Share on Facebook

Main News Page

ਆਪਣੀ ਹੋਣੀ ਆਪ ਸੰਭਾਲੋ
-: ਡਾ. ਦਲਜੀਤ ਸਿੰਘ

ਆਮ ਆਦਮੀ ਪਾਰਟੀ ਨੇ ਭਾਰਤ ਦੀ ਪਾਰਲੀਮੈਂਟ ਦੇ ਚੋਣ ਹਲਕਾ ਅੰਮ੍ਰਿਤਸਰ ਤੋਂ ਡਾ. ਦਲਜੀਤ ਸਿੰਘ ਹੁਰਾਂ ਨੂੰ ਆਪਣਾ ਉਮੀਦਵਾਰ ਨਿਯੁਕਤ ਕੀਤਾ ਹੈ। ਚੋਣ 30 ਅਪ੍ਰੈਲ ਨੂੰ ਹੋਵੇਗੀ। ਡਾ. ਦਲਜੀਤ ਸਿੰਘ ਮੇਰੇ ਮਿੱਤਰ ਵੀ ਹਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਉਨ੍ਹਾਂ ਦੀ ਉਪਰੋਕਤ ਚੋਣ ਲਈ ਮੈਂ ਸਲਾਹ ਦੇਣ ਵਾਲਿਓਂ ‘ਚੋਂ ਇਕ ਸੀ। ਅਰੁਣ ਜੇਤਲੀ ਬੀ.ਜੇ.ਪੀ. ਅਤੇ ਬਾਦਲ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਵਜੋਂ ਉਸ ਸਮੇਂ ਇਥੋਂ ਦੇ ਚੋਣ ਦੰਗਲ ਵਿਚ ਆਪਣਾ ਝੰਡਾ ਬੁਲੰਦ ਕਰ ਚੁਕੇ ਸਨ। ਮਗਰੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਤੌਰ ਕਾਂਗਰਸੀ ਉਮੀਦਵਾਰ ਇਸ ਚੋਣ ਵਿਚ ਉਤਾਰਿਆ ਗਿਆ ਅਤੇ ਉਨ੍ਹਾਂ ਨੇ ਵੀ ਆਪਣੀ ਮੁਹਿੰਮ ਦਾ ਆਰੰਭ ਕਰ ਦਿਤਾ ਹੈ। ਇਨ੍ਹਾਂ ਤਿੰਨਾਂ ਉਮੀਦਵਾਰਾਂ ਨੇ ਪਹਿਲਾ ਪੈਂਤੜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਆਰੰਭ ਕੀਤਾ। ਇਸ ਰਸਮ ਵਿਚ ਉਨ੍ਹਾਂ ਕੀ ਗ੍ਰਹਿਣ ਕੀਤਾ? ਜਦ ਡਾ. ਦਲਜੀਤ ਸਿੰਘ ਹੁਰਾਂ ਨੂੰ ਮੈਂ ਇਹ ਪ੍ਰਸ਼ਨ ਕੀਤਾ ਤਾਂ ਉਨ੍ਹਾਂ ਦਾ ਉੱਤਰ ਇਸ ਤਰ੍ਹਾਂ ਸੀ।

