Share on Facebook

Main News Page

 ਲੋਕ ਸਭਾ ਹਲਕਾ ਅੰਮ੍ਰਿਤਸਰ - ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਭਾਜਪਾ ਦੇ ਉਮੀਦਵਾਰ ਵਿੱਚਕਾਰ ਹੋਵੇਗਾ

* ਕਾਂਗਰਸ ਨੂੰ ਵਰਕਰਾਂ ਦੀ ਘਾਟ ਤੇ ਅਕਾਲੀ ਭਾਜਪਾ ਨੂੰ ਪੈ ਸਕਦੀ ਹੈ ਟੈਕਸਾਂ ਦੀ ਮਾਰ

ਜਸਬੀਰ ਸਿੰਘ ਪੱਟੀ 93560 24684: ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਂਵੇ ਕੁਲ 23 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਪਰ ਮੁੱਖ ਤੌਰ ਤੇ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਤੇ ਭਾਜਪਾ ਦੇ ਦਿਗਜ ਆਗੂ ਸ੍ਰੀ ਅਰੁਣ ਜੇਤਲੀ ਵਿਚਕਾਰ ਹੀ ਹੋਣ ਦੀ ਉਮੀਦ ਹੈ। ਖੱਬੀਆ ਧਿਰਾਂ ਤੇ ਬਸਪਾ ਤੋਂ ਇਲਾਵਾ ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਡੈਮੋਕਰੇਟਿਕ ਪਾਰਟੀ ਤੇ ਕਈ ਅਜਾਦ ਉਮੀਦਵਾਰ ਵੀ ਕਿਸਮਤ ਅਜ਼ਮਾ ਰਹੇ ਹਨ।

ਜਿਉ ਜਿਉ ਚੋਣਾਂ ਨੇੜੇ ਆ ਰਹੀਆ ਹਨ ਤਿਉ ਤਿਉ ਉਮੀਦਵਾਰਾਂ ਨੂੰ ਚੋਣ ਬੁਖਾਰ ਤੇਜ ਹੁੰਦਾ ਜਾ ਰਿਹਾ ਹੈ ਅਤੇ ਅਕਾਲੀ –ਭਾਜਪਾ ਦੇ ਉਮੀਦਵਾਰ ਜਨਾਬ ਅਰੁਣ ਜੇਤਲੀ ਤੇ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਵੱਲੋ ਇੱਕ ਦੂਜੇ ਤੇ ਕੀਤੀ ਜਾ ਰਹੀ ਦੂਸ਼ਣਬਾਜੀ ਵੀ ਚਰਨ ਸੀਮਾ ਤੇ ਪੁੱਜਦੀ ਜਾ ਰਹੀ ਹੈ। ਜਨਾਬ ਜੇਤਲੀ ਸਿਰਫ ਕਾਂਗਰਸ ਨੂੰ ਆਪਣਾ ਨਿਸ਼ਾਨਾ ਬਣਾਉਦੇ ਹਨ, ਪਰ ਕੈਪਟਨ ਅਮਰਿੰਦਰ ਸਿੰਘ ਅਕਾਲੀਆ ਦਲ ਦੇ ਦੋ ਧੁਨੰਤਰਾਂ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਜਿਹੜਾ ਗਿੱਠਾ ਨਾਲ ਮਿਣ ਮਿਣ ਕੇ ਬਿਕਰਮ ਮਜੀਠੀਆ ਨੂੰ ਆੜੇ ਹੱਥੀ ਲੈ ਰਹੇ ਹਨ ਅਤੇ ਕੈਪਟਨ ਵੱਲੋ ਤਾਂ ਉਸ ਨੂੰ ਬਾਂਦਰ ਤੱਕ ਵੀ ਕਿਹਾ ਜਾ ਰਿਹਾ ਜੋ ਨੈਤਿਕਤਾ ਦੀਆ ਕਦਰਾਂ ਕੀਮਤਾਂ ਦੇ ਉਲਟ ਹੈ। ਬਿਕਰਮ ਮਜੀਠੀਆ ਨੇ ਪਹਿਲਾਂ ਤਾਂ ਇਹ ਕਹਿ ਕੇ ਪਾਰਟੀ ਤੇ ਭਾਜਪਾਈ ਉਮੀਦਵਾਰ ਅਰੁਣ ਜੇਤਲੀ ਨੂੰ ਧਰਮ ਸੰਕਟ ਵਿੱਚ ਪਾ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਮਜੀਠੇ ਆਉਣ ਤੋਂ ਉਹ ਸੁਆਗਤ ਕਰਨਗੇ ਤੇ ਉਸ ਚਾਹ ਪਾਣੀ ਤੇ ਰੋਟੀ ਪਾਣੀ ਵੀ ਪੁੱਛਣਗੇ ਪਰ ਜੇਕਰ ਉਸ ਨੇ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਧੌਣ ਵੀ ਨੱਪ ਦੇਣਗੇ ਜਦ ਕਿ ਹਿੰਦੀ ਦੀ ਇੱਕ ਅਖਬਾਰ ਨੋ ਧੌਣ ਮਰੋੜਨ ਦੀ ਸੁਰਖੀ ਲਗਾ ਕੇ ਮਜੀਠੀਆ ਨੂੰ ਛਵੀ ਨੂੰ ਨੀਵਾਂ ਦਿਖਾਇਆ ਸੀ। ਮਜੀਠੀਆ ਨੇ ਜਿਥੇ ਅਖਬਾਰ ਨੂੰ ਨੋਟਿਸ ਦਿੱਤਾ ਉਥੇ ਅਗਲੇ ਦਿਨ ਆਪਣੀ ਗਲਤੀ ਦਾ ਅਹਿਸਾਸ ਕਰਦਿਆ ਉਸੇ ਅਖਬਾਰ ਵਿੱਚ ਇਹ ਬਿਆਨ ਵੀ ਛੱਪਵਾ ਦਿੱਤਾ ਸੀ ਕਿ ਉਸ ਨੇ ਧੌਣ ਮਰੋੜਨ ਬਾਰੇ ਨਹੀਂ ਕਿਹਾ ਸੀ । ਮਾਮਲਾ ਚੋਣ ਕਮਿਸ਼ਨ ਕੋਲ ਪੁੱਜਾ ਤੇ ਪੰਜਾਬ ਦੇ ਅਧਿਕਾਰੀਆ ਨੇ ਮਜੀਠੀਆ ਨੂੰ ਭਾਂਵੇ ਕਲੀਨ ਚਿੱਟ ਦੇ ਦਿੱਤੀ ਹੈ ਪਰ ਹੁਣ ਮਜੀਠੀਆ ਬਿਆਨ ਦੇਣ ਸਮੇਂ ਕੋਈ ਵੀ ਅਜਿਹੀ ਬਿਆਨਬਾਜੀ ਨਹੀਂ ਕਰ ਰਹੇ ਜਿਹੜੀ ਉਹਨਾਂ ਦੇ ਉਮੀਦਵਾਰ ਲਈ ਸਿਰਦਰਦੀ ਖੜੀ ਕਰੇ।

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਸ੍ਰੀ ਨਵਜੋਤ ਸਿੰਘ ਸਿੱਧੂ ਤਿੰਨ ਵਾਰ ਚੋਣ ਜਿੱਤ ਚੁੱਕੇ ਹਨ, ਪਰ ਜੱਟਾਂ ਵਾਲੀ ਅੜੀ ਕਾਰਨ ਸਿੱਧੂ ਤੇ ਮਜੀਠੀਏ ਵਿਚਕਾਰ ਲੰਮੇ ਸਮੇਂ ਤੋਂ ਛੱਤੀਸ਼ ਦਾ ਅੰਕੜਾ ਚੱਲਦਾ ਆ ਰਿਹਾ ਹੈ ਕਿਉਕਿ ਮਜੀਠੀਆ ਆਪਣੇ ਆਪ ਨੂੰ ਮਾਝੇ ਦਾ ਜਰਨੈਲ ਅਖਵਾਉਦਾ ਹੈ ਜਦ ਕਿ ਸਿੱਧੂ ਵੀ ਆਪਣੇ ਆਪ ਨੂੰ ਕਿਸੇ ਨੂੰਹ ਧੀ ਨਾਲੋ ਘੱਟ ਨਹੀਂ ਸਮਝਦਾ। ਅਕਾਲੀ ਦਲ ਦੇ ਮਹਾਂਰਥੀ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਜਿਹਨਾਂ ਨੂੰ ਅਕਾਲੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣਿਆ ਜਾਂਦਾ ਹੈ ਨੇ ਵੀ ਜਦੋਂ ਮਹਿਸੂਸ ਕੀਤਾ ਕਿ ਭਾਜਪਾ ਸਿੱਧੂ ਦੇ ਮੋਢੇ ਤੇ ਰੱਖ ਕੇ ਪੰਜਾਬ ਦੇ ਪਿੰਡਾ: ਵੱਲ ਨੂੰ ਕੂਚ ਕਰ ਰਹੀ ਹੈ ਤਾਂ ਉਹਨਾਂ ਨੇ ਮਜੀਠੀਏ ਰਾਹੀ ਸਿੱਧੂ ਨੂੰ ਖਤਮ ਕਰਨ ਦੀ ਕੋਸ਼ਿਸ ਕੀਤੀ ਪਰ ਮਜੀਠੀਏ ਨੇ ਖੱਤਰੀ ਬੁੱਧੀ ਵਰਤਦਿਆ ਆਪਣੇ ਨਾਲ ਸਿੱਧੂ ਦੇ ਸ਼ਿਸ਼ ਸ੍ਰੀ ਅਨਿਲ ਜੋਸ਼ੀ ਨੂੰ ਆਪਣੇ ਨਾਲ ਰਲਾ ਲਿਆ ਤੇ ਸਿੱਧੂ ਵਿਰੁੱਧ ਕਾਰਵਾਈ ਸ਼ੁਰੂ ਕਰਵਾ ਦਿੱਤੀ। ਸਿੱਧੂ ਤੇ ਜੋਸ਼ੀ ਵਿੱਚਕਾਰ ਕਈ ਵਾਰੀ ਭਾਜਪਾ ਦੀਆ ਮੀਟਿੰਗਾਂ ਵਿੱਚ ਝੜਪਾਂ ਹੋ ਚੁੱਕੀਆ ਹਨ ਜਿਹੜੀਆ ਅਖੀਰ ਸਿੱਧੂ ਲਈ ਹੀ ਘਾਤਕ ਸਿੱਧ ਹੋਈਆ। ਸਿੱਧੂ ਤੇ ਜੋਸ਼ੀ ਵਿੱਚ ਕਸ਼ਮਕਸ਼ ਵੱਧਦੀ ਗਈ ਤੇ ਮਜੀਠੀਏ ਤੇ ਬਾਦਲੀਏ ਬਾਹਰ ਕੰਧ ਤੇ ਬੈਠੇ ਹੱਸਦੇ ਰਹੇ।

