Share on Facebook

Main News Page

"ਕਬਿਉ ਬਾਚ ਬੇਨਤੀ ਚੌਪਈ" ਦਾ ਮੂਲ ਸ੍ਰੋਤ ਅਤੇ ਭਾਵ ਅਰਥ ਬਾਰੇ - ਭਾਗ ਪਹਿਲਾ
-: ਇੰਦਰਜੀਤ ਸਿੰਘ, ਕਾਨਪੁਰ

ਅੰਮ੍ਰਿਤ ਛੱਕਣ ਵਾਲੇ ਸਿੱਖਾਂ ਨੂੰ, ਇਹ ਤਾਂ ਦਸ ਦਿਤਾ ਜਾਂਦਾ ਹੈ ਕਿ, ਤੁਸਾਂ ਫਲਾਂ ਫਲਾਂ ਬਣੀਆਂ, ਨਿਤਨੇਮ ਵਿੱਚ ਪੜ੍ਹਨੀਆਂ ਹਨ। ਇਨ੍ਹਾਂ ਦਾ ਸ਼੍ਰੋਤ, ਅਤੇ ਅਰਥ ਕਦੀ ਵੀ ਨਹੀਂ ਦੱਸੇ ਜਾਂਦੇ। ਉਹ ਸਿੱਖ, ਸ਼ਰਧਾ ਅਤੇ ਸਤਕਾਰ ਨਾਲ ਉਨ੍ਹਾਂ ਬਾਣੀਆਂ ਦਾ ਪਾਠ ਤਾਂ ਨਿਤ ਕਰਦੇ ਰਹਿੰਦੇ ਹਨ, ਲੇਕਿਨ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਇਨ੍ਹਾਂ ਬਾਣੀਆਂ ਦਾ ਸ੍ਰੋਤ ਅਤੇ ਅਰਥ ਪਤਾ ਹੀ ਨਹੀਂ ਹੁੰਦੇ, ਜਿਸ ਵਿਚੋਂ ਖਾਸ ਕਰਕੇ "ਕਬਿਉ ਬਾਚ ਬੇਨਤੀ ਚੌਪਈ" ਇਕ ਐਸੀ ਰਚਨਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ "ਸੋਦਰ" ਦੀ ਪਵਿਤੱਰ ਬਾਣੀ ਵਿੱਚ ਰਲਾ ਕੇ "ਰਹਿਰਾਸ" ਦੇ ਸਿਰਲੇਖ ਹੇਠ ਪੜ੍ਹੀ ਜਾਂਦੀ ਹੈ। ਇਹ "ਕਬਿਉ ਬਾਚ ਬੇਨਤੀ ਚੌਪਈ" ਕਦੋਂ ਅਤੇ ਕਿਸਨੇ ਗੁਰੂ ਗ੍ਰੰਥ ਸਾਹਿਬ ਜੀ ਦੀ "ਅੰਮ੍ਰਿਤ ਬਾਣੀ" ਵਿੱਚ ਰੱਲ ਗਡ ਕਰਕੇ "ਰਹਿਰਾਸ" ਦਾ ਪਾਠ ਬਣਾ ਦਿਤਾ, ਇਹ ਇਕ ਖੋਜ ਦਾ ਵਿਸ਼ਾ ਹੈ। ਅਜ ਇਸ ਲੇਖ ਵਿੱਚ ਅਸੀ "ਕਬਿਉ ਬਾਚ ਬੇਨਤੀ ਚੌਪਈ" ਨਾਮਕ ਰਚਨਾਂ ਦੇ ਮੂਲ ਸ੍ਰੋਤ ਅਤੇ ਅਰਥ ਭਾਵ ਬਾਰੇ ਕੁਝ ਜਾਨਕਾਰੀ ਹਾਸਿਲ ਕਰਾਂਗੇ।