ਦਲਬੀਰ ਸਿੰਘ ਜੀ ਮੈਂ ਆਪਣੇ ਪਰਿਵਾਰਕ ਮੁਖੀ ਸਤਿਕਾਰਤ ਪ੍ਰੋ. ਸਾਹਿਬ ਸਿੰਘ ਜੀ ਦਾ ਬੇਟਾ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਅਤੇ ਅਨੇਕ ਹੋਰ ਧਾਰਮਿਕ ਗ੍ਰੰਥਾਂ ਦੀ ਡੂੰਘੀ ਜਾਣਕਾਰੀ ਖੋਜ ਕਰਕੇ ਪ੍ਰਾਪਤ ਕੀਤੀ ਸੀ। ਉਨ੍ਹਾਂ ਦੀ ਛਤਰ-ਛਾਇਆ ਹੇਠ ਇਹ ਜਾਪਿਆ ਕਿ ਮਨੁਖੀ ਸਿਹਤ ਨੂੰ ਅਰੋਗੀ ਰੱਖਣਾ ਬੜਾ ਵਧੀਆ ਯੋਗਦਾਨ ਹੈ। ਉਸ ਵਿਚੋਂ ਅਗਲੀ ਪਰਖ ਕਰਕੇ ਮੈਂ ਅੱਖਾਂ ਤੋਂ ਊਣੇ ਜਾਂ ਵਾਂਝਿਆਂ ਨੂੰ ਚਾਨਣ ਪ੍ਰਦਾਨ ਕਰਵਾਉਣ ਵਿਚ ਪੰਜਾਹ ਸਾਲ ਇਸ ਲਈ ਲੱਗਾ ਰਿਹਾ ਕਿ ਮੈਨੂੰ ਇਹ ਮਾਨਸਿਕ ਸੇਵਾ ਸਭ ਤੋਂ ਉੱਤਮ ਜਾਪਦੀ ਸੀ। ਮੈਂ ਇਸ ਸੇਵਾ ਨੂੰ ਵੀ ਰਾਜਨੀਤੀ ਸਮਝ ਕੇ ਹੀ ਕਾ ਹੈ। ਪਰ ਜਦ ਅੰਮ੍ਰਿਤਸਰ ਅਤੇ ਪੰਜਾਬ ਦੀ ਧਰਤੀ ਲੰਮੇਂ ਸਮੇਂ ਤਾਈਂ ਪਾਪ ਦੇ ਝੱਖੜਾਂ ਰਾਹੀਂ ਪਾਪੀਆਂ ਨੇ ਪਲੀਤ ਕਰ ਦਿਤੀ, ਤਾਂ ਆਤਮਾ ਬੜੀ ਦੁਖੀ ਹੋਈ। ਲੰਮਾਂ ਸਮਾਂ ਸਮਝ ਨਹੀਂ ਆਈ ਕਿ ਕੀ ਕੀਤਾ ਜਾਵੇ। ਹੁਣੇ-ਹੁਣੇ ਇਕ ਅਣਜਾਣੇ ਜਿਹੇ ਵਿਅਕਤੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਇਹ ਚਿਣਗ ਛੱਡੀ ਕਿ ਲੋਕਾਂ ਨੂੰ ਆਪਣੀ ਕਿਸਮਤ ਦੇ ਆਪ ਮਾਲਕ ਬਣਨਾ ਚਾਹੀਦਾ ਹੈ, ਅਤੇ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਉਨ੍ਹਾਂ ਨੂੰ ਆਪਣੇ ਰਾਜਪ੍ਰਬੰਧ ਦੀ ਸ਼ਕਤੀ ਆਪਣੇ ਹੱਥ ਵਿਚ ਲੈਣੀ ਚਾਹੀਦੀ ਹੈ, ਤਾਂ ਇਕਦਮ ਸਮਝ ਪਈ ਕਿ ਅੱਖਾਂ ਦੀ ਰੌਸ਼ਨੀ ਨਾਲੋਂ ਵੀ ਸੋਝੀ ਦੀ ਰੋਸ਼ਨੀ ਦਾ ਹੋਣਾ ਇਕ ਵੱਡੀ ਲੋੜ ਹੈ। ਮਨੁੱਖ ਹੱਥੋਂ ਮਨੁੱਖ ਦੀ ਗੁਲਾਮੀ ਦਾ ਖਾਤਮਾ ਅਤੇ ”ਮਾਨਸੁ ਕੀ ਜਾਤ ਸਬੈ ਏਕੈ ਪਹਿਚਾਨਬੋ” ਦਾ ਵਾਤਾਵਰਣ ਸਿਰਜਣ ਲਈ ਆਮ ਲੋਕਾਂ ਨੂੰ ਆਪਣੀ ਹੋਣੀ ਦੇ ਆਪ ਮਾਲਕ ਬਣਨਾ ਜ਼ਰੂਰੀ ਹੈ। ਇਸ ਲਈ ਜਦ ਆਮ ਆਦਮੀ ਪਾਰਟੀ ਨੇ ਮੈਨੂੰ ਅੰਮ੍ਰਿਤਸਰ ਚੋਣ ਹਲਕੇ ਤੋਂ ਪਾਰਲੀਮਾਨੀ ਸੀਟ ਲੜਨ ਲਈ ਸੱਦਾ ਦਿਤਾ ਤਾਂ ਮੈਂ ਖਿੜੇ ਮੱਥੇ ਉਸ ਉਤੇ ਫੁੱਲ ਚੜ੍ਹਾਏ।

