Share on Facebook

Main News Page

ਗੁਰਬਾਣੀ ਦੇ ਗਿਆਤਾ ਅਜੋਕੇ ਅਸਤਕ(?) ਜੀ
-: ਜਸਬੀਰ ਸਿੰਘ ਵਿਰਦੀ

ਗੁਰਮਤਿ ਪ੍ਰਚਾਰ ਦੇ ਨਾਂ 'ਤੇ ਨਾਸਤਿਕਤਾ ਫੈਲਾਉਣ ਵਾਲੇ ਅਤੇ ਸਿੱਖੀ ਰੂਪ ਵਿੱਚ ਸਿੱਖੀ ਦੀਆਂ ਜੜਾਂ ਵਢਣ ਵਾਲੇ ਅਜੋਕੇ ਕੁਝ ਲੋਕ ਚੋਰੀ ਛਿਪੇ ਸਿੱਖੀ ਵਿੱਚ ਘੁਸਪੈਠ ਕਰ ਰਹੇ ਹਨ। ਨਾਸਤਕ ਹੁੰਦੇ ਹੋਏ ਵੀ ਜਾਹਰਾ ਤੌਰ ਤੇ ਇਹ ਆਪਣੇ ਆਪ ਨੂੰ ਨਾਸਤਕ ਅਖਵਾਉਣਾ ਪਸੰਦ ਨਹੀਂ ਕਰਦੇ, ਕਿਉਂਕਿ ਨਾਸਤਿਕਤਾ ਦਾ ਲੇਬਲ ਲੱਗੇ ਹੋਣ ਨਾਲ ਇਹ ਸਿੱਖਾਂ ਵਿੱਚ ਘੁਸਪੈਠ ਨਹੀਂ ਕਰ ਸਕਦੇ। ਇਸ ਲਈ ਇਨ੍ਹਾਂ ਦੇ ਇਸ ਜਜ਼ਬੇ ਦੀ ਕਦਰ ਕਰਦੇ ਹੋਏ ਇੱਥੇ ਇਨ੍ਹਾਂਨੂੰ “ਆਸਤਕ” ਸ਼ਬਦ ਨਾਲ ਸੰਬੋਧਨ ਕੀਤਾ ਗਿਆ ਹੈ।

ਆਓ ਦੇਖੀਏ ਸਾਡੇ ਇਸ ‘ਆਸਤਕ ਜੀ’ ਨੂੰ ਗੁਰਬਾਣੀ ਬਾਰੇ ਕਿੰਨਾ ਕੁ ਪਤਾ ਹੈ?

ਕੁਝ ਸਾਲ ਪਹਿਲਾਂ ਸਾਡੇ ਇਸ ‘ਆਸਤਕ ਜੀ’ ਨੇ ਗੁਰਬਾਣੀ ਪ੍ਰਤੀ ਸ਼ੰਕੇ ਖੜੇ ਕਰਨ ਦੇ ਮਕਸਦ ਨਾਲ ਇੱਕ ਸਵਾਲ ਕੀਤਾ ਸੀ ਕਿ ਗੁਰਬਾਣੀ ਵਿੱਚ ਇੱਕ ਥਾਂ 'ਤੇ ਲਿਖਿਆ ਹੈ- “ਸਚੇ ਤੇਰੇ ਖੰਡ ਸਚੇ ਬ੍ਰਹਮੰਡ॥” ਅਰਥਾਤ ਜਗ ਰਚਨਾ ਸੱਚੀ ਹੈ। ਅਤੇ ਦੂਸਰੇ ਥਾਂ ਲਿਖਿਆ ਹੈ- “ਜਗ ਰਚਨਾ ਸਭ ਝੂਠ ਹੈ ਜਾਨ ਲਿਹੁ ਰੇ ਮੀਤ॥ ਇਹ ਆਪਾ ਵਿਰੋਧੀ ਗੱਲਾਂ ਕਿਉਂ