ਚੋਪਈ ਦੇ ਭਾਵ ਅਰਥ ਦਸਣ ਦੀ ਬਹੁਤੀ ਜਰੂਰਤ ਇਸ ਲਈ ਵੀ ਪਈ ਹੈ, ਕਿਉਕਿ ਬਹੁਤ ਸਾਰੇ ਬੱਚੇ ਇਸ ਦੇ ਅਰਥ ਪੁਛਦੇ ਹਨ, ਲੇਕਿਨ ਪ੍ਰੋਫੇਸਰ ਸਾਹਿਬ ਸਿੰਘ ਜੀ, ਜੋ ਟੀਕਾ ਕਾਰਾਂ ਵਿਚ ਸ਼੍ਰੋਮਣੀ ਵਿਦਵਾਨ ਹਨ, ੳਨ੍ਹਾਂ ਨੇ ਵੀ ਚੌਪਈ ਦੇ ਭਾਵ ਅਰਥ ਨਹੀਂ ਕੀਤੇ ਹਨ। www.searchgurbani.com ਅਤੇ www.gurugranthdarpan.com ਵਰਗੀਆਂ ਵੇਬਸਾਈਟਾਂ ਵਿੱਚ ਵੀ ਇਸ ਦਾ ਅਨੁਵਾਦ ਨਹੀਂ ਮਿਲਦਾ। ਮੈਂ ਬਹੁਤ ਸਾਰੇ ਬਾਬੇ, ਰਾਗੀ ਅਤੇ ਟਕਸਾਲੀਏ ਪ੍ਰਚਾਰਕ ਇਹੋ ਜਹੇ ਵੇਖੇ ਹਨ, ਜੋ ਇਕ ਇਕ ਹਜਾਰ ਵਾਰ ਬੱਚਿਆਂ ਨੂੰ "ਚੌਪਈ" ਪੜ੍ਹਨ ਲਈ ਕਹਿੰਦੇ ਹਨ, ਐਸਾ ਕਰਨ ਤੇ ੳਨ੍ਹਾਂ ਨੂੰ ਈਨਾਮ ਵੀ ਵੰਡਦੇ ਹਨ। ਲੇਕਿਨ ਇਸ ਦੇ ਅਰਥ ਦਸਦਿਆਂ, ਮੈਂ ਅਪਣੀ ਸਾਰੀ ਉਮਰ ਵਿੱਚ ਉਨ੍ਹਾਂ ਨੂੰ ਇਕ ਵਾਰ ਵੀ ਨਹੀਂ ਵੇਖਿਆ ।

ਪਾਠਕ ਇਸ ਗਲ ਨੂੰ ਚੰਗੀ ਤਰ੍ਹਾਂ ਸਮਝ ਲੈਣ ਕਿ ਇਥੇ ਸਾਡਾ ਮਕਸਦ ਇਸ ਰਚਨਾਂ 'ਤੇ ਕਿਸੇ ਵੀ ਪ੍ਰਕਾਰ ਦਾ ਕਿੰਤੂ ਕਰਨਾਂ ਨਹੀਂ ਹੈਸ੍ਰੋਤ ਅਤੇ ਉਸਦੇ ਅਰਥ ਦਸਣਾ ਸਾਡਾ ਫਰਜ ਹੈ। ਨਿਰਣਾਂ ਕਰਨਾ ਹਰ ਸਿੱਖ ਦਾ ਅਪਣਾ ਫਰਜ ਹੈ, ਕਿ ਜੋ ਕੁਝ ਉਹ ਅਪਣੇ ਜੀਵਨ ਨਾਲ ਜੋੜ ਰਿਹਾ ਹੈ, ਉਹ ਵਸਤੁ ਗੁਰਮਤਿ ਦੇ ਅਧੀਨ ਹੈ ਕਿ ਨਹੀਂ ? ਸਾਡਾ ਮਕਸਦ ਤਾਂ ਸਿਰਫ ੳਨ੍ਹਾਂ ਬਚਿਆਂ ਨੂੰ ਇਹ ਦਸਣਾ ਹੈ ਕਿ ਨਿਤਨੇਮ ਦੀ ਇਸ ਪ੍ਰਸਿਧ ਰਚਨਾ ਦਾ ਸ੍ਰੋਤ ਅਤੇ ਅਰਥ ਕੀ ਹਨ। ਇਸ ਤੋਂ ਅੱਗੇ ਨਿਰਣਾਂ ਕਰਨ ਲਈ ਹਰ ਸਿੱਖ ਕੋਲ ਉਸਦੇ ਗੁਰੂ ਦੇ ਇਹ ਉਪਦੇਸ਼ ਮੌਜੂਦ ਹਨ :

ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ॥
ਪਹਿਲਾ ਵਸਤੁ ਸਿਝਾਣਿ ਕੈ ਤਾਂ ਕੀਚੈ ਵਾਪਾਰੁ॥
ਅੰਕ 1410

