Share on Facebook

Main News Page

ਕੀ ਭਗਤ ਧੰਨੇ ਨੇ ਪੱਥਰ 'ਚੋਂ ਰੱਬ ਪਾਇਆ ?
-: ਬਲਦੀਪ ਸਿੰਘ ਰਾਮੂੰਵਾਲੀਆ
76962-92718

ਗੁਰਬਾਣੀ ਨੂੰ ਜਦ ਗੁਰੂ ਨਾਨਕ ਸਾਹਿਬ ਆਪ ਇੱਕਤਰ ਕਰ ਰਹੇ ਸਨ, ਤਾਂ ਉਹਨਾਂ ਨੇ ਆਪਣੇ ਹਮ ਖਿਆਲੀ ਦੂਰ ਅੰਦੇਸ਼ੀ ਦਾਰਸ਼ਨਿਕਾਂ ਦੀ ਰਚਨਾ ਵੀ ਇਕਤਰ ਕੀਤੀ। ਭਗਤ ਬਾਣੀ ਨੂੰ ਇਕਠਾ ਕਰਨ ਵਖਤ ਉਹਨਾਂ ਨੇ ਇਕ ਕਸਵਟੀ ਰਖੀ, ਜੋ ਬਾਣੀ ਇਸ ਕਸਵੱਟੀ 'ਤੇ ਖਰੀ ਉਤਰੀ ਉਹ ਇਕਠੀ ਕਰ ਲਈ ਗਈ। ਉਹ ਕਸਵੱਟੀ ਸੀ ਮੰਗਲਾਚਰਣ ..ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੁੰ ਗੁਰ ਪ੍ਰਸਾਦਿ॥

ਗੁਰਮਤਿ ਅੰਦਰ ਸਿਰਫ ਇੱਕ ਅਕਾਲਪੁਰਖ ਦੀ ਗਲ ਹੈ, ਉਸ ਤੋਂ ਬਿਨਾਂ ਕਿਸੇ ਹੋਰ ਨੂੰ ਮੰਨਣਾ ਜਾਂ ਪੂਜਣਾ ਮਨਮਤ ਹੈ। ਪਥਰ ਪੂਜਾ ਲਈ ਤਾਂ ਗੁਰਬਾਣੀ 'ਚ ਕੋਈ ਥਾਂ ਨਹੀ। ਸਗੋਂ ਗੁਰੂ ਸਾਹਿਬ ਤਾਂ ਕਹਿੰਦੇ ਹਨ, ਕਿ ਜੋ ਪਥਰ ਪੂਜਦੇ ਹਨ ਉਹਨਾਂ ਦੀ ਸੇਵਾ ਘਾਲਣਾ ਨਿਸਫਲ ਰਹਿੰਦੀ ਹੈ ਤੇ ਉਹ ਰਬੀ ਘਰ ਦੇ ਗੁਨਹਗਾਰ ਬਣ ਜਾਂਦੇ ਹਨ :-

ਘਰ ਮਹਿ ਠਾਕੁਰੁ ਨਦਰਿ ਨ ਆਵੈ॥ ਗਲ ਮਹਿ ਪਾਹਣੁ ਲੈ ਲਟਕਾਵੈ॥ ੧॥ ਭਰਮੇ ਭੂਲਾ ਸਾਕਤ ਫਿਰਤਾ॥ ਨੀਰੁ ਬਿਰੋਲੈ ਖਪਿ ਖਪਿ ਮਰਤਾ॥ ਰਹਾਉ॥ ਜਿਸ ਪਾਹਣੁ ਕਉ ਠਾਕੁਰ ਕਹਤਾ॥ ਉਹ ਪਾਹਣ ਲੈ ਉਸ ਕਉ ਡੁਬਤਾ॥੨॥ ਗੁਨਹਗਾਰੁ ਲੂਣ ਹਰਾਮੀ॥ ਪਾਹਣੁ ਨਾਵ ਨ ਪਾਰਗਿਰਾਮੀ॥ ੩॥ ਗੁਰ ਮਿਲਿ ਨਾਨਕ ਠਾਕੁਰੁ ਜਾਤਾ॥ ਜਲ ਥਲ ਮਹੀਅਲਿ ਪੂਰਨ ਬਿਧਾਤਾ॥ ੪॥ (ਸੂਹੀ ਮ :੫,੧੧੬੦)

ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥ ਜੋ ਪਾਥਰ ਕੀ ਪਾਈ ਪਾਇ॥ ਤਿਸ ਕੀ ਘਾਲਿ ਅਜਾਈ ਜਾਇ॥ (ਮ;੫)

ਨਾਵਹਿ ਧੋਵਹਿ ਪੂਜਹਿ ਸੈਲਾ, ਬਿਨ ਹਰਿ ਰਾਤੇ ਮੈਲੋ ਮੈਲਾ॥ (ਰਾਮਕਲੀ ਮ:੧)

ਦੁਬਿਧਾ ਨ ਪੜਉ ਹਰਿ ਬਿਨੁ ਹੋਰ ਨ ਪੂਜਉ ਮੜੈ ਮਸਾਣ ਨ ਜਾਈ॥(ਮ:੧)

ਉਪਰੋਕਤ ਪ੍ਰਮਾਣਾਂ ਤੋਂ ਸਾਨੂੰ ਗਿਆਤ ਹੋ ਗਿਆ ਕਿ ਗੁਰਬਾਣੀ ਅੰਦਰ ਪਥਰ ਪੂਜਾ ਮਨਮਤ ਹੈ। ਹੁਣ ਜੋ ਇਹ ਕਹਿੰਦੇ ਹਨ ਕਿ ਭਗਤ ਧੰਨੇ ਨੂੰ ਪਥਰ 'ਚੋਂ ਰਬ ਮਿਲਿਆ ਹੈ, ਤਾਂ ਇਹ ਸਵਾਲ ਮਲੋ ਜ਼ੋਰੀ ਉਠ ਪੈਂਦੇ ਹਨ :-

- ਜੇ ਭਗਤ ਧੰਨਾ ਜੀ ਪੱਥਰ ਪੂਜਾ ਕਰਦੇ ਸਨ ਤਾਂ ਉਹਨਾ ਦੀ ਰਚਨਾ ਗੁਰੂ ਗ੍ਰੰਥ ਸਾਹਿਬ 'ਚ ਕਿਵੇਂ ਦਰਜ਼ ਹੋਈ?
- ਕੀ ਗੁਰੂ ਜੀ ਗੁਰਬਾਣੀ ਪਰਖਣ ਦੀ ਕਸਵੱਟੀ ਤੋਂ ਉਲਟ ਜਾ ਸਕਦੇ ਸਨ?
- ਭਗਤ ਧੰਨਾ ਜੀ ਦੇ ਆਪਣੇ ਕੀ ਵੀਚਾਰ ਹਨ ਅਕਾਲਪੁਰਖ ਬਾਰੇ ....

ਆਉ ਇਹਨਾਂ ਸਵਾਲਾਂ ਦਾ ਜੁਆਬ ਲਭਣ ਲਈ ਭਾਈ ਗੁਰਦਾਸ ਜੀ, ਭਗਤ ਧੰਨਾ ਜੀ ਤੇ ਗੁਰੂ ਅਰਜਨ ਸਾਹਿਬ ਦੀ ਰਚਨਾ ਦਾ ਅਧਿਅਨ ਕਰੀਏ ;