ਇਸ ‘ਆਸਤਕ ਜੀ’ ਨੂੰ ਇਨ੍ਹਾਂ ਦੋਨਾਂ ਗਲਾਂ ਦਾ ਫਰਕ ਵਿਸਥਾਰ ਨਾਲ ਸਮਝਾ ਦਿੱਤਾ ਗਿਆ ਸੀ, ਕਿ ਕਿਸ ਲਿਹਾਜ ਨਾਲ ਜੱਗ ਰਚਨਾ ਸੱਚ ਹੈ ਅਤੇ ਕਿਸ ਲਿਹਾਜ ਨਾਲ ਝੂਠ। ਇਸ ਦੇ ਨਾਲ ਹੀ ਇਸ ‘ਆਸਤਕ ਜੀ’ ਨੂੰ ਪੁੱਛਿਆ ਗਿਆ ਸੀ ਕਿ ਇਸ ਨੁਕਤੇ ਤੇ ਤੁਹਾਡੇ ਕੀ ਵਿਚਾਰ ਹਨ? ਤਾਂ ਇਨ੍ਹਾਂ ਦੀਆਂ ਅੱਖਾਂ ਤੇ ਨਾਸਤਕਤਾ ਦੀ ਐਨਕ ਲੱਗੀ ਹੋਣ ਕਰਕੇ ਅਤੇ ਗੁਰਬਾਣੀ ਦਾ ‘ੳ, ਅ’ ਵੀ ਪਤਾ ਨਾ ਹੋਣ ਕਰਕੇ, ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਦੇ ਸਕੇ।

ਇਹ ਉਦਾਹਰਣ ਇੱਥੇ ਇਹ ਦਰਸਾਉਣ ਲਈ ਸਾਂਝੀ ਕੀਤੀ ਗਈ ਹੈ ਕਿ 'ਆਸਤਿਕ ਜੀ' ਦਾ ਗੁਰਬਾਣੀ ਸਮਝ ਪ੍ਰਤੀ ਕੋਰਾਪਨ ਹੋਣ ਕਰਕੇ ਅਤੇ ਗੁਰਬਾਣੀ ਨੂੰ ਆਪਣੇ ਹੀ ਅਰਥਾਂ ਵਿੱਚ ਸਮਝਕੇ ਕਿਵੇਂ ਗੁਰਮਤਿ ਦੇ ਸਹੀ ਅਰਥਾਂ ਵਿੱਚ ਪ੍ਰਚਾਰਕਾਂ ਦਾ ਕਿਵੇਂ ਨਾ ਸਿਰਫ ਵਿਰੋਧ ਹੀ ਕੀਤਾ ਜਾਂਦਾ ਹੈ, ਬਲਕਿ ਉਨ੍ਹਾਂ ਦਾ ਮਜਾਕ ਵੀ ਉਡਾਇਆ ਜਾਂਦਾ ਹੈ।

ਸਿੱਖੀ ਸਰੂਪ ਵਾਲੇ ਇਨ੍ਹਾਂ ਨਾਸਤਕਾਂ ਨੂੰ ਬੇ-ਨਕਾਬ ਕਰਨ ਵਾਲਾ ਇਕ ਲੇਖ ਇਕ ਗਿਆਨੀ ਜੀ ਨੇ ਵੈਬ ਸਾਇਟ 'ਤੇ ਪਾਇਆ ਸੀ, ਜਿਸ ਕਰਕੇ ਇਨ੍ਹਾਂ ਅਜੋਕੇ ‘ਆਸਤਕ/ਨਾਸਤਕ ਲਾਣੇ’ ਨੂੰ ਬੜੀ ਪਰੇਸ਼ਾਨੀ ਹੋਈ। ਸਾਡੇ ਇਹ ‘ਆਸਤਕ ਜੀ’ ਮਨ ਦੀ ਭੜਾਸ ਕਢਣ ਲਈ ਅਤੇ ਗਿਆਨੀ ਜੀ ਨੂੰ ਨੀਚਾ ਦਿਖਾਉਣ ਲਈ ਉਨ੍ਹਾਂ ਦੇ ਖਿਲਾਫ ਭੰਡੀ ਪ੍ਰਚਾਰ ਕਰਦੇ ਹੋਏ ਲਿਖਦੇ ਹਨ- "ਆਓ ਦੇਖੀਏ ਪੁਜਾਰੀ …(ਗਿਆਨੀ) ਜੀ ਨੂੰ ਗੁਰਬਾਣੀ ਬਾਰੇ ਕਿੰਨਾ ਕੁ ਪਤਾ ਹੈ?"