ਦਰਅਸਲ ਪੂਰੀ ਚੌਪਈ" ਕੁਲ 29 ਪੰਨਿਆਂ ਦੀ ਹੈ, ਜਿਸਦੀਆਂ 405 ਪੌੜੀਆਂ ਹਨ। ਜੋ ਰਚਨਾਂ "ਕਬਿਉ ਬਾਚ ਬੇਨਤੀ ਚੌਪਈ " ਅਸੀਂ ਅਪਣੇ ਨਿਤਨੇਮ ਵਿੱਚ ਪੜ੍ਹਦੇ ਹਾਂ, ਉਹ ਇਸੇ "ਪੂਰੀ ਚੌਪਈ" ਦਾ ਇਕ ਅੰਸ਼ ਮਾਤਰ ਹੈ। ਇਸ ਪੂਰੀ ਚੌਪਈ ਦਾ ਨਾਮ "ਸਬੁਧਿ ਬਾਚ॥ ਚੌਪਈ॥" ਹੈ।

"ਸਬੁਧਿ ਬਾਚ॥ ਚੌਪਈ॥" ਦਸਮ ਗ੍ਰੰਥ ਨਾਮ ਦੀ ਪੋਥੀ ਦੇ ਪੰਨਾ ਨੰਬਰ 1359 ਤੋਂ ਸ਼ੁਰੂ ਹੂੰਦੀ ਹੈ ਅਤੇ ਇਹ 1388 ਪੰਨੇ 'ਤੇ ਜਾ ਕੇ ਖਤਮ ਹੁੰਦੀ ਹੈ। ਪੂਰੀ "ਸਬੁਧਿ ਬਾਚ॥ ਚੌਪਈ॥" ਦੀਆਂ ਕੁਲ 405 ਪੌੜ੍ਹੀਆਂ ਹਨ। ਇਹ 405 ਪੌੜ੍ਹੀਆਂ ਵਾਲੀ "ਸਬੁਧਿ ਬਾਚ॥ ਚੌਪਈ॥", "ਚਰਿਤ੍ਰ ਪਾਖਿਯਾਨ" ਨਾਮਕ ਅਤਿ ਦੀ ਅਸ਼ਲੀਲ ਰਚਨਾਂ ਜਿਸਦੇ ਕੁਲ 404 ਚਰਿਤ੍ਰ ਹਨ, ਦੇ 404 ਵੇਂ ਚਰਿਤਰ ਦਾ ਅੰਤਲਾ ਹਿੱਸਾ ਹੈ। "ਸਬੁਧਿ ਬਾਚ॥ ਚੌਪਈ॥" ਦੀ 377 ਵੀਂ ਪੌੜ੍ਹੀ ਤੋਂ ਲੈਕੇ 405ਵੀਂ ਪੌੜ੍ਹੀ ਤਕ "ਕਬਿਉ ਬਾਚ ਬੇਨਤੀ ਚੌਪਈ " ਹੈ। ਨਿਤਨੇਮ ਦੇ ਗੁਟਕਿਆਂ ਵਿੱਚ ਇਸ ਦੀਆਂ ਪੌੜ੍ਹੀਆਂ ਦੇ ਨੰਬਰ 377-378--379 .......402, 403, 405 ਨੂੰ ਬਦਲ ਕੇ 1, 2, 3, 4,........26, 27, 28 ਆਦਿਕ ਕਰ ਦਿਤਾ ਗਇਆ ਹੈ। ਇਨਾਂ ਹੀ ਨਹੀਂ ਇਸ ਰਚਨਾਂ ਦੇ ਮੂਲ ਸ੍ਰੋਤ ਦੇ ਉਲਟ ਗੁਟਕਿਆਂ ਵਿੱਚ ਇਸ ਦੀ ਸ਼ੁਰੂਆਤ ਤੋਂ ਪਹਿਲਾਂ "ਪਾਤਾਸ਼ਾਹੀ 10" ਵੀ ਲਿਖ ਦਿਤਾ ਗਇਆ ਹੈ, ਜੋ ਇਸ ਦਸਮ ਗ੍ਰੰਥ ਨਾ ਦੀ ਕਿਤਾਬ, ਜੋ ਇਸਦਾ ਮੂਲ ਸ੍ਰੋਤ ਹੈ, ਵਿੱਚ ਨਹੀਂ ਲਿਖਿਆ ਹੈ।