ਸਿੱਧੂ ਨੇ ਜਦੋਂ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨ ਸਾਧਿਆ ਤਾਂ ਪਹਿਲਾਂ ਤਾਂ ਬਾਦਲ ਸਾਹਿਬ ਨੇ ਆਪਣੀ ਆਦਤ ਅਨੁਸਾਰ ਕੋਈ ਬਿਆਨ ਨਾ ਦਿੱਤਾ ਪਰ ਜਦੋਂ ਸਿੱਧੂ ਸਾਹਿਬ ਵਿਕਾਸ ਦੇ ਕੰਮਾਂ ਨੂੰ ਲੈ ਕੇ ਲਛਮਣ ਰੇਖਾ ਪਾਰ ਕਰ ਗਏ ਤਾਂ ਬਾਦਲ ਸਾਹਿਬ ਨੇ ਉਹਨਾਂ ਦੇ ਸਵਾਲਾ ਦਾ ਜਵਾਬ ਦੇਣ ਦੀ ਬਜਾਏ ਭਾਜਪਾ ਹਾਈ ਕਮਾਂਡ ਕੋਲ ਸ਼ਕਾਇਤ ਕਰ ਦਿੱਤੀ। ਸਿੱਧੂ ਦੇ ਬਿਆਨਾਂ ਦਾ ਤੂਫਾਨ ਤਾਂ ਭਾਂਵੇ ਆਰਜ਼ੀ ਤੌਰ ਤੇ ਰੁਕ ਗਿਆ ਪਰ ਸ੍ਰ ਬਾਦਲ ਨੇ ਆਪਣੀ ਸਤਰੰਜ਼ ਦੇ ਸਿਆਸੀ ਮੋਹਰੇ ਚਲਾ ਕੇ ਸਿੱਧੂ ਦੀ ਟਿਕਟ ਕੱਟਵਾ ਦਿੱਤੀ ਤੇ ਉਹਨਾਂ ਦੀ ਜਗ•ਾ ਤੇ ਦਿੱਲੀ ਤੋਂ ਭਾਜਪਾ ਦੇ ਧੁਨੰਤਰ ਅਰੁਣ ਜੇਤਲੀ ਨੂੰ ਲਿਖਤੀ ਤੌਰ ਤੇ ਵਾਅਦਾ ਕਰਕੇ ਲੈ ਕੇ ਆਏ ਕਿ ਜੇਤਲੀ ਸਾਹਿਬ ਨੂੰ ਸਿਰਫ ਆਪਣੇ ਨਾਮਜਦਗੀ ਪੱਤਰ ਦਾਖਲ ਕਰਨ ਲਈ ਹੀ ਅੰਮ੍ਰਿਤਸਰ ਆਉਣਾ ਪਵੇਗਾ ਬਾਕੀ ਉਹ ਸਭ ਕੁਝ ਸੰਭਾਲ ਲੈਣਗੇ ਤੇ ਜਿੱਤ ਦਾ ਸਰਟੀਫਿਕੇਟ ਉਹਨਾਂ ਦੇ ਘਰ ਪਹੁੰਚ ਜਾਵੇਗਾ। ਕਾਂਗਰਸ ਵੱਲੋ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਅੰਮ੍ਰਿਤਸਰ ਤੋਂ ਐਲਾਨਿਆ ਗਿਆ ਤਾਂ ਉਸੇ ਦਿਨ ਹੀ ਅਕਾਲੀ ਭਾਜਪਾ ਦੀ ਸਿਆਸੀ ਮਸ਼ੀਨਰੀ ਦੇ ‘‘ਕੁੱਤੇ’’ ਚੱਲ ਗਏ ਤੇ ਗੋਲੀਆ ਗਾਇਬ ਹੋ ਗਈਆ। ਜੇਤਲੀ ਨਾਲੋ ਜਦੋਂ ਕੈਪਟਨ ਦਾ ਰੋੜ ਸ਼ੋਅ ਜਿਆਦਾ ਵੱਡਾ ਵੇਖਣ ਨੂੰ ਮਿਲਿਆ ਤਾਂ ਜੇਤਲੀ ਸਾਹਿਬ ਆਪਣੇ ਚਹੇਤਿਆ ਨੂੰ ਇਹ ਕਹਿਣ ਲਈ ਮਜਬੂਰ ਹੋ ਗਏ ਕਿ ਉਹ ਰਾਜ ਸਭਾ ਦੇ ਮੈਂਬਰ ਹਨ ਅਤੇ ਉਹਨਾਂ ਨੂੰ ਜਿੱਤ ਹਾਰ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਪਰ ਜਿਹੜੇ ਲੋਕ ਲਿਖਤੀ ਤੌਰ ਤੇ ਲਿਖ ਕੇ ਦੇ ਕੇ ਉਹਨਾਂ ਨੂੰ ਅੰਮ੍ਰਿਤਸਰ ਲੈ ਕੇ ਆਏ ਹਨ ਉਹਨਾਂ ਦੇ ਵਕਾਰ ਨੂੰ ਢਾਹ ਜਰੂਰ ਲੱਗੇਗੀ।

ਕੈਪਟਨ ਅਮਰਿੰਦਰ ਸਿੰਘ ਦਾ ਇਸ ਵੇਲੇ ਸਾਰਾ ਜ਼ੋਰ ਮਜੀਠੀਆ ਨੂੰ ਦਬਾਉਣ Èਤੇ ਲੱਗ ਰਿਹਾ ਹੈ ਅਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਮਜੀਠੀਆ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਉਸ ਦੀ ਬਠਿੰਡੇ ਵਿੱਚ ਕੋਈ ਜਰੂਰਤ ਨਹੀਂ ਹੈ ਅਤੇ ਉਹ ਸਿਰਫ ਲੋਕ ਸਭਾ ਹਲਕਾ ਅੰਮ੍ਰਿਤਸਰ ਵੱਲ ਹੀ ਧਿਆਨ ਦੇਵੇ। ਮਜੀਠੀਆ ਵੱਲੋ ਦਿਨ ਰਾਤ ਮਿਹਨਤ ਤਾਂ ਕੀਤੀ ਜਾ ਰਹੀ ਹੈ ਪਰ ਉਹ ਵੀ ਆਪਣੇ ਵਿਧਾਨ ਸਭਾ ਹਲਕਾ ਮਜੀਠੀਆ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਕਿਉਕਿ ਉਹਨਾਂ ਨੂੰ ਖਦਸ਼ਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਮਜੀਠਾ ਹਲਕੇ ਵਿੱਚੋ ਵੀ ਲੀਡ ਕਰਨ ਵਿੱਚ ਕਾਮਯਾਬ ਹੋ ਗਏ ਤਾਂ ਉਹਨਾਂ ਦੀ ਮੰਤਰੀ ਦੀ ਕੁਰਸੀ ‘ਤੇ ਸੰਕਟ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਸਕਦੇ ਹਨ।

ਸਿੱਖ ਕੌਮ ਦਾ ਕਦੇ ਵੀ ਧਰੁਵੀਕਰਨ ਨਹੀਂ ਹੋਇਆ ਪਰ ਇਹ ਪਹਿਲੀ ਵਾਰੀ ਹੋਇਆ ਹੈ ਕਿ ਸਿੱਖ ਇੱਕ ਪਾਸੜ ਹੀ ਵੋਟ ਕੈਪਟਨ ਅਮਰਿੰਦਰ ਸਿੰਘ ਨੂੰ ਪਾਉਣ ਦੀ ਗੱਲ ਕਰ ਰਹੀ ਹੈ ਅਤੇ ਸਿੱਖਾਂ ਵਿੱਚ ਇਹ ਵੀ ਧਾਰਨਾ ਪਾਈ ਜਾ ਰਹੀ ਹੈ ਕਿ ਉਹ ਸੰਭਾਵੀ ਮੁੱਖ ਮੰਤਰੀ ਹੈ। ਜਦੋਂ ਵੀ ਕੋਈ ਕਿਸੇ ਸਿੱਖ ਨੂੰ ਕੋਈ ਪੁੱਛਦਾ ਹੈ ਕਿ ਵੋਟ ਕਿਹੜੇ ਉਮੀਦਵਾਰ ਨੂੰ ਪਾਉਣੀ ਹੈ ਤਾਂ ਕੱਟੜਪੰਥੀ ਜਿਹੜੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਨੰਬਰ ਜਮਾਤ ਦੱਸ ਕੇ ਭੰਡਦੇ ਹਨ ਉਹਨਾਂ ਦਾ ਵੀ ਇਹੀ ਕਹਿਣਾ ਹੁੰਦਾ ਹੈ ਕਿ ਨਾ ਕਾਂਗਰਸ ਨੂੰ ਅਤੇ ਨਾ ਹੀ ਅਕਾਲੀ ਭਾਜਪਾ ਨੂੰ ਵੋਟ ਪਾਉਣੀ ਸਿਰਫ ਕੈਪਟਨ ਨੂੰ ਪਾਉਣੀ ਹੈ ਜੋ ਇੱਕ ਚੰਗਾ ਵਿਅਕਤੀ ਤੇ ਚੰਗਾ ਸਿੱਖ ਵੀ ਹੈ। ਇਸ ਤਰ੍ਹਾਂ ਸਲੱਮ ਖੇਤਰ ਦੇ ਲੋਕਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਜਵਾਬ ਵੀ ਇੱਕ ਹੀ ਸੀ ਕਿ ਵੋਟ ਕੈਪਟਨ ਅਮਰਿੰਦਰ ਨੂੰ ਪਾਈ ਜਾਵੇਗੀ, ਜਦੋ ਉਹਨਾਂ ਨੂੰ ਜੇਤਲੀ ਬਾਰੇ ਪੁੱਛਿਆ ਗਿਆ ਤਾਂ ਸਲੱਮ ਏਰੀਏ ਦੀ ਬਜੁਰਗ ਔਰਤਾਂ ਦਾ ਕਹਿਣਾ ਸੀ ਕਿ ਉਹ ਤਾਂ ਕਿਸੇ ਜੇਤਲੀ ਕੇਤਲੀ ਨੂੰ ਨਹੀਂ ਜਾਣਦੀਆ। ਬਾਲਮੀਕੀ ਸਮਾਜ ਦੇ ਆਗੂ ਸੰਨੀ ਗਿੱਲ ਨੇ ਕਿਹਾ ਕਿ ਵੋਟਾਂ ਤਾਂ ਪੈਦੀਆ ਬਹੁਤ ਵੇਖੀਆ ਹਨ ਪਰ ਇਸ ਤਰ੍ਹਾਂ ਦੀ ਅਵਾਜ ਉਹਨਾਂ ਨੇ ਆਪਣੀ ਉਮਰ ਦੇ 31 ਸਾਲਾ ਵਿੱਚ ਪਹਿਲੀ ਵਾਰੀ ਵੇਖੀ ਹੈ ਕਿ ਕਿਸੇ ਇੱਕ ਵਿਅਕਤੀ ਦਾ ਹੀ ਨਾਮ ਉੱਭਰ ਕੇ ਸਾਹਮਣੇ ਆਇਆ ਹੋਵੇ।