ਲੇਖ ਵਿੱਚ ਗਿਆਨੀ ਜੀ ਨੇ ਗੁਰਬਾਣੀ ਦੀ ਇੱਕ ਪੰਗਤੀ ਦਾ ਹਵਾਲਾ ਦਿੱਤਾ ਸੀ- "ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰ॥" (ਪੰਨਾ-464) ਵੇਦ, ਪੁਰਾਣ ਤੇ ਕਤੇਬਾਂ, (ਹੋਰ ਭੀ) ਸਾਰੀ ਵਿਚਾਰ-ਸੱਤਾ ਤੇਰੀ ਹੀ ਕਲਾ ਹੈ; (ਜੀਵਾਂ ਦਾ) ਖਾਣ, ਪੀਣ, ਪੈਨ੍ਹਣ (ਦਾ ਵਿਹਾਰ) ਅਤੇ (ਜਗਤ ਵਿੱਚ) ਸਾਰਾ ਪਿਆਰ (ਦਾ ਜਜ਼ਬਾ) ਇਹ ਸਭ ਤੇਰੀ ਕੁਦਰਤ ਹੈ"

ਗਿਆਨੀ ਜੀ ਦੁਆਰਾ ਲਿਖੇ ਅਰਥਾਂ ਬਾਰੇ ਇਹ ‘ਆਸਤਕ ਜੀ’ ਕਹਿੰਦੇ ਹਨ- “ਗਿਆਨੀ ਜੀ ਤੁਸੀਂ ਇਹ ਅਰਥ ਕਰਕੇ ਤਾਂ ਸਾਬਤ ਕਰ ਦਿੱਤਾ ਹੈ ਕਿ ਵੇਦ ਕਰਤੇ ਦੀ ਕਿਰਤ ਹਨ”।

ਰੱਬ ਦੀ ਹੋਂਦ ਤੋਂ ਮੁਨਕਰ ਇਹ ‘ਆਸਤਕ ਜੀ’, ਨਾਸਤਿਕਤਾ ਵਾਲਾ ਚਸ਼ਮਾ ਉਤਾਰਕੇ ਅਤੇ ਦਿਲ-ਓ-ਦਿਮਾਗ ਤੋਂ ਮਾਰਕਸਵਾਦੀ ਸੋਚ ਵਾਲੇ ਪੜਦੇ ਹਟਾ ਕੇ, ਗੱਲ ਨੂੰ ਵਿਚਾਰਨ ਤਾਂ, ਸਹੀ ਗੱਲ ਇਨ੍ਹਾਂ ਦੇ ਪੱਲੇ ਵੀ ਪਵੇ।ਜੇ ਇਨ੍ਹਾਂਨੇ ਮਨ ਦੀ ਭੜਾਸ ਕਢਣ ਲਈ ਗਿਆਨੀ ਜੀ ਨੂੰ ਬਦਨਾਮ ਕਰਨ ਦੀ ਹੀ ਸੋਚ ਰੱਖੀ ਹੈ ਫੇਰ ਤਾਂ ਜੋ ਮਰਜੀ ਲਿਖੀ ਜਾਣ। ਗਿਆਨੀ ਜੀ ਦੁਆਰਾ ਕੀਤੇ ਅਰਥਾਂ ਵਿੱਚ, ਵੇਦਾਂ ਵਾਲੀ ਗੱਲ ਨੂੰ ਇੱਕ ਮਿੰਟ ਲਈ ਪਾਸੇ ਰੱਖਕੇ ਬਾਕੀ ਦੀ ਪੰਗਤੀ ਨੂੰ ਪਹਿਲਾਂ ਵਿਚਾਰ ਕੇ ਦੇਖੋ- “(ਜੀਵਾਂ ਦਾ) ਖਾਣ, ਪੀਣ, ਪੈਨ੍ਹਣ (ਦਾ ਵਿਹਾਰ) ਅਤੇ (ਜਗਤ ਵਿੱਚ) ਸਾਰਾ ਪਿਆਰ (ਦਾ ਜਜ਼ਬਾ) *ਇਹ ਸਭ ਤੇਰੀ ਕੁਦਰਤ ਹੈ*।

