Share on Facebook

Main News Page

ਛਿੱਤਰ ਬੱਬੇਹਾਲੀ ਦੇ ਨਹੀਂ ਸਗੋਂ ਬਾਦਲ ਸਰਕਾਰ ਤੇ ਬਾਦਲ ਦੇ ਵੱਜਾ ਹੈ
-: ਭਾਈ ਰਣਜੀਤ ਸਿੰਘ

ਅੰਮ੍ਰਿਤਸਰ 12ਅਪ੍ਰੈਲ (ਜਸਬੀਰ ਸਿੰਘ): ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ਼ਹੀਦ ਜਸਪਾਲ ਸਿੰਘ ਚੌੜ ਸਿਧਵਾਂ ਦੀ ਮਾਤਾ ਬੀਬੀ ਸਰਬਜੀਤ ਕੌਰ ਵੱਲੋ ਬਾਦਲ ਦੇ ਸਿਆਸੀ ਘੋੜੇ ਗੁਰਚਰਨ ਸਿੰਘ ਬੱਬੇਹਾਲੀ ਦੇ ਮੂੰਹ ਤੇ ਛਿੱਤਰ ਮਾਰਨ ਦੀ ਵਾਪਰੀ ਘਟਨਾ ਸਾਬਤ ਕਰਦੀ ਹੈ ਕਿ ਪੰਜਾਬ ਵਿੱਚ ਫੈਲੇ ਜੰਗਲ ਰਾਜ ਦੀ ਇਹ ਮੂੰਹ ਬੋਲਦੀ ਤਸਵੀਰ ਹੈ ਅਤੇ ਇਹ ਛਿੱਤਰ ਬੱਬੇਹਾਲੀ ਦੇ ਨਹੀਂ ਸਗੋਂ ਬਾਦਲ ਦੀ ਸਰਕਾਰ ਤੇ ਬਾਦਲ ਦੇ ਮੂੰਹ ਵੱਜਾ ਹੈ।

ਆਪਣੇ ਨਿਵਾਸ ਸਥਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਦੋਂ ਸਰਕਾਰਾਂ ਲੋਕਾਂ ਨੂੰ ਇਨਸਾਫ ਨਹੀਂ ਦਿੰਦੀਆ ਤਾਂ ਲੋਕ ਫਿਰ ਖੁਦ ਇਨਸਾਫ ਲੈਣ ਲਈ ਖੜੇ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਜਸਪਾਲ ਦੇ ਪਰਿਵਾਰ ਨੂੰ ਅੱਜ ਤੱਕ ਬਾਦਲ ਦੀ ਸਰਕਾਰ ਨੇ ਇਨਸਾਫ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਦੋਸ਼ੀ ਪੁਲੀਸ ਅਧਿਕਾਰੀ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਬੱਬੇਹਾਲੀ ਨੇ ਜਸਪਾਲ ਦੇ ਕੇਸ ਵਿੱਚ ਗਵਾਹ ਬਣੇ ਵਿਅਕਤੀਆ ਨੂੰ ਡਰਾ ਧਮਕਾ ਕੇ ਬਿਠਾ ਦਿੱਤਾ ਹੈ ਜੋ ਪੰਥਕ ਰਵਾਇਤਾਂ ਦੇ ਬਿਲਕੁਲ ਉਲਟ ਹੈ।

ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਸਿੱਖ ਕੌਂਮ ਤੇ ਸਿੱਖ ਪੰਥ ਦੇ ਦੁਸ਼ਮਣਾਂ ਨੂੰ ਛਿੱਤਰ ਨਾ ਮਾਰਨ ਸਗੋਂ 30 ਅਪ੍ਰੈਲ ਨੂੰ ਆਪਣੇ ਵੋਟ ਦੇ ਮਿਲੇ ਅਧਿਕਾਰ ਦੀ ਵਰਤੋਂ ਕਰਕੇ ਇਹਨਾਂ ਬਾਦਲ, ਮਜੀਠੀਆ ਤੇ ਬੱਬੇਹਾਲੀਆ ਦਾ ਬੋਰੀਆ ਬਿਸਤਰਾ ਗੋਲ ਕਰ ਦੇਣ। ਉਹਨਾਂ ਕਿਹਾ ਕਿ ਉਹ ਬੇਸ਼ਕ ‘ਨੋਟਾ’ ਵਾਲਾ ਬਟਨ ਦਬਾਉਣ ਪਰ ਬਾਦਲਾ ਨੂੰ ਵੋਟ ਨਾ ਪਾਉਣ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿੰਨਾ ਨੁਕਸਾਨ ਪੰਜਾਬ ਤੇ ਸਿੱਖ ਕੌਮ ਦਾ ਕੀਤਾ ਹੈ ਉਨਾ ਨੁਕਸਾਨ ਨਾ ਅੰਗਰੇਜ਼ ਅਤੇ ਨਾ ਹੀ ਮੁਗਲ ਕਰ ਸਕੇ ਹਨ। ਉਹਨਾਂ ਕਿਹਾ ਕਿ ਅੱਜ ਫਿਰ ਮੱਸੇ ਰੰਘੜ ਨੇ ਸ਼੍ਰੋਮਣੀ ਕਮੇਟੀ ਤੇ ਕਬਜਾ ਕਰਕੇ ਦਰਬਾਰ ਸਾਹਿਬ ਵਿਖੇ ਮੰਜਾ ਡਾਹ ਕੇ ਲੁੱਟ ਮਚਾਈ ਹੋਈ ਹੈ ਅਤੇ ਇਸ ਮੱਸੇ ਰੰਘੜ ਦਾ ਬੋਰੀਆ ਬਿਸਤਰਾ ਗੋਲ ਕੀਤੇ ਬਗੈਰ ਪੰਥ, ਗ੍ਰੰਥ ਤੇ ਸ਼੍ਰੋਮਣੀ ਕਮੇਟੀ ਨੂੰ ਬਚਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਜੇਕਰ ਬਾਦਲ ਤੇ ਮਜੀਠੀਆ ਆਪਣੇ ਕਾਲੇ ਕੱਪੜਿਆ ਵਾਲੇ ਕਮਾਂਡੋ ਘਰ ਛੱਡ ਕੇ ਲੋਕਾਂ ਵਿੱਚ ਜਾਣ ਤਾਂ ਲੋਕ ਇਹਨਾਂ ਦਾ ਵੀ ਇਹੀ ਹਸ਼ਰ ਕਰਨ ਜੋ ਬੱਬੇਹਾਲੀ ਦਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਲੋਕ ਇਹਨਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ, ਬੱਸ ਥੋੜੀ ਹਿੰਮਤ ਦੀ ਲੋੜ ਹੈ।

ਜੇਤਲੀ ਨੂੰ ਅੰਮ੍ਰਿਤਸਰ ਤੋਂ ਟਿਕਟ ਦਿਵਾਉਣ ਤੇ ਭਾਜਪਾ ਦਾ ਉਮੀਦਵਾਰ ਬਣਾ ਕੇ ਉਸ ਦੀ ਹਮਾਇਤ ਕਰਨ ਦਾ ਸਿੱਖ ਪੰਥ ਜਾਂ ਅਕਾਲੀ ਦਲ ਦਾ ਕੋਈ ਫੈਸਲਾ ਨਹੀਂ ਹੈ ਸਗੋਂ ਇਹ ਪ੍ਰਕਾਸ਼ ਸਿੰਘ ਬਾਦਲ ਦਾ ਆਪਣਾ ਨਿੱਜੀ ਫੈਸਲਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹੁਣ ਪੰਥ ਦਾ ਨਹੀਂ ਸਗੋਂ ਗਦਾਰਾਂ ਮਜੀਠੀਆ ਤੇ ਬਾਦਲਾਂ ਦਾ ਹੀ ਰਹਿ ਗਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਵਿੱਚ ਹੁਣ ਕੋਈ ਟਕਸਾਲੀ ਅਕਾਲੀ ਨਹੀਂ ਸਗੋਂ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੇ ਫਰਜੰਦ ਸੁਖਬੀਰ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋ ਤੇ ਸਿੱਖ ਕੌਮ ਦੇ ਗਦਾਰ ਪਰਿਵਾਰ ਨਾਲ ਸਬੰਧਿਤ ਬਿਕਰਮ ਸਿੰਘ ਮਜੀਠੀਆ ਦਾ ਹੀ ਇੱਕ ਪਰਿਵਾਰਕ ਵਿੰਗ ਬਣ ਕੇ ਰਹਿ ਗਿਆ ਹੈ।

ਉਹਨਾਂ ਕਿਹਾ ਕਿ ਜੇਤਲੀ ਉਸ ਪਰਿਵਾਰ ਦਾ ਜਵਾਈ ਹੈ ਜਿਸ ਡੋਗਰੇ ਪਰਿਵਾਰ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨੇਸਤੋਂਨਬੂਦ ਕਰਕੇ ਖੁਦ ਇੱਕ ਰਿਆਸਤ ਲਈ ਸੀ ਤੇ ਮਜੀਠੀਆ ਉਸ ਖਾਨਦਾਨ ਵਿੱਚੋ ਹੈ ਜਿਸ ਦੇ ਵੱਡ ਵਡੇਰੇ ਰਣਜੋਧ ਸਿੰਘ ਮਜੀਠੀਆ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਜਰਨੈਲ ਸੀ ਅਤੇ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਾਂ ਨੂੰ ਵੱਖ ਵੱਖ ਤੌਰ ਤੇ ਗ੍ਰਿਫਤਾਰ ਕਰਵਾ ਕੇ ਖੁਦ ਅੰਗਰੇਜਾਂ ਨਾਲ ਸੰਧੀ ਕਰਕੇ ਮੁਰੱਬੇ ਲਏ ਸਨ। ਉਹਨਾਂ ਕਿਹਾ ਕਿ ਕਿੰਨੀ ਵਿਡੰਬਨਾ ਹੈ ਕਿ ਅੱਜ ਫਿਰ ਸਿੱਖ ਕੌਮ ਦੇ ਦੋ ਗਦਾਰ ਪਰਿਵਾਰਾਂ ਦੇ ਵਿਅਕਤੀ ਜੇਤਲੀ ਤੇ ਮਜੀਠੀਆ ਇੱਕ ਵਾਰੀ ਫਿਰ ਸਿੱਖ ਕੌਮ ਦਾ ਭੱਠਾ ਬਿਠਾਉਣ ਲਈ ਇਕੱਠੇ ਹੋ ਗਏ ਹਨ। ਉਹਨਾਂ ਕਿਹਾ ਕਿ ਜੇਤਲੀ ਨੂੰ ਟਿਕਟ ਦਿਵਾਉਣ ਦਾ ਫੈਸਲਾ ਨਿਰੋਲ ਰੂਪ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਹੈ ਜਿਸ ਨੇ ਕੱਟੜ ਆਰ.ਐਸ.ਐਸ ਦੇ ਆਗੂ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਇਆ ਹੈ। ਉਹਨਾਂ ਕਿਹਾ ਕਿ ਟਕਸਾਲੀ ਅਕਾਲੀ ਹੁਣ ਘਰਾਂ ਵਿੱਚ ਬੈਠੇ ਹੋਏ ਹਨ ਅਤੇ ਗਦਾਰ ਨੇ ਬਾਦਲ ਦੇ ਨਿੱਜੀ ਅਕਾਲੀ ਦਲ ਦੀਆ ਵਾਗਾ ਫੜੀਆ ਹੋਈਆ ਹਨ।

ਇੱਕ ਸਵਾਲ ਦੇ ਜਵਾਬ ਉਹਨਾਂ ਕਿਹਾ ਕਿ ਜਦੋ ਉਹ ਨਿਰੰਕਾਰੀ ਕਤਲ ਕੇਸ ਵਿੱਚ ਜੇਲ ਵਿੱਚ ਬੰਦ ਸਨ ਤਾਂ ਉਹਨਾਂ ਦਾ ਕੇਸ ਜੇਲ ਅੰਦਰ ਚਲਾਉਣ ਦੀ ਗੱਲ ਚੱਲੀ ਸੀ ਤਾਂ ਅਰੁਣ ਜੇਤਲੀ ਵਕੀਲ ਵਜੋ ਪੇਸ਼ ਹੋਏ ਤੇ ਉਹਨਾਂ ਨੇ ਨਿਰੰਕਾਰੀਆ ਦੀ ਪੁਸ਼ਤਪਨਾਹੀ ਕਰਦਿਆ ਜੇਲ ਅੰਦਰ ਹੀ ਅਦਾਲਤ ਬਣਾ ਕੇ ਕੇਸ ਚਲਾਉਣ ਲਈ ਕਿਹਾ ਸੀ। ਉਹਨਾਂ ਕਿਹਾ ਕਿ ਅਜਾਦ ਹਿੰਦੋਸਤਾਨ ਵਿੱਚ ਉਹ ਪਹਿਲੇ ਵਿਅਕਤੀ ਸਨ ਜਿਹਨਾਂ ਦਾ ਕੇਸ ਅਦਾਲਤ ਦੀ ਬਜਾਏ ਜੇਲ ਵਿੱਚ ਅਦਾਲਤ ਸਥਾਪਤ ਕਰਕੇ ਚਲਾਇਆ ਗਿਆ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ ਤੇ ਮੰਗ ਕੀਤੀ ਸੀ ਕਿ ਉਸ ਦਾ ਕੇਸ ਬਾਕੀ ਕੈਦੀਆ ਵਾਂਗ ਅਦਾਲਤ ਵਿੱਚ ਚਲਾਇਆ ਜਾਵੇ ਪਰ ਉਹਨਾਂ ਦੀ ਮੰਗ ਨੂੰ ਇਸ ਕਰਕੇ ਅੱਖੋ ਪਰੋਖੇ ਕਰ ਦਿੱਤਾ ਗਿਆ ਕਿਉਕਿ ਦੂਜੇ ਪਾਸੇ ਨਿਰੰਕਾਰੀਆ ਦੀ ਹਮਾਇਤ ਆਰ.ਐਸ.ਐਸ ਕਰ ਰਹੀ ਸੀ। ਉਹਨਾਂ ਕਿਹਾ ਕਿ ਉਹਨਾਂ ਦੇ ਕੇਸ ਤੋਂ ਬਾਅਦ ਇੱਕ ਪਰੰਪਰਾ ਬਣ ਗਈ ਤੇ ਟਾਂਡਾ ਵਾਲੇ ਹੋਰ ਵੀ ਬਹੁਤ ਸਾਰੇ ਕੈਦੀਆ ਦੇ ਕੇਸ ਜੇਲ ਵਾਲੀ ਅਦਾਲਤ ਵਿੱਚ ਹੀ ਚਲਾਏ ਗਏ।

ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬ ਸਾਂਝਾ ਗਰੰਥ ਹੈ ਜਿਸ ਵਿੱਚ ਉਹਨਾਂ ਭਗਤਾਂ ਦੀ ਬਾਣੀ ਦਰਜ ਹੈ ਜਿਹਨਾਂ ਨੂੰ ਜੇਤਲੀ ਵਰਗੇ ਦੁਰਕਾਰ ਕੇ ਸ਼ਹਿਰੋ ਬਾਹਰ ਕੱਢ ਦਿੰਦੇ ਸਨ। ਉਹਨਾਂ ਕਿਹਾ ਕਿ ਸਿੱਖ ਧਰਮ ਦੇ ਅਨੁਯਾਈ ਜਦੋਂ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਮੱਥਾ ਟੇਕਦੇ ਹਨ, ਤਾਂ ਉਹ ਭਗਤ ਕਬੀਰ, ਭਗਤ ਰਵੀਦਾਸ ਤੇ ਬਾਬਾ ਫਰੀਦ ਵਰਗੇ ਮਹਾਂਪੁਰਸ਼ਾਂ ਨੂੰ ਵੀ ਗੁਰੂ ਰੂਪ ਹੋ ਕੇ ਮੱਥਾ ਟੇਕਦੇ ਹਨ। ਉਹਨਾਂ ਕਿਹਾ ਕਿ ਅੱਜ ਕੱਟੜਵਾਦੀ ਫਿਰਕਾਪ੍ਰਸਤਾ, ਮਜੀਠੀਆ ਤੇ ਬਾਦਲਾਂ ਕੋਲੋ ਇਸ ਗ੍ਰੰਥ ਨੂੰ ਬਚਾਉਣ ਦੀ ਸਖਤ ਲੋੜ ਹੈ। ਉਹਨਾਂ ਪੰਜਾਬ ਦੇ ਸਮੁੱਚੇ ਭਾਈਚਾਰਿਆਂ ਨੂੰ ਅਪੀਲ ਹੈ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਬਚਾਉਣ ਲਈ ਉਹ ਬਾਦਲ, ਮਜੀਠੀਆ ਤੇ ਜੇਤਲੀ ਵਰਗਿਆਂ ਨੂੰ ਵੋਟ ਪਾਉਣ ਦੀ ਬਜਾਏ ਆਪਣੀ ਵੋਟ ਖੂਹ ਵਿੱਚ ਵੀ ਸੁੱਟ ਦੇਣ ਤਾਂ ਵੀ ਉਹਨਾਂ ਨੂੰ ਇਸ ਦਾ ਫਾਇਦਾ ਮਿਲ ਸਕੇਗਾ। ਉਹਨਾਂ ਕਿਹਾ ਕਿ ਜੇਤਲੀ ਤੇ ਬਾਦਲਾ ਨੂੰ ਵੋਟ ਪਾਉਣ ਦਾ ਮਤਲਬ ਹੈ ਕਿ ਪੰਜਾਬ ਦੇ ਜੰਗਲ ਰਾਜ ਨੂੰ ਬੜਾਵਾ ਦੇਣਾ ਹੈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top