"ਕਬਿਉ ਬਾਚ ਬੇਨਤੀ ਚੌਪਈ ਵਿਚ ਇਹ ਤਬਦੀਲੀਆਂ, ਕਿਉਂ ਅਤੇ ਕਿਸਨੇ ਕੀਤੀ ਹੈ? ਇਸ ਦਾ ਜਵਾਬ ਤਾਂ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਦੇ "ਜੱਥੇਦਾਰ ਸਾਹਿਬ" ਹੀ ਦੇ ਸਕਦੇ ਹਨ, ਜਿਨ੍ਹਾਂ ਦੀ ਦੇਖ ਰੇਖ ਹੇਠਾਂ "ਚੌਪਈ" ਦਾ ਇਹ ਵਿਗੜਿਆ ਹੋਇਆ ਰੂਪ ਗੁਟਕਿਆਂ ਵਿਚ ਛਾਪਿਆ ਜਾ ਰਿਹਾ ਹੈ। ਕਿਸੇ ਕਿਸੇ ਗੁਟਕੇ ਵਿਚ ਇਸ ਚੌਪਈ ਦੀਆਂ (ਕ੍ਰਿਪਾ ਕਰੀ ਹਮ ਪਰ ਜਗ ਮਾਤਾ ਵਾਲੀਆਂ ) ਅਖੀਰਲੀਆਂ ਚਾਰ ਪੌੜ੍ਹੀਆਂ 402, 403, 404 ਅਤੇ 405 ਹੁਣ ਹਟਾ ਦਿਤੀਆਂ ਗਈਆਂ ਹਨ। ਪੁਰਾਨੇ ਗੁਟਕਿਆਂ ਵਿੱਚ ਇਹ ਮੌਜੂਦ ਹਨ।

"ਕਬਿਉ ਬਾਚ ਬੇਨਤੀ ਚੌਪਈ" ਦੇ ਮੂਲ ਸ੍ਰੋਤ ਨੂੰ ਅਤੇ ਇਸਦੇ ਅਰਥਾਂ ਨੂੰ ਸਮਝਣ ਲਈ 405 ਪੌੜ੍ਹੀਆਂ ਵਾਲੀ ਪੂਰੀ "ਸਬੁਧਿ ਬਾਚ॥ ਚੌਪਈ॥" ਵਿਚੋਂ ਕੁਝ ਕੁ ਪੌੜ੍ਹੀਆਂ ਅਤੇ ਬੰਦਾਂ ਦੇ ਅਰਥ ਸਮਝਨੇ ਪੈਣਗੇ। ਇਹ ਬੇਹਦ ਜਰੂਰੀ ਹੈ, ਕਿਉਕਿ "ਕਬਿਉ ਬਾਚ ਬੇਨਤੀ ਚੌਪਈ " ਇਸ ਰਚਨਾਂ ਦਾ ਹੀ ਇਕ ਹਿੱਸਾ ਹੈ। ਪੂਰੀ ਸਬੁਧਿ ਬਾਚ॥ਚੌਪਈ ॥ ਵਿਚ ਦੇਵਤਿਆ ਅਤੇ ਦੈਂਤਾਂ ਦੇ ਯੁਧਾਂ ਦਾ ਵਰਨਣ ਹੈ ਅਤੇ ਇਸ ਵਿਚ ਸ਼੍ਰੀ ਅਸਿਧੁਜ, ਸ਼੍ਰੀ ਅਸਿਕੇਤੁ, ਖੜਗਕੇਤੁ, ਕਾਲ, ਮਹਾਕਾਲ, ਕਾਲਕਾ, ਸ਼ਿਵਾ (ਦੁਰਗਾ), ਆਦਿਕ ਦੇਵੀ ਦੇਵਤਿਆ ਦਾ ਥਾਂ ਥਾਂ 'ਤੇ ਜਿਕਰ ਮਿਲਦਾ ਹੈ ਅਤੇ ਇਨ੍ਹਾਂ ਦੇਵਤਿਆਂ ਦਾ ਜਿਕਰ ਅਗੇ ਜਾ ਕੇ "ਕਬਿਉ ਬਾਚ ਬੇਨਤੀ ਚੌਪਈ" ਵਿਚ ਵੀ ਮਿਲਦਾ ਹੈ, ਜੋ ਇਨ੍ਹਾਂ ਦੇਵਤਿਆਂ ਨੂੰ ਕੀਤੀ ਗਈ ਇਕ ਬੇਨਤੀ ਅਤੇ ਜੋਦੜੀ ਦੇ ਰੂਪ ਵਿੱਚ ਅੰਕਿਤ ਹੈ।