ਹੁਣ ਜਿਹੜੇ ਅਰਥਾਂ ਅਨੁਸਾਰ ਆਸਤਕ ਜੀ ਵੇਦ, ਪੁਰਾਣ ਤੇ ਕਤੇਬਾਂ ਨੂੰ ‘ਰੱਬ ਦੁਆਰਾ ਭੌਤਿਕ ਤਰੀਕੇ ਨਾਲ ਕੀਤੀ ਗਈ ਕਰਤੇ ਦੀ ਕਿਰਤ’ ਮੰਨ ਰਹੇ ਹਨ, ਉਨ੍ਹਾਂ ਅਰਥਾਂ ਵਿੱਚ ਹੀ ‘ਖਾਣ, ਪੀਣ, ਪੈਨ੍ਹਣ ਵਾਲੀ ਗੱਲ ਨੂੰ ਵੀ ਅਰਥਾ ਕੇ ਦੇਖਣ।ਕੀ ਕਰਤਾ ਆਪ ਸਰੀਰ ਰੂਪ ਵਿੱਚ ਆ ਕੇ ਖਾਣ ਪੀਣ ਪਹਿਨਣ ਦੀਆਂ ਕਿਰਿਆਵਾਂ ਕਰਦਾ ਕਰਾਂਦਾ ਹੈ? ਛੋਟੀ ਸੋਚ ਦੇ ਮਾਲਕ ਇਹ ‘ਆਸਤਕ ਜੀ’ ਏਨੀ ਥੋੜ੍ਹੀ ਜਿਹੀ ਡੂੰਘੀ ਗੱਲ ਵੀ ਸਮਝਣ ਤੋਂ ਅਸਮਰਥ ਹਨ, ਕਿ ਇਹ ‘ਸਭ ਉਸ ਕਰਤੇ ਦੀ ਕੁਦਰਤ ਹੈ ਅਤੇ ਜੋ ਕੁਝ ਵੀ ਹੋਂਦ ਵਿੱਚ ਆਇਆ ਹੈ ਉਸ ਦੀ ਕੁਦਰਤ ਦੇ ਜਰੀਏ ਆਇਆ ਹੈ’। ਪਰ ਸਾਡੇ ਇਹ ‘ਆਸਤਕ ਜੀ’ ਤਾਂ ਰੱਬ ਦੀ ਹੋਂਦ ਨੂੰ ਮੰਨਣ ਵਾਲਿਆਂ ਨੂੰ ਪਛੜੇ ਹੋਏ, ਅਨਪੜ੍ਹ ਤੇ ਗਵਾਰ ਹੀ ਸਮਝੀ ਬੈਠੇ ਹਨ, ਤਾਂ ਗੁਰਬਾਣੀ ਦੀਆਂ ਡੂੰਘੀਆਂ ਗੱਲਾਂ ਇਨ੍ਹਾਂ ਦੇ ਪੱਲੇ ਕਿੱਥੋਂ ਪੈਣ?

ਸਾਧੂ ਦਯਾ ਨੰਦ ਵੱਲੋਂ ਵੇਦਾਂ ਨੂੰ ਪਰਮਾਤਮਾ ਦੁਆਰਾ ਰਚੇ ਹੋਣ ਅਤੇ ਗੁਰੂ ਸਾਹਿਬ ਦੁਆਰਾ ਵੇਦਾਂ ਨੂੰ ਕਰਤੇ ਦੀ ਕਲਾ ਕਹਿਣ ਦਾ ਫਰਕ ਵੀ ਸਾਡੇ ਇਹ ‘ਆਸਤਕ ਜੀ’ ਦੇਖ ਲੈਣ। ਸਾਧੂ ਦਯਾ ਨੰਦ ਅਨੁਸਾਰ ਵੇਦ ਪਰਮਾਤਮਾ ਵੱਲੋਂ (ਮੂੰਹ ਨਾਲ) ਉਚਾਰੇ ਗਏ ਅਤੇ ਸੁਣਨ ਵਾਲੇ ਨੇ ਸ਼ਰੁਤੀ ਰੂਪ (ਸੁਣਕੇ ਗ੍ਰਹਿਣ) ਕੀਤੇ। ਜਦਕਿ ਗੁਰੂ ਸਾਹਿਬ ਨੇ ਜੋ ਕਿਹਾ ਹੈ ਉਹ ਇਹ ਹੈ ਕਿ ‘ਉਸ ਦੀ ਕੁਦਰਤ ਦੁਆਰਾ’ ਵੇਦ, ਪੁਰਾਣ ਕਤੇਬਾਂ ਅਤੇ ਹੋਰ ਸਭ ਕੁਝ ਹੋਂਦ ਵਿੱਚ ਆਇਆ। ਉਹ ਕਿਸ ਤਰ੍ਹਾਂ; -ਕਰਤੇ ਦੀ ਕੁਦਰਤ ਨਾਲ ਹੀ ਮਨੁੱਖ ਦੇ ਹੱਥ, ਜੀਭ, ਦਿਮਾਗ ਆਦਿ ਸਰੀਰਕ ਅੰਗ ਅਤੇ ਹੋਰ ਸਾਰੀ ਸਮਗਰੀ ਅਤੇ ਸਿਸਟਮ ਹੋਂਦ ਵਿੱਚ ਆਏ, ਜਿਸ ਕਰਕੇ ਵੇਦ, ਪੁਰਾਣ ਤੇ ਕਤੇਬਾਂ ਹੋਂਦ ਵਿੱਚ ਆਏ। ਗਿਆਨੀ ਜੀ ਨੇ ਜੋ ਅਰਥ ਲਿਖੇ ਹਨ, ਉਨ੍ਹਾਂਨੂੰ ਇੱਕ ਵਾਰੀਂ ਫੇਰ ਤੋਂ ਇਹ ‘ਆਸਤਕ ਜੀ’ ਦੇਖ ਲੈਣ- “ਵੇਦ, ਪੁਰਾਣ ਤੇ ਕਤੇਬਾਂ, (ਹੋਰ ਭੀ) ਸਾਰੀ ਵਿਚਾਰ-ਸੱਤਾ ਤੇਰੀ ਹੀ ਕਲਾ ਹੈ; (ਜੀਵਾਂ ਦਾ) ਖਾਣ, ਪੀਣ, ਪੈਨ੍ਹਣ (ਦਾ ਵਿਹਾਰ) ਅਤੇ (ਜਗਤ ਵਿੱਚ) ਸਾਰਾ ਪਿਆਰ (ਦਾ ਜਜ਼ਬਾ) ਇਹ ਸਭ ਤੇਰੀ ਕੁਦਰਤ ਹੈ"।ਕਿਤੇ ਲੱਗਦਾ ਹੈ ਕਿ ਗਿਆਨੀ ਜੀ ਨੇ ਕਰਤੇ ਵੱਲੋਂ ਸਰੀਰਕ ਰੂਪ ਵਿੱਚ ਹਾਜਰ ਹੋ ਕੇ ਵੇਦ ਰਚਣ ਦੀ ਗੱਲ ਕਹੀ ਹੈ?

