Share on Facebook

Main News Page

ਕੇਜਰੀਵਾਲ ਵੱਲੋਂ ਸਵਰਾਜ ਲਾਗੂ ਕਰਨ ਲਈ ਖੜ੍ਹੀ ਕੀਤੀ ਕ੍ਰਾਂਤੀਕਾਰੀ ਲਹਿਰ ਨੂੰ ਪੰਜਾਬ ਵਿਚੋਂ ਵੱਡਾ ਹੁੰਗਾਰਾ ਮਿਲਣ ਦੀ ਆਸ
-: ਜਰਨੈਲ ਸਿੰਘ

• ਸ਼੍ਰੋਮਣੀ ਅਕਾਲੀ ਦਲ ਨੇ ਜਿੰਨੇ ਵੀ ਮੋਰਚੇ ਲਾਏ, ਉਨ੍ਹਾਂ ਸਾਰਿਆਂ ਦਾ ਹੀ ਭਾਜਪਾ ਨੇ ਜ਼ਬਰਦਸਤ ਵਿਰੋਧ ਕੀਤਾ ਜਿਸ ਕਾਰਣ ਪੰਜਾਬ ਦੇ ਹਾਲਤ ਬਦ ਤੋਂ ਬਦਤਰ ਹੁੰਦੇ ਗਏ ਅਤੇ ਪੰਜਾਬ ਦੀਆਂ ਮੰਗਾਂ ਵੀ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ

• ਸਮੁੱਚੀ ਅਕਾਲੀ ਦਲ ਹੀ ਜ਼ਾਹਲੀ ਪਾਰਟੀ ਹੈ

ਬਠਿੰਡਾ, 18 ਅਪ੍ਰੈਲ (ਕਿਰਪਾਲ ਸਿੰਘ): ਹੁਣ ਤੱਕ ਦੇਸ਼ ਵਿੱਚ ਉੱਠੀਆਂ ਕ੍ਰਾਂਤੀਕਾਰੀ ਲਹਿਰਾਂ ਬੇਸ਼ੱਕ ਉਹ ਦੇਸ਼ ਦੀ ਲੁੱਟ ਕਰਨ ਆਏ ਵਿਦੇਸ਼ੀ ਧਾੜਵੀਆਂ ਦਾ ਮੂੰਹ ਭੰਨ ਕੇ ਉਨ੍ਹਾਂ ਦਾ ਰਾਹ ਰੋਕਣਾ ਹੋਵੇ, ਦੇਸ਼ ਦੀ ਆਜਾਦੀ ਦੀ ਲਹਿਰ ਹੋਵੇ, ਜਾਂ ਫਿਰ ਸ਼੍ਰੀ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਅਤੇ ਤਾਨਾਸ਼ਾਹੀ ਵਿਰੁੱਧ ਉੱਠੀ ਲਹਿਰ ਹੋਵੇ; ਸਾਰੀਆਂ ਕ੍ਰਾਂਤੀਕਾਰੀ ਲਹਿਰਾਂ ਵਿੱਚ ਪੰਜਾਬ ਵਾਸੀਆਂ ਨੇ ਮੋਹਰੀ ਰੋਲ ਨਿਭਾਇਆ ਹੈ ਇਸੇ ਲਈ ਹੁਣ ਸਾਨੂੰ ਆਸ ਹੈ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ 'ਆਮ ਆਦਮੀ ਪਾਰਟੀ' ਵੱਲੋਂ ਅਸਲੀ ਸਵਰਾਜ ਲਾਗੂ ਕਰਨ, ਭ੍ਰਿਸ਼ਟਾਚਾਰ ਖਤਮ ਕਰਨ ਅਤੇ ਧਰਮਾਂ-ਮਜ਼ਬਾਂ, ਜਾਤਾਂ-ਪਾਤਾਂ ਅਤੇ ਲਿੰਗ ਅਧਾਰਤ ਵਿਤਕਰਿਆਂ ਤੋਂ ਉੱਪਰ ਉਠ ਕੇ ਸਭ ਨੂੰ ਬਰਾਬਰ ਦਾ ਇਨਸਾਫ ਅਤੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਖੜ੍ਹੀ ਕੀਤੀ ਗਈ ਕ੍ਰਾਂਤੀਕਾਰੀ ਲਹਿਰ ਜਿਸ ਨੂੰ ਆਜਾਦੀ ਦੀ ਦੂਸਰੀ ਜੰਗ ਕਿਹਾ ਜਾ ਸਕਦਾ ਹੈ; ਨੂੰ ਪੰਜਾਬ ਵਿੱਚ ਹੋਰਨਾਂ ਸੂਬਿਆਂ ਦੇ ਮੁਕਾਬਲੇ ਵੱਡਾ ਹੁੰਗਾਰਾ ਮਿਲੇਗਾ।