"ਖੜਗਕੇਤੁ ਮੈਂ ਸਰਨਿ ਤਿਹਾਰੀ", "ਸ੍ਰੀ ਅਸਿਧੁਜ ਜੂ ਕਰਿਯਹੁ ਰੱਛ", ਸ਼੍ਰੀ ਅਸਿਧੁਜ ਜਬ ਭਏ ਦਯਾਲਾ", ਸ਼੍ਰੀ ਅਸਿਕੇਤੁ ਜਗਤ ਕੋ ਈਸਾ" ਆਦਿਕ ਪੰਗਤੀਆਂ ਵਿਚ ਦੇਵਤਿਆਂ ਨੂੰ ਬੇਨਤੀਆਂ ਕੀਤੀਆਂ ਗਈਆਂ ਹਨ। ਇਹੋ ਜਹੇ ਦੇਵਤਿਆਂ ਦਾ ਜਿਕਰ ਸਿੱਖਾਂ ਦੇ ਇਕੋ ਇਕ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਤੇ ਵੀ ਨਹੀਂ ਮਿਲਦਾ। ਇਨ੍ਹਾਂ ਦੇਵਤਿਆਂ ਨੂੰ ਕਈ ਸਿੱਖ ਅਗਿਆਨਤਾ ਵਸ ਅਕਾਲਪੁਰਖ ਲਈ ਵਰਤੇ ਗਏ ਸ਼ਬਦ ਕਹਿੰਦੇ ਹਨ। ਇਹ ਦੁਬਿਧਾ ਤਾਂ ਹੀ ਦੂਰ ਹੋ ਸਕਦੀ ਹੈ, ਜਦੋਂ ਅਸੀ ਪੂਰੀ "ਸਬੁਧਿ ਬਾਚ॥ ਚੌਪਈ॥" ਦੇ ਅਰਥਾਂ ਨੂੰ ਸਮਝੀਏ ।

ਨੋਟ: ਇਥੇ 29 ਪੰਨਿਆ ਵਿੱਚ ਲਿਖੀਆਂ 405 ਪੌੜ੍ਹੀਆਂ ਦਾ ਅਨੁਵਾਦ ਕਰਨਾਂ ਇਸ ਲੇਖ ਲੜੀ ਵਿਚ ਮੁਮਕਿਨ ਨਹੀਂ ਹੈ, ਕਿਉਂਕਿ ਇਹ ਇਕ ਪੂਰੀ ਪੋਥੀ ਬਣ ਜਾਏਗੀ। ਇਸ ਲਈ ਕੁਝ ਪੌੜ੍ਹੀਆਂ ਅਤੇ ਪੰਗਤੀਆਂ ਦੇ ਭਾਵ ਅਰਥ ਹੀ ਇਸ ਲੇਖ ਲੜੀ ਵਿੱਚ ਕੀਤੇ ਜਾਣਗੇ। ਇਹ ਭਾਵ ਅਰਥ ਕਰਨ ਦਾ ਇਕੋ ਇਕ ਮਕਸਦ ਹੈ ਕਿ ਪਾਠਕ ਇਹ ਨਿਰਣਾਂ ਕਰ ਸਕਨ ਕਿ ਅਸਿਧੁਜ,ਖੜਗਕੇਤੁ, ਅਸਿਕੇਤੁ, ਕਾਲ, ਕਾਲਕਾ ਅਦਿਕ ਦੇਵੀ ਦੇਵਤਿਆਂ ਲਈ ਵਰਤੇ ਸ਼ਬਦ ਹਨ, ਨਾ ਕੇ ਅਕਾਲ ਪੁਰਖ ਲਈ ਵਰਤੇ ਗਏ ਸ਼ਬਦ ਹਨ।

ਸਤਿਸੰਧਿ ਦੇਵਤੇ ਦਾ ਦੀਰਘ ਦਾੜ੍ਹ ਦੈਂਤ ਨਾਲ ਯੁਧ :