ਜੇ ਇਸ ‘ਆਸਤਕ ਜੀ’ ਨੂੰ ਗਿਆਨੀ ਜੀ ਦੁਆਰਾ ਕੀਤੇ ਅਰਥ ਗ਼ਲਤ ਲੱਗਦੇ ਹਨ ਤਾਂ ਉਹ ਆਪਣੇ ਅਰਥ ਦੱਸ ਦੇਣ ਕਿ ਉਨ੍ਹਾਂ ਮੁਤਾਬਕ ਇਨ੍ਹਾਂ ਪੰਗਤੀਆਂ ਦੇ ਕੀ ਅਰਥ ਹਨ?

ਅੱਗੇ ਇਹ ‘ਆਸਤਕ ਜੀ’ ਲਿਖਦੇ ਹਨ- “ਜੇ ਵੇਦ ਕਰਤੇ ਦੀ/ ਪਰਮਾਤਮਾ ਦੀ ਕਿਰਤ ਹਨ ਤਾਂ ਜਗਤ ਨੂੰ ਨਰਕ ਬਨਾਉਣ ਵਾਲਾ ਵੀ ਪਰਮਾਤਮਾ / ਅਕਾਲ ਪੁਰਖ ਆਪ ਹੀ ਹੈ ਤਾਂ ਉਹ ਸਾਡਾ ਮਿੱਤਰ ਕਿਵੇਂ ਹੋਇਆ? ਉਹ ਅਕਾਲ ਪੁਰਖ ਦਿਆਲੂ ਕਿਵੇਂ ਹੋਇਆ?

‘ਆਸਤਕ ਜੀ’ ਦੀ ਇਸ ਗੱਲ ਤੋਂ ਤਾਂ ਲੱਗਦਾ ਹੈ, ਕਿ ਉਹ ਪਰਮਾਤਮਾ ਨੂੰ “ਕਰਤਾ ਪੁਰਖ” ਮੰਨਣ ਤੋਂ ਹੀ ਇਨਕਾਰੀ ਹਨ।