ਮਹਾਨ ਕੋਸ਼ (ਭਾਈ ਕਾਨ੍ਹ ਸਿੰਘ ਨਾਭਾ) ਦੇ ਪੰਨਾ ੬੭੩ਤੇ ਭਗਤ ਧਨਾ ਜੀ ਬਾਰੇ ਜੋ ਜਾਣਕਾਰੀ ਹੈ, ਉਸ ਅਨੁਸਾਰ ਆਪ ਦਾ ਜਨਮ ਟਾਂਕ ਦੇ ਇਲਾਕੇ ਧੂਆਨ ਪਿੰਡ ਵਿਚ (ਜੋ ਦੇਉਲੀ ਤੋ ੨੦ਮੀਲ, ਰਾਜਸਥਾਨ) ਸੰਮਤ ੧੪੭੩ ਵਿਚ ਜਟ ਵੰਸ਼ ਵਿਚ ਹੋਇਆ। ਆਪ ਨੇ ਅਧਿਆਤਮਿਕ ਵਿਦਿਆ ਭਗਤ ਰਾਮਾਨੰਦ ਜੀ ਤੋਂ ਕਾਸ਼ੀ ਜਾ ਕਿ ਲਈ। ਆਪ ਦਸਾਂ ਨਹੁੰ ਦੀ ਕਿਰਤ ਕਰਦੇ ਸਨ ਤੇ ਰਬੀ ਪਿਆਰੁ ਨਾਲ ਲਬਰੇਜ ਸਨ। ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਹਨ; ਦੋ ਆਸਾ ਰਾਗ 'ਚ ਤੇ ਇਕ ਧਨਾਸਰੀ 'ਚ।

ਜੋ ਗਲ ਅਸੀਂ ਵੀਚਾਰਨੀ ਆ, ਉਹ ਹੈ ਕਿ ਭਗਤ ਧਨਾ ਜੀ ਬਾਰੇ ਸਾਡੇ ਕਥਾਵਾਚਕਾਂ ਦੁਆਰਾ ਭਾਈ ਗੁਰਦਾਸ ਦੀ "ਦਸਵੀਂ ਵਾਰ ਦੀ ਤੇਰਵੀਂ ਪਉੜੀ" ਦੇ ਗਲਤ ਅਰਥ ਕਰਕੇ, ਉਹਨਾਂ ਨੂੰ ਪੱਥਰ ਪੂਜਕ ਸਾਬਿਤ ਕਰਨਾ ਜੋ ਭਗਤ ਜੀ ਦਾ ਨਿਰਾਦਰ ਹੈ ....
ਵੀਚਾਰ ਨੂੰ ਅਗੇ ਤੋਰਨ ਤੋਂ ਪਹਿਲਾਂ ਆਉ ਭਾਈ ਗੁਰਦਾਸ ਦੀ ਇਸ ਪਉੜੀ ਦੇ ਦਰਸ਼ਨ ਕਰੀਏ ਤੇ ਵੀਚਾਰੀਏ ਕਿ ਇਸ ਵਿਚ ਰੱਬ ਦੀ ਪ੍ਰਾਪਤੀ ਦਾ ਸਾਧਨ ਪਥਰ ਪੂਜਾ ਜਾਂ ਕੁੱਝ ਹੋਰ :-

ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਣਿ ਆਵੈ। ਧੰਨੇ ਡਿਠਾ ਚਲਿਤੁ ਏਹੁ, ਪੂਛੈ ਬਾਹਮ੍ਹਣ, ਆਖ ਸੁਣਾਵੈ।
ਠਾਕੁਰ ਦੀ ਸੇਵਾ ਕਰੈ, ਜੋ ਇਛੈ ਸੋਈ ਫਲੁ ਪਾਵੈ। ਧੰਨਾ ਕਰਦਾ ਜੋਦੜੀ, ਮੈ ਭਿ ਦੇਹ ਇਕ, ਜੇ ਤੁਧ ਭਾਵੈ।
ਪਥਰ ਇਕ ਲੇਪਟਿ (ਪਲੇਟਿ) ਕਰ, ਦੇ ਧੰਨੇ ਨੋ, ਗੈਲ ਛੁਡਾਵੈ। ਠਾਕੁਰ ਨੋ ਨ੍ਹਾਵਲਿ ਕੈ, ਛਾਹਿ ਰੋਟੀ ਲੈ ਭੋਗ ਚੜਾਵੈ।
ਹਥਿ ਜੋੜਿ ਜੋੜਿ ਮਿਨਤਿ ਕਰੈ, ਪੈਰੀ ਪੈ ਪੈ ਬਹੁਤ ਮਨਾਵੈ। ਹਉ ਭੀ ਮੁਹੁ ਨ ਜੁਠਾਲਸਾਂ, ਤੂ ਰੁਠਾ ਮੈ ਕਿਹੁ ਨ ਸੁਖਾਵੈ।
ਗੋਸਾਈ ਪਰਤਖ ਹੋਇ, ