Share on Facebook

Main News Page

ਰੱਬੀ ਹੋਂਦ ਤੋਂ ਮੁਨਕਿਰ ਹੋਏ ਗੁਰਚਰਨ ਸਿੰਘ ‘ਜੀਊਣਵਾਲਾ’ ਦੀ ਚਰਚਾ ਚੁਣੌਤੀ ਪ੍ਰਵਾਨ
-: ਗਿ. ਜਗਤਾਰ ਸਿੰਘ ਜਾਚਕ

* ਸਿੰਘ ਸਭਾ ਇੰਟਰਨੈਸ਼ਨਲ ਸਿਧਾਂਤਕ ਮੌਤੇ ਮਰ ਚੁੱਕੀ ਹੈ
* ਸ਼ੁਕਰ ਹੈ ਕਿ ਇਨ੍ਹਾਂ ਦਾ ਗੁੰਮਰਾਹਕੁਨ ਸਿੰਘ ਸਭੀਆ ਮੌਖਟਾ ਛੇਤੀ ਹੀ ਉੱਤਰ ਗਿਆ ਹੈ
* ਸਿੰਘ ਸਭਾ ਇੰਟਰਨੈਸ਼ਨਲ ਨਾਂ ਰੱਖ ਕੇ ਤੁਸੀਂ ਸਿੱਖ ਜਗਤ ਨੂੰ ਗੁੰਮਰਾਹ ਕਰਨ ਦਾ ਧ੍ਰੋਹ ਕਮਾ ਰਹੇ ਹੋ

ਕੁਝ ਦਿਹਾੜੇ ਪਹਿਲਾਂ 11 March 2014 ਨੂੰ ਦਾਸ ਨੇ ਇੱਕ ਲੇਖ ਲਿਖਿਆ ਸੀ ‘ਗੁਰਮਤਿ ਪ੍ਰਚਾਰਕਾਂ ਦਾ ਰੱਬ ਅਤੇ ਗੁਰੂ ਦੀ ਨਿਵੇਕਲੀ ਹੋਂਦ ਤੋਂ ਮੁਨਕਿਰ ਹੋਣਾ ਸਿੱਖੀ ਲਈ ਘਾਤਕ’। ਕਿਉਂਕਿ, ਮੈਂ ਮਹਸੂਸ ਕੀਤਾ ਕਿ ਨਵੀਂ ਪੀੜ੍ਹੀ ਦੇ ਕੁਝ ਸਿੱਖ ਪ੍ਰਚਾਰਕ ਤੇ ਲੇਖਕ ਕਾਮਰੇਡੀ ਸੋਚ ਤੋਂ ਪ੍ਰਭਾਵਿਤ ਹੋ ਕੇ ਉਪਰੋਕਤ ਕਿਸਮ ਦੀ ਬਿਆਨਬਾਜ਼ੀ ਕਰ ਰਹੇ ਹਨ। ਮੇਰਾ ਮਕਸਦ ਕੇਵਲ ਇਹੀ ਸੀ ਕਿ ਉਹ ਸੱਜਣ ਇਸ ਪੱਖੋਂ ਸੰਭਲਣ ਤੇ ਗੁਰਮਤਿ ਦੇ ਗਾਡੀ ਰਾਹ ਤੋਂ ਨਾ ਭਟਕਣ। ਅਸਲ ਵਿੱਚ ਇਹੀ ਕਾਰਨ ਹੈ ਕਿ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਰੋਪੜ ਨੇ ਆਪਣੇ ਮਾਸਿਕ ਪੱਤਰ ‘ਮਿਸ਼ਨਰੀ ਸੇਧਾਂ ਅਪ੍ਰੈਲ 2014 ਵਿੱਚ ਵਿਸ਼ੇਸ਼ ਤੌਰ ’ਤੇ ਛਾਪਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਵੱਖਰਾ ਛਾਪ ਕੇ ਵੰਡਿਆ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਨੌਜਵਾਨ ਪ੍ਰਸਿੱਧ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਤੇ ਪ੍ਰੋ. ਹਰਜਿੰਦਰ ਸਿੰਘ ਸਭਰਾ ਨੇ ਕਾਲਜ ਦੇ ਸਲਾਨਾ ਸਮਾਗਮ ਵੇਲੇ 25 ਮਾਰਚ ਨੂੰ ਉਪਰੋਕਤ ਲੇਖ ਦੀ ਸ਼ਲਾਘਾ ਕੀਤੀ ਤੇ ਇਸ ਨੂੰ ਸਮੇਂ ਦੀ ਲੋੜ ਦੱਸ ਕੇ ਧੰਨਵਾਦ ਕੀਤਾ। ਉਨ੍ਹਾਂ ਸਪਸ਼ਟ ਕੀਤਾ ਕਿ ਅਸੀਂ ਅਜਿਹੀ ਮਲੀਨ ਸੋਚ ਦੇ ਸਦਾ ਹੀ ਵਿਰੋਧੀ ਰਹੇ ਹਾਂ।

 ਸਿੱਖੀ ਦੇ ਹਮਦਰਦ ਕੁਝ ਪਤਰਕਾਰ ਸੱਜਣਾ ਨੇ ਈ-ਮੇਲ ਪੱਤਰਾਂ ਤੇ ਫੋਨ ਸੰਪਰਕ ਰਾਹੀਂ ਜ਼ੋਰ ਦਿੱਤਾ ਕਿ ਸਾਨੂੰ ਐਸੇ ਲੋਕਾਂ ਦੇ ਨਾਂ ਦੱਸ ਦਿਓ, ਤਾਂ ਕਿ ਅਸੀਂ ਭਵਿੱਖ ਵਿੱਚ ਸੁਚੇਤ ਰਹੀਏ। ਉਨ੍ਹਾਂ ਇਹ ਵਾਅਦੇ ਵੀ ਕੀਤੇ ਕਿ ਅਸੀਂ ਆਪਣੀ ਵੈਬਸਾਈਟ ਜਾਂ ਅਖ਼ਬਾਰ ਵਿੱਚ ਐਸੇ ਨਾਂ ਨਸ਼ਰ ਨਹੀਂ ਕਰਾਂਗੇ। ਪ੍ਰੰਤੂ, ਦਾਸ ਆਪਣੇ ਇਸ ਕਿਸਮ ਦੇ ਸਾਰੇ ਸੱਜਣਾਂ ਨੂੰ ਇਹ ਕਹਿ ਕੇ ਟਾਲਦਾ ਰਿਹਾ ਕਿ ਸਬਰ ਰੱਖੋ ਤੇ ਉਡੀਕ ਕਰੋ, ਜਿਨ੍ਹਾਂ ਨੂੰ ਪੀੜ ਹੋਏਗੀ ਉਹ ਆਪ ਹੀ ਬੋਲ ਪੈਣਗੇ। ਕਿਉਂਕਿ, ਰੱਬ ਨਾਲੋਂ ਟੁੱਟੇ ਲੋਕ ਫੋਕੀ ਹਉਮੈ ਦਾ ਸ਼ਿਕਾਰ ਹੋਣ ਕਰਕੇ ਸਹਨਸ਼ੀਲਤਾ ਤੇ ਧੀਰਜ ਤੋਂ ਸੱਖਣੇ ਹੁੰਦੇ ਹਨ।

ਇਸ ਪੱਖੋਂ ਸਭ ਤੋਂ ਪਹਿਲਾਂ ਬੋਲਵਿਗਾੜ ਬਣਿਆਂ ਕੋਈ ਮਨਦੀਪ ਸਿੰਘ ‘ਵਰਨਨ’, ਜਿਸ ਨੇ ‘ਸਿੱਖ ਮਾਰਗ’ ਵੈਬਸਾਈਟ ਰਾਹੀਂ ਤਿੰਨ ਪੱਤਰ ਲਿਖ ਕੇ ਟੇਢੇ ਢੰਗ ਨਾਲ ਆਪਣੇ ਦਿਲ ਦੀ ਭੜਾਸ ਕੱਢੀ ਪਤਾ ਚੱਲਿਆ ਕਿ ਇਹ ਸੱਜਣ ‘ਸਿੰਘ ਸਭਾ ਇੰਟਰਨੈਸ਼ਨਲ (ਕੈਨੇਡਾ)’ ਦੇ ਮੁੱਖੀ ਭਾਈ ਗੁਰਚਰਨ ਸਿੰਘ ‘ਜੀਊਣਵਾਲਾ’ ਦੀ ਸੱਜੀ ਬਾਂਹ ਹ। ਬਹੁਤ ਹੈਰਾਨੀ ਹੋਈ। ਯਕੀਨ ਵੀ ਨਹੀਂ ਸੀ ਆ ਰਿਹਾ, ਕਿਉਂਕਿ, ਲੇਖ ਦਾ ਤਾਂ ਵਿਰੋਧ ਓਹੀ ਸ਼ਖਸ ਕਰ ਸਕਦਾ ਹੈ, ਜਿਹੜਾ ਰੱਬ ਤੇ ਗੁਰੂ ਦੀ ਨਿਵੇਕਲੀ ਹੋਂਦ ਤੋਂ ਮੁਨਕਿਰ ਹੋਵੇ। ਇਤਨੇ ਨੂੰ ਜੀਊਣਵਾਲੇ ਨੇ ਜ਼ਹਿਰ ਉਗਲਿਆ ਫੋਨ ਕਰਕੇ ਮੇਰੇ ਮਿਤਰ ਭਾਈ ਦਲਜੀਤ ਸਿੰਘ ਨਿਓਡਾ ਪਾਸ। ਫਿਰ ਇਸ ਨੇ ਫੋਨ ਕਰਕੇ ਮੈਨੂੰ ਨੇਕ ਹਦਾਇਤ ਦਿੱਤੀ ਕਿ ਮੈਂ ਉਪਰੋਕਤ ਲੇਖ ਲਿਖਣ ਵਰਗੀਆਂ ਗੱਲਾਂ ਨਾ ਕਰਾਂ। ਪਰ ਮੈਂ ਪੰਡੋਰੀ ਸਿਧਵਾਂ (ਅੰਮ੍ਰਿਤਸਰ) ਵਿਖੇ ਸਮਾਗਮ ਵਿੱਚ ਹੋਣ ਕਰਕੇ ਜਵਾਬ ਵਿੱਚ ਬਹੁਤੀ ਗੱਲਬਾਤ ਨਾ ਕਰ ਸਕਿਆ। ਇਸ ਲਈ ਖ਼ਿਮਾਂ ਮੰਗ ਕੇ ਇਤਨਾ ਹੀ ਉੱਤਰ ਦਿੱਤਾ ਕਿ ‘ਵਰਨਨ’ ਨੇ ਆਪਣੇ ਪੱਤਰਾਂ ਵਿੱਚ ਭਾਸ਼ਾ ਅੱਛੀ ਨਹੀਂ ਵਰਤੀ। ਮੈਂ ਛੇਤੀ ਹੀ ਨਿਊਯਾਰਕ ਆ ਰਿਹਾਂ। ਉਥੇ ਪਹੁੰਚ ਕੇ ਵਿਸਥਾਰ ਪੂਰਵਕ ਬਾਕੀ ਗੱਲ ਕਰਾਂਗਾ।

5 ਅਪ੍ਰੈਲ 2014 ਨੂੰ ਜੀਊਣਵਾਲੇ ਦਾ ਈ-ਮੇਲ ਪੱਤਰ ਮਿਲ ਗਿਆ। ਇਸ ਵਿੱਚ ਆਪਣੇ ਸਾਥੀ ‘ਵਰਨਨ’ ਬਾਰੇ ਪ੍ਰਗਟਾਏ ਮੇਰੇ ਰੋਸ ਦਾ ਜਵਾਬ ਦਿੰਦਿਆਂ ਉਸ ਨੇ ਹੇਠ ਲਿਖੇ ਲਫ਼ਜ਼ਾਂ ਵਿੱਚ ਰੱਬ ਬਾਰੇ ਬਹਿਸ ਕਰਨ ਦੀ ਇਉਂ ਚੁਣੌਤੀ ਦੇ ਮਾਰੀ :  

ਜੇ ਤੁਸੀਂ ਨਾ ਲਿਖਦੇ ਤਾਂ ਮਨਦੀਪ ਸਿੰਘ ਵਰਨਨ ਨੇ ਤੁਹਾਨੂੰ ਸਵਾਲ ਨਹੀਂ ਸੀ ਪਾਉਣੇ। ਛਿੰਗ ਤੁਸੀਂ ਛੇੜੋ ਤੇ ਬਾਅਦ ਵਿਚ ਇਹ ਕਹੋ ਕਿ ਮਨਦੀਪ ਸਿੰਘ ਨੂੰ ਬੋਲੀ ਚੰਗੀ ਵਰਤਣੀ ਚਾਹੀਦੀ ਸੀ। ਗਿਆਨੀ ਜੀ ਇਹ ਕਿਹੜੇ ਕਾਇਦੇ ਵਿਚ ਲਿਖਿਆ ਹੈ। ਗਿਆਨੀ ਜੀ ਜੇ ਤੁਹਾਨੂੰ ਰੱਬ ਬਾਰੇ ਜ਼ਿਆਦਾ ਪਤਾ ਹੈ ਤਾਂ ਆਪਾਂ ਲੋਕਾਂ ਦੀ ਕਚਿਹਰੀ ਵਿਚ ਆਹਮਣੇ ਸਾਹਮਣੇ ਬੈਠ ਕੇ ਗੱਲ ਕਰ ਲੈਂਦੇ ਹਾਂ?

ਸਪਸ਼ਟ ਹੈ ਕਿ ਸਿੰਘ ਸਭਾ ਇੰਟਰਨੈਸ਼ਨਲ ਸਿਧਾਂਤਕ ਮੌਤੇ ਮਰ ਚੁੱਕੀ ਹੈ। ਕਿਉਂਕਿ, ਸਿੱਖੀ ਸਰੂਪ ਵਿੱਚ ਰੱਬ ਅਤੇ ਗੁਰੂ ਦੀ ਨਿਵੇਕਲੀ ਹੋਂਦ ਤੋਂ ਮੁਨਕਿਰ ਹੋ ਰਹੀ ਇਸ ਸਾਕਤ ਜੁੰਡਲੀ ਦੇ ਕਮਾਂਡਰ ਬਣ ਗਏ ਹਨ ‘ਜੀਊਣਵਾਲਾ’ ਤੇ ‘ਵਰਨਨ’। ਸ਼ੁਕਰ ਹੈ ਕਿ ਇਨ੍ਹਾਂ ਦਾ ਗੁੰਮਰਾਹਕੁਨ ਸਿੰਘ ਸਭੀਆ ਮੌਖਟਾ ਛੇਤੀ ਹੀ ਉੱਤਰ ਗਿਆ ਹੈ, ਜਿਸ ਕਰਕੇ ਮੇਰੇ ਵਰਗੇ ਕਈ ਲੋਕ ਹੁਣ ਤੱਕ ਇਨ੍ਹਾਂ ਦੇ ਪ੍ਰਸੰਸਕ ਬਣੇ ਰਹੇ। ਤਖ਼ਲਸ ਤਾਂ ਭਾਵੇਂ ਇਸ ਨੇ ‘ਜੀਊਣਵਾਲਾ’ ਰੱਖਿਆ ਹੈ, ਪਰ ਇਸ ਦੀ ਗਲਬਾਤ ਸੁਣ ਕੇ ਤੇ ਲਿਖਤ ਪੜ੍ਹ ਕੇ ਸਾਰੇ ਸੂਝਵਾਨ ਸੱਜਣ ਇਹੀ ਕਹਿੰਦੇ ਆ ਰਹੇ ਸਨ ‘ਮੁਰਦਾ ਬੋਲੇ, ਕਫ਼ਨ ਪਾੜੇ’। ਪ੍ਰਸੰਸਾ ਦਾ ਕਾਰਨ ਸੀ ਇਨ੍ਹਾਂ ਵੱਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੁਆਰਾ ਚਲਾਏ ਜਾ ਰਹੇ ਪੰਜਾਬ ਵਿੱਚਲੇ ‘ਗੁਰਮਤਿ ਪ੍ਰਚਾਰ ਸੈਂਟਰ’। ਪਰ, ਹੁਣ ਤਾਂ ਕੋਈ ਭੁਲੇਖਾ ਨਹੀਂ ਰਿਹਾ ਕਿ ਰੱਬੀ ਹੋਂਦ ਤੋਂ ਮੁਨਕਿਰ ਜਿਹੜੇ ਕਾਮਰੇਡ ‘ਗੁਰਾਂ ਦਾ ਨਾਂ ’ਤੇ ਵੱਸਦੇ ਪੰਜਾਬ’ ਵਿੱਚ ਫੇਲ ਹੋ ਗਏ ਸਨ। ਉਹ ਹੁਣ ਸਿੰਘ ਸਭਾ ਦੇ ਨਾਂ ਦੇ ਮੌਖਟੇ ਰਾਹੀਂ ਗੁਰਮਤਿ ਪ੍ਰਚਾਰਕ ਸੰਸਥਾਵਾਂ ਵਿੱਚ ਪ੍ਰਵੇਸ਼ ਕਰਕੇ ਗੁਰਦੁਆਰਿਆਂ ਦੇ ਪ੍ਰਬੰਧਕਾਂ, ਗੁਰਮੱਤੀ ਲੇਖਕਾਂ  ਤੇ ਪ੍ਰਚਾਰਕਾਂ ਨੂੰ ਆਪਣੀ ਸਾਜਿਸ਼ ਦਾ ਸ਼ਿਕਾਰ ਬਨਾਉਣ ਲਈ ਯਤਨਸ਼ੀਲ ਹਨ। ਇਸ ਪੱਖੋਂ ਸਮੁੱਚੇ ਸਿੱਖ ਜਗਤ ਨੂੰ ਸੁਚੇਤ ਹੋਣ ਦੀ ਲੋੜ ਹੈ।

ਜਿਥੋਂ ਤੱਕ ਸਵਾਲ ਹੈ ਜੀਊਣਵਾਲੇ ਦੀ ਚੁਣੌਤੀ ਦਾ, ਉਸ ਨੂੰ ‘ਜਾਚਕ’ ਆਪਣੇ ਸਤਿਗੁਰੂ ਦੇ ਭਰੋਸੇ ਪਰਵਾਨ ਕਰਦਾ ਹੋਇਆ ਸਾਕਤ ਜੁੰਡਲੀ ਨੂੰ ਸਪਸ਼ਟ ਕਰ ਦੇਣਾ ਚਹੁੰਦਾ ਹੈ, ਕਿ ਦਾਸ ਤਾਂ ਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰੇਕ ਸੇਵਕ ਸਿੱਖ ਤੁਹਾਡੀ ਇਸ ਨਾਪਾਕ ਸਾਜਿਸ਼ ਦਾ ਭਾਂਡਾ ਲੋਕ ਕਚਿਹਰੀ ਦੇ ਚੌਰਾਹੇ ਵਿੱਚ ਭੰਨਣ ਲਈ ਤਿਆਰ ਹੈ। ਪਰ, ਸਾਡੀ ਸ਼ਰਤ ਇੱਕੋ ਹੋਏਗੀ ਕਿ ਵਿਚਾਰ-ਚਰਚਾ ਦੀ ਹਰੇਕ ਗੱਲ ਲਈ ਗੁਰਬਾਣੀ ਦਾ ਢੁੱਕਵਾਂ ਪ੍ਰਮਾਣ ਦਿੱਤਾ ਜਾਵੇ। ਕਿਉਂਕਿ, ਸਾਡੇ ਰੱਬੀ ਵਿਸ਼ਵਾਸ਼ ਦਾ ਆਧਾਰ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕੋਈ ਵੀ ਮਨਘੜਤ ਤੇ ਕਾਮਰੇਡਾਂ ਵਾਲੀ ਤਰਕਸ਼ਾਲੀ ਦਲੀਲ ਪ੍ਰਵਾਨ ਨਹੀਂ ਹੋਏਗੀ। ਤੁਸੀਂ ਰੱਬ ਨੂੰ ਮੰਨੋ ਭਾਵੇਂ ਨਾ, ਤੁਹਾਡੀ ਸੋਚ ਤਹਾਨੂੰ ਮੁਬਾਰਕ, ਪਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ  ਦਾ ਐਲਾਨ ਹੈ :

ਹੈ ਤਉ ਸਹੀ, ਲਖੈ ਜਉ ਕੋਈ ॥ ਤਬ ਓਹੀ ਉਹੁ, ਏਹੁ ਨ ਹੋਈ ॥42॥ ਸ੍ਰੀ ਗੁਰੂ ਗ੍ਰੰਥ ਸਾਹਿਬ - ਅੰਕ 342

ਇਸ ਲਈ ਲੋਕ ਕਚਿਹਰੀ ਵਿੱਚ ਗੱਲਬਾਤ ਦੀ ਗੱਲ ਤਾਂ ਦੂਰ, ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚੋਂ ਕੋਈ ਇੱਕ ਵੀ ਸ਼ਬਦ, ਜਿਸ ਵਿੱਚ ਰੱਬੀ ਹੋਂਦ ਨੂੰ ਪ੍ਰਵਾਨ ਨਾ ਕੀਤਾ ਹੋਵੇ,  ਪੱਤਰ ਦੇ ਜਵਾਬ ਵਿੱਚ ਵਿੱਚ ਲਿਖ ਭੇਜੋ ਤਾਂ ਮੈਂ ਆਪਣੀ ਹਾਰ ਮੰਨ ਕੇ ਤੁਹਾਡੇ ਨਾਲ ਸਹਿਮਤ ਹੋ ਜਾਵਾਂਗਾ। ਪਰ, ਜੇਕਰ ਤੁਸੀਂ ਅਜਿਹਾ ਉੱਤਰ ਨਾ ਦੇ ਸਕੋ ਤਾਂ ਫਿਰ ‘ਸਿੰਘ ਸਭਾ’ ਦਾ ਮੌਖਟਾ ਉਤਾਰ ਕੇ ਕਾਮਰੇਡਾਂ ਦੀ ਤਰਕਸ਼ੀਲ ਸੰਸਥਾ ਦੇ ਮੈਂਬਰ ਹੋਣ ਦਾ ਐਲਾਨ ਕਰ ਦਿਓ। ਸਾਡੀ ਹੋਰ ਕੋਈ ਮੰਗ ਨਹੀਂ ਹੈ; ਕਿਉਂਕਿ, ਸਿੰਘ ਸਭਾ ਇੰਟਰਨੈਸ਼ਨਲ ਨਾਂ ਰੱਖ ਕੇ ਤੁਸੀਂ ਸਿੱਖ ਜਗਤ ਨੂੰ ਗੁੰਮਰਾਹ ਕਰਨ ਦਾ ਧ੍ਰੋਹ ਕਮਾ ਰਹੇ ਹੋ। ਯਾਦ ਰੱਖੋ, ਹੁਣ ਸਿੰਘ ਸਭਾ ਲਹਿਰ ਦੇ ਬਾਨੀ ਤੇ ਗਿਆਨ ਖੜਗ ਦੇ ਧਾਰਨੀ ਸੂਰਮੇਂ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁਖ ਸਿੰਘ ਦੀ ਪਵਿਤਰ ਗੁਰਮੁਖੀ ਸੋਚ ਤੇ ਸਕੰਲਪ ਨੂੰ ਤੁਹਾਡੇ ਵਰਗੇ ਬਹੁਰੂਪੀਆਂ ਦੁਆਰਾ ਪਲੀਤ ਨਹੀਂ ਕਰਨ ਦਿੱਤਾ ਜਾਏਗਾ। ਕਿਉਂਕਿ ਤੁਹਾਡੇ ਢੋਲ ਦਾ ਪੋਲ ਖੁੱਲ ਚੁੱਕਾ ਹੈ । ਗੁਰਵਾਕ ਹੈ :

ਉਘਰਿ ਗਇਆ ਜੈਸਾ ਖੋਟਾ ਢਬੂਆ, ਨਦਰਿ ਸਰਾਫਾ ਆਇਆ ॥
ਅੰਤਰਜਾਮੀ ਸਭੁ ਕਿਛੁ ਜਾਨੈ, ਉਸ ਤੇ ਕਹਾ ਛਪਾਇਆ ॥3॥
ਗੁਰੂ ਗ੍ਰੰਥ ਸਾਹਿਬ - ਅੰਕ 381

ਖ਼ਾਲਸਾ ਜੀ ! 20ਵੀਂ ਸਦੀ ਦੇ ਮੁੱਢਲੇ ਦੌਰ ਵਿੱਚ ਸਿੰਘ ਸਭਾ ਲਹਿਰ ਦਾ ਜਨਮ ਹੋਇਆ ਸੀ ਰੱਬ ਨਾਲੋਂ ਟੁੱਟਿਆਂ ਨੂੰ ਗੁਰਬਾਣੀ ਦੁਆਰਾ ਮੁੜ ਰੱਬ ਨਾਲ ਜੋੜਣ ਲਈ । ਸਿੱਖ ਭਾਈਚਾਰੇ ਨੂੰ ਬਿਪਰਵਾਦੀ ਕਰਮਕਾਂਡਾਂ ਤੋਂ ਹਟਾਉਣ ਅਤੇ ਸਿੱਖੀ ਸਿਦਕ ਵਿੱਚ ਪ੍ਰਪੱਕ ਕਰਨ ਲਈ। ਪਰ, ਤਾਂ ਨਿਘਾਰ ਦਾ ਸਿਖਰ  ਹੈ ਕਿ ‘ਸਿੰਘ ਸਭਾ ਇੰਟਰਨੈਸ਼ਨਲ (ਕੈਨੇਡਾ)” ਦੇ ਆਪੂੰ ਮੁੱਖੀ ਬਣੇ ਗੁਰਚਰਨ ਸਿੰਘ ‘ਜੀਊਣਵਾਲਾ’ ਅਤੇ ਮਨਦੀਪ ਸਿੰਘ ‘ਵਰਨਨ’ ਹੁਣ ਰੱਬੀ ਹੋਂਦ ਤੋਂ ਹੀ ਮੁਨਕਿਰ ਹੋ ਗਏ ਹਨ। ਸਿੱਖ ਸੰਗਤਾਂ ਨੂੰ ਐਸੇ ਬਹੁਰੂਪੀਆਂ ਤੋਂ ਸੁਚੇਤ ਹੋਣ ਦੀ ਲੋੜ ਹੈ, ਜਿਹੜੇ ਸਿੰਘ ਸਭਾ ਦੇ ਨਾਂ ਦੀ ਦੁਰਵਰਤੋਂ ਕਰਕੇ ਸਿੱਖ ਜਗਤ ਨੂੰ ਗੁੰਮਰਾਹ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਨੂੰ ਦੜ੍ਹ ਵੱਟ ਕੇ ਤਮਾਸ਼ਾ ਨਹੀਂ ਦੇਖਣਾ ਚਾਹੀਦਾ। ਹਰੇਕ ਸਿੱਖ ਸੰਸਥਾ, ਜਾਗਰੂਕ ਸਿੱਖ ਵਿਦਵਾਨਾਂ ਅਤੇ ਅਖ਼ਬਾਰੀ ਸਿੱਖ ਸੰਪਾਦਕਾਂ ਦਾ ਧਰਮ ਬਣਦਾ ਹੈ ਕਿ ਇਸ ਮਸਲੇ ਤੇ ਉਹ ਆਪਣੇ ਵਿਚਾਰ ਪ੍ਰਗਟ ਕਰਨ। ਕਿਉਂਕਿ, ਇਹ ਮਸਲਾ ‘ਜਾਚਕ’ ਦਾ ਨਿਜੀ ਨਹੀਂ, ਪੰਥਕ ਹੈ। ‘ਪੰਥਕ ਵਿਚਾਰ ਮੰਚ ਲੁਧਿਆਣਾ’ ਇਸ ਮਸਲੇ ਬਾਰੇ ਵਿਦਵਾਨਾਂ ਦੀ ਵਿਸ਼ੇਸ਼ ਬੈਠਕ ਕਰਕੇ ਛੇਤੀ ਹੀ ਆਪਣੀ ਰਾਇ ਪ੍ਰਗਟ ਕਰੇਗਾ। ਕਿਉਂਕਿ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਹੁਰਾਂ ਨੇ ਕਿਹਾ ਕਿ ਰੱਬੀ ਹੋਂਦ ਤੋਂ ਮੁਨਕਿਰ ਹੋਏ ਭੇਖੀਆਂ ਦੀ ਸਿੱਖ ਜਗਤ ਨੂੰ ਪਹਿਚਾਣ ਹੋਣੀ ਜਰੂਰੀ ਹੈ।

ਗੁਰੂ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਲੁਧਿਆਣਾ
ਫੋਨ: 98552 05089
ਮਿਤੀ 9 ਅਪ੍ਰੈਲ 2014


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top