Share on Facebook

Main News Page

ਪੰਜਾਬ ਵਿਚ ‘ਆਪ’ ਪਾਰਟੀ ਦੇ ਉਮੀਦਵਾਰਾਂ ਦੀ ਮਾਇਕ ਮੱਦਦ ਕਰਨ ਵਾਸਤੇ, ਪ੍ਰਵਾਸੀ ਪੰਜਾਬੀ ਦਿਲ ਖੋਲ੍ਹ ਕੇ ਅੱਗੇ ਆਏ !

- ਕੇਜਰੀਵਾਲ ਨੂੰ ਨਵੇਂ ਯੁਗ ਦਾ ‘ਮਸੀਹਾ’ ਸਮਝਦੇ ਨੇ ਪ੍ਰਵਾਸੀ!!

ਸੈਨਹੋਜ਼ੇ (ਤਰਲੋਚਨ ਸਿੰਘ 'ਦੁਪਾਲ ਪੁਰ') :- “ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਕੁਣਬਾ-ਪ੍ਰਵਰੀ ਅਤੇ ਸਿਆਸੀ ਬਦਲਾ-ਖੋਰੀ ਦੀਆਂ ਚਲਦੀਆਂ ਕਾਲ਼ੀਆਂ ਬੋਲ਼ੀਆਂ ਹਨੇਰੀਆਂ ਵਿਚ ਸ਼੍ਰੀ ਅਰਵਿੰਦ ਕੇਜਰੀਵਾਲ ਦੀ ‘ਆਮ ਆਦਮੀ ਪਾਰਟੀ’ ਇਕ ਆਸ ਦੀ ਕਿਰਨ ਵਾਂਗ ਚਮਕਦੀ ਦਿਖਾਈ ਦਿੰਦੀ ਹੈ। ਜਿਸ ਤੋਂ ਦੇਸ਼ ਵਾਸੀਆਂ ਦੇ ਨਾਲ਼ ਨਾਲ਼ ਵਿਦੇਸ਼ਾਂ ‘ਚ ਵਸਦੇ ਲੱਖਾਂ ਪਰਵਾਸੀ ਭਾਰਤੀਆਂ ਨੂੰ ਵੀ ਭਾਰੀ ਉਮੀਦਾਂ ਹਨ।

ਬੇਸ਼ਕ ਅਸੀਂ ਸਾਰੇ ਪ੍ਰਵਾਸੀ ਵਿਅਕਤੀ ਗਤ ਰੂਪ ‘ਚ ਚੋਣ-ਪ੍ਰਚਾਰ ਵਿਚ ਹਿੱਸਾ ਲੈਣ ਲਈ ਦੇਸ਼ ਨਹੀਂ ਪਹੁੰਚ ਸਕਦੇ। ਪਰ ਅਸੀਂ ‘ਆਪ’ ਦੇ ਉਮੀਦਵਾਰਾਂ ਲਈ ਮਾਇਕ ਮੱਦਦ ਜੁਟਾਉਣ ਵਾਸਤੇ ‘ਕੱਲਾ ‘ਕੱਲਾ ਪ੍ਰਵਾਸੀ ਵਚਨ-ਬੱਧ ਹਾਂ। ਇਹ ਸ਼ਬਦ ਅਮਰੀਕਾ ਵਿਚ ‘ਆਪ’ ਦੇ ਕਨਵੀਨਰ ਡਾ. ਇਕਵਿੰਦਰ ਸਿੰਘ ਗਿਲ ਨੇ ਉਸ ਭਰਵੇਂ ਇਕੱਠ ਵਿਚ ਆਖੇ, ਜੋ ਕਿ ਪੰਜਾਬ ਵਿਚ ਚੋਣਾ ਲੜ ਰਹੇ ‘ਆਪ’ ਦੇ ਉਮੀਦਵਾਰਾਂ ਲਈ ‘ਫੰਡ ਰੇਜ਼ਿੰਗ’ ਕਰਨ ਵਾਸਤੇ ਰਖਿਆ ਗਿਆ ਸੀ।

ਦੋ ਹਫਤਿਆਂ ਦੇ ਵਕਫੇ ਬਾਅਦ ਹੀ ਮਿਲਪੀਟਸ ਸ਼ਹਿਰ ਦੇ ਰੌਇਲ ਪੈਲਸ ਵਿਚ ਆਯੋਜਿਤ ਹੋਏ ਇਸ ਦੂਸਰੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ, ਉਘੇ ਸਮਾਜ ਸੇਵਕ ਸ਼੍ਰੀ ਰਾਜ ਬਡਵਾਲ ਨੇ ਪੰਜਾਬ ਵਿੱਚ ਚੱਲ ਰਹੇ ਪਾਰਟੀ ਦੇ ਚੋਣ ਪ੍ਰਚਾਰ ਬਾਰੇ ਤਫਸੀਲ ਨਾਲ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਸਾਨੂੰ ਪੰਜਾਬੀਆਂ ਦੇ ਅਣਖੀਲੇ ਤੇ ਇਨਕਲਾਬੀ ਖਾਸੇ ਤੋਂ ਪੂਰੀਆਂ ਉਮੀਦਾਂ ਹਨ, ਕਿ ਉਥੇ ਐਤਕੀਂ ਨਸ਼ਿਆਂ ਤੇ ਨੋਟ੍ਹਾਂ ਦਾ ‘ਜਾਦੂ’ ਨਹੀਂ ਚਲ ਸਕੇ ਗਾ। ਪੰਜਾਬ ਦੇ ਸਾਰੇ ਵਰਗਾਂ ਵਲੋਂ ਜਿਸ ਤਰਾਂ ‘ਆਪ’ ਦੇ ਉਮੀਦਵਾਰਾਂ ਨੂੰ ਅੱਖਾਂ ‘ਤੇ ਬਿਠਾਇਆ ਜਾ ਰਿਹਾ ਹੈ ਅਤੇ ਸਮੂੰਹ ਪੰਜਾਬੀ, ਸ਼੍ਰੀ ਕੇਜਰੀਵਾਲ਼ ਦੇ ਸੰਭਾਵਿਤ ਪੰਜਾਬ ਦੌਰੇ ਨੂੰ ਜਿਵੇਂ ਬੇਸਬਰੀ ਨਾਲ ਉਡੀਕ ਰਹੇ ਨੇ। ਉਸ ਤੋਂ ਮਾਲੂਮ ਹੁੰਦਾ ਹੈ ਕਿ ਪੰਜਾਬ ਵਾਸੀ ‘ਝਾੜੂ’ ਦਾ ਬਟਨ ਦੱਬਣ ਲਈ ਕਿੰਨੇ ਉਤਾਵਲੇ ਹਨ।

ਖਚਾ ਖਚ ਭਰੇ ਪਏ ਹਾਲ ਵਿੱਚ ਕੈਲੇਫੋਰਨੀਆਂ ਪ੍ਰਾਂਤ ਦੇ ਵੱਖ ਵੱਖ ਭਾਗਾਂ ਤੋਂ ਆਏ ਹੋਏ ਪ੍ਰਵਾਸੀ, ਜਿਵੇਂ ਡਾਕਟਰ, ਵਕੀਲ, ਬਿਜਨਸਮੈਨ, ਮੁਲਾਜ਼ਮ, ਲਿਖਾਰੀ, ਸਮਾਜ ਸੇਵਕ ਅਤੇ ਵਿਦਿਆਰਥੀ ਇਸ ਸਮਾਗਮ ਵਿਚ ਹਾਜ਼ਰ ਸਨ। ਸਾਰਿਆਂ ਨੇ ਦਿਲ ਖੋਲ੍ਹ ਕੇ ਫੰਡ ਵਿਚ ਹਿੱਸਾ ਪਾਇਆ। ਕਈ ਦਰਸ਼ਕਾਂ ਨੇ ਹੱਥਾਂ ਵਿਚ ਮਾਟੋ ਚੁੱਕੇ ਹੋਏ ਸਨ, ਜਿਨਾਂ ‘ਤੇ ਲਿਖਿਆ ਹੋਇਆ ਸੀ- ‘ਕੇਜਰੀਵਾਲ਼-ਹਰ ਦਮ ਤੇਰੇ ਨਾਲ਼!’ ਅਤੇ-‘ਕੇਜਰੀਵਾਲ਼ ਕ੍ਰਾਂਤੀ ਦਾ ਕ੍ਰਿਸ਼ਮਾਂ!’ ਇਸ ਮੌਕੇ ਇਸੇ ਪਾਰਟੀ ਦੇ ਦੂਜੇ ਕਨਵੀਨਰ ਦਿਲਾਵਰ ਸਿੰਘ ਚਾਹਲ ਨੇ ਲੋਕ ਸਭਾ ਹਲਕਾ ਪਟਿਆਲਾ ਦੇ ਉਮੀਦਵਾਰ ਸ਼੍ਰੀ ਧਰਮਵੀਰ ਗਾਂਧੀ ਨੂੰ ਫੋਨ ਰਾਹੀਂ ਇਕੱਠ ਦੇ ਰੂ-ਬ-ਰੂ ਕੀਤਾ। ਪ੍ਰਸਿੱਧ ਸ਼ਾਇਰ ਮੀਆਂ ਅਹਿਮਦ ਸ਼ਾਹ ਨੇ ‘ਕੇਜਰੀਵਾਲ਼ ਦੀ ਕੀਰਤੀ’ ਨਾਂ ਦੀ ਭਾਵ ਪੂਰਤ ਕਵਿਤਾ ਤਰੰਨੁਮ ਵਿਚ ਪੇਸ਼ ਕਰਕੇ ਵਾਹ ਵਾਹ ਖੱਟੀ। ਹੋਰਨਾਂ ਤੋਂ ਇਲਾਵਾ ਅੰਤਰ ਰਾਸ਼ਟਰੀ ਸਿੱਖ ਚਿੰਤਕ ਡਾ.ਹਰਬੰਸ ਸਿੰਘ ‘ਸਰਾਂ’ ਸ਼੍ਰੀ ਪ੍ਰਭਾਤ ਸ਼ਰਮਾ, ਸ਼੍ਰੀ ਪਰਾਮਿਲ ਗੁਪਤਾ, ਸ਼੍ਰੀ ਪਰਵਾਜ਼ ਵਿਰਕ ਅਤੇ ਉਘੇ ਲੇਖਕ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਵੀ ‘ਆਪ’ ਪਾਰਟੀ ਦੀਆਂ ਸਰਗਰਮੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਹਾਜ਼ਰੀਨ ਨੂੰ ਹਰ ਤਰਾਂ ਦਾ ਸਮਰਥਨ ਦੇਣ ਦੀ ਅਪੀਲ ਕੀਤੀ। ਸਮਾਪਤੀ ‘ਤੇ ਚਾਹ ਪਾਣੀ ਦਾ ਲੰਗਰ ਸਭ ਨੇ ਰਲ ਮਿਲ਼ ਕੇ ਛਕਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top