ਇਹ ਸ਼ਬਦ ਦਿੱਲੀ ਪੱਛਮੀ ਲੋਕ ਸਭਾ ਹਲਕੇ ਤੋਂ 'ਆਪ' ਦੇ ਉਮੀਦਵਾਰ ਸ: ਜਰਨੈਲ ਸਿੰਘ ਵਲੋਂ ਅੱਜ ਇੱਥੇ 'ਆਪ' ਦੇ ਬਠਿੰਡਾ ਹਲਕੇ ਤੋਂ ਉਮੀਦਵਾਰ ਸ: ਜਸਰਾਜ ਸਿੰਘ ਲੌਂਗੀਆ ਉਰਫ ਜੱਸੀ ਜਸਰਾਜ ਦੇ ਚੋਣ ਦਫਤਰ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਜਿਸ ਤਰ੍ਹਾਂ ਦਸੰਬਰ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਭ੍ਰਿਸ਼ਟ ਕਾਂਗਰਸ ਨੂੰ ਹਰਾਇਆ ਅਤੇ ਫ੍ਰਿਕਾਪ੍ਰਸਤੀ ਦੀ ਰਾਜਨੀਤੀ ਕਰਕੇ ਘੱਟ ਗਿਣਤੀਆਂ ਨੂੰ ਆਪਣੇ ਹੀ ਦੇਸ਼ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾ ਕੇ ਉਨ੍ਹਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਵਾਲੀ ਭਾਜਪਾ ਨੂੰ ਸਤਾ ਤੋਂ ਦੂਰ ਰੱਖਣ ਵਿੱਚ ਸਫਲਤਾ ਹਾਸਲ ਕੀਤੀ ਉਸੇ ਤਰ੍ਹਾਂ ਹੁਣ ਲੋਕ ਸਭਾ ਚੋਣਾਂ ਵਿੱਚ ਜਿੱਥੇ ਯੂਪੀਏ ਸਰਕਾਰ ਨੂੰ ਹਰਾਉਣਾ ਹੈ ਉੱਥੇ ਮੋਦੀ ਦੀ ਅਗਵਾਈ ਹੇਠਲੀ ਐੱਨਡੀਏ ਨੂੰ ਵੀ ਸਤਾ ਤੋਂ ਦੂਰ ਰੱਖਣ ਵਿੱਚ ਸਫਲਤਾ ਹਾਸਲ ਕਰਨੀ ਹੈ।

'ਆਪ' ਆਗੂ ਸ: ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜਿੰਨੇ ਵੀ ਮੋਰਚੇ ਲਾਏ ਉਨ੍ਹਾਂ ਸਾਰਿਆਂ ਦਾ ਹੀ ਭਾਜਪਾ ਨੇ ਜ਼ਬਰਦਸਤ ਵਿਰੋਧ ਕੀਤਾ ਜਿਸ ਕਾਰਣ ਪੰਜਾਬ ਦੇ ਹਾਲਤ ਬਦ ਤੋਂ ਬਦਤਰ ਹੁੰਦੇ ਗਏ ਅਤੇ ਪੰਜਾਬ ਦੀਆਂ ਮੰਗਾਂ ਵੀ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ। ਪਰ ਹੁਣ ਇਨ੍ਹਾਂ ਦੋਵੇਂ ਪਾਰਟੀਆਂ ਨੇ ਸਤਾ 'ਤੇ ਕਾਬਜ਼ ਹੋਣ ਲਈ ਆਪਣੇ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਕੇ ਗੈਰ ਸਿਧਾਂਤਕ ਸਮਝੌਤਾ ਕੀਤਾ ਹੋਇਆ ਹੈ ਜਿਸ ਨੂੰ ਪੰਜਾਬ ਦੇ ਲੋਕ ਬਿਲਕੁਲ ਪਸੰਦ ਨਹੀਂ ਕਰਦੇ ਪਰ ਉਨ੍ਹਾਂ ਕੋਲ ਕੋਈ ਤੀਜਾ ਬਦਲ ਨਾ ਹੋਣ ਕਰਕੇ ਕਦੀ ਕਾਂਗਰਸ ਨੂੰ ਅਤੇ ਕਦੀ ਅਕਾਲੀ-ਭਾਜਪਾ ਦੇ ਗੈਰ ਸਿਧਾਂਤਕ ਗੱਠਜੋੜ ਨੂੰ ਵੋਟਾਂ ਪਾਉਣ ਲਈ ਮਜਬੂਰ ਹੋ ਜਾਂਦੇ ਹਨ। ਹੁਣ ਕਿਉਂਕਿ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ 'ਆਪ' ਨੇ ਇੱਕ ਮਜ਼ਬੂਤ ਤੇ ਇਮਾਨਦਾਰ ਬਦਲ ਦਿੱਤਾ ਹੈ ਜਿਸ ਦਾ ਮਕਸਦ ਸਤਾ 'ਤੇ ਕਾਬਜ਼ ਹੋਣਾ ਨਹੀਂ ਬਲਕਿ ਵਿਗੜੀ ਹੋਈ ਰਾਜਨੀਤਕ ਵਿਵਸਥਾ ਨੂੰ ਬਦਲ ਕੇ ਸਵਰਾਜ ਲਾਗੂ ਕਰਨਾ ਹੈ ਇਸ ਲਈ ਸਾਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਗੈਰਤਮੰਦ ਅਤੇ ਇਨਸਾਫ ਪਸੰਦ ਲੋਕ ਪੰਜਾਬ ਦੇ 13 ਦੇ 13 ਹਲਕਿਆਂ ਤੋਂ 'ਆਪ' ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਕਾਮਯਾਬ ਕਰਨਗੇ। ਉਨ੍ਹਾਂ ਕਿਹਾ ਪੰਜਾਬ ਵਿੱਚ ਸ਼੍ਰੀ ਕੇਜਰੀਵਾਲ ਦੇ ਤਿੰਨ ਦਿਨਾਂ ਰੋਡ ਸ਼ੋਅ ਦੌਰਾਨ ਲੋਕਾਂ ਵੱਲੋਂ ਦਿੱਤਾ ਭਰਵਾਂ ਤੇ ਉਤਸ਼ਾਹਪੂਰਬਕ ਹੁੰਗਾਰਾ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਵਿੱਚ ਸਥਾਪਤ ਰਾਜਨੀਤਕ ਵਿਵਸਥਾ ਬਦਲਣ ਜਾ ਰਹੀ ਹੈ।