ਵਿਚਾਰ- ਜੇ ਉਹ ਕਰਤਾ ਹੈ ਤਾਂ ਸਭ ਕਾਸੇ ਦਾ ਕਰਤਾ ਹੈ ਸਿਰਫ ਬਾਗ ਬਗੀਚੇ, ਕਿਸਮ ਕਿਸਮ ਦੇ ਰੰਗ ਬਿਰੰਗੇ ਸੋਹਣੇ ਪਸ਼ੂ ਪੰਛੀ, ਫੁੱਲ, ਫਲ਼, ਮਨੁੱਖ ਨੂੰ ਵਧੀਆਂ ਸੋਚਣ ਵਾਲੇ ਦਿਮਾਗ ਦਾ ਹੀ ਕਰਤਾ ਨਹੀਂ।ਨੀਵੇਂ ਦਰਜੇ ਦੀਆਂ ਜੂਨਾਂ ਵਾਲੇ ਪਸ਼ੂ ਪੰਛੀ ਅਤੇ ਉਹ ਦਿਮਾਗ ਜਿਸ ਨਾਲ ਕੋਈ ਸ਼ੈਤਾਨੀ ਘਾੜਤਾਂ ਘੜ ਸਕਦਾ ਹੈ ਉਹ ਦਿਮਾਗ ਕਿਸੇ ਹੋਰ ਕਰਤੇ ਦੀ ਕਿਰਤ ਨਹੀਂ।

ਇਸ ‘ਆਸਤਕ ਜੀ’ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਚੰਗੇ ਵਿਚਾਰਾਂ ਬਾਰੇ ਵੀ ਅਤੇ ਮਾੜੇ ਵਿਚਾਰਾਂ ਬਾਰੇ ਵੀ ਘਾੜਤ ਘੜਨ ਵਾਲਾ ਦਿਮਾਗ ਇਕੋ ਹੀ ਹੈ ਅਤੇ ਇੱਕੋ ਕਰਤੇ ਦੀ ਕਿਰਤ ਹੈ। ਜੇ ਅੰਮ੍ਰਿਤ ਉਸ ਨੇ ਉਪਾਇਆ ਹੈ ਤਾਂ ਬਿਖ ਵੀ ਉਸ ਨੇ ਉਪਈ ਹੈ “ਬਿਖੁ ਅੰਮ੍ਰਿਤੁ ਕਰਤਾਰਿ ਉਪਾਏ॥” (ਪੰਨਾ-1172) “ਐਸੀ ਇਸਤ੍ਰੀ ਇਕ ਰਾਮਿ ਉਪਾਈ॥ ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ॥” (ਪੰਨਾ-394)। “ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ॥” (ਪੰਨਾ-918) ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦੀ ਠੱਗਬੂਟੀ (ਜੀਵਾਂ ਨੂੰ) ਚੰਬੋੜੀ ਹੈ ਉਸੇ ਨੇ ਇਹ ਮੋਹਣੀ ਮਾਇਆ ਪੈਦਾ ਕੀਤੀ ਹੈ।--ਜੇ ਉਹ ਮਿੱਤਰ ਅਤੇ ਦਿਆਲੂ ਹੈ ਤਾਂ ਮਾੜੇ ਕੰਮਾਂ ਦੀ ਸਜਾ ਦੇਣ ਵਾਲਾ ਵੀ ਉਹੀ ਹੈ। ਕੋਈ ਪਿਤਾ ਆਪਣੇ ਪੁੱਤਰ ਨੂੰ ਸਾਰੀਆਂ ਸੁਖ ਸੁਵਿਧਾਵਾਂ ਉਪਲਭਦ ਕਰਾਂਦਾ ਹੈ ਤਾਂ ਪੁੱਤਰ ਦੀਆਂ ਮਾੜੀਆਂ ਕਰਤੂਤਾਂ ਕਾਰਨ ਉਸ ਨੂੰ ਸਜਾ ਵੀ ਦੇ ਸਕਦਾ ਹੈ। ਉਸ ਨੂੰ ਬੇ-ਦਖਲ ਵੀ ਕਰ ਸਕਦਾ ਹੈ (ਜਿਸ ਤਰ੍ਹਾਂ ਸਾਡੇ ਇਸ ‘ਆਸਤਕ ਜੀ’ ਨੂੰ ਉਸ ਦੇ ਪਿਤਾ ਨੇ ਕੀਤਾ ਹੋਇਆ ਹੈ)।
ਗਿਆਨੀ ਜੀ ਨੇ ਇਕ ਹੋਰ ਗੁਰਬਾਣੀ ਉਦਾਹਰਣ ਪੇਸ਼ ਕੀਤੀ ਸੀ- “ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ॥...” (ਪੰਨਾ-551)

