Share on Facebook

Main News Page

ਹਰਸਿਮਰਤ ਕੌਰ ਬਾਦਲ ਨੂੰ ਇਸ ਬਾਰ ਹਰਾ ਦਿੱਤਾ ਜਾਵੇ, ਤਾਂ ਬਾਦਲ ਕੇ ਸਦਾ ਲਈ ਨਜ਼ਾਇਜ਼ ਕੇਸ ਪਾਉਣੇ ਭੁੱਲ ਜਾਣਗੇ
-: ਕੁਲਤਾਰ ਸਿੰਘ  (ਪੋਤਰਾ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ)

* ਵੋਟਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਰਾਹ ਵਿੱਚ ਰੋੜੇ ਅਟਕਾਉਣ ਲਈ ਕਾਂਗਰਸ ਤੇ ਭਾਜਪਾ ਦੋਵਾਂ ਵੱਲੋਂ ਮਿਲ ਕੇ ਵਿਰੋਧ ਕੀਤੇ ਜਾਣ ’ਤੇ ਕੇਜਰੀਵਾਲ ਨੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੱਤ ਮਾਰੀ: ਜਰਨੈਲ ਸਿੰਘ
* ਸ਼੍ਰੀ ਕੇਜਰੀਵਾਲ ਨੇ ਹਿੰਦੂ, ਮੁਸਲਮਾਨ, ਸਿੱਖ, ਇਸਾਈ ਸਭ ਧਾਰਮਿਕ ਵਖਰੇਵਿਆਂ ਵਿੱਚ ਕੱਢ ਕੇ ਅਤੇ ਆਮ ਆਦਮੀ ਬਣਾ ਕੇ ਸਾਂਝਾ ਭਾਈਚਾਰਾ ਕਾਇਮ ਕੀਤਾ: ਜੱਸੀ ਜਸਰਾਜ

ਬਠਿੰਡਾ, 20 ਅਪ੍ਰੈਲ (ਕਿਰਪਾਲ ਸਿੰਘ): ਹਰਸਿਮਰਤ ਕੌਰ ਬਾਦਲ ਨੂੰ ਇਸ ਬਾਰ ਚੋਣਾਂ ਵਿੱਚ ਹਰਾ ਦਿੱਤਾ ਜਾਵੇ ਤਾਂ ਬਾਦਲ ਕੇ ਲੋਕਾਂ ਨੂੰ ਡਰਾਉਣ ਲਈ ਉਨ੍ਹਾਂ ’ਤੇ ਨਜ਼ਾਇਜ਼ ਕੇਸ ਪਾਉਣੇ ਸਦਾ ਲਈ ਭੁੱਲ ਜਾਣਗੇ। ਇਹ ਸ਼ਬਦ “ਆਪ” ਦੇ ਸੀਨੀਅਰ ਆਗੂ ਤੇ ਪੰਜਾਬ ਚੋਣ ਕਮੇਟੀ ਦੇ ਮੈਂਬਰ ਕੁਲਤਾਰ ਸਿੰਘ (ਪੋਤਰੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ) ਨੇ ਅੱਜ ਇੱਥੇ ਬਠਿੰਡਾ ਲੋਕ ਸਭਾ ਹਲਕਾ ਤੋਂ ‘ਆਪ’ ਦੀ ਟਿਕਟ ’ਤੇ ਚੋਣ ਲੋੜ ਰਹੇ ਉਮੀਦਵਾਰ ਜਸਰਾਜ ਸਿੰਘ ਲੌਂਗੀਆ ਉਰਫ ਜੱਸੀ ਜਸਰਾਜ ਦੇ ਹੱਕ ਵਿੱਚ ਗਾਂਧੀ ਮਾਰਕੀਟ ਵਿੱਚ ਕੀਤੀ ਵਿਸ਼ਾਲ ਚੋਣ ਸਭਾ ਨੂੰ ਸੁਬੋਧਨ ਕਰਦੇ ਹੋਏ ਕਹੇ। ਇਸ ਤੋਂ ਪਹਿਲਾਂ ਚੋਣ ਮੁਹਿੰਮ ਨੂੰ ਭਖਾਉਣ ਲਈ ਅਜੀਤ ਰੋਡ ਗਲੀ ਨੰ: 26 ਸਥਿਤ ਜੱਸੀ ਜਸਰਾਜ ਦੇ ਮੁੱਖ ਚੋਣ ਦਫਤਰ ਤੋਂ ਰੋਡ ਸ਼ੋਅ ਕੀਤਾ ਗਿਆ ਜਿਹੜਾ ਕਿ ਵੱਖ ਵੱਖ ਮੁੱਖ ਬਜਾਰਾਂ ਤੋਂ ਹੁੰਦਾ ਹੋਇਆ ਗਾਂਧੀ ਮਾਰਕੀਟ ਵਿੱਚ ਪਹੁੰਚਿਆ ਜਿੱਥੇ ਕਿ ਵਿਸ਼ਾਲ ਚੋਣ ਸਭਾ ਕੀਤੀ ਗਈ।

 

ਰੋਡ ਸ਼ੋਅ ਦੌਰਾਨ ਜੱਸੀ ਜਸਰਾਜ ਦੇ ਨਾਲ ਦਿੱਲੀ ਪੱਛਮੀ ਹਲਕਾ ਤੋਂ ‘ਆਪ’ ਦੀ ਟਿਕਟ ’ਤੇ ਚੋਣ ਲੜਨ ਵਾਲੇ ਜਰਨੈਲ ਸਿੰਘ, ਪੰਜਾਬ ਚੋਣ ਕਮੇਟੀ ਦੇ ਮੈਂਬਰ ਕੁਲਤਾਰ ਸਿੰਘ, ਇੰਡੀਆ ਗੌਟ ਟੇਲੈਂਟ ਫੇਮ ਟੀਵੀ ਪ੍ਰੋਗਰਾਮ ਵਿੱਚ; ਇੱਕ ਲੱਤ ਹੋਣ ਦੇ ਬਵਯੂਦ ਸ਼ਾਨਦਾਰ ਪ੍ਰੋਫਾਰਮੈਂਨਸ ਕਰਕੇ ਸਭ ਨੂੰ ਹੈਰਾਨ ਕਰ ਦੇਣ ਵਾਲੀ ਡਾਂਸਰ ਬੀਬੀ ਸ਼ੁਭਰੀਤ ਕੌਰ ਘੁੰਮਨ ਤੋਂ ਇਲਾਵਾ ‘ਆਪ’ ਦੇ ਸਥਾਨਕ ਆਗੂ ਤੇ ਵੱਡੀ ਗਿਣਤੀ ਵਿੱਚ ਉਤਸ਼ਾਹੀ ਕਾਰਜਕਰਤਾ ਉਨ੍ਹਾਂ ਦੇ ਨਾਲ ਸਨ। ਰੋਡ ਸ਼ੋਅ ਅਤੇ ਰੈਲੀ ਵਿੱਚ ਵਰਕਰਾਂ ਦਾ ਉਤਸ਼ਾਹ ਵੇਖਣਯੋਗ ਸੀ। ਆਪਣੇ ਸੰਬੋਧਨ ਦੌਰਾਨ ਅਕਾਲੀ ਭਾਜਪਾ ਸਰਕਾਰ ਤੇ ਉਨ੍ਹਾਂ ਦੇ ਕੰਮ ਕਰਨ ਦੇ ਢੰਗ ’ਤੇ ਤਿੱਖੇ ਹਮਲੇ ਕਰਦੇ ਹੋਏ ਕੁਲਤਾਰ ਸਿੰਘ ਨੇ ਕਿਹਾ ਪੰਜਾਬ ਦੇ ਲੋਕ ਬਹੁਤ ਹੀ ਅਣਖੀ ਤੇ ਬਹਾਦੁਰ ਹਨ ਜਿਨ੍ਹਾਂ ਨੇ ਕਦੀ ਵੀ ਕਿਸੇ ਦੀ ਗੁਲਾਮੀ ਕਬੂਲ ਨਹੀਂ ਕੀਤੀ ਪਰ ਮੌਜੂਦਾ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਗਰਕ ਕਰਕੇ ਅਤੇ ਬਾਕੀਆਂ ਨੂੰ ‘ਸਾਮ, ਦਾਮ, ਦੰਡ, ਭੇਦ’ ਦੇ ਸਾਰੇ ਫਾਰਮੂਲੇ ਵਰਤ ਕੇ ਲੋਕਾਂ ਨੂੰ ਇਤਨਾ ਡਰਾਇਆ ਹੋਇਆ ਹੈ ਕਿ ਲੋਕੀਂ ਅਕਾਲੀ-ਭਾਜਪਾ ਸਰਕਾਰ ਦੇ ਜ਼ੁਲਮੀ ਰਾਜ ਤੋਂ ਛੁਟਕਾਰਾ ਤਾਂ ਪਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਕਈ ਭਰਾਵਾਂ ਪਾਸੋਂ ਇਹ ਸੁਣ ਕੇ ਹੈਰਾਨੀ ਹੁੰਦੀ ਹੈ ਜਦੋਂ ਉਹ ਇਹ ਕਹਿੰਦੇ ਹਨ ਕਿ ਉਹ ਆਮ ਆਦਮੀ ਪਾਰਟੀ ਨੂੰ ਵੋਟ ਤਾਂ ਪਾਉਣਾ ਚਾਹੁੰਦੇ ਹਨ ਪਰ ਖੁਲ੍ਹ ਕੇ ਸਾਹਮਣੇ ਨਹੀਂ ਆ ਸਕਦੇ ਕਿਉਂਕਿ ਪੰਜਾਬ ਵਿੱਚ ਬਾਦਲਕਿਆਂ ਦੇ ਰਾਜ ਦੇ ਤਿੰਨ ਸਾਲ ਪਏ ਹੋਣ ਕਰਕੇ ਉਹ ਉਨ੍ਹਾਂ ’ਤੇ ਨਜ਼ਾਇਜ਼ ਕੇਸ ਪਾ ਕੇ ਤੰਗ ਕਰਨਗੇ। ਸ: ਕੁਲਤਾਰ ਸਿੰਘ ਨੇ ਵਰਕਰਾਂ ਅਤੇ ਵੋਟਰ, ਸਪੋਰਟਰਾਂ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਜੇ ਇਸ ਵਾਰ ਹਰਸਿਮਰਤ ਕੌਰ ਬਾਦਲ ਨੂੰ ਚੋਣਾਂ ਵਿੱਚ ਹਰਾ ਦਿੱਤਾ ਜਾਵੇ ਤਾਂ ਬਾਦਲ ਕੇ ਲੋਕਾਂ ਨੂੰ ਡਰਾਉਣ ਲਈ ਉਨ੍ਹਾਂ ’ਤੇ ਨਜ਼ਾਇਜ਼ ਕੇਸ ਪਾਉਣੇ ਸਦਾ ਲਈ ਭੁੱਲ ਜਾਣਗੇ ਸਗੋਂ ਤੁਹਾਡੇ ਪੈਰ ਫੜ ਕੇ ਮੁਆਫੀਆਂ ਮੰਗਣਗੇ ਕਿ ਪਿਛਲੀਆਂ ਗਲਤੀਆਂ ਮੁਆਫ ਕਰ ਦਿੱਤੀਆਂ ਤੇ ਅੱਗੇ ਤੋਂ ਉਹ ਐਸੀ ਕੋਈ ਗਲਤੀ ਨਹੀਂ ਕਰਨਗੇ ਇਸ ਲਈ 2017 ਵਿੱਚ ਵੀ ਇਹੀ ਭਾਣਾ ਨਾ ਵਰਤਾ ਦੇਣਾ।

ਸਥਾਨਕ ‘ਆਪ’ ਆਗੂ ਸੰਦੀਪ ਪ੍ਰਚੰਡਾ ਨੇ ਕੁਲਤਾਰ ਸਿੰਘ ਦੀ ਗੱਲ ਨੂੰ ਅੱਗੇ ਤੋਰਦੇ ਹੋਏ, ਜਰਨੈਲ ਸਿੰਘ ਦੀ ਉਦਾਹਰਣ ਦਿੱਤੀ ਕਿ ਅੱਜ ਸਾਡੇ ਵਿੱਚ ਉਹ ਜਰਨੈਲ- ਸ: ਜਰਨੈਲ ਸਿੰਘ ਬੈਠੇ ਹਨ ਜਿਨ੍ਹਾਂ ਨੇ ਕਿਸੇ ਸੂਬੇ ਦੇ ਨਹੀਂ ਬਲਕਿ ਭਾਰਤ ਦੇ ਗ੍ਰਹਿ ਮੰਤਰੀ ਜਿਨ੍ਹਾਂ ਦੇ ਕੰਟਰੋਲ ਹੇਠ ਸਾਰੇ ਹੀ ਦੇਸ਼ ਦੀ ਪੁਲਿਸ ਹੁੰਦੀ ਹੈ; ਦੇ ਛਿੱਤਰ ਮਾਰ ਕੇ ਦੱਸ ਦਿੱਤਾ ਸੀ ਕਿ ਪੰਜਾਬੀਆਂ ਦੀ ਅਣਖ ਤੇ ਜ਼ਮੀਰ ਹਾਲੀ ਜਿਉਂਦੀ ਹੈ। ਸੰਦੀਪ ਪ੍ਰਚੰਡਾ ਨੇ ਕਿਹਾ ਜੇ ਦੇਸ਼ ਦੇ ਗ੍ਰਹਿ ਮੰਤਰੀ ਦੇ ਛਿੱਤਰ ਮਾਰ ਕੇ ਕੇਂਦਰ ਸਰਕਾਰ ਵਲੋਂ ਬੇਦੋਸ਼ੇ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਨਾ ਦੇਣ ਦਾ ਅਹਿਸਾਸ ਕਰਵਾਉਣ ਸਮੇਂ ਜਰਨੈਲ ਸਿੰਘ ਨੂੰ ਕੋਈ ਡਰ ਨਹੀਂ ਲੱਗਾ ਤਾਂ ਸਾਨੂੰ ਆਪਣਾ ਸੰਵਿਧਾਨਕ ਹੱਕ ਵਰਤਦੇ ਹੋਏ ਆਪਣੀ ਵੋਟ ਪਾਉਣ ਦਾ ਕੀ ਡਰ ਹੋ ਸਕਦਾ ਹੈ?

