Share on Facebook

Main News Page

ਅੰਮ੍ਰਿਤ ਖੰਡੇ ਦਾ ਜਾਂ ਗੁਰ ਉਪਦੇਸ਼ ਰੂਪ ਬਾਣੀ ਦਾ
-: ਅਵਤਾਰ ਸਿੰਘ ਮਿਸ਼ਨਰੀ 510 432 5827

ਪ੍ਰੋ. ਦਰਸ਼ਨ ਸਿੰਘ ਜੀ ਨੇ ਬਿਲਕੁਲ ਸੱਚ ਬਿਆਨ ਕੀਤਾ ਹੈ ਕਿ "ਖੰਡੇ ਦਾ ਅੰਮ੍ਰਿਤ" ਨਹੀਂ, ਸਗੋਂ ਬਾਣੀ ਜਾਂ ਗੁਰੂ ਦਾ ਅੰਮ੍ਰਿਤ ਹੈ। ਖੰਡਾ, ਬਾਟਾ, ਜਲ ਅਤੇ ਪਤਾਸੇ ਤਾਂ ਸਾਧਨ ਨੇ ਪਰ ਖੁਦ ਅੰਮ੍ਰਿਤ ਨਹੀਂ ਹਨ। ਅੰਮ੍ਰਿਤ ਦਾ ਅਰਥ ਹੈ ਅਮਰ ਭਾਵ ਮੌਤ ਰਹਿਤ ਸਦੀਵੀ। ਖੰਡਾ, ਬਾਟਾ, ਜਲ ਅਤੇ ਪਤਾਸੇ ਅਮਰ ਅਤੇ ਸਦੀਵੀ ਨਹੀਂ ਹਨ, ਸਗੋਂ ਬਿਨਸਨਹਾਰ ਹਨ।

ਅੰਮ੍ਰਿਤ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਪ੍ਰਕਰਣ ਅਨੁਸਾਰ ਵੱਖ-ਵੱਖ ਅਰਥ ਹਨ ਪਰ ਮੇਨ ਅਰਥ ਪ੍ਰਮੇਸ਼ਰ ਦਾ ਨਾਮ ਹੀ ਹੈ ਬਾਰੇ ਕੁਝ ਗੁਰਬਾਣੀ ਪ੍ਰਮਾਣ- ਅੰਮ੍ਰਿਤ ਨਾਮੁ ਪ੍ਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ॥ (616) ਅੰਮ੍ਰਿਤ ਬਾਣੀ ਅਮਿਉ ਰਸੁ, ਅੰਮ੍ਰਿਤੁ ਹਰਿ ਕਾ ਨਾਉ॥ਮਨਿ ਤਨਿ ਹਿਰਦੈ ਸਿਮਰਿ ਹਰਿ, ਆਠ ਪਹਰ ਗੁਣ ਗਾਉ॥ (963) ਅੰਮ੍ਰਿਤ ਹਰਿ ਕਾ ਨਾਮੁ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤਿ ਪਾਇ ਰਾਮ॥ (538) ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ॥ ਸਤਿਗੁਰਿ ਸੇਵਿਐ ਰਿਦੈ ਸਮਾਣੀ॥ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ॥(118) ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤ ਗੁਰ ਪਾਹੀਂ ਜੀਉ॥ ਛੋਡਹੁ ਵੇਸੁ ਭੇਖੁ ਚਤੁਰਾਈ, ਦੁਬਿਧਾ ਇਹੁ ਫਲੁ ਨਾਹੀਂ ਜੀਉ॥1॥ ਮਨ ਰੇ! ਥਿਰ ਰਹੁ, ਮਤੁ ਕਤ ਜਾਹੀ ਜੀਉ॥ ਬਾਹਰਿ ਢੂਢਤ ਬਹੁਤ ਦੁਖ ਪਾਵਹਿ, ਘਰਿ ਅੰਮ੍ਰਿਤੁ ਘਟ ਮਾਹੀ ਜੀਉ॥ (598) ਅੰਤਰਿ ਖੂਹਟਾ ਅੰਮ੍ਰਿਤਿ ਭਰਿਆ, ਸ਼ਬਦੇ ਕਾਢਿ ਪੀਐ ਪਨਿਹਾਰੀ॥ (570) ਜੇਤੇ ਘਟਿ ਅੰਮ੍ਰਿਤੁ ਸਭ ਹੀ ਮਹਿ, ਭਾਵਹਿ ਤਿਸਹਿ ਪੀਆਈ॥ (1123) ਨਾਨਕ ਅੰਮ੍ਰਿਤੁ ਮਨੈ ਮਾਹਿ, ਪਾਈਐ ਗੁਰ ਪਰਸਾਦਿ॥ (1238) ਅੰਦਰੁ ਅੰਮ੍ਰਿਤਿ ਭਰਪੂਰ ਹੈ ਚਾਖਿਆਂ ਸਾਦ ਜਾਪੈ॥ (1092)

ਪ੍ਰਮੇਸ਼ਰ, ਉਸ ਦਾ ਨਾਮ ਅਤੇ ਬਾਣੀ ਸਦਾ ਅਮਰ ਹਨ ਅਸਲ ਵਿੱਚ ਗੁਰੂ ਦੀ ਬਾਣੀ ਰੂਪ ਉਪਦੇਸ਼ ਹੀ ਅੰਮ੍ਰਿਤ ਹੈ ਜਿਸ ਨੂੰ ਅੰਤਰ-ਆਤਮੇ ਵਸਾ ਕੇ, ਸਿੱਖ ਨੇ ਅਮਰ ਹੋਣਾ ਹੈ। ਜੇ ਗੁਰੂ ਦੀ ਬਾਣੀ ਨੂੰ ਹੀ ਅੰਮ੍ਰਿਤ ਮੰਨ ਲਿਆ ਜਾਵੇ ਤਾਂ ਇਹ ਗੁਰ ਉਪਦੇਸ਼ ਰੂਪ ਅੰਮ੍ਰਿਤ ਸਾਰੇ ਸੰਸਾਰ ਨੂੰ ਪਿਲਾਇਆ ਜਾ ਸਕਦਾ ਹੈ। ਜੇ ਸਿੱਖ ਗੁਰੂ ਦਾ ਹੈ ਤਾਂ ਅੰਮ੍ਰਿਤ ਵੀ ਗੁਰੂ ਜਾਂ ਪ੍ਰਮੇਸ਼ਰ ਦਾ ਹੀ ਹੋ ਸਕਦਾ ਹੈ। ਸਿੱਖ ਅਤੇ ਅੰਮ੍ਰਿਤ ਦੀ ਜੋ ਪ੍ਰੀਭਾਸ਼ਾ "ਗੁਰੂ ਗ੍ਰੰਥ ਸਾਹਿਬ" ਵਿਖੇ ਦਿੱਤੀ ਗਈ ਉਹ ਹੀ ਅਸਲ ਹੈ ਬਾਕੀ ਸਭ ਆਪੋ ਆਪਣੀਆਂ ਕਿਆਸ ਰਾਈਆਂ ਹਨ। ਜਿਵੇਂ ਰੱਬ ਇੱਕ, ਗੁਰੂ ਇੱਕ ਅਤੇ ਬਾਣੀ ਇੱਕ ਹੈ ਉਵੇਂ ਹੀ ਅੰਮ੍ਰਿਤ ਵੀ ਇੱਕ ਹੈ- ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥ (੧੨੩੮) ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਰੂਪੀ ਅੰਮ੍ਰਿਤ ਤੋਂ ਟੁਟਣਾਂ ਹੀ ਕੌਮ ਦੀ ਅਧੋਗਤੀ ਅਤੇ ਸਿੱਖ ਦਾ ਪਤਿਤ ਹੋਣਾ ਹੈ। ਅੰਮ੍ਰਿਤ ਕਦੇ ਟੁਟਦਾ ਨਹੀਂ ਸਗੋਂ ਭਟਕਣਾ ਵਿੱਚ ਪਿਆ ਸਿੱਖ ਹੀ ਦਿਨ ਪ੍ਰਤੀ ਦਿਨ ਨਾਮ-ਬਾਣੀ-ਅੰਮ੍ਰਿਤ ਨਾਲੋਂ ਟੁੱਟ ਕੇ ਥੋਥੇ ਕਰਮਕਾਂਡਾਂ ਨਾਲ ਜੁੜਦਾ ਜਾ ਰਿਹਾ ਹੈ। ਅੰਮ੍ਰਿਤਬਾਣੀ ਤੋਂ ਬਿਨਾਂ ਬਾਕੀ ਚੀਜਾਂ ਏਵੇਂ ਹਨ ਜਿਵੇਂ ਆਤਮਾਂ ਤੋਂ ਬਿਨਾ ਸਰੀਰ। ਸੋ ਅੰਮ੍ਰਿਤ ਦੀ ਸਿੰਘ ਸਾਹਿਬ ਵੱਲੋਂ ਕੀਤੀ ਗਈ ਵਿਆਖਿਆ ਬਿਲਕੁਲ ਸਹੀ ਹੈ।

ਗੁਰਬਾਣੀ ਅਨੁਸਾਰ ਪ੍ਰਮੇਸ਼ਰ ਦਾ ਨਾਮ, ਚੰਗੇ ਗੁਣ, ਚੰਗਾ ਭੋਜਨ, ਸਫਲ ਸੇਵਾ ਅਤੇ ਰੱਬ ਦੀ ਸਿਫਤੋ ਸਲਾਹ ਹੀ ਅੰਮ੍ਰਿਤ ਹੈ, ਜੋ ਸਾਡੇ ਹਿਰਦੇ ਵਿੱਚ ਹੀ ਹੈ, ਜਿਸ ਦੀ ਪ੍ਰਾਪਤੀ ਗੁਰੂ ਗਿਆਨ ਦੁਆਰਾ ਹੁੰਦੀ ਹੈ ਪਰ ਅੱਜ ਅਸੀਂ ਮਨ ਮਰਜੀ ਦੇ ਅੰਮ੍ਰਿਤ ਪੀ ਰਹੇ ਹਾਂ ਜਿਵੇਂ- ਚਰਨ ਅੰਮ੍ਰਿਤ-ਧਰਮ ਅਸਥਾਨਾਂ ਦੇ ਬਾਹਰ ਪੈਰ ਦੋਣ ਵਾਲੇ ਚੁਬੱਚੇ ਚੋਂ ਪੈਰਾਂ ਦੇ ਧੋਣ (ਗੰਦੇ ਪਾਣੀ) ਨੂੰ, ਕਿਸੇ ਘੜੇ ਜਾਂ ਸ਼ੀਸੀ ਬੋਤਲ ਵਿੱਚ ਪਾ ਰੱਖੇ ਪਾਣੀ ਨੂੰ ਅਤੇ ਸਰੋਵਰਾਂ ਦੇ ਪਾਣੀ ਨੂੰ ਅੰਮ੍ਰਿਤ ਸਮਝ ਪੀ ਰਹੇ ਹਾਂ। ਜੇ ਅਸੀਂ ਗੁਰੂ ਦਾ ਅੰਮ੍ਰਿਤ ਛਕਦੇ ਹਾਂ ਤਾਂ ਉਸ ਵਿੱਚ ਵੀ ਵੰਡੀਆਂ ਪਾਈ ਜਾ ਰਹੇ ਹਾਂ, ਜਿਵੇਂ ਕਿੱਥੋਂ ਅੰਮ੍ਰਿਤ ਛੱਕਿਆ ਹੈ? ਨਿਹੰਗਾਂ ਤੋਂ, ਭਿੰਡਰਾਂਵਾਲਿਆਂ ਤੋਂ, ਰਾੜੇਵਾਲਿਆਂ ਤੋਂ, ਪਹੇਵੇ ਵਾਲਿਆਂ ਤੋਂ, ਫਲਾਨੇ ਸੰਤਾਂ ਤੋਂ ਮਿਸ਼ਨਰੀ ਕਾਲਜ ਤੋਂ ਅਤੇ ਸ਼੍ਰੋਮਣੀ ਕਮੇਟੀ ਤੋਂ ਆਦਿ। ਗੁਰੂ ਤੋਂ ਛੱਕਿਆ ਕੋਈ ਨਹੀਂ ਕਹਿੰਦਾ ਕਿਉਂ? ਫਿਰ ਸਭ ਮਰਯਾਦਾ ਵੀ ਵੱਖਰੀ-ਵੱਖਰੀ ਦ੍ਰਿੜ ਕਰਵਾਉਂਦੇ ਹਨ ਐਸਾ ਕਿਉਂ? ਕੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵੱਖਰੀ-ਵੱਖਰੀ ਮਰਯਾਦਾ ਦ੍ਰਿੜ ਕਰਵਾਈ ਸੀ? ਜਰਾ ਸੋਚੋ! ਜਦੋਂ ਖ਼ਾਲਸਾ ਪੰਥ ਇੱਕ ਹੈ ਫਿਰ ਖ਼ਾਲਸੇ ਪੰਥ ਦੀ ਮਰਯਾਦਾ ਵੀ ਇੱਕ ਹੀ ਹੋਣੀ ਚਾਹੀਦੀ ਹੈ।

"ਖੰਡੇ ਦਾ ਅੰਮ੍ਰਿਤ" ਪ੍ਰਚਾਰ ਕੇ, ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਸਾਜਿਸ਼ ਅਧੀਨ ਤੋੜਿਆ ਗਿਆ ਹੈ
 ਖ਼ਾਲਸੇ ਦੇ ਸੰਪੂਰਨਤਾ ਦਿਹਾੜੇ ਨੂੰ ਸਮਰਪਿਤ ਸਮਾਗਮ 'ਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ
12 ਅਪ੍ਰੈਲ 2014 ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ

ਅੰਮ੍ਰਿਤ ਇੱਕ ਪ੍ਰਣ ਹੈ-ਸਿੱਖ ਗੁਰੂ ਅੱਗੇ ਪ੍ਰਣ ਕਰਦਾ ਹੈ ਕਿ ਉਹ ਕਿਰਤਮ ਦੀ ਥਾਂ ਅਕਾਲ ਦੀ ਪੂਜਾ ਕਰੇਗਾ, ਨਾਮ ਜਪੇਗਾ ਅਤੇ ਧਰਮ ਦੀ ਕਿਰਤ ਕਰਦਾ ਹੋਇਆ ਵੰਡ ਛਕੇਗਾ। ਮਨੁੱਖਤਾ ਦੀ ਸੇਵਾ ਕਰਦਾ ਹੋਇਆ ਪਰਉਪਕਾਰੀ ਜੀਵਨ ਜੀਵੇਗਾ। ਜਾਤਿ-ਪਾਤਿ ਨੂੰ ਨਹੀਂ ਮੰਨੇਗਾ। ਕਿਸੇ ਦੇਹਧਾਰੀ ਸਾਧ ਸੰਤ ਦੀ ਥਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਸੀਸ ਨਿਵਾਏਗਾ। ਬੁਰੇ ਕਰਮਾਂ ਦਾ ਤਿਆਗ ਕਰੇਗਾ। ਕੇਸਾਂ ਦੀ ਬੇਅਦਬੀ ਨਹੀਂ ਕਰੇਗਾ, ਪਰਾਈ ਇਸਤ੍ਰੀ ਜਾਂ ਮਰਦ ਦਾ ਸੰਗ ਨਹੀਂ ਕਰੇਗਾ। ਜਗਤ ਜੂਠ ਤਮਾਕੂ ਨਹੀਂ ਪੀਵੇਗਾ, ਗੁਲਾਮੀ ਦੀ ਨਿਸ਼ਾਨੀ ਹਲਾਲ ਕੀਤਾ ਕੁੱਠਾ ਮਾਸ ਨਹੀਂ ਖਾਏਗਾ। ਸਰੀਰਕ ਸਫਾਈ ਨੂੰ ਮੁੱਖ ਰੱਖ, ਨਿੱਤ ਇਸ਼ਨਾਨ ਕਰੇਗਾ ਪਰ ਬ੍ਰਾਹਮਣ ਵਾਲੀ ਸੁੱਚ ਭਿੱਟ ਨਹੀਂ ਰੱਖੇਗਾ। ਪੰਜ ਕਕਾਰੀ ਵਰਦੀ ਧਾਰਨ ਕਰਕੇ ਗੁਰਬਾਣੀ ਦਾ ਪਾਠ ਨਿਤਾ ਪ੍ਰਤੀ ਕਰੇ ਤੇ ਵਿਚਾਰੇਗਾ। ਸ਼ਸ਼ਤ੍ਰ ਵਿਦਿਆ ਦਾ ਅਭਿਆਸ ਜਾਰੀ ਰੱਖੇਗਾ ਅਤੇ ਮਜ਼ਲੂਮਾਂ ਦੀ ਰੱਖਿਆ ਕਰੇਗਾ। ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥ (੬੧੧)  ਦੇ ਮਹਾਂ ਵਾਕ ਅਨੁਸਾਰ ਸਾਰੇ ਸੰਸਾਰ ਨੂੰ ਆਪਣਾ ਪ੍ਰਵਾਰ ਸਮਝੇਗਾ। ਗੁਰਬਾਣੀ ਨੂੰ ਮੂਰਤੀਆਂ ਦੀ ਤਰ੍ਹਾਂ ਧੂਫਾਂ ਧੁਖਾ ਅਤੇ ਜੋਤਾਂ ਬਾਲ ਕੇ ਨਹੀਂ ਪੂਜੇਗਾ ਸਗੋਂ ਗੁਰੂਆਂ ਭਗਤਾਂ ਦੇ ਰੱਬੀ ਗਿਆਨ ਨੂੰ ਵਿਚਾਰ ਨਾਲ ਸਮਝ ਕੇ ਸਮੁੱਚੇ ਸੰਸਾਰ ਵਿੱਚ ਵੰਡਦਾ ਹੋਇਆ ਆਪਣਾ ਅੰਮ੍ਰਿਤਧਾਰੀ ਜੀਵਨ ਸਫਲ ਕਰੇਗਾ।

ਜੇ ਅਸੀਂ “ਖੰਡੇ ਦਾ ਅੰਮ੍ਰਿਤ” ਕਹਿੰਦੇ ਹਾਂ ਤਾਂ ਗੁਰਬਾਣੀ ਸਿਧਾਤਾਂ ਦਾ ਖੰਡਨ ਹੁੰਦਾ ਹੈ ਕਿਉਂਕਿ ਖੰਡਾ ਇੱਕ ਜੜ ਵਸਤੂ ਹੈ। ਗੁਰਬਾਣੀ ਵਿਖੇ ਇੱਕ ਵਾਰ ਵੀ ਖੰਡੇ ਦੇ ਅੰਮ੍ਰਿਤ ਦਾ ਜਿਕਰ ਨਹੀਂ। ਇਸੇ ਲਈ ਅੰਮ੍ਰਿਤ ਦੇ ਵਿਰੋਧੀ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਖੇ ਤਾਂ ਖੰਡੇ ਦੇ ਅੰਮ੍ਰਿਤ ਦਾ ਜਿਕਰ ਨਹੀਂ ਹੈ। ਫਿਰ ਸਵਾਲ ਵੀ ਉੱਠਦੇ ਹਨ ਕਿ ਕੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਤੇਗ ਬਹਾਦਰ ਤੱਕ ਅੰਮ੍ਰਿਤ ਹੋਰ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਖੰਡੇ ਦਾ ਅੰਮ੍ਰਿਤ ਦਿੱਤਾ ਸੀ? ਕੀ ਜੇ ਬਾਟਾ, ਜਲ, ਪਤਾਸੇ ਅਤੇ ਵਿੱਚ ਖੰਡਾ ਵੀ ਫੇਰਿਆ ਜਾਵੇ ਪਰ ਗੁਰਬਾਣੀ ਨਾਂ ਪੜ੍ਹੀ ਜਾਵੇ ਤਾਂ ਅੰਮ੍ਰਿਤ ਬਣ ਸਕਦਾ ਹੈ? ਸੋ ਭਲਿਓ ਅੰਮ੍ਰਿਤ ਤਾਂ ਸਿੱਖ ਕੌਮ ਦੇ ਰਹਿਬਰ ਗੁਰੂ ਨਾਨਕ ਸਾਹਿਬ ਤੋਂ ਹੀ ਛਕਾਇਆ ਜਾ ਰਿਹਾ ਸੀ ਜਿਸ ਦਾ ਜਿਕਰ ਗੁਰਬਾਣੀ ਵਿਖੇ ਹੈ- ਜਿਨ੍ਹਾਂ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ॥ (੪੪੯) ਹਾਂ ਖੰਡਾ ਇੱਕ ਸ਼ਸ਼ਤਰ ਹੈ, ਜੋ ਕੌਮ ਦੀ ਵੱਖਰੀ ਸ਼ਕਤੀਸ਼ਾਲੀ ਵਲੱਖਣਤਾ ਦਾ ਪ੍ਰਤੀਕ ਹੈ ਜੋ ਲੋਹੇ ਦੇ ਬਾਟੇ ਨਾਲ ਘਸ ਕੇ ਸਿੱਖ ਨੂੰ ਸਰਬ ਲੋਹ ਦੀ ਫੌਲਾਦੀ ਪਾਹ ਦਿੰਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਛੱਡ ਕੇ ਹੋਰ ਜਿੰਨ੍ਹੇ ਵੀ ਰਹਿਤਨਾਮੇ ਹਨ ਸਭਨਾਂ ਵਿੱਚ ਇਸ ਬਾਰੇ ਵੱਖ ਵੱਖ ਬਿਆਨ ਹਨ। ਕੋਈ ਰਹਿਤਨਾਮਾਂ ਇੱਕ ਜਪੁਜੀ ਦੀ ਬਾਣੀ, ਕੋਈ ਦੋ, ਕੋਈ ਤਿੰਨ ਅਤੇ ਕੋਈ ਪੰਜ ਦਾ ਜਿਕਰ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਕਾਫੀ ਸਮਾਂ ਸਿੱਖ ਕੌਮ ਨੂੰ ਆਪਣੇ ਘਰ ਘਾਟ ਛੱਡ ਕੇ ਜੰਗਲਾਂ, ਬੇਲਿਆਂ ਅਤੇ ਪਹਾੜਾਂ ਵਿੱਚ ਰਹਿਣਾ ਪਿਆ ਅਤੇ ਦੁਸ਼ਮਣ ਨਾਲ ਗੁਰੀਲਾ ਜੁੱਧ ਲੜਨੇ ਪਏ। ਉਸ ਸਮੇਂ ਹੀ ਪੰਥ ਦੋਖੀਆਂ ਨੇ ਸਿੱਖ ਇਤਹਾਸ ਅਤੇ ਮਰਯਾਦਾ ਵਿੱਚ ਰਲ ਗਡ ਮਿਲਾਵਟ ਕਰ ਦਿੱਤੀ ਜਿਸ ਦਾ ਪ੍ਰਤੱਖ ਸਬੂਤ ਅੰਮ੍ਰਿਤ ਤਿਆਰ ਕਰਨ ਵੇਲੇ ਵੀ ਅਸਲੀ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਬਾਣੀਆਂ ਅਤੇ ਨਕਲੀ ਗ੍ਰੰਥ ਦੀ ਤਿੰਨ ਰਚਨਾਵਾਂ ਦੀ ਮਰਯਾਦਾ ਵੱਖ ਵੱਖ ਰਹਿਤ ਨਾਮਿਆਂ ਵਿੱਚ ਲਿਖ ਦਿੱਤੀ।

ਹੁਣ ਜਰਾ ਸਿੱਖ ਕੌਮ ਆਪ ਹੀ ਸੋਚੇ ਕਿ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਪੂਰਨ ਗੁਰੂ ਹੈ ਫਿਰ ਉਨ੍ਹਾਂ ਨੂੰ ਅਧੂਰੇ ਖੜੇ ਕੀਤੇ ਗਏ ਦਸਮ ਗ੍ਰੰਥ ਤੋਂ ਤਿੰਨ ਰਚਨਾਵਾਂ ਲੈਣ ਦੀ ਕੀ ਲੋੜ ਪੈ ਗਈ? ਇਸ ਦਾ ਸਿੱਧਾ ਮਤਲਵ ਹੈ ਕਿ “ਗੁਰੂ ਗ੍ਰੰਥ ਸਾਹਿਬ” ਅਧੂਰਾ ਹੈ ਜਿਸ ਵਿੱਚ ਅੰਮ੍ਰਿਤ ਤਿਆਰ ਕਰਨ ਲਈ ਵੀ ਬਾਣੀਆਂ ਪੂਰੀਆਂ ਨਹੀਂ ਹਨ? ਅੱਜ ਪੰਥ ਖੇਰੂੰ ਖੇਰੂੰ ਇਸੇ ਕਰਕੇ ਹੋ ਰਿਹਾ ਹੈ ਕਿ ਉਸ ਦਾ ਪੂਰਨ ਭਰੋਸਾ “ਗੁਰੂ ਗ੍ਰੰਥ ਸਾਹਿਬ” ਤੇ ਸੰਪ੍ਰਦਾਈਆਂ, ਟਕਸਾਲੀਅਆਂ ਅਤੇ ਡੇਰੇਦਾਰਾਂ ਨੇ ਰਹਿਣ ਹੀ ਨਹੀਂ ਦਿੱਤਾ। ਇਨ੍ਹਾਂ ਸਭਨਾਂ ਦਾ ਜੋਰ ਸਿੱਖਾਂ ਨੂੰ ਲਵ-ਕੁਸ਼ ਦੀ ਉਲਾਦ ਭਾਵ ਹਿੰਦੂਆਂ ਦੀ ਅੰਸ ਬੰਸ ਬਣਾਉਣ ਤੇ ਹੀ ਲੱਗਾ ਹੋਇਆ ਹੈ। ਇਨ੍ਹਾਂ ਨੇ ਸਿੱਖਾਂ ਦਾ ਇੱਕ ਗ੍ਰੰਥ, ਇੱਕ ਪੰਥ, ਇੱਕ ਮਰਯਾਦਾ, ਇੱਕ ਅੰਮ੍ਰਿਤ, ਇੱਕ ਨਿਸ਼ਾਨ, ਇੱਕ ਵਿਧਾਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਜੋ ਇੱਕ ਵੱਖਰੀ ਕੌਮ ਦੇ ਪ੍ਰਤੀਕ ਹਨ ਇੱਕ ਨਹੀਂ ਰਹਿਣ ਦਿੱਤਾ।

ਹੁਣ ਇਹ ਸਾਰੇ ਸੰਪ੍ਰਦਾਈ, ਟਕਸਾਲੀ ਅਤੇ ਡੇਰੇਦਾਰ, ਕੇਸਾਧਾਰੀ ਬਾਮਣ ਬਾਦਲ ਨਾਲ ਮਿਲ ਕੇ ਸਿੱਖ ਕੌਮ ਨੂੰ ਕੇਸਾਧਾਰੀ ਹਿੰਦੂ ਬਨਾਉਣ ਤੇ ਲੱਗੇ ਹੋਏ ਹਨ ਜਿਸ ਵਿੱਚ ਇਨ੍ਹਾਂ ਦਾ ਸਭ ਤੋਂ ਵੱਡਾ ਹੱਲਾ ਗੁਰੂ ਗ੍ਰੰਥ ਦੇ ਬਰਾਬਰ ਦਸਮ ਗ੍ਰੰਥ, ਨਾਨਕਸ਼ਾਹੀ ਕੈਲੰਡਰ ਦੇ ਬਰਾਬਰ ਨਕਲੀ ਨਾਨਸ਼ਾਹੀ ਕੈਲੰਡਰ ਅਤੇ ਬਾਮਣੀ ਮੱਤ ਦੇ ਦਿਨ ਦਿਹਾਰ ਅਤੇ ਪੁਰਬ ਜਿਵੇਂ ਪੁੰਨਿਆ, ਮੱਸਿਆ, ਸੰਗ੍ਰਾਂਦ, ਬਸੰਤ ਪੰਚਮੀ, ਪੈਂਚਕਾਂ, ਰੱਖੜੀ, ਹੋਲੀ ਅਤੇ ਲੋਹੜੀ ਆਦਿਕ ਸਿੱਖ ਗੁਰਦੁਆਰਿਆਂ ਵਿੱਚ ਮਨਾਉਣੇ ਅਤੇ ਵੱਡੇ ਵੱਡੇ ਬੋਰਡਾਂ ਤੇ ਲਿਖਣੇ ਸ਼ੁਰੂ ਕਰ ਦਿੱਤੇ ਹਨ। ਸਿੱਖ ਕੌਮ ਦੇ ਤਖਤਾਂ ਤੇ ਜਥੇਦਾਰ ਵੀ ਇਨ੍ਹਾਂ ਸੰਪ੍ਰਦਾਵਾਂ ਅਤੇ ਡੇਰਿਆਂ ਦੇ ਲਾਏ ਜਾ ਰਹੇ ਹਨ। ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਮੰਨਣ ਅਤੇ ਪ੍ਰਚਾਰਣ ਵਾਲੇ ਪ੍ਰਚਾਕਾਂ ਅਤੇ ਲੇਖਕਾਂ ਨੂੰ ਡਰਾ ਧਮਕਾ ਕੇ ਪੰਥ ਚੋ ਛੇਕ ਦਿੱਤਾ ਜਾਂਦਾ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਤੇ ਵੀ ਬਾਦਲ ਰਾਹੀਂ ਇਨ੍ਹਾਂ ਡੇਰੇਦਾਰਾਂ ਦਾ ਕਬਜਾ ਹੋ ਚੁੱਕਾ ਹੈ।

ਹੁਣ ਅਗਲੇ ਸਾਲ ਸ਼੍ਰੋਮਣੀ ਕਮੇਟੀ ਦੀ ਚੋਣਾਂ ਆ ਰਹੀਆਂ ਹਨ ਜੇ ਸਿੱਖਾਂ ਨੇ ਅਕਲ ਤੋਂ ਕੰਮ ਨਾਂ ਲਿਆ ਤਾਂ ਓਥੇ ਵੀ ਹੋਰ ਕੇਸਧਾਰੀ ਬਾਮਣ ਆ ਜਾਣੇ ਹਨ। ਇਸ ਲਈ ਸਿੱਖ ਕੌਮ ਨੂੰ ਆਪਣੀ ਹੋਂਦ ਬਚਾਉਣ ਲਈ ਮਿਸਟਰ ਕੇਜਰੀਵਾਲ ਵਰਗੇ ਸਾਫ ਦਿਲ ਲੀਡਰ ਦਾ ਚੋਣਾਂ ਵਿੱਚ ਸਾਥ ਦੇਣਾ ਅਤੇ ਆ ਰਹੀਆਂ ਸ਼੍ਰੋਮਣੀ ਕਮੇਟੀ ਦੀ ਚੋਣਾਂ ਵਿੱਚ ਲੈਣਾ ਚਾਹੀਦਾ ਹੈ, ਤਾਂ ਕਿ ਸਿੱਖ ਕੌਮ ਦੀ ਵਿਲੱਖਣਤਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰਬ ਵਿਆਪੀ ਸਿਧਾਂਤਾਂ ਨੂੰ ਬਚਾਇਆ ਜਾ ਸੱਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top