ਸਬੁਧਿ ਬਾਚ ॥ਚੌਪਈ ॥ਸਤਿ ਸੰਧਿ ਇਕ ਭੂਪ ਭਨਿਜੈ ॥ ਪ੍ਰਥਮੇ ਸਤਿਜੁਗ ਬੀਚ ਕਹਿਜੈ ॥ ਜਿਹ ਜਸ ਪੁਰੀ ਚੌਦਹੂੰ ਛਾਯੋ ॥ ਨਾਰਦ ਰਿਖਿ ਤਬ ਰਾਇ ਮੰਗਾਯੋ ॥੧॥ਸਭ ਦੇਵਨ ਕੋ ਰਾਜਾ ਭਯੋ ॥ ਬ੍ਰਹਮਾ ਤਿਲਕ ਆਪੁ ਤਿਹ ਦਯੋ ॥ ਨਿਹਕੰਟਕ ਸੁਰ ਕਟਕ ਕਿਯਾ ਸਬ ॥ ਦਾਨਵ ਮਾਰ ਨਿਕਾਰ ਦਏ ਜਬ ॥੨॥ਇਹ ਬਿਧਿ ਰਾਜ ਬਰਖ ਬਹੁ ਕਿਯਾ ॥ ਦੀਰਘ ਦਾੜ ਦੈਤ ਭਵ ਲਿਯਾ ॥ ਦਸ ਸਹਸ ਛੂਹਨਿ ਦਲ ਲੈ ਕੈ ॥ ਚੜਿ ਆਯੋ ਤਿਹ ਊਪਰ ਤੈ ਕੈ ॥੩॥ਸਭ ਦੇਵਨ ਐਸੇ ਸੁਨਿ ਪਾਯੋ ॥ ਦੀਰਘ ਦਾੜ ਦੈਤ ਚੜਿ ਆਯੋ ॥ ਬੀਸ ਸਹਸ ਛੋਹਨਿ ਦਲ ਲਿਯੋ ॥ ਵਾ ਸੌ ਜਾਇ ਸਮਾਗਮ ਕਿਯੋ ॥੪॥ਸੂਰਜ ਕਹ ਸੈਨਾਪਤਿ ਕੀਨਾ ॥ ਦਹਿਨੇ ਓਰ ਚੰਦ੍ਰ ਕਹ ਦੀਨਾ ॥ ਬਾਈ ਓਰ ਕਾਰਤਿਕੇ ਧਰਾ ॥ ਜਿਹ ਪੌਰਖ ਕਿਨਹੂੰ ਨਹਿ ਹਰਾ ॥੫॥ ਪੰਨਾ 1369 ਅਖੌਤੀ ਦਸਮ ਗ੍ਰੰਥ

ਭਾਵ ਅਰਥ: ਸਬੁਧਿ ਬਾਚ ॥ ਚੌਪਈ॥ ਸੱਤਿਸੰਧਿ ਨਾਮ ਦਾ ਇਕ ਰਾਜਾ ਸੀ॥ ਸਤਿਯੁਗ ਦੀ ਸ਼ੁਰੂਆਤ ਵਿਚ ਉਹ ਹੋਇਆ ਸੀ ॥ ਉਸਦਾ ਯਸ਼ ਚੌਦਹ ਪੁਰੀਆਂ ਵਿੱਚ ਪ੍ਰਸਿਧ ਹੋਇਆ । ਰਾਜੇ ਨੇ ਫਿਰ ਨਾਰਦ ਰਿਖੀ ਨੂੰ ਬੁਲਾਇਆ ॥1॥ ਉਹ ਸਾਰੇ ਦੇਵਤਿਆਂ ਦਾ ਰਾਜਾ ਹੋਇਆ ਹੈ॥ ਬ੍ਰਹਮਾਂ ਨੇ ਆਪ ਉਸ ਨੂੰ ਤਿਲਕ ਲਗਾਇਆ। ਇਸਨੇ ਬਹੁਤ ਹੀ ਥਿਰ ਰਾਜ ਕੀਤਾ ॥ (ਅਤੇ) ਸਾਰੇ ਦੈੰਤਾਂ ਨੂੰ ਅਪਣੇ ਰਾਜ ਵਿੱਚ ਮਾਰ ਕੇ ਕੱਢ ਦਿਤਾ ॥2॥ ਇਸ ਤਰ੍ਹਾਂ ਉਸਨੇ ਬਹੁਤ ਵਰ੍ਹਿਆਂ ਤਕ ਰਾਜ ਕੀਤਾ ॥ (ਤਦ ਹੀ ) ਦੀਰਘ ਦਾੜ੍ਹ (ਲੰਮੀਆਂ ਦਾੜ੍ਹਾਂ ਵਾਲਾ ) ਨਾਮ ਦੇ ਦੈਂਤ ਨੇ ਜਨਮ ਲਿਆ। ਦਸ ਹਜਾਰ ਘੁੜਸਵਾਰਾਂ ਦਾ ਦਲ ਲੈਕੇ ॥ ਉਸਨੇ ਚੜ੍ਹਾਈ ਕਰ ਦਿੱਤੀ॥3॥ ਸਾਰੇ ਦੇਵਤਿਆਂ ਨੇ (ਜਦ ) ਐਸਾ ਸੁਣਿਆਂ ॥ (ਕਿ) ਦੀਰਘ ਦਾੜ੍ਹ ਦੈੰਤ ਨੇ ਚੜ੍ਹਾਈ ਕਰ ਦਿਤੀ ਹੈ ॥ ਵੀਹ ਹਜਾਰ ਸੈਨਿਕ ਲੈ ਕੇ॥ ਜਾ ਕੇ ਉਸ ਨਾਲ ਮੁਕਾਬਲਾ ਕੀਤਾ ॥4॥ ਸੂਰਜ ਨੂੰ ਸੇਨਾਪਤੀ ਬਣਾ ਲਿਆ ॥ ਸੱਜੇ ਪਾਸੇ ਚੰਦ੍ਰਮਾਂ ਨੂੰ ਲਾ ਦਿਤਾ। ਖੱਬੇ ਪਾਸੇ ਕਾਰਤਿਕੈ ਨੂੰ ਕਰ ਲਿਆ॥ ਜਿਸ ਦੇ ਪੁਰਖਤੱਵ ਨੂੰ (ਅਜ ਤਕ ) ਕਿਸੇ ਨੇ ਨਹੀਂ ਸੀ ਜਿਤਿਆ ॥5॥