ਜਰਨੈਲ ਸਿੰਘ ਨੇ ਕਿਹਾ ਕਿ ਦੇਸ਼ ਦੀ ਅਜਾਦੀ ਦੇ ਮੋਢੀ ਮਹਾਤਮਾ ਗਾਂਧੀ ਦਾ ਪੋਤਰਾ ਅੱਜ ‘ਆਪ’ ਵਿੱਚ ਸ਼ਾਮਲ ਹੈ ਤੇ ਉਨ੍ਹਾਂ ਨੇ ‘ਆਪ’ ਦੀ ਟਿਕਟ ’ਤੇ ਦਿੱਲੀ ਤੋਂ ਚੋਣ ਲੜੀ ਹੈ। ਦੇਸ਼ ਦੇ ਸਭ ਤੋਂ ਈਮਾਨਦਾਰ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸ਼ਤਰੀ ਜਿਨ੍ਹਾਂ ਨੇ ‘ਜੈ ਜਵਾਨ ਜੈ ਕਿਸਾਨ’ ਨਾਹਰਾ ਦਿੱਤਾ ਸੀ; ਦਾ ਪੋਤਰਾ ‘ਆਪ’ ਵਿੱਚ ਸ਼ਾਮਲ ਹੈ, ਅਜਾਦੀ ਘੁਲਾਟੀਆ ਤੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਪੋਤਰੇ ਕੁਲਤਾਰ ਸਿੰਘ ਅੱਜ ਸਾਡੇ ਵਿੱਚ ਬੈਠੇ ਹਨ ਜਦੋਂ ਕਿ ਦੂਸਰੇ ਪਾਸੇ 2ਜੀ ਸਪੈੱਕਟਰਮ ਘੁਟਾਲੇ ਕਰਨ ਵਾਲੇ, ਕੋਇਲਾ ਘੁਟਾਲਾ ਕਰਨ ਵਾਲੇ, ਅਤੇ ਹੋਰ ਕਈ ਤਰ੍ਹਾਂ ਦੇ ਘੁਟਾਲੇ ਕਰਨ ਵਾਲੇ ਯੈਦੀਯੁਰੱਪਾ, ਗੇਗਾਂਗ ਅਪਾਂਗ ਵਰਗੇ ਆਗੂਆਂ ਤੋਂ ਇਲਾਵਾ ਸਿਰਫ ਆਪਣੇ ਹੀ ਪ੍ਰਵਾਰ ਦਾ ਦੇਸ਼ ਅਤੇ ਸੂਬਿਆਂ ਦੀ ਰਾਜਨੀਤੀ ’ਤੇ ਕਬਜ਼ਾ ਕਰਵਾਉਣ ਵਾਲੇ ਪ੍ਰਵਾਰਵਾਦੀ ਨੇਤਾ ਹਨ; ਜਿਨ੍ਹਾਂ ਤੋਂ ਦੇਸ਼ ਨੂੰ ਅਜਾਦ ਕਰਵਾਉਣ ਲਈ ਸ਼੍ਰੀ ਕੇਜਰੀਵਾਲ ਦੀ ਅਗਵਾਈ ਹੇਠ ਇਹ ਦੂਸਰੀ ਜੰਗ-ਏ-ਅਜ਼ਾਦੀ ਦੀ ਲੜਾਈ ਹੈ ਜਿਸ ਨੂੰ ਆਮ ਆਦਮੀਆਂ ਦੇ ਸਹਿਯੋਗ ਨਾਲ ਆਪਾਂ ਨੇ ਹਰ ਹਾਲਤ ਜਿੱਤਣਾ ਹੈ।

ਸ਼੍ਰੀ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਨੂੰ ਭਗੌੜਾ ਦੱਸ ਕੇ ਟਿੱਪਣੀਆਂ ਕਰਨ ਵਾਲੇ ਭਾਜਪਾਈ ਤੇ ਕਾਂਗਰਸੀ ਆਗੂਆਂ ਨੂੰ ਵੰਗਾਰਦੇ ਹੋਏ ਜਰਨੈਲ ਸਿੰਘ ਨੇ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਦੇ ਆਗੂ ਮੋਦੀ ਅਤੇ ਰਾਹੁਲ ਗਾਂਧੀ ਨੇ ਕਿਹੜਾ ਤਿਆਗ ਕੀਤਾ ਹੈ ਜਦੋਂ ਕਿ ਸ਼੍ਰੀ ਕੇਜਰੀਵਾਲ ਨੇ ਇਨਕਮ ਟੈਕਸ ਦੇ ਕਮਾਉ ਮਹਿਕਮੇ ਵਿੱਚ ਕਮਿਸ਼ਨਰ ਦੇ ਆਹੁੱਦੇ ਤੋਂ ਅਸਤੀਫਾ ਦੇ ਕੇ ਇੱਕ ਸਾਲ ਸਾਲ ਲਈ ਕੋਹੜੀਆਂ ਦੇ ਆਸ਼ਰਮ ਵਿੱਚ ਉਨ੍ਹਾਂ ਦੀ ਸੇਵਾ ਕੀਤੀ ਤੇ ਉਸ ਤੋਂ ਬਾਅਦ ਅੱਜ ਤੱਕ ਸਮਾਜ ਸੇਵਾ ਤੇ ਮਨੁੱਖੀ ਅਧਿਕਾਰਾਂ ਲਈ ਨਿਸ਼ਕਾਮ ਸੇਵਾ ਨਿਭਾ ਰਿਹਾ ਹੈ। ਵੋਟਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਰਾਹ ਵਿੱਚ ਰੋੜੇ ਅਟਕਾਉਣ ਲਈ ਕਾਂਗਰਸ ਤੇ ਭਾਜਪਾ ਦੋਵਾਂ ਵੱਲੋਂ ਮਿਲ ਕੇ ਵਿਰੋਧ ਕੀਤੇ ਜਾਣ ’ਤੇ ਕੇਜਰੀਵਾਲ ਨੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੱਤ ਮਾਰ ਕੇ ਦੱਸ ਦਿੱਤਾ ਹੈ ਕਿ ਜੇ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕਦੇ ਤਾਂ ਉਹ ਕੁਰਸੀ ਨਾਲ ਚਿਪਕੇ ਰਹਿਣ ਦਾ ਕੋਈ ਹੱਕ ਨਹੀਂ ਰਖਦੇ। ਇਸ ਲਈ ਤੁਰੰਤ ਅਸਤੀਫਾ ਦੇ ਕੇ ਦੁਬਾਰਾ ਚੋਣਾਂ ਦੀ ਮੰਗ ਕਰ ਦਿੱਤੀ ਤਾਂ ਕਿ ਜੇ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਵੱਲੋਂ 28 ਵਿਧਾਇਕਾਂ ਦੇ ਸਮਰਥਨ ਨਾਲ ਕੀਤੇ ਕੰਮ ਪਸੰਦ ਹਨ ਤਾਂ ਉਹ ਹੁਣ 58 ਵਿਧਾਇਕ ਜਿਤਾ ਕੇ ਭੇਜਣ ਤਾਂ ਉਨ੍ਹਾਂ ਨਾਲ ਕੀਤਾ ਇੱਕ ਇੱਕ ਵਾਅਦਾ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੂੰ ਭਗੌੜਾ ਦੱਸਣ ਵਾਲੇ ਸੁਆਰਥੀ ਆਗੂ ਦੱਸਣ ਕੇ ਉਨ੍ਹਾਂ ਨੇ ਕਦੀ ਇੱਕ ਚਪੜਾਸੀ ਦੀ ਕੁਰਸੀ ਵੀ ਲੋਕ ਹਿੱਤਾਂ ਲਈ ਤਿਆਗੀ ਹੈ। ਕੁਰਸੀ ਛੱਡਣ ਦੀ ਥਾਂ ਉਹ ਇਸ ਨਾਲ ਚਿਪਕੇ ਰਹਿਣ ਲਈ ਗੈਰ ਸਿਧਾਂਤਕ ਗੱਠਜੋੜ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ ਜਿਵੇਂ ਕਿ ਪੰਜਾਬ ਵਿੱਚ ਅਕਾਲੀ ਦਲ ਨੇ ਭਾਜਪਾ ਨਾਲ ਕੀਤਾ ਹੈ ਕੇਂਦਰ ਵਿੱਚ ਇੱਕ ਪਾਸੇ ਯੂਪੀਏ ਤੇ ਦੂਸਰੇ ਪਾਸੇ ਐੱਨਡੀਏ ਹਨ ਜਿਨ੍ਹਾਂ ਵਿੱਚ ਕਈ ਪਾਰਟੀਆਂ ਅਜੇਹੀਆਂ ਹਨ ਜਿਹੜੀਆਂ ਆਪਣਾ ਨਿਜੀ ਫਾਇਦਾ ਵੇਖ ਕੇ ਕਦੀ ਯੂਪੀਏ ਵਿੱਚ ਸ਼ਾਮਲ ਹੋ ਜਾਂਦੀਆਂ ਹਨ ਤੇ ਕਦੀ ਐੱਨਡੀਏ ਵਿੱਚ ਸ਼ਾਮਲ ਹੋ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਦੀ ਨੀਤੀ ਤੇ ਸਿਧਾਂਤ ਨਹੀਂ ਹੁੰਦਾ ਬਲਕਿ ਕੁਰਸੀ ਹਾਸਲ ਕਰਨ ਲਈ ਮੌਕਾਪ੍ਰਸ਼ਤਾਂ ਦਾ ਗੈਰਸਿਧਾਂਤਕ ਗੱਠਜੋੜ ਹੁੰਦਾ ਹੈ।

ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੱਸੀ ਜਸਰਾਜ ਨੇ ਕਿਹਾ ਕਿ ਭਾਜਪਾ, ਕਾਂਗਰਸ ਤੇ ਅਕਾਲੀ ਦਲ (ਬਾਦਲ) ਦਾ ਆਪਣਾ ਕੋਈ ਸਿਧਾਂਤ ਨਹੀਂ ਹੈ ਉਹ ਧਰਮਾਂ ਦੇ ਨਾਮ ’ਤੇ ਸਾਨੂੰ ਲੜਾ ਕੇ ਸਾਡਾ ਨੁਕਸਾਨ ਵੀ ਕਰਦੇ ਹਨ ਤੇ ਸਾਡੇ ਵਿੱਚ ਵੰਡੀਆਂ ਪਾ ਕੇ ਸਾਡੇ ’ਤੇ ਵਾਰੋ ਵਾਰੀ ਰਾਜ ਵੀ ਕਰਦੇ ਹਨ। ਉਨ੍ਹਾਂ ਕਿਹਾ ਸ਼੍ਰੀ ਕੇਜਰੀਵਾਲ ਨੇ ਹਿੰਦੂ, ਮੁਸਲਮਾਨ, ਸਿੱਖ, ਇਸਾਈ ਸਭ ਨੂੰ ਆਮ ਆਦਮੀ ਬਣਾ ਕੇ ਸਾਂਝਾ ਭਾਈਚਾਰਾ ਕਾਇਮ ਕੀਤਾ ਹੈ ਅਤੇ ਇਸ ਭਾਈਚਾਰੇ ਦੀ ਤਾਕਤ ਨਾਲ ਦੇਸ਼ ਦੇ ਭ੍ਰਿਸ਼ਟ ਤੇ ਅਪਰਾਧੀ ਕਿਸਮ ਦੇ ਨੇਤਾਵਾਂ ਨੂੰ ਕਰਾਰੀ ਹਾਰ ਦੇ ਕੇ ਦੇਸ਼ ਦੀ ਸਿਰਫ ਸਰਕਾਰ ਨਹੀਂ ਬਦਲਣੀ ਬਲਕਿ ਰਾਜਨੀਤਕ ਵਿਵਸਥਾ ਬਦਲਣੀ ਹੈ। ਜੱਸੀ ਜਸਰਾਜ ਨੇ ਕਿਹਾ ਜਿਹੜੇ ਆਗੂ ਕਹਿੰਦੇ ਹਨ ਕਿ ਤੁਸੀਂ ਸਾਨੂੰ ਵੋਟ ਦਿਓ ਅਸੀਂ ਤੁਹਾਡੇ ਕੰਮ ਕਰਵਾਵਾਂਗੇ ਉਨ੍ਹਾਂ ਨੂੰ ਬਿਲਕੁਲ ਵੋਟ ਨਾ ਦਿਓ ਬਲਕਿ ਕਰਾਰੀ ਹਾਰ ਦਿਓ। ਕੰਮ ਬਦਲੇ ਵੋਟਾਂ ਮੰਗਣ ਵਾਲਿਆਂ ਦੀ ਥਾਂ ਤੁਸੀਂ ਆਮ ਆਦਮੀ ਪਾਰਟੀ ਦੇ ਇਮਾਨਦਾਰ ਉਮੀਦਵਾਰਾਂ ਨੂੰ ਭਾਰੀ ਗਿਣਤੀ ਵਿੱਚ ਵੋਟ ਪਾ ਕੇ ਸ਼੍ਰੀ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਣਾਉਣ ਵਿੱਚ ਮਦਦ ਕਰੋ ਤਾਂ ਉਹ ਐਸੀ ਗਲਤ ਵਿਵਸਥਾ ਬਦਲ ਕੇ ਇੱਕ ਪਾਰਦ੍ਰਸ਼ੀ ਤੇ ਈਮਾਨਦਾਰ ਰਾਜ ਪ੍ਰਬੰਧ ਦੇਣਗੇ ਜਿਸ ਵਿੱਚ ਸਰਕਾਰੀ ਕੰਮ ਨਿਯਮਾਂ ਮੁਤਾਬਿਕ ਆਪਣੇ ਆਪ ਹੋਣ ਲੱਗ ਪੈਣਗੇ, ਜਿਸ ਕਾਰਣ ਤੁਹਾਨੂੰ ਕਦੀ ਵੀ ਸਰਾਕਰੀ ਕੰਮਾਂ ਲਈ ਆਗੂਆਂ ਦੇ ਦਰ ’ਤੇ ਭੀਖ ਮੰਗਣ ਲਈ ਨਹੀਂ ਜਾਣਾ ਪਏਗਾ।

ਬੀਬੀ ਸ਼ੁਭਰੀਤ ਕੌਰ ਨੇ ਕਿਹਾ ਕਿ ਉਹ ਕਿਸੇ ਐਸੇ ਸਿਆਸੀ ਆਗੂ ਜਾਂ ਐਸੀ ਪਾਰਟੀ ਦੇ ਪ੍ਰਚਾਰ ਲਈ ਨਹੀਂ ਆਈ ਜਿਹੜੇ ਭ੍ਰਿਸ਼ਟਚਾਰ ਰਾਹੀਂ ਦੇਸ਼ ਨੂੰ ਲੁੱਟ ਰਹੇ ਹਨ, ਨਸ਼ਿਆਂ ਵਿੱਚ ਦੇਸ਼ ਦੀ ਜੁਆਨੀ ਡੋਬ ਰਹੇ ਹਨ; ਸਗੋਂ ਇੱਕ ਐਸੀ ਪਾਰਟੀ ਦੇ ਸਮਰਥਨ ਵਿੱਚ ਆਈ ਹੈ, ਜਿਸ ਨੇ ਭ੍ਰਿਸ਼ਟਾਚਾਰ ਮੁਕਤ ਭਾਰਤ ਦੀ ਨਵਉਸਾਰੀ, ਰਾਜਨੀਤੀ ਵਿੱਚ ਪ੍ਰਵਾਰਵਾਦ ਨੂੰ ਵਡਾਵਾ ਦੇਣ ਵਾਲੇ ਆਗੂਆਂ ਨੂੰ ਹਰਾਉਣ ਅਤੇ ਮਨੁੱਖੀ ਅਧਿਕਾਰ ਬਹਾਲ ਕਰਨ ਦਾ ਅਹਿਦ ਲਿਆ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਬਠਿੰਡਾ ‘ਆਪ’ ਦੇ ਕਾਰਜਕਾਰਨੀ ਮੈਂਬਰ ਅੰਮ੍ਰਿਤ ਲਾਲ ਅੱਗਰਵਾਲ ਅਤੇ ਭੂਪਿੰਦਰ ਬਾਂਸਲ ਨੇ ਵੀ ਰੈਲੀ ਨੂੰ ਸੁਬੋਧਨ ਕੀਤਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top