ਹਰਸਿਮਰਤ ਕੌਰ ਬਾਦਲ ਵੱਲੋਂ ਆਪਣੀ ਪ੍ਰਾਪਰਟੀ ਸਬੰਧੀ ਦਿੱਤੇ ਗਏ ਜ਼ਾਹਲੀ ਸਰਟੀਫਿਕੇਟ ਸਬੰਧੀ ਪੁੱਛੇ ਗਏ ਇਕ ਸਵਾਲ ਵਿੱਚ ਸ: ਜਰਨੈਲ ਸਿੰਘ ਨੇ ਕਿਹਾ ਕਿ ਹਰਸਿਮਰਤ ਦੀ ਪ੍ਰਾਪਰਟੀ ਸਬੰਧੀ ਤਾਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਇਸ ਲਈ ਉਹ ਇਸ ਸਬੰਧੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਸਮੁੱਚੀ ਅਕਾਲੀ ਦਲ ਹੀ ਜ਼ਾਹਲੀ ਪਾਰਟੀ ਹੈ ਕਿਉਂਕਿ ਕਹਿਣ ਨੂੰ ਤਾਂ ਇਹ ਆਪਣੇ ਆਪ ਨੂੰ ਪੰਥਕ ਪਾਰਟੀ ਦੱਸਦੀ ਹੈ ਪਰ ਉਂਝ ਇਸ ਵਿੱਚ ਪੰਥ ਨਾਮ ਦੀ ਕੋਈ ਚੀਜ਼ ਬਾਕੀ ਨਹੀਂ ਬਚੀ। 30 ਸਾਲਾਂ ਤੋਂ ਇਹ ਦਿੱਲੀ ਵਿੱਚ ਸਿੱਖ ਕਤਲੇਆਮ 'ਤੇ ਰਾਜਨੀਤੀ ਕਰਦੀ ਆ ਰਹੀ ਹੈ ਪਰ 6 ਸਾਲਾਂ ਤੱਕ ਇਸ ਦੀ ਭਾਈਵਾਲੀ ਵਾਲੀ ਐੱਨਡੀਏ ਦੀ ਸਰਕਾਰ ਰਹੀ ਹੈ ਤਾਂ ਇਨ੍ਹਾਂ ਨੇ ਸਿੱਖਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਕੁਝ ਨਹੀਂ ਕੀਤਾ। ਜੇ ਸ਼੍ਰੀ ਕੇਜਰੀਵਾਲ ਨੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਕਦਮ ਚੁੱਕਿਆ ਤਾਂ ਸਿੱਖਾਂ ਦਾ ਹੇਜ਼ ਜਿਤਾਉਣ ਵਾਲੇ ਅਕਾਲੀ ਦਲ ਦੇ ਵਿਧਾਇਕਾਂ ਨੇ ਕੇਜਰੀਵਾਲ ਸਰਕਾਰ ਦਾ ਸਮਰਥਨ ਕਰਨ ਦੀ ਬਜਾਏ ਭਾਜਪਾ ਤੇ ਕਾਂਗਰਸ ਦਾ ਸਾਥ ਦੇ ਕੇ ਸਰਕਾਰ ਗਿਰਾਉਣ ਵਿੱਚ ਆਪਣਾ ਯੋਗਦਾਨ ਪਾਇਆ। ਇਸੇ ਤਰ੍ਹਾਂ ਪੰਥਕ ਪਾਰਟੀ ਕਹਾਉਣ ਲਈ ਇਹ ਨਸ਼ਿਆਂ ਵਿਰੁੱਧ ਪ੍ਰਚਾਰ ਕਰਦੀ ਹੈ ਪਰ ਇਸ ਦੇ ਆਪਣੇ ਮੰਤਰੀ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰ ਰਹੇ ਹਨ। ਸੋ, ਜਿਸ ਦੀ ਪਾਰਟੀ ਦਾ ਬੇਸ ਹੀ ਜ਼ਾਹਲੀ ਹੋਵੇ ਉਸ ਦਾ ਕੋਈ ਵੀ ਮੈਂਬਰ ਜ਼ਾਹਲੀ ਸਰਟੀਫਿਕੇਟ ਦਿੰਦਾ ਹੈ ਤਾਂ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top