Share on Facebook

Main News Page

ਸਿੱਖ ਪੰਥ ਬਨਾਮ ਅਖੌਤੀ ਸੰਤ ਸਮਾਜ
-: ਸ. ਅਵਤਾਰ ਸਿੰਘ ਉੱਪਲ

ਭਾਰਤ ਵਿੱਚ ਵਰਗ ਆਧਾਰਿਤ ਬਹੁਤ ਸਾਰੀਆਂ ਯੂਨੀਅਨਾਂ ਬਣੀਆਂ ਹੋਈਆਂ ਹਨ ਜਿਸ ਤਰ੍ਹਾਂ ਕਿਸਾਨ,ਵਪਾਰੀ, ਮਜ਼ਦੂਰ, ਅਧਿਆਪਕ ਆਦਿ-ਆਦਿ ਅਤੇ ਇਸੇ ਤਰ੍ਹਾਂ ਕੁਝ ਯੂਨੀਅਨਾਂ ਕਿਸੇ ਖਾਸ ਵਿਚਾਰਧਾਰਾ ਨੂੰ ਲੈ ਕੇ ਬਣੀਆਂ ਹੋਈਆਂ ਹਨ, ਜੋ ਵਰਗ ਵਿਸ਼ੇਸ਼ ਦੇ ਹਿੱਤਾਂ ਦੀ ਰਾਖੀ ਦੇ ਨਾਲ-ਨਾਲ ਆਪਣੀ ਖਾਸ ਵਿਚਾਰਧਾਰਾ ਦਾ ਪ੍ਰਚਾਰ ਕਰਦੀਆਂ ਹਨ, ਜਿਸ ਤਰ੍ਹਾਂ ਵੱਖ-ਵੱਖ ਮਹਿਕਮਿਆਂ, ਕਾਰਖਾਨਿਆਂ ਅਤੇ ਮਿੱਲਾਂ ਵਿੱਚ ਸੀ.ਪੀ.ਐੱਮ. ਜਾਂ ਸੀ.ਪੀ.ਆਈ. ਨਾਲ ਸੰਬੰਧਤ ਮਜ਼ਦੂਰ ਸੰਗਠਨ ਬਣੇ ਹੋਏ ਹਨ, ਜੋ ਮਜਦੂਰ ਵਰਗ ਦੇ ਹਿੱਤਾਂ ਦੇ ਨਾਲ-ਨਾਲ ਆਪਣੀ ਪਾਰਟੀ ਦੀ ਵਿਚਾਰਧਾਰਾ ਦਾ ਪ੍ਰਚਾਰ ਵੀ ਕਰਦੇ ਹਨ।

ਕੁਝ ਇਸੇ ਤਰ੍ਹਾਂ ਹੀ ਪੰਜਾਬ ਅੰਦਰ ਕੁਝ ਸੰਤ ਕਹਾਉਂਦੇ ਪ੍ਰਚਾਰਕਾਂ ਨੇ ਇਹਨਾਂ ਯੂਨੀਅਨਾਂ ਦੀ ਤਰਜ ਉੱਪਰ "ਸੰਤ ਸਮਾਜ" ਨਾਂ ਦੀ ਯੂਨੀਅਨ ਬਣਾ ਰੱਖੀ ਹੈ, ਜਿਸਦਾ ਕੰਮ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਕੇ ਉਸਨੂੰ ਘਰ-ਘਰ ਪਹੁੰਚਾਉਣਾ ਸੀ। ਪਰ ਅੱਜ ਇਹ ਸੰਤ ਸਮਾਜ ਵੀ ਇੱਕ ਪਾਰਟੀ ਖਾਸ ਦਾ ਪ੍ਰਚਾਰਕ ਬਣ ਕੇ ਰਹਿ ਗਿਆ ਹੈ ਜਿਸ ਦੀ ਤਾਜ਼ਾ ਉਦਾਹਰਣ ਸੰਤ ਸਮਾਜ ਵੱਲੋਂ ਪੰਜਾਬ ਅੰਦਰ ਲੋਕ ਸਭਾ ਦੀਆਂ ਹੋ ਰਹੀਆਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਵੱਲੋਂ ਲੜੀਆਂ ਜਾ ਰਹੀਆਂ 10 ਸੀਟਾਂ ਉੱਪਰ ਉਸਦੇ ਸਮਰਥਨ ਦਾ ਐਲਾਨ ਕਰਨ ਤੋਂ ਮਿਲਦੀ ਹੈ। ਸੰਤ ਸਮਾਜ ਦੇ ਮੁਤਾਬਕ ਇਹ ਫੈਸਲਾ ਬੜੀ ਸੋਚ ਸਮਝ ਕੇ ਪੰਥ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।

ਪਰ ਸੰਤ ਸਮਾਜ ਨੇ ਸਿੱਖ ਕੌਮ ਨੂੰ ਇਹ ਸਪੱਸ਼ਟ ਨਹੀਂ ਕੀਤਾ ਕਿ ਅਕਾਲੀ ਦਲ ਬਾਦਲ ਜਿਸਨੇ ਆਪਣੇ ਆਪ ਨੂੰ 1996 ਤੋਂ ਪੰਜਾਬੀ ਪਾਰਟੀ ਘੋਸ਼ਿਤ ਕੀਤਾ ਹੋਇਆ, ਨੇ ਪਿਛਲੇ 20 ਸਾਲਾਂ ਦੌਰਾਨ ਸਿੱਖਾਂ ਦਾ ਕਿਹੜਾ ਮਸਲਾ ਹੱਲ ਕਰਵਾਇਆ ਹੈ? ਸਗੋਂ ਜੂਨ 1984 ਵਿੱਚ ਮੌਕੇ ਦੀ ਕੇਂਦਰ ਦੀ ਕਾਂਗਰਸੀ ਹਕੂਮਤ ਵੱਲੋਂ ਦਰਬਾਰ ਸਾਹਿਬ ਉੱਪਰ ਸਾਕਾ ਨੀਲਾ ਤਾਰਾ ਦੇ ਨਾਂ ਥੱਲੇ ਜੋ ਫੌਜੀ ਕਾਰਵਾਈ ਕੀਤੀ ਗਈ ਸੀ, ਜਿਸ ਵਿੱਚ ਸਿੱਖਾਂ ਦੇ ਜਾਨ ਤੋਂ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ, ਟੈਕਾਂ ਨਾਲ ਢਹਿ ਢੇਰੀ ਕਰ ਦਿੱਤ ਗਿਆ ਸੀ ਅਤੇ ਸੰਤਾਂ ਸਮੇਤ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ ਸੀ। ਉਸ ਹਮਲੇ ਪਿੱਛੇ ਵੀ ਇਸੇ ਅਕਾਲੀ ਦਲ ਦੀ ਸਾਜਿਸ਼ ਹੀ ਕੰਮ ਕਰ ਰਹੀ ਸੀ, ਜੋ ਇਹਨਾਂ ਵੱਲੋਂ ਕੇਂਦਰੀ ਹਾਕਮਾਂ ਨੁੰ ਲਿਖੀਆਂ ਚਿੱਠੀਆਂ ਤੋਂ ਸਾਬਿਤ ਹੋ ਗਿਆ ਹੈ। ਇਸੇ ਪਾਰਟੀ ਦੀ ਸਰਕਾਰ ਦੇ ਚੱਲਦਿਆਂ ਸੈਂਕੜੇ ਸਿੱਖ ਨੌਜਵਾਨ ਜਿਨ੍ਹਾਂ ਵੱਖ-ਵੱਖ ਮੁਕੱਦਮਿਆਂ ਵਿੱਚ ਅਦਾਲਤਾਂ ਵੱਲੋਂ ਦਿੱਤੀਆਂ ਸਜਾਵਾਂ ਵੀ ਪੂਰੀਆਂ ਕਰ ਲਈਆਂ ਹਨ। ਅਜਿਹੇ ਨੌਜਵਾਨਾਂ ਦੀ ਰਿਹਾਈ ਲਈ ਇਸ ਅਕਾਲੀ ਸਰਕਾਰ ਨੇ ਅੱਜ ਤੱਕ ਕੁਝ ਨਹੀਂ ਕੀਤਾ। ਪੰਜਾਬ ਦੀਆਂ ਮੰਗਾਂ ਉੱਪਰ ਮੋਰਚੇ ਲਾਉਂਣ ਵਾਲਾ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਉੱਪਰ ਵੀ ਚੁੱਪ ਧਾਰੀ ਬੈਠਾ ਹੈ। ਪੰਜਾਬ ਦੇ ਦਰਿਆਈ ਪਾਣੀਆਂ ਨੂੰ ਲੁੱਟਣ ਲਈ ਭਾਜਪਾ ਵੱਲੋਂ ਦੇਸ਼ ਦੀਆਂ ਨਦੀਆਂ ਨੂੰ ਜੋੜਨ ਦੇ ਨਾਂ ਥੱਲੇ ਸਾਜਿਸ਼ ਰਚੀ ਜਾ ਰਹੀ ਹੈ, ਜਿਸਦਾ ਬਾਦਲ ਨੇ ਕਦੀ ਵੀ ਵਿਰੋਧ ਨਹੀਂ ਕੀਤਾ। ਸੂਬਿਆਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਨ ਵਾਲਾ ਅਕਾਲੀ ਦਲ, ਭਾਜਪਾ ਵੱਲੋਂ ਧਾਰਾ 370 ਨੂੰ ਖਤਮ ਕਰਨ ਦੇ ਕੀਤੇ ਜਾ ਰਹੇ ਵਾਅਦੇ ਉੱਪਰ ਵੀ ਚੁੱਪ ਧਾਰੀ ਬੈਠਾ ਹੈ।