(ਸੂਰਜ ਅਤੇ ਚੰਦ੍ਰਮਾਂ ਨੂੰ ਇਥੇ ਦੇਵਤਾ ਦਸਿਆ ਗਇਆ ਹੈ। ਸ਼ਾਇਦ ਇਸ ਰਚਨਾਂ ਦੇ ਲਿਖਾਰੀ ਨੂੰ ਇਹ ਨਹੀਂ ਪਤਾ ਕਿ ਸੂਰਜ ਅਤੇ ਚੰਦ੍ਰਮਾਂ ਬ੍ਰਹਮਾਂਡ ਦੇ ਗ੍ਰਿਹ ਹਨ, ਨਾ ਕਿ ਦੇਵਤਾ। ਇਹ ਲੜ ਵੀ ਸਕਦੇ ਹਨ, ਇਸ ਤੋਂ ਪਹਿਲਾਂ ਦਾਸ ਨੂੰ ਪਤਾ ਨਹੀਂ ਸੀ। ਸੂਰਜ ਸੇਨਾਪਤੀ ਵੀ ਬਣ ਸਕਦਾ ਹੈ, ਇਹ ਵੀ ਮੈਨੂੰ ਪਤਾ ਨਹੀਂ ਸੀ।)

ਕਾਲਕਾ, ਦੇਵੀ ਦਾ ਪ੍ਰਗਟ ਹੋਣਾਂ ਅਤੇ ਜਗਮਾਤਾ ਭਵਾਨੀ ਦੀ ਕਿਰਪਾ ਹੋਣੀ॥

ਚਾਰਹੁ ਦਿਸਾ ਫਿਰੀ ਜਬ ਬਾਲਾ ॥ ਜਾਨੋ ਨਾਗ ਰੂਪ ਕੀ ਮਾਲਾ ॥ ਐਸ ਨ ਕਤਹੂੰ ਪੁਰਖ ਨਿਹਾਰਾ ॥ ਨਾਥ ਕਰੈ ਜਿਹ ਆਪੁ ਸੁਧਾਰਾ ॥੩੦॥
ਫਿਰ ਜਿਯ ਮੈ ਇਹ ਭਾਤਿ ਬਿਚਾਰੀ ॥ ਬਰੌ ਜਗਤ ਕੇ ਪਤਿਹਿ ਸੁਧਾਰੀ ॥ ਤਾ ਤੇ ਕਰੌ ਦੀਨ ਹ੍ਵੈ ਸੇਵਾ ॥ ਹੋਇ ਪ੍ਰਸੰਨ ਕਾਲਿਕਾ ਦੇਵਾ ॥੩੧॥.............
ਜਬ ਅਸ ਬਰ ਤਿਹ ਦਿਯੋ ਭਵਾਨੀ ॥ ਪ੍ਰਫੁਲਿਤ ਭਈ ਜਗਤ ਕੀ ਰਾਨੀ ॥ ਅਤਿ ਪਵਿਤ੍ਰ ਨਿਸਿ ਹ੍ਵੈ ਛਿਤ ਸੋਈ ॥ ਜਿਹ ਠਾ ਔਰ ਨ ਦੂਸਰ ਕੋਈ ॥੩੪॥


ਚਹੁਆ ਪਾਸੇ ਜੋ ਉਹ ਇਸਤਰੀ ਘੁੰਮੀ॥ (ਇਸ ਤਰ੍ਹਾਂ ਲਗਾ ਜਿਵੇ) ਕਿਸੇ ਨਾਗਿਨ ਦੀ ਮਾਲਾ ਬਣੀ ਹੋਵੇ॥ ਐਸਾ ਰੂਪ ਕਦੀ ਕਿਸੇ ਨੇ ਨਹੀਂ ਵੇਖਿਆ ਹੋਣਾਂ॥ਜਿਵੇ ਨਾਥ (ਵਿਧਾਤਾ )ਨੇ ਉਸਨੂੰ ਆਪ ਬਨਾਇਆ ਹੋਵੇ ॥30॥ (ਕਵੀ ਕਹਿੰਦਾ ਹੈ ਕਿ ) ਫਿਰ ਮੰਨ ਵਿਚ ਐਸਾ ਵਿਚਾਰ ਆਇਆ ॥ (ਕਿ) ਇਸ ਵੱਡੇ ਸੰਸਾਰ ਦੀ ਇਜੱਤ ਤੂੰ ਰਖ ਲਈ ਹੈ॥ ਇਹ ਗਰੀਬਾਂ ਦੀ ਸੇਵਾ ਦਾ ਫਲ ਹੈ ॥ ( ਕਿ) ਕਾਲਕਾ ਦੇਵੀ (ਦੁਰਗਾ ਦੇਵੀ ) ਪ੍ਰਸਨ ਹੋ ਕੇ (ਪ੍ਰਗਟ) ਹੋਈ ਹੈ ॥31॥.................. ਜਦੋਂ ਐਸਾ ਵਰ ਉਸਨੂੰ ਭਵਾਨੀ (ਦੁਰਗਾ ਦੇਵੀ) ਨੇ ਦਿਤਾ॥ ਸਾਰੇ ਜਗਤ ਦੀ ਰਾਨੀ ਪ੍ਰਸੰਨ ਹੋ ਗਈ॥ ਉਸ ਦਾ ਛਵਿ (ਰੂਪ) ਅਤਿ ਦੀ ਪਵਿਤ੍ਰ ਹੈ॥ (ਇਸ ਸੰਸਰ ਵਿਚ) ਉਸ ਜਹਿਆ ਦੂਜਾ ਕੋਈ ਵੀ ਨਹੀਂ ਹੇ॥34॥

(ਵੈਸੇ ਤਾਂ ਇਸ ਸਾਰੇ ਗ੍ਰੰਥ ਵਿੱਚ "ਦੇਵੀ ਜੂ ਕੀ ਉਸਤਤਿ" ਦੇ ਸਿਰਲੇਖ ਹੇਠ ਦੇਵੀ ਪੂਜਕ ਕਵੀ ਦਾ ਦੁਰਗਾ ਦੇਵੀ ਦੇ ਪ੍ਰਤੀ ਪ੍ਰੇਮ ਥਾਂ ਥਾਂ 'ਤੇ ਮਿਲਦਾ ਹੈ । ਇਸ ਗ੍ਰੰਥ ਵਿੱਚ ਬਹੁਤੀਆਂ ਰਚਨਾਵਾਂ ਦੀ ਸ਼ੁਰੂਵਾਤ ਇਹ "ਭਗਉਤੀ ਜੀ ਸਹਾਇ॥" ਕਹਿ ਕੇ ਹੀ ਸ਼ੁਰੂ ਕਰਦਾ ਹੈ। ਲੇਕਿਨ ਇਸ "ਚੌਪਈ" ਵਿੱਚ ਵੀ ਇਹ ਦੇਵੀ ਉਸਤਤਿ ਕਰਨਾਂ ਨਹੀਂ ਭੁਲਦਾ। ਇਥੇ ਵੀ ਕਵੀ ਨੇ ਉਸ ਦੇਵੀ ਨੂੰ ਸਾਰੇ "ਜਗਤ ਦੀ ਰਾਨੀ" ਕਹਿ ਕੇ ਉਸ ਦੀ ਉਪਮਾਂ ਕੀਤੀ ਹੈ। ਜਦ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ 'ਤੇ ਇਹ "ਦੇਵੀ ਪੂਜਾ" ਅਤੇ ਦੇਵੀ ਨੂੰ "ਸਾਰੇ ਜਗਤ ਦੀ ਰਾਨੀ" ਕਹਿਣਾ ਖਰਾ ਨਹੀਂ ਉਤਰਦਾ)

ਬਾਕੀ ਅਗਲੇ ਭਾਗ ਵਿੱਚ...

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top