ਜਦ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਤਾਂ ਰਾਜਨੀਤੀ ਦੀ ਖੇਡ ਵਿਚ ਕਿਧਰੇ ਵੀ ਨਹੀਂ ਅਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅੱਖਾਂ ਦੇ ਮਰੀਜ਼ਾਂ ਦੀ ਦੇਖਭਾਲ ਇਸ ਗੰਦੀ ਲੜਾਈ ਨਾਲੋਂ ਵੱਧ ਮਹੱਤਵਪੂਰਨ ਹੈ, ਤਾਂ ਉਨ੍ਹਾਂ ਦਾ ਉੱਤਰ ਸੀ "ਗੁਰੂ ਨਾਨਕ ਦੇਵ ਜੀ ਹੁਰਾਂ ਵੱਡੀ ਪੱਧਰ ‘ਤੇ ਮਾਨਵਤਾ ਨੂੰ ਇਹੋ ਨੁਕਤਾ ਸਮਝਾਉਣ ਲਈ ਧਰਤੀ ਗਾਹ ਮਾਰੀ ਕਿ ‘ਸਭੈ ਸਾਂਝੀਵਾਲ ਸਦਾਇਨੁ ਕੋਈ ਨ ਦਿਸੈ ਬਾਹਰਾ ਜੀਉ॥’ ਪਰ ਅੱਜ ਹਰ ਥਾਂ ਮਨੁੱਖ ਮਨੁੱਖ ਦਾ ਗੁਲਾਮ ਹੈ। ਭਾਵੇਂ ਅੱਖ ਦਾ ਓਪਰੇਸ਼ਨ, ਮੋਤੀਆ ਲਾਹੁਣਾ ਜਾਂ ਲੈਂਜ ਪਾਉਣਾ ਬਹੁਤ ਬਾਰੀਕੀ ਤੇ ਠਰੰਮੇ ਦੇ ਕੰਮ ਹਨ, ਪਰ ਮਨੁੱਖੀ ਸੋਚ ‘ਤੇ ਮਾਇਆ ਤੇ ਹੰਕਾਰ ਦੀ ਪਈ ਧੁੰਦ ਨੂੰ ਸਮੇਟਣਾ ਉਸ ਤੋਂ ਵੀ ਵੱਧ ਧਿਆਨ ਮੰਗਦਾ ਹੈ। ਮੈਂ ਸਮਝਦਾ ਹਾਂ ਕਿ ਮਨੁੱਖ ਦੀ ਨਿਗ੍ਹਾ ਨੂੰ ਠੀਕ ਕਰਨ ਨਾਲੋਂ ਉਸ ਦੀ ਸੋਚ ਦਾ ਉੱਚਾ ਸੁੱਚਾ ਹੋਣਾ ਵੱਧ ਮਹਾਨਤਾ ਦਾ ਪਾਤਰ ਹੈ। ਇਕੀਵੀਂ ਸਦੀ ਦੇ ਇਸ ਵਿਗਿਆਨਿਕ ਯੁਗ ਵਿਚ ਜੇ ਹਾਕਮ ਲੋਕ ਆਪਣੇ ਉਪਰੋਕਤ ਦੋ ਹਲਕਾਅ ਤਿਆਗ ਕੇ ਮਾਨਵਤਾ ਦੀ ਇਹ ਧੁੰਦ ਮਿਟਾਉਣ ਵਿਚ ਲੱਗ ਜਾਣ ਤਾਂ ਮਨੁੱਖ ਜਾਤੀ ਸਵਰਗ ਦੀ ਭਾਗੀ ਹੋ ਨਿਬੜੇਗੀ। ਮੇਰੀ ਬਾਦਲਕੇ-ਬੀ. ਜੇ. ਪੀ. ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਅਤੇ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਤੁਸੀਂ ਹਰ ਪ੍ਰਕਾਰ ਦੀਆਂ ਦੁਨਿਆਵੀ ਪ੍ਰਾਪਤੀਆਂ ਵਿਚ ਨਿਪੁੰਨ ਹੋ ਅਤੇ ਆਪਣੀਆਂ ਰਾਜਨੀਤਿਕ ਪਾਰਟੀਆਂ ਦੀਆਂ ਲੋੜਾਂ ਅਨੁਸਾਰ ਅੰਮ੍ਰਿਤਸਰ ਸਾਹਿਬ ਦੀ ਇਤਿਹਾਸਕ ਧਰਤੀ ‘ਤੇ ਹੋਏ ਪਾਪਾਂ ਦੀ ਗਰਦ ਨੂੰ ਸਾਫ ਕਰਨ ਵਿਚ ਮੇਰਾ ਸਾਥ ਦਿਓ ਅਤੇ ਨਾਮ ਕਮਾਓ।

ਡਾ. ਸਾਹਿਬ ਤੁਹਾਡੀ ਇਹ ਗੱਲ ਤਾਂ ਕਿਸੇ ਸੁਣਨੀ ਨਹੀਂ ਤਾਂ ਫਿਰ ਤੁਸੀਂ ਕੀ ਕਰੋਗੇ?