ਦੂਸਰੇ ਪਾਸੇ ਭਾਜਪਾ ਜੋ ਕਾਂਗਰਸ ਦੀ ਤਰ੍ਹਾਂ ਹੀ ਪੰਜਾਬੀ ਸੂਬੇ ਦੀ ਮੰਗ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਹਿੱਤਾਂ ਦੀ ਵਿਰੋਧਤਾ ਤਾਂ ਕਰਦੀ ਹੀ ਰਹੀ ਹੈ, ਸਗੋਂ ਇਸ ਪਾਰਟੀ ਨੇ ਸਿੱਖਾਂ ਨਾਲ ਰੱਜ ਕੇ ਦੁਸ਼ਮਣੀ ਵੀ ਪੁਗਾਈ ਹੈ।

- ਇਸੇ ਪਾਰਟੀ ਦੇ ਆਗੂ ਹਰਬੰਸ ਲਾਲ ਖੰਨਾਂ ਨੇ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦਾ ਮਾਡਲ ਵੀ ਤੋੜਿਆ ਅਤੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਤਸਵੀਰ ਵੀ ਪਾੜੀ, ਜਿਸਦੀ ਪੁਸ਼ਟੀ ਸੰਤ ਸਮਾਜ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖਾਲਸਾ ਜੀ ਆਪ ਵੀ ਕਰਦੇ ਹਨ

- ਇਸੇ ਪਾਰਟੀ ਦੇ ਲੀਡਰ ਸਿੱਖਾਂ ਨੂੰ ਚਿੜਾਉਣ ਲਈ ਕਿਹਾ ਕਰਦੇ ਸਨ ਕਛ, ਕੜਾ, ਕੰਘਾ, ਕਿਰਪਾਨ ਧੱਕ ਦਿਆਂਗੇ ਪਾਕਿਸਤਾਨ। ਅਡਵਾਨੀ ਕਹਿੰਦਾ ਹੈ ਕਿ ਦਰਬਾਰ ਸਾਹਿਬ ਉੱਪਰ ਹਮਲਾ ਉਸਨੇ ਹੀ ਇੰਦਰਾ ਨੂੰ ਮਜਬੂਰ ਕਰਕੇ ਕਰਵਾਇਆ ਸੀ।

- ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਈ ਗਈ, ਤਾਂ ਇਸੇ ਪਾਰਟੀ ਦਾ ਪੰਜਾਬ ਇੰਚਾਰਜ ਬਲਵੀਰ ਪੁੰਜ ਕਹਿੰਦਾ ਕਿ ਉਹ ਇਹ ਤਸਵੀਰ ਅਜਾਇਬ ਘਰ ਵਿੱਚੋਂ ਉਤਾਰ ਦੇਣਗੇ

- ਜੂਨ 1984 ਦੇ ਸਮੂਹ ਸ਼ਹੀਦਾਂ ਦੀ ਜੋ ਯਾਦਗਾਰ ਜੋ ਹਰਿਮੰਦਰ ਸਾਹਿਬ ਵਿਖੇ ਬਣਾਈ ਤਾਂ ਭਾਜਪਾ ਪੰਜਾਬ ਪ੍ਰਧਾਨ ਕਮਲ ਸ਼ਰਮਾਂ ਨੇ ਇਸਦੀ ਰੱਜ ਕੇ ਵਿਰੋਧਤਾ ਕੀਤੀ ਅਤੇ ਯਾਦਗਾਰ ਉੱਪਰੋਂ ਸੰਤਾਂ ਦੇ ਨਾਂ ਦੀ ਪਲੇਟ ਲਾਹ ਦੇਣ ਦੀ ਧਮਕੀ ਦਿੰਦਾ ਹੈ

- ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਜਾਂ ਭਾਈ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ, ਜਦ ਸਿੱਖ ਕੌਮ ਇੱਕ ਜੁੱਟ ਹੋ ਕੇ ਸੜਕਾਂ ਉੱਪਰ ਆਈ ਤਾਂ ਭਾਜਪਾ ਨੇ ਇਥੇ ਵੀ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਵਿਰੋਧਤਾ ਕੀਤੀ, ਗੱਲ ਕਾਹਦੀ ਇਸ ਪਾਰਟੀ ਨੇ ਹਰ ਥਾਂ ਪੰਜਾਬ ਅਤੇ ਸਿੱਖਾਂ ਦਾ ਵਿਰੋਧ ਹੀ ਕੀਤਾ ਹੈ