ਇਸ ਸੰਬੰਧੀ ‘ਆਸਤਕ ਜੀ’ ਕਹਿੰਦੇ ਹਨ- “ਆਪੇ’ ਦਾ ਮਤਲਬ ਜੇਕਰ ‘ਰੱਬ’ ਕਰੀਏ ਤਾਂ ਇਹ ਬਣਦੇ ਹਨ ਕਿ ਕਰਤੇ ਨੇ ਆਪ ਹੀ ਬੇਦ ਬਣਾਏ, ਆਪ ਹੀ ਕਥਾ ਕੀਤੀ ਤੇ ਆਪ ਹੀ ਭਿੱਜ ਗਿਆ। ਆਪੇ ਨੇ/ ਕਰਤੇ ਨੇ/ ਅਕਾਲ ਪੁਰਖ ਨੇ ਆਪਣੀ ਪੂਜਾ ਵੀ ਕਰਵਾਈ ਤੇ ਪਰਪੰਚ ਵੀ/ ਠੱਗੀ ਵੀ ਆਪ ਹੀ ਰਚੀ। ਗੁਰਬਾਣੀ ਦਾ ਰੱਬ ਠੱਗੀਆਂ ਨਹੀਂ ਮਾਰਦਾ ਤੇ ਆਪਣੀ ਪੂਜਾ ਵੀ ਨਹੀਂ ਕਰਵਾਉਂਦਾ ਤੇ ਨਾ ਹੀ ਉਹ ਇਸ ਤਰ੍ਹਾਂ ਦੇ ਕਰਮਾਂ ਨਾਲ ਭਿੱਜਦਾ ਹੈ। ਗਿਆਨੀ ਜੀ ਇਸ ਪਉੜੀ ਦੇ ਅਰਥ ਵੀ ਗ਼ਲਤ ਕਰ ਗਏ। ਜਦੋਂ ਇਨ੍ਹਾਂ ‘ਆਪੇ’ ਦਾ ਅਰਥ ‘ਰੱਬ’ ਕਰ ਮਾਰੇ। ‘ਆਪੇ ਦੇ ਅਰਥ ‘ਰੱਬ’ ਕਰਕੇ ਵੇਦਾਂ ਦਾ ਕਰਤਾ ਵੀ ਰੱਬ ਬਣਾ ਧਰਿਆ *ਜਦੋਂ ਕਿ ਗੁਰਬਾਣੀ ਬੇਦਾਂ/ਵੇਦਾਂ ਨੂੰ ਬ੍ਰਹਮੇ ਦੀ ਕਿਰਤ ਮੰਨਦੀ ਹੈ*। ਜਿਵੇਂ: ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ”

ਵਿਚਾਰ- ਦੇਖੋ ਕਿਵੇਂ ਗੁਰਮਤਿ ਦਾ ਘਾਣ ਕੀਤਾ ਜਾ ਰਿਹਾ ਹੈ। "ਆਪੇ" ਦੇ ਅਰਥ ਪਰਮਾਤਮਾ ਨਾ ਹੋ ਕੇ "ਬ੍ਰਹਮਾ (ਦੇਵਤਾ)"। ਇਨ੍ਹਾਂ ‘ਆਸਤਕਾਂ ਦੀ ਨਾਸਤਕ ਸੋਚ’ ਵਿੱਚ ਜਿਹੜੀ ਗੱਲ ਫਿੱਟ ਨਹੀਂ ਬੈਠਦੀ ਉਸ ਦੇ ਅਰਥ ਆਪਣੀ ਮਰਜੀ ਨਾਲ ਹੀ ਘੜ ਲੈਂਦੇ ਹਨ। ਉਸ ਨਾਲ ਗੁਰਮਤਿ ਦੀ ਚਾਹੇ ਕੁਝ ਵੀ ਦੁਰਦਸ਼ਾ ਹੋ ਜਾਵੇ। ਜਿਹੜਾ ਇਨ੍ਹਾਂ ਵਾਲੇ ਅਰਥ ਨਹੀਂ ਮੰਨਦਾ ਇਨ੍ਹਾਂ ਮੁਤਾਬਕ ਅਸਲ ਵਿੱਚ ਨਾਸਤਕ ਉਹ ਹੈ।

ਹੁਣ ਜਰਾਂ ਇਸ ‘ਆਸਤਕ ਜੀ’ ਦੇ ਵਿਚਾਰਾਂ ਤੇ ਗੌਰ ਕਰੋ, ਲਿਖਦੇ ਹਨ- *ਗੁਰਬਾਣੀ ਬੇਦਾਂ/ਵੇਦਾਂ ਨੂੰ ਬ੍ਰਹਮੇ ਦੀ ਕਿਰਤ ਮੰਨਦੀ ਹੈ*।