ਲੋਕ ਸਭਾ ਹਲਕਾ ਅੰਮ੍ਰਿਤਸਰ ਵਿੱਚ ਨੌ ਵਿਧਾਨ ਸਭਾ ਹਲਕੇ ਪੈਦੇ ਹਨ ਜਿਹਨਾਂ ਵਿੱਚ ਚਾਰ ਸ਼ਹਿਰੀ ਇੱਕ ਅਰਧ ਸ਼ਹਿਰੀ ਤੇ ਚਾਰ ਪੇਡੂ ਖੇਤਰ ਦੇ ਹਲਕੇ ਹਨ। ਸ਼ਹਿਰੀ ਖੇਤਰ ਹਲਕਾ ਸੈਂਟਰ ਤੋਂ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਵਿਧਾਇਕ ਹਨ ਤੇ ਉਹਨਾਂ ਦੀ ਚੰਗੀ ਪੈਠ ਹੋਣ ਕਾਰਨ ਉਸ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਜਿੱਤਣ ਦੀ ਆਸ ਹੈ ਇਸ ਹਲਕੇ ਤੋਂ ਸੋਨੀ ਦੇ ਵਿਰੋਧੀ ਕਾਂਗਰਸੀ ਧੜਾ ਪ੍ਰੋ. ਦਰਬਾਰੀ ਲਾਲ ਵੀ ਕੈਪਟਨ ਦੀ ਠੋਕ ਵਜਾ ਕੇ ਹਮਾਇਤ ਕਰ ਰਿਹਾ ਹੈ। ਹਲਕਾ ਉੱਤਰੀ ਜਿਥੇ ਭਾਜਪਾ ਦੇ ਅਨਿਲ ਜੋਸ਼ੀ ਵਿਧਾਇਕ ਤੇ ਪੰਜਾਬ ਸਰਕਾਰ ਵਿੱਚ ਸਥਾਨਕ ਸਰਕਾਰਾਂ ਦੇ ਮੰਤਰੀ ਹਨ ਵੱਲੋ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਵੱਧ ਵੋਟਾਂ ਲੈਣ। ਇਸ ਹਲਕੇ ਤੋਂ ਵੀ ਸਾਰੇ ਕਾਂਗਰਸੀ ਇੱਕਮੁੱਠ ਹੋ ਕੇ ਲੱਗੇ ਹੋਏ ਹਨ ਜਦੋ ਵੀ ਕੋਈ ਹਾਕਮ ਧਿਰ ਨਾਲ ਸਬੰਧਿਤ ਆਗੂ ਹਲਕੇ ਵਿੱਚ ਵੋਟਾਂ ਦੀ ਗੱਲ ਕਰਦਾ ਹੈ ਤਾਂ ਲੋਕ ਲਗਾਏ ਗਏ ਟੈਕਸਾਂ ਤੇ ਮਹਿੰਗਾਈ ਦਾ ਵਾਸਤਾ ਪਾ ਕਹਿ ਦਿੰਦੇ ਹਨ ਕਿ ਹੋਰ ਲਗਾਉ ਟੈਕਸ ਤੇ ਪ੍ਰਾਪਟੀ ਟੈਕਸ ਨੇ ਤਾਂ ਸਰਕਾਰ ਦੀ ਰੇਖ ਵਿੱਚ ਬੁਰੀ ਤਰ੍ਹਾਂ ਮੇਖ ਮਾਰੀ ਹੋਈ ਹੈ।

ਇਸੇ ਤਰ੍ਹਾਂ ਹਲਕਾ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ ਇਥੋ ਭਾਜਪਾਈ ਵਿਧਾਇਕ ਤੇ ਪਾਰਲੀ ਮਾਨੀ ਸਕੱਤਰ ਹਨ। ਪਰ ਨਵਜੋਤ ਸਿੰਘ ਵੱਲੋ ਇਸ ਚੋਣ ਤੋਂ ਆਪਣੇ ਆਪ ਨੂੰ ਲਾਂਭੇ ਕਰ ਲੈਣ ਨਾਲ ਇਸ ਹਲਕੇ ਦੇ ਵੋਟਰਾਂ ਵਿੱਚ ਦੁਬਿਧਾ ਪਾਈ ਜਾ ਰਹੀ ਹੈ ਅਤੇ ਇਸ ਹਲਕੇ ਤੋਂ ਕੈਪਟਨ ਦੇ ਬਹੁਤ ਵੱਡੇ ਫਰਕ ਨਾਲ ਜਿੱਤਣ ਦੀਆ ਕਿਆਸਾਂ ਲਗਾਈਆ ਜਾ ਰਹੀਆ ਹਨ। ਚਰਚਾ ਇਹ ਵੀ ਹੈ ਇਸ ਹਲਕੇ ਤੋਂ ਜਿਹੜੀ ਬਾਗੀ ਕਾਂਗਰਸੀ ਉਮੀਦਵਾਰ ਖੜੀ ਸੀ ਉਹ ਕਿਸੇ ਵੇਲੇ ਵੀ ਮੁੜ ਕਾਂਗਰਸ ਦਾ ਪੱਲਾ ਫੜ ਸਕਦੀ ਹੈ ਪਰ ਹਾਲੇ ਤੱਕ ਉਸ ਨੇ ਆਪਣੇ ਪੱਤੇ ਨਹੀਂ ਖੋਹਲੇ ਅਤੇ ਉਸ ਨੇ ਪੂਰੀ ਤਰ੍ਹਾਂ ਖਾਮੋਸ਼ੀ ਧਾਰ ਰੱਖੀ ਹੈ।ਇਸ ਹਲਕੇ ਤੋਂ ਕਾਂਗਰਸ ਦੀ ਲੀਡ ਕਰੀਬ 25 ਹਜਾਰ ਦੇ ਕਰੀਬ ਮੰਨੀ ਜਾ ਰਹੀ ਹੈ।

ਵਿਧਾਨ ਸਭਾ ਹਲਕਾ ਪੱਛਮੀ ਤੋਂ ਹਮੇਸ਼ਾਂ ਹੀ ਕਾਂਗਰਸੀ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੁੰਦੀ ਰਹੀ ਹੈ ਪਰ ਇਸ ਵਾਰੀ ਕਾਮਰੇਡਾ: ਦੇ ਉਮੀਦਵਾਰ ਦੇ ਵਿੱਚ ਆਉਣ ਨਾਲ ਫਰਕ ਤਾਂ ਭਾਂਵੇ ਘੱਟ ਜਾਵੇ ਫਿਰ ਵੀ ਕਾਂਗਰਸ ਦਾ ਪੱਲੜਾ ਭਾਰੀ ਰਹਿਣ ਦੀਆ ਸੰਭਾਵਨਾਵਾ ਹਨ। ਹਲਕਾ ਦੱਖਣੀ ਤੋਂ ਭਾਂਵੇ ਹਾਕਮ ਧਿਰ ਅਕਾਲੀ ਦਲ ਦੇ ਇੰਦਰਬੀਰ ਸਿੰਘ ਬੁਲਾਰੀਆ ਵਿਧਾਇਕ ਤੇ ਸੰਸਦੀ ਸਕੱਤਰ ਹਨ ਪਰ ਇਸ ਹਲਕੇ ਵਿੱਚ ਸਮੂਹ ਕਾਂਗਰਸੀ ਇੱਕ ਮਿੱਕ ਹੋ ਕੇ ਚੋਣ ਮੁਹਿੰਮ ਚਲਾ ਰਹੇ ਹਨ। ਇਸ ਹਲਕੇ ਤੋਂ ਭਾਂਵੇ ਕਾਂਗਰਸੀ ਨਵਦੀਪ ਸਿੰਘ ਗੋਲਡੀ ਭਾਂਵੇ ਆਪਣਾ ਨਿੱਜੀ ਮਜਬੂਰੀਆ ਕਾਰਨ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਪਰ ਉਹਨਾਂ ਦੇ ਜਾਣ ਨਾਲ ਵੀ ਕੋਈ ਵਧੇਰੇ ਫਰਕ ਪੈਣ ਦੀ ਸੰਭਾਵਨਾ ਨਹੀਂ ਹੈ। ਇਹ ਹਲਕਾ ਵਧੇਰੇ ਕਰਕੇ ਸਿੱਖ ਅਬਾਦੀ ਵਾਲਾ ਹੋਣ ਕਾਰਨ ਕੈਪਟਨ ਸਿੰਘ ਨੂੰ ਫਾਇਦਾ ਪਹੁੰਚਣ ਦੀ ਆਸ ਹੈ। ਸ਼ਹਿਰੀ ਖੇਤਰ ਵਿੱਚੋ 2009 ਵਿੱਚ ਹੋਈਆ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਓਮ ਪ੍ਰਕਾਸ਼ ਸੋਨੀ 40 ਹਜਾਰ ਤੋਂ ਵਧੇਰੇ ਲੀਡ ਮਿਲੀ ਸੀ ਤੇ ਇਸ ਵਾਰੀ ਹੋਰ ਲੀਡ ਦੇ ਵੱਧਣ ਦੀਆ ਸੰਭਾਵਨਾਵਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸੇ ਤਰ੍ਹਾਂ ਦਿਹਾਤੀ ਖੇਤਰ ਦੇ ਦੋ ਹਲਕਿਆ ਮਜੀਠਾ ਤੇ ਰਾਜਾਸਾਂਸੀ ਤੋਂ ਕੈਪਟਨ ਸਿੰਘ ਨੂੰ ਹਾਰ ਦਾ ਮੂੰਹ ਵੇਖਣਾ ਪੈ ਸਕਦਾ ਹੈ।

ਜੀਠਾ ਹਲਕਾ ਤਾਂ ਬਿਕਰਮ ਸਿੰਘ ਮਜੀਠੀਏ ਦੇ ਵਕਾਰ ਦਾ ਸਵਾਲ ਹੈ ਪਰ ਪਿਛਲੀਆ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਡਾ: ਸ਼ੈਲਿੰਦਰ ਸਿੰਘ ਸ਼ੈਲੀ ਨੂੰ ਸਿਰਫ ਅੱਠ ਹਜਾਰ ਹੀ ਵੋਟਾਂ ਮਿਲੀਆ ਸਨ ਜਦ ਕਿ ਬਾਗੀ ਕਾਂਗਰਸੀ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੂੰ 28 ਹਜਾਰ ਦੇ ਕਰੀਬ ਵੋਟ ਹਾਸਲ ਕੀਤੀ ਸੀ ਅਤੇ ਮਜੀਠੀਆ ਨੂੰ 22 ਹਜਾਰ ਦੇ ਕਰੀਬ ਫਰਕ ਨਾਲ ਜਿੱਤ ਪ੍ਰਾਪਤ ਹੋਈ ਸੀ। ਇਸ ਵਾਰੀ ਇਸ ਹਲਕੇ ਵਿੱਚ ਕਾਂਗਰਸ ਦੇ ਤਿੰਨ ਧੜੇ ਲਾਲੀ ਮਜੀਠੀਆ, ਡਾ: ਸ਼ੈਲੀ ਤੇ ਸਵਿੰਦਰ ਸਿੰਘ ਕੱਥੂਨੰਗਲ ਕੈਪਟਨ ਸਿੰਘ ਦੀ ਜਾਨਤੋਂੜ ਕੇ ਮਦਦ ਕਰ ਰਹੇ ਹਨ। ਅਕਾਲੀ ਦਲ ਦੇ ਬੇੜੇ ਵਿੱਚ ਕਈ ਸੁਰਾਖ ਹਨ ਜਿਹੜੇ ਮਜੀਠੀਆ ਦੀ ਬੇੜੀ ਇਸ ਹਲਕੇ ਤੋਂ ਡੋਬ ਸਕਦੇ ਹਨ ਫਿਰ ਵੀ ਬਿਕਰਮ ਸਿੰਘ ਮਜੀਠੀਆ ਤਕੜਾ ਮਲਾਹ ਹੈ ਤੇ ਉਹ ਹਰ ਯਤਨ ਕਰੇਗਾ ਕਿ ਉਸ ਦੇ ਹਲਕੇ ਵਿੱਚੋ ਕੈਪਟਨ ਅਮਰਿੰਦਰ ਸਿੰਘ ਲੀਡ ਨਾ ਕਰ ਸਕੇ।

ਹਲਕਾ ਰਾਜਾਸਾਂਸੀ ਜਿਸ ਨੂੰ ਪੰਥਕ ਹਲਕਾ ਕਿਹਾ ਜਾਂਦਾ ਹੈ ਤੋਂ ਵੀ 2012 ਵਿੱਚ ਕਾਂਗਰਸੀ ਉਮੀਦਵਾਰ ਸੁਖਬਿੰਦਰ ਸਿੰਘ ਉਰਫ ਸੁਖ ਸਰਕਾਰੀਆ ਚੋਣ ਜਿੱਤੇ ਸਨ ਪਰ ਪਿਛਲੇ ਕਰੀਬ ਡੇਢ ਸਾਲ ਤੋਂ ਉਹ ਹਲਕੇ ਵਿੱਚ ਨਹੀਂ ਗਏ ਜਿਸ ਕਰਕੇ ਹਲਕੇ ਦੇ ਕਾਂਗਰਸੀ ਆਪਣੇ ਆਪ ਨੂੰ ਲਾਵਾਰਸ਼ ਸਮਝਦੇ ਹੋਏ ਬਹੁਤ ਸਾਰੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸੁਖ ਸਰਕਾਰੀਆ ਬਾਰੇ ਵੀ ਚਰਚਾਵਾਂ ਬਹੁਤ ਰਹੀਆ ਸਨ ਕਿ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ, ਇਸ ਵਿੱਚ ਕਿੰਨੀ ਸੱਚਾਈ ਹੈ ਇਸ ਬਾਰੇ ਤਾਂ ਕੁਝ ਪਤਾ ਨਹੀਂ ਪਰ ਇਸੇ ਵੇਲੇ ਹਲਕੇ ਤੋਂ ਕੈਪਟਨ ਸਿੰਘ ਦੀ ਬਾਜੀ ਪੁੱਠੀ ਪੈਦੀ ਨਜਰ ਆ ਰਹੀ ਹੈ।


ਦਿਹਾਤੀ ਖੇਤਰ ਦੇ ਹਲਕਾ ਅਟਾਰੀ ਤੇ ਅਜਨਾਲਾ ਤੋਂ ਭਾਂਵੇ ਅਕਾਲੀ ਦਲ ਦੇ ਵਿਧਾਇਕ ਬਣੇ ਹਨ ਜਿਹਨਾਂ ਵਿੱਚੋ ਗੁਲਜਾਰ ਸਿੰਘ ਰਣੀਕੇ ਮੰਤਰੀ ਤੇ ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ ਅਜਨਾਲਾ ਸੰਸਦੀ ਸਕੱਤਰ ਹਨ ਪਰ ਲੋਕਾਂ ਦੇ ਵਿਚਾਰਾ ਤੋਂ ਪਤਾ ਲੱਗਾ ਹੈ ਕਿ ਇਹਨਾਂ ਹਲਕਿਆ ਦੇ ਕਾਂਗਰਸੀ ਵੀ ਇੱਕਮੁੱਠ ਹੋ ਕੇ ਚੋਣ ਮਹਿੰਮ ਨੂੰ ਹੁਲਾਰਾ ਦੇ ਰਹੇ ਹਨ ਅਤੇ ਦੋਹਾਂ ਹਲਕਿਆ ਤੋਂ ਕੈਪਟਨ ਸਿੰਘ ਦੇ ਜਿੱਤਣ ਦੀ ਆਸ ਹੈ। ਗੁਲਜਾਰ ਸਿੰਘ ਰਣੀਕੇ ਇੱਕ ਸ਼ਰੀਫ ਇਨਸਾਨ ਹਨ ਜਦ ਕਿ ਬੋਨੀ ਅਜਨਾਲਾ ਦੇ ਪਿਤਾ ਡਾ: ਰਤਨ ਸਿੰਘ ਅਜਨਾਲਾ ਦੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਟਿਕਟ ਖੋਹ ਲਏ ਜਾਣ ਕਾਰਨ ਉਹ ਨਾਰਾਜ ਚੱਲੇ ਆ ਰਹੇ ਹਨ ਅਤੇ ਨਾਰਾਜਗੀ ਵੀ ਆਪਣਾ ਰੰਗ ਵਿਖਾ ਸਕਦੀ ਹੈ।

ਕੁਲ ਮਿਲਾ ਕੇ ਲੇਖਾ ਜੋਖਾ ਕੀਤਾ ਜਾਵੇ ਤਾਂ ਮੌਜੂਦਾ ਸਥਿਤੀ ਦੋ ਵਿਧਾਨ ਸਭਾ ਹਲਕਿਆ ਨੂੰ ਛੱਡ ਕੇ ਬਾਕੀ ਸੱਤ ਹਲਕਿਆ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਵੋਟ ਪਾਰਟੀ ਕਰਕੇ ਘੱਟ ਪਰ ਉਹਨਾਂ ਦੀ ਆਪਣੀ ਸ਼ਖਸ਼ੀਅਤ ਕਰਕੇ ਵਧੇਰੇ ਮਿਲ ਰਹੀ ਹੈ। ਆਉਣ ਵਾਲੇ ਸਮੇਂ ਪ੍ਰਸਥਿਤੀਆ ਬਦਲਦੀਆ ਹਨ ਜਾਂ ਨਹੀਂ ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛਿੱਪਿਆ ਹੈ ਪਰ ਅਕਾਲੀ ਭਾਜਪਾ ਦੇ ਮੁਕਾਬਲੇ ਕਾਂਗਰਸ ਕੋਲ ਹੇਠਲੇ ਪੱਧਰ ਤੇ ਵਰਕਰ ਨਹੀਂ ਹੈ। ਕਾਂਗਰਸ ਦਾ ਜਿੰਨਾ ਵੀ ਨੁਕਸਾਨ ਹੋਵੇਗਾ ਉਹ ਸਿਰਫ ਵਰਕਰਾਂ ਦੀ ਘਾਟ ਕਾਰਨ ਤੇ ਕਾਂਗਰਸੀਆ ਦੇ ਆਪਸੀ ਤਾਲਮੇਲ ਨਾ ਹੋਣ ਕਰਨ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਦਲਜੀਤ ਸਿੰਘ ਵੀ ਕਾਫੀ ਵੋਟ ਲੈ ਸਕਦੇ ਹਨ ਅਤੇ ਉਹਨਾਂ ਵੱਲੋ ਵੀ ਕਾਂਗਰਸ ਤੇ ਭਾਜਪਾ ਦਾ ਬਰਾਬਰ ਨੁਕਸਾਨ ਕੀਤੇ ਜਾਣ ਦੀ ਸੰਭਾਵਨਾ ਹੈ। ਕਾਂਗਰਸ ਵਰਕਰ ਹਾਕਮ ਧਿਰ ਨੇ ਡਰਾਇਆ ਵੀ ਹੋਇਆ ਹੈ ਅਤੇ ਜੇਕਰ ਕੈਪਟਨ ਸਾਹਿਬ ਫਿਰ ਵੀ ਜਿੱਤ ਜਾਂਦੇ ਹਨ ਤਾਂ ਫਿਰ ਸਮਝ ਲੈਣਾ ਪਵੇਗਾ ਕਿ ਲੋਕਾਂ ਵਿੱਚ ਗੁੱਸਾ ਕਾਫੀ ਹੈ ਜੋ 2017 ਵਿੱਚ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਹੋਰ ਵੀ ਜਿਆਦਾ ਫੁੱਟ ਕੇ ਸਾਹਮਣੇ ਆ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾ: ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top