ਅਕਾਲੀ ਦਲ ਨੇ ਇਸ ਪਾਰਟੀ ਨਾਲ ਸਮਝੌਤਾ ਕਰਨ ਤੋਂ ਬਾਅਦ ਸਿੱਖ ਹਿੱਤਾਂ ਨੂੰ ਤਾਂ ਅਣਗੌਲਿਆ ਹੀ ਹੈ, ਸਗੋਂ ਇਸਨੇ ਪੰਜਾਬ ਦੇ ਹਿੱਤਾਂ ਤੋਂ ਵੀ ਮੂੰਹ ਮੋੜ ਲਿਆ ਹੋਇਆ ਹੈ। ਅਕਾਲੀ ਦਲ ਬਾਦਲ ਜਿਸਨੇ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਣ ਦੇਣ ਦਾ ਐਲਾਨ ਕੀਤਾ ਹੋਇਆ ਹੈ, ਤਾਂ ਇਸ ਸਮੇਂ ਸਿੱਖਾਂ ਵੱਲੋਂ ਅਕਾਲੀ ਦਲ ਬਾਦਲ ਨੂੰ ਵੋਟਾਂ ਪਾਉਣ ਦਾ ਮਤਲਬ ਮੋਦੀ ਨੂੰ ਹੀ ਵੋਟਾਂ ਪਾਉਣਾਂ ਹੀ ਹੈ। ਸੰਤ ਸਮਾਜ ਵੱਲੋਂ ਬਾਦਲ ਦਲ ਦੇ 10 ਉਮੀਦਵਾਰਾਂ ਦੇ ਹੱਕ ਵਿੱਚ ਦਿੱਤਾ ਗਿਆ ਸਮਰਥਣ ਦਾ ਐਲਾਨ ਦਾ ਮਤਲਬ, ਸੰਤ ਸਮਾਜ ਨੇ ਅਸਿੱਧੇ ਰੂਪ ਵਿੱਚ ਭਾਜਪਾ ਦੇ ਹੱਕ ਵਿੱਚ ਹੀ ਸਮਰਥਣ ਦਾ ਐਲਾਨ ਕੀਤਾ ਹੈ, ਤਾਂ ਫਿਰ ਭਾਜਪਾ ਵੱਲੋਂ ਪੰਜਾਬ ਦੀਆਂ 3 ਸੀਟਾਂ ਉੱਪਰ ਜੋ ਚੋਣ ਲੜੀ ਜਾ ਰਹੀ ਹੈ ਦੇ ਉਮੀਦਵਾਰਾਂ ਬਾਰੇ ਸੰਤ ਸਮਾਜ ਵੱਲੋਂ ਕੋਈ ਫੈਸਲਾ ਨਾ ਲੈਣਾ ਸਿੱਖ ਕੌਮ ਨੂੰ ਮੂਰਖ ਬਣਾਉਣਾ ਹੈ। ਸੰਤ ਸਮਾਜ ਜੋ ਪੰਥ ਦੇ ਵਡੇਰੇ ਹਿੱਤਾਂ ਦੀ ਗੱਲ ਕਰਦਾ ਹੈ ਤਾਂ ਇਹਨਾਂ ਨੂੰ ਪੰਜਾਬ ਵਿੱਚ ਚੱਲਦਾ ਨਸ਼ਿਆਂ ਦਾ ਛੇਵਾਂ ਦਰਿਆ ਕਿਉਂ ਨਹੀਂ ਦਿਸਦਾ, ਜਿਸਦੇ ਚੱਲਦਿਆਂ ਇਹਨਾਂ ਦੋਹਾਂ ਪਾਰਟੀਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਸਮੈਕ ਅਤੇ ਹੀਰੋਇੰਨ ਜਿਹੇ ਮਾਰੂ ਨਸ਼ੇ ਦੀ ਲੱਚ ਪਾ ਕੇ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਹੈ। ਸੰਤ ਸਾਮਾਜ ਨੂੰ ਇਸਤੋਂ ਪਹਿਲਾਂ ਕੇਂਦਰ ਵਿੱਚ ਬਣੀ ਬੀ.ਜੇ.ਪੀ.ਅਤੇ ਅਕਾਲੀ ਦਲ ਬਾਦਲ ਦੀ ਸਾਂਝੀ ਸਰਕਾਰ ਦਾ 6 ਸਾਲ ਕਾਰਜਕਾਲ ਕਿਉਂ ਦਿਖਾਈ ਨਹੀਂ ਦਿੰਦਾ, ਜਿਸ ਵਿੱਚ ਉਹ ਨਾ ਤਾਂ ਪੰਜਾਬ ਦਾ ਕੋਈ ਭਲਾ ਕਰ ਸਕੇ ਅਤੇ ਨਾ ਹੀ ਸਿੱਖਾਂ ਨੂੰ ਕੋਈ ਇਨਸਾਫ ਦਵਾ ਸਕੇ।

ਅਜਿਹੇ ਵਿੱਚ ਸੰਤ ਸਮਾਜ ਨੇ ਬਾਦਲ ਦੇ ਹੱਕ ਵਿੱਚ ਸਿੱਧਾ ਅਤੇ ਭਾਜਪਾ ਦੇ ਹੱਕ ਵਿੱਚ ਅਸਿੱਧੇ ਰੂਪ ਵਿੱਚ ਸਮਰਥਨ ਦਾ ਐਲਾਨ ਕਰਕੇ ਆਪਣਾ ਕੌਮ ਪ੍ਰਤੀ ਫਰਜ਼ ਪੂਰਾ ਕਰ ਦਿੱਤਾ ਹੈ। ਫੈਸਲਾ ਹੁਣ ਸਿੱਖ ਪੰਥ ਨੇ ਕਰਨਾ ਹੈ ਉਸਨੇ ਸਿੱਖ ਕੌਮ ਦੀ ਆਨ-ਸ਼ਾਨ ਨੂੰ ਬਰਕਰਾਰ ਰੱਖਣ ਲਈ ਸੱਚੇ-ਸੁੱਚੇ ਪੰਥਕ ਉਮੀਦਵਾਰਾਂ ਨੂੰ ਜਿਤਾਉਣਾ ਹੈ, ਜਾਂ ਸੰਤ ਸਮਾਜ ਦੇ ਢਹੇ ਚੜ੍ਹ ਕੇ ਆਤਮ-ਹੱਤਿਆ ਕਰਨ ਦੇ ਰਸਤੇ ਉੱਪਰ ਵਧਣਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top