ਇਸ ਦਾ ਮਤਲਬ ਇਸ ‘ਆਸਤਕ ਜੀ’ ਮੁਤਾਬਕ “ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ॥...” ਦੇ ਅਰਥ ਹੋਏ- “ਬ੍ਰਹਮਾ ਨੇ ਆਪ ਹੀ ਬੇਦ ਬਣਾਏ, ਆਪ ਹੀ ਕਥਾ ਕੀਤੀ ਤੇ ਆਪ ਹੀ ਭਿੱਜ ਗਿਆ ....”।

‘ਆਸਤਕ ਜੀ’ ਦੱਸਣ ਦੀ ਖੇਚਲ ਕਰਨਗੇ ਕਿ ਕੀ ਇਸ ਦਾ ਮਤਲਬ ਇਹ ਨਾ ਹੋਇਆ ਕਿ ਗੁਰਬਾਣੀ “ਬ੍ਰਹਮਾ (ਦੇਵਤੇ)” ਦੀ ਹੋਂਦ/ ਹਸਤੀ ਨੂੰ ਮੰਨਦੀ ਹੈ, ਜਿਸ ਨੇ ਬੇਦ/ ਵੇਦ ਬਣਾਏ? ਜੇ ਗੁਰਬਾਣੀ ਅਨੁਸਾਰ ਕੋਈ ਬ੍ਰਹਮਾ ਹੈ, ਫੇਰ ਤਾਂ ਇਹ ਵੀ ਮੰਨਣਾ ਪਏਗਾ ਕਿ ਉਸ ਨੇ ਸ੍ਰਿਸ਼ਟੀ ਰਚਨਾ ਕੀਤੀ।

ਅੱਗੇ ਇਸ ‘ਆਸਤਕ/ ਨਾਸਤਕ’ ਜੀ ਨੇ ਗਿਆਨੀ ਜੀ ਦੁਆਰਾ ਪੇਸ਼ ਕੀਤੀਆਂ ਗੁਰਬਾਣੀ ਉਦਾਹਰਣਾਂ ਨੂੰ ਇਸੇ ਤਰ੍ਹਾਂ ਗ਼ਲਤ ਢੰਗ ਨਾਲ ਪੇਸ਼ ਕੀਤਾ ਹੈ। ਗਿਆਨੀ ਜੀ ਪ੍ਰਤੀ ਬੜੀ ਹੀ ਘਟੀਆ ਕਿਸਮ ਦੀ ਸ਼ਬਦਾਵਲੀ ਵਰਤ ਕੇ ਆਪਣੇ ਮਨ ਦੀ ਭੜਾਸ ਕੱਢੀ ਹੈ ਇਸ ਕਰਕੇ ਕਿ ਉਨ੍ਹਾਂਨੇ ਇਨ੍ਹਾਂ ਕਾਮਰੇਡਾਂ ਦੇ ਨਾਸਤਕਤਾ ਵਾਲੇ ਪ੍ਰਚਾਰ ਪ੍ਰਤੀ ਸਿੱਖਾਂ ਨੂੰ ਜਾਗ੍ਰਿਤ ਹੋਣ ਵਾਲਾ ਲੇਖ ਕਿਉਂ ਲਿਖ ਦਿੱਤਾ। ਹੋਰ ਤਾਂ ਹੋਰ 'ਅਸਤਕ ਜੀ' ਨੇ ਗਿਆਨੀ ਜੀ ਦੀ ਪੱਗ ਦਾ ਵੀ ਮਜਾਕ ਉਡਾਇਆ ਹੈ "ਖਰਬੂਜਾ ਪੱਗ (ਸਤਾਰਾਂ ਲੜ ਉਧਰ ਤੇ ਸਤਾਰਾਂ ਲੜ ਇਧਰ) ਬੰਨ੍ਹ ਕੇ ਕੀ ਕੋਈ ਸਿੱਖ ਬਣ ਜਾਂਦਾ ਹੈ?" (ਇੱਥੇ ਜੇ 'ਇਸ ਆਸਤਕ' ਦੇ ਜੀਵਨ ਵਿੱਚੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਜਾਣ, ਤਾਂ ਲੱਗੇਗਾ ਕਿ ਦੂਸ਼ਣ-ਬਾਜੀ ਕੀਤੀ ਜਾ ਰਹੀ ਹੈ। ਇਸ ਲਈ ਇਸ ਦੇ ਨਿਜੀ ਜੀਵਨ ਬਾਰੇ ਕੋਈ ਟਿੱਪਣੀ ਨਹੀਂ ਲਿਖੀ ਜਾ ਰਹੀ)।

22-04-2014


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top