”ਦਲਬੀਰ ਸਿੰਘ ਜੀ! ਮੈਂ ਤਾਂ ਪੂਰੇ ਸਿਰੜ ਨਾਲ ਇਹ ਫੈਸਲਾ ਕਰ ਲਿਆ ਹੈ ਕਿ ਪੰਜਾਬ ਅਸੰਬਲੀ ਦੇ 9 ਹਲਕਿਆਂ ਨੂੰ ਇਕੱਠੇ ਕਰਕੇ ਬਣਾਈ ਗਈ ਅੰਮ੍ਰਿਤਸਰ ਦੀ ਇਸ ਪਾਰਲੀਮਾਨੀ ਸੀਟ ਦੇ ਹਰ ਵਿਅਕਤੀ ਨੂੰ ਮੈਂ ਮਿਲਣ ਜਾਵਾਂਗਾ। ਉਸ ਨੂੰ ਕੇਵਲ ਇਕੋ ਗੱਲ ਦੱਸਣ ਲਈ ਕਿ ਭਾਈ ਤੂੰ ਆਪਣੀ ਹੋਣੀ ਦਾ ਆਪ ਮਾਲਕ ਹੈ। ਇਸ ਦੇ ਫੈਸਲਾ ਰਾਜਨੀਤਿਕ ਖੇਡ ਰਾਹੀਂ ਹੁੰਦਾ ਹੈ। ਰਾਜਨੀਤੀ ਦੀ ਸ਼ਕਤੀ ਦੀ ਆਪਣੀ ਸਰਦਾਰੀ ਆਪਣੇ ਹੱਥ ਵਿਚ ਰੱਖ, ਆਪਣੇ ਵੋਟ ਰਾਹੀਂ ਦੂਜਿਆਂ ਦੀ ਜੇਬ ਵਿਚ ਨਾ ਪਾ। ਕਿਉਂਕਿ ਧੜਿਆਂ ਅਤੇ ਸਮਾਜਿਕ ਵੰਡੀਆਂ ਵਿਚ ਉਹ ਇਸ ਨੂੰ ਆਪਣੇ ਅਯੋਗ ਲਾਭਾਂ ਲਈ ਵਰਤਣਗੇ।

ਮੈਂ ਤੇਥੋਂ ਵੋਟ ਇਸ ਲਈ ਨਹੀਂ ਮੰਗਦਾ ਕਿ ਮੈਂ ਮਾਇਆ ਜਾਂ ਚੌਧਰ ਦਾ ਭੁੱਖ ਹਾਂ, ਕਿਉਂਕਿ ਇਹ ਸਭ ਕੁਝ ਮੇਰੇ ਪਾਸ ਹੈ। ਪਰ ਮੇਰੀ ਚਿੰਤਾ ਇਹ ਹੈ ਕਿ ਤੂੰ ਕਿਧਰੇ ਫਿਰ ਕੁਰਾਹੇ ਪੈ ਕੇ ਪੰਜ ਸਾਲ ਤਾਈਂ ਲੁਟੇਰਿਆਂ, ਗੁੰਡਿਆਂ, ਬਲਾਤਕਾਰੀਆਂ, ਨਸ਼ਈਆਂ ਆਦਿ ਦੀ ਗੁਲਾਮੀ ਨਾ ਹੰਢਾਉਂਦਾ ਰਹੇਂ। ਮੈਂ ਹਰ ਸਵੇਰੇ ਤੜਕੇ ਉੱਠ ਕੇ ਆਏ ਹੋਏ ਸੱਦੇ ਅਨੁਸਾਰ ਦੂਰ ਨੇੜੇ ਆਪਣੀ ਕਾਰ ‘ਤੇ ਪਹੁੰਚ ਜਾਂਦਾ ਹਾਂ ਤੇ ਤਿੰਨ-ਚਾਰ ਘੰਟੇ ਇਹ ਸੁਨੇਹਾ ਦੇਣ ਲਈ ਘਰ-ਘਰ ਦਾ ਚੱਕਰ ਕੱਟਦਾ ਹਾਂ। ਫਿਰ ਆ ਕੇ ਆਪਣੇ ਹਸਪਤਾਲ ਵਿਚ ਮਰੀਜ਼ਾਂ ਦੀ ਦੇਖਭਾਲ ਪੁੱਛਣ ਜਾਂਦਾ ਹਾਂ, ਜੇ ਲੋੜ ਪਏ ਤਾਂ ਆਉਣ ਵਾਲੇ ਸਮੇਂ ਹਸਪਤਾਲ ਦਾ ਕੰਮ ਘਟਾਇਆ ਵੀ ਜਾ ਸਕਦਾ ਹੈ। ਪਰ ਜੇ ਵਗਾਰ ਏਨੀ ਵਧ ਗਈ ਕਿ ਜਨਤਕ ਧੁੰਦਲੀ ਸੋਚ ਮਿਟਾਉਣ ਲਈ ਅਤੇ ਘਟਾਉਣ ਦੇ ਕੰਮ ਵਿਚ ਅੱਖਾਂ ਦੀ ਨਿਗ੍ਹਾ ਬਚਾਉਣ ਤੇ ਵਧਾਉਣ ਦੇ ਕੰਮ ਵਿਚ ਟਕਰਾਅ ਆਉਂਦਾ ਹੈ ਤਾਂ ਮੈਂ ਦੂਜਾ ਕੰਮ ਬੰਦ ਵੀ ਕਰ ਸਕਦਾ ਹਾਂ ਅਤੇ ਜੇ ਸਿਖਰ ਹੋ ਗਈ ਤਾਂ ਹਸਪਤਾਲ ਵੀ ਬੰਦ ਕਰ ਸਕਦਾ ਹਾਂ। ਪਰ ਮੈਂ ਆਮ ਲੋਕਾਂ ਨੂੰ ਅੰਮ੍ਰਿਤਸਰ ਹਲਕੇ ਵਿਚ ‘ਹਾਕਮ ਸੀਹ ਤੇ ਮੁਕਦਮ ਕੁਤਿਆਂ’ ਦੀ ਦੇਖਰੇਖ ਹੇਠ ਕਦੀ ਨਹੀਂ ਛੱਡਾਂਗਾ। ਇਹ ਮੇਰਾ ਸੰਕਲਪ ਹੈ।

ਸੁਆਲ : ਪਰ ਡਾ. ਸਾਹਿਬ ਅਖਬਾਰਾਂ ਵਿਚ ਤਾਂ ਤੁਹਾਡਾ ਕਿਧਰੇ ਇਕ ਅੱਖਰ ਵੀ ਨਹੀਂ ਛਪਿਆ, ਟੈਲੀਵਿਜ਼ਨ ਦੀ ਗੱਲ ਤਾਂ ਛੱਡੋ।

ਜੁਆਬ : ਭਾਈ ਸਾਹਿਬ ਮੈਂ ਇਕ ਪ੍ਰੈਸ ਕਾਨਫਰੰਸ ਕੀਤੀ ਸੀ, ਇਹ ਠੀਕ ਹੈ ਕਿ ਅੱਖਰ ਨਹੀਂ ਛਪਿਆ। ਪੱਤਰਕਾਰ ਪੈਸੇ ਮੰਗਦੇ ਨੇ। ਖ਼ਬਰ ਛਪੇ ਨਾ ਛਪੇ ਮੈਂ ਆਪਣੀ ਰੋਜ਼ ਰੋਜ਼ ਦੀ ਮੁਹਿੰਮ ਵਿਚ ਜੁਟੇ ਰਹਿਣਾ ਹੈ। ਕੰਮ ਕੇਵਲ ਤੇ ਕੇਵਲ ਏਨਾ ਹੈ ਕਿ ਲੋਕਾਂ ਨੂੰ ਇਹ ਸਮਝਾਉਣ ਦਾ ਕਿ ਭਾਈ ਆਪਣੀ ਹੋਣੀ ਦੇ ਆਪ ਮਾਲਕ ਬਣੋ। ਰਾਜਪ੍ਰਬੰਧ ਦੀ ਕੁੰਜੀ ਆਪਣੇ ਹੱਥ ਵਿਚ ਰੱਖੋ। ਅੱਗੋਂ ਸਮਾਂ ਦੱਸੇਗਾ ਕਿ ਸ੍ਰੀਮਾਨ ਵੋਟਰ ਸਾਹਿਬਾਨ ਮੇਰੀ ਕਿੰਨੀ ਸੁਣਦੇ ਹਨ ਅਤੇ ਜੇਤਲੀ ਅਤੇ ਕੈਪਟਨ ਦੀ ਕਿੰਨੀ ਸੁਣਦੇ ਹਨ। ਮੇਰਾ ਸਮਾਂ ਬੜਾ ਕੀਮਤੀ ਤੇ ਲੋਕਾਂ ਲਈ ਹੈ। ਹੁਣ ਮੈਨੂੰ ਖ਼ਿਮਾ ਕਰੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top