Share on Facebook

Main News Page

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਨਾਮ ਤੀਜਾ ਖੁੱਲਾ ਪੱਤਰ

ਵਿਸ਼ਾ ‐ ਕਿਹੜੇ ਮੂੰਹ ਨਾਲ ਵੋਟਾਂ ਮੰਗਦੇ ਹੋ ਮੁੱਖ ਮੰਤਰੀ ਜੀ

ਮੁੱਖ ਮੰਤਰੀ ਜੀ,

ਪਿਛਲੇ ਪੱਤਰਾਂ ਵਿੱਚ ਅਸੀਂ ਤੁਹਾਡੇ ਕੋਲੋਂ ਸਾਕਾ ਨੀਲਾ ਤਾਰਾ ਅਤੇ ਪੰਜਾਬ ਅੰਦਰ 25,000 ਤੋਂ ਉਂਪਰ ਨੌਜਵਾਨਾ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਬਾਰੇ ਇੰਦਰਾਂਕਿਆਂ ਤੇ ਭਾਜਪਾਕਿਆਂ ਨਾਲ ਕੀਤੀ ਸਾਂਝੀ ਯੋਜਨਾਬੰਦੀ ਬਾਰੇ ਜਵਾਬ ਮੰਗਿਆ ਸੀ, ਪਰ ਤੁਹਾਡੇ ਵੱਲੋਂ ਇਸ ਸਬੰਧੀ ਪੰਜਾਬ ਦੇ ਲੋਕਾਂ ਨੂੰ ਕੋਈ ਜਵਾਬ ਦੇਣ ਦੀ ਬਜਾਏ ਮੋਦੀ ਦੀ ਜੈ-ਜੈ ਕਾਰ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਪਹਿਲਾਂ ਝੂਠੇ ਮੁਕਾਬਲਿਆਂ ਵਿੱਚ ਜਵਾਨੀ ਦਾ ਘਾਣ ਹੋਇਆ, ਹੁਣ ਨਸ਼ਿਆਂ ਰਾਹੀਂ ਜਵਾਨੀ ਦੀ ਬਰਬਾਦੀ ਕੀਤੀ ਜਾ ਰਹੀ ਹੈ। ਤੁਹਾਡੇ ਵੱਲੋਂ ਪੰਜਾਬ ਨੂੰ ਹੱਸਦਾ ਵੱਸਦਾ ਤੇ ਭੰਗੜੇ ਪਾਉਂਦਾ ਦੱਸ ਕੇ ਲੋਕਾਂ ਦੇ ਜਖਮਾਂ 'ਤੇ ਲੂਣ ਛਿੜਕਿਆ ਜਾ ਰਿਹਾ ਹੈ।

ਬਾਦਲ ਜੀ, ਪਿਛਲੇ ਦਿਨੀ ਪਟਿਆਲੇ ਅੰਦਰ ਵਾਪਰੀ ਹੋਲਨਾਕ ਘਟਨਾ ਗੁਰਾਂ ਦੇ ਨਾਮ ਤੇ ਵੱਸਦੇ ਪੰਜਾਬ ਨੂੰ ਪੂਰੀ ਤਰਾਂ ਸ਼ਰਮਸਾਰ ਕਰ ਦਿੱਤਾ ਹੈ। ਸਾਡੀਆਂ ਨੌਜਵਾਨ ਬੇਟੀਆਂ ਦੀਆਂ ਸ਼ਰਾਬ ਦੇ ਠੇਕੇ ਤੇ ਖਲੋ ਕੇ ਬੋਤਲਾਂ ਨੂੰ ਮੂੰਹ ਲਾ ਕੇ ਸ਼ਰਾਬ ਪੀ ਰਹੀਆਂ ਦੀਆਂ ਤਸਵੀਰਾਂ ਪੰਜਾਬ ਨੂੰ ਸ਼ਰਮਸਾਰ ਕਰ ਰਹੀਆਂ ਸਨ ਅਤੇ ਤੁਹਾਡੇ ਵਿਕਾਸ ਦਾ ਮੂੰਹ ਚਿੜਾ ਰਹੀਆਂ ਸਨ।

ਇਹ ਸਚਾਈ ਹੈ ਕਿ ਪੰਜਾਬ ਨੂੰ ਨਸ਼ਿਆਂ ਵਿੱਚ ਗਰਕ ਕਰਨ ਦੀ ਸ਼ੁਰੂਆਤ, ਝੂਠੇ ਮੁਕਾਬਲਿਆਂ ਵਿੱਚ ਜਵਾਨੀ ਦਾ ਘਾਣ ਕਰਨ ਤੋਂ ਬਾਦ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਤੇ ਕੇ. ਪੀ. ਐਸ ਗਿੱਲ ਦੀ ਜੋੜੀ ਨੇ ਕੀਤੀ ਸੀ। ਅੱਜ ਵੀ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੀ ਪੱਟੀ ਨੇੜੇ ਸ਼ਰਾਬ ਦੀ ਫੈਕਟਰੀ ਮਾਝੇ ਦਾ ਬੇੜਾ ਗਰਕ ਕਰੀ ਜਾ ਰਹੀ ਹੈ। ਮੁੱਖ ਮੰਤਰੀ ਜੀ, ਸ਼ਰਮ ਆਉਂਦੀ ਹੈ ਜਦੋਂ ਕਿਸੇ ਸੂਬੇ ਦਾ ਮੁਖੀ ਸ਼ਰਾਬ ਵੇਚ ਕੇ ਸੂਬੇ ਦਾ ਗੁਜਾਰਾ ਚਲਾ ਰਿਹਾ ਹੋਵੇ ਅਤੇ ਸਿੱਖਿਆ ਨਸ਼ਾਬੰਦੀ ਦੀ ਦਿੱਤੀ ਜਾ ਰਹੀ ਹੈ। ਪੰਜਾਬ ਅੰਦਰ ਰੋਜਾਨਾ 21 ਕਰੋੜ ਰੁਪਏ ਦੀ ਸ਼ਰਾਬ ਪੀਤੀ ਜਾ ਰਹੀ ਹੈ। ਸੁਣਿਉ ਪੰਜਾਬ ਦਾ ਵਿਕਾਸ 2700 ਵਿਅਕਤੀਆਂ ਪਿੱਛੇ ਇੱਕ ਸ਼ਰਾਬ ਦਾ ਠੇਕਾ ਅਤੇ 8800 ਵਿਅਕਤੀਆਂ ਪਿੱਛੇ 1 ਸਿਹਤ ਕੇਂਦਰ। ਲੱਖਲਾਹਨਤ ਇਹੋ ਜਿਹੇ ਵਿਕਾਸ ਤੇ ਜਿੱਥੇ ਸੂਬੇ ਵਿੱਚ ਠੇਕਿਆਂ ਦੀ ਗਿਣਤੀ 10000 ਤੋਂ ਉੱਪਰ ਹੋਵੇ ਅਤੇ ਸਿਹਤ ਕੇਂਦਰ ਹੋਣ ਸਿਰਫ 3156

ਪਿਛਲੇ ਦਿਨੀ ਭੋਲਾ ਜਦੋਂ ਬੋਲਿਆ ਅਤੇ ਨਸ਼ਿਆਂ ਬਾਰੇ ਖੁਲਾਸੇ ਕਰ ਰਿਹਾ ਸੀ ਤਾਂ ਮੁੱਖ ਮੰਤਰੀ ਜੀ ਤੁਹਾਡੇ ਰਾਜ ਦੇ ਵੱਡੇ ਥੰਮਾਂ ਸੁਖਬੀਰ ਤੇ ਮਜੀਠੀਆ ਨੂੰ ਧਰਤੀ ਵੇਲ ਨਹੀਂ ਸੀ ਦੇ ਰਹੀ। ਸੂਬੇ ਦਾ ਸਾਬਕਾ ਡੀ.ਜੀ.ਪੀ ਜੇਲਾ ਸ਼ਸ਼ੀਕਾਂਤ ਵੀ ਨਸ਼ਿਆਂ ਦੇ ਕਾਰੋਬਾਰ ਵਿੱਚ ਕਾਂਗਰਸੀਆਂ ਅਤੇ ਬਾਦਲਕਿਆਂ ਨੂੰ ਦੋਸ਼ੀ ਠਹਿਰਾ ਰਿਹਾ ਹੈ। ਦੁਆਬੇ ਦੇ ਸੀਨੀਅਰ ਮੰਤਰੀ ਉਂਪਰ ਵੀ ਉਂਗਲਾ ਉਂਠ ਰਹੀਆਂ ਹਨ। ਤੁਹਾਡੇ ਖਾਸਮ ਖਾਸ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਸ਼੍ਰੀ ਢੀਂਡਸਾ ਦੀ ਨਸ਼ਿਆਂ ਦੇ ਕਾਰੋਬਾਰੀਆਂ ਨਾਲ ਕੁੜਮਾਚਾਰੀ , ਕੋਈ ਛੁਪੀ ਹੋਈ ਨਹੀਂ ਹੈ। ਲੁਧਿਆਣੇ ਹਲਕੇ ਤੋਂ ਤੁਹਾਡੇ ਲੋਕ ਸਭਾ ਦੇ ਉਮੀਦਵਾਰ ਪ੍ਰਾਪਰਟੀ ਡੀਲਰੀ ਵਿੱਚ ਤਾਂ ਮਾਲਾਮਾਲ ਹੋ ਹੀ ਚੁਕੇ ਹਨ, ਨਸ਼ਿਆਂ ਦੇ ਕਾਰੋਬਾਰੀਆਂ ਨਾਲ ਸਬੰਧਾਂ ਬਾਰੇ ਵੀ ਗੱਲਾਂ ਹੋ ਰਹੀਆਂ ਹਨ।

ਮੁੱਖ ਮੰਤਰੀ ਜੀ ਤੁਸੀਂ ਤਾਂ ਹੱਦ ਹੀ ਕਰ ਦਿੱਤੀ ਅਤੇ ਲੋਕੀ ਮੋਹ ਵਿੱਚ ਉਂਗਲਾ ਪਾਉਣ ਲਈ ਮਜਬੂਰ ਹੋ ਗਏ, ਜਦੋਂ ਦਿੱਲੀ ਤੋਂ ਸ਼ਰਾਬ ਦੇ ਠੇਕੇਦਾਰ ਦੀਪ ਮਲਹੋਤਰਾ ਨੂੰ ਪੰਜਾਬ ਵਿੱਚ ਲਿਆ ਕੇ ਆਪਣੇ ਦਲ ਵੱਲੋਂ ਐਮ. ਐਲ. ਏ ਬਣਾ ਧਰਿਆ। ਇਸੇ ਲੜੀ ਵਿੱਚ ਤੁਸਾਂ ਝੂਠੇ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਨ ਵਾਲੇ ਮਹਾਂਰਥੀ ਇਜਹਾਰ ਆਲਮ ਸਾਬਕਾ ਡੀ.ਜੀ.ਪੀ ਨੂੰ ਤੁਸਾਂ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਅਤੇ ਲੋਕਾਂ ਦੀ ਤੋਹੇ ਤੋਹੇ ਤੋਂ ਡਰਦਿਆਂ ਆਲਮ ਨੂੰ ਐਮ.ਐਲ.ਏ ਬਣਾਉਣ ਦੀ ਬਜਾਏ ਉਸ ਦੀ ਪਤਨੀ ਨੂੰ ਐਮ.ਐਲ.ਏ ਬਣਾ ਕੇ ਸਾਹ ਲਿਆ। ਕੋਈ ਅਣਹੋਣੀ ਨਹੀਂ ਹੋਵੇਗੀ ਜੇਕਰ ਕੱਲ ਕਲੋਤਰ ਨੂੰ 25000 ਤੋਂ ਉਂਪਰ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਵਾਲਾ ਮੁੱਖ ਦੋਸ਼ੀ ਕੇ.ਪੀ.ਐਸ ਗਿੱਲ ਵੀ ਤੁਹਾਡੇ ਦਲ ਵਿੱਚ ਸ਼ਾਮਲ ਹੋ ਜਾਵੇ ਕਿਉਂਕਿ ਤੁਸਾਂ ਅੱਜ ਤੱਕ ਉਸਦੇ ਖਿਲਾਫ ਕੋਈ ਕਾਰਵਾਈ ਨਾ ਕਰਕੇ ਉਸ ਤੇ ਵੱਡਾ ਅਹਿਸਾਨ ਕੀਤਾ ਹੈ।

ਸੋ ਅਸੀਂ ਬੇਨਤੀ ਕਰਦੇ ਹਾਂ ਕਿ ਕਾਂਗਰਸੀਆਂ, ਭਾਜਪਾਈਆਂ ਅਤੇ ਤੁਹਾਡੀ ਮੇਹਰਬਾਨੀ ਕਾਰਨ ਪੰਜਾਬ ਅੰਦਰ ਜਵਾਨੀ ਦਾ ਝੂਠੇ ਮੁਕਾਬਲਿਆਂ ਵਿੱਚ ਵੱਡੀ ਪੱਧਰ ਤੇ ਘਾਂਣ ਹੋਇਆ ਹੈ ਅਤੇ ਹੁਣ ਨਸ਼ਿਆਂ ਵਿੱਚ ਜਵਾਨੀ ਬਰਬਾਦ ਨਾ ਕਰੋ। ਮੈਂ ਫਿਰ ਕਹਿੰਦਾ ਹਾਂ ਕਿ ਇਸ ਰਾਜ ਨਾਲੋ ਅੰਗਰੇਜਾਂ ਦਾ ਰਾਜ ਚੰਗਾ ਸੀ ਜਿੱਥੇ ਕਾਨੂੰਨ ਦੀ ਕੋਈ ਪੁੱਛ ਪਰਤੀਤ ਸੀ।

ਬੇਨਤੀ ਕਰਤਾ

ਚਮਨ ਲਾਲ (ਜਥੇਬੰਦਕ ਸਕੱਤਰ)
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top