਹੁਣ ਜਦੋਂ ਅਕਾਲੀ ਦਲ ਨੇ ਰਾਜੇ ਨੂੰ ਉਨ੍ਹਾਂ ਦੀ ਭਰਜਾਈ ਪਰਨੀਤ ਕੌਰ ਵਿਰੁੱਧ ਪਟਿਆਲਾ ਲੋਕ ਸਭਾ ਹਲਕੇ ਤੋਂ ਟਿਕਟ ਨਹੀਂ ਦਿੱਤੀ ਤਾਂ ਉਨ੍ਹਾਂ ਨੇ ਮੁੜ ਆਪਣੇ ਵੱਡੇ ਭਰਾ ਕੈਪਟਨ ਦੀ ਜਾ ਸ਼ਰਨ ਲਈ ਹੈ।

2009 ਵਿੱਚ ਕਾਂਗਰਸ ਦੀ ‘ਅੱਖ ਦੇ ਤਾਰੇ’ ਮੰਨੇ ਜਾਂਦੇ ਸੁਖਦੇਵ ਸਿੰਘ ਲਿਬੜਾ ਨੂੰ ਜਦੋਂ ਮੌਜੂਦਾ ਚੋਣਾਂ ਵਿਚ ਇਸ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਉਨ੍ਹਾਂ ਨੇ ਅਕਾਲੀ ਦਲ ਵਿਚ ਪਰਤਣ ਤੋਂ ਭੋਰਾ ਭਰ ਵੀ ਸੰਕੋਚ ਨਹੀਂ ਕੀਤਾ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦਾ ਕੇਸ ਤਾਂ ਸਚਮੁੱਚ ਹੀ ਨਿਵੇਕਲਾ ਹੈ। ਉਹ ਅਕਾਲੀ ਦਲ ਅਤੇ ਪੀਪੀਪੀ ਦਾ ਸਫਰ ਤੈਅ ਕਰਨ ਤੋਂ ਬਾਅਦ ਕਾਂਗਰਸ ਵਿਚ ਘਰ ਵਾਪਸੀ ਕਰਕੇ ਮੁੜ ਇਸੇ ਪਾਰਟੀ ਦੇ ਗੁਣ ਗਾ ਰਹੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਵੀ ਸਿੱਧੇ ਤੌਰ ’ਤੇ ਚੋਣਾਂ ਵਿਚ ਕਾਂਗਰਸ ਦੀ ਹਮਾਇਤ ਕਰਨ ਦਾ ਐਲਾਨ ਕਰਕੇ ਸਿੱਧ ਕਰ ਦਿੱਤਾ ਹੈ ਕਿ ਸਿਆਸਤ ਹੁਣ ਕਿਸੇ ਵੀ ਕਰਵਟ ਬੈਠ ਸਕਦੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਅਕਸਰ ਅੰਗ-ਸੰਗ ਦੇਖੇ ਜਾਂਦੇ ਤਲਵੰਡੀ ਸਾਬੋ ਦੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਵੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਸਿੱਧ ਕਰ ਦਿੱਤਾ ਹੈ ਕਿ ਸਿਆਸੀ ਅਸੂਲ ਕਿਸੇ ਵੇਲੇ ਵੀ ‘ਕੂਹਣੀ ਮੋੜ’ ਲੈ ਸਕਦੇ ਹਨ।

ਮੋਗਾ ਦੇ ਵਿਧਾਇਕ ਜੋਗਿੰਦਰਪਾਲ ਜੈਨ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਮਲਕੀਅਤ ਸਿੰਘ ਬੀਰਮੀ ਤੇ ਈਸ਼ਰ ਸਿੰਘ ਮਿਹਰਬਾਨ ਦੇ ਵੀ ਅਕਾਲੀ ਦਲ ਵਿਚ ਸ਼ਾਮਲ ਹੋਣ ਪਿੱਛੇ ਇਹੋ ਸਪੱਸ਼ਟ ਸੰਕੇਤ ਮਿਲੇ ਹਨ। ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਰਾਜਬੀਰ ਸਿੰਘ ਪਡਿਆਲਾ ਨੇ ਵੀ ਹੁਣ ਚੋਣਾਂ ਮੌਕੇ ਮੁੜ ਅਕਾਲੀ ਦਲ ਵਿਚ ਵਾਪਸੀ ਕਰਕੇ ਇਸੇ ਗਾਥਾ ਨੂੰ ਅੱਗੇ ਵਧਾਇਆ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਵਤਾਰ ਸਿੰਘ ਬਰਾੜ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਪਹਿਲਾਂ ਹੀ ਰਾਜ ਵਿਚ ਇਹ ਚਰਚਾ ਛਿੜ ਚੁੱਕੀ ਹੈ ਕਿ ਸਿਆਸਤ ਵਿਚ ਸ਼ਾਇਦ ਕੋਈ ਵੀ ਕਿਸੇ ਇਕ ਪਾਰਟੀ ਨਾਲ ਪੱਕਾ ਬੱਝਿਆ ਨਹੀਂ ਹੈ। ਸ਼ਾਇਦ ਸਿਆਸੀ ਆਗੂਆਂ ਦੀਆਂ ਦਲਬਦਲੀਆਂ ਨੂੰ ਦੇਖ ਕੇ ਹੀ ਹੁਣ ਪਾਰਟੀਆਂ ਦੇ ਰਵਾਇਤੀ ਵੋਟਰ ਵੀ ਪੱਕੇ ਨਾਤੇ ਲਾਉਣ ਤੋਂ ਮੂੰਹ ਮੋੜ ਰਹੇ ਹਨ। ਇਹੋ ਕਾਰਨ ਹੈ ਕਿ ਹੁਣ ਪੰਜਾਬ ਦੇ ਸ਼ਹਿਰ ਤੋਂ ਬਾਅਦ ਪਿੰਡਾਂ ਵਿਚ ਵੀ ਆਮ ਆਦਮੀ ਪਾਰਟੀ (ਆਪ) ਦੇ ਯੂਨਿਟ ਬਣਨ ਲੱਗ ਪਏ ਹਨ। ਇਸ ਰੁਝਾਨ ਨੂੰ ਰਵਾਇਤੀ ਸਿਆਸੀ ਪਾਰਟੀਆਂ ਵਿਰੁੱਧ ਬਗਾਵਤ ਮੰਨਿਆ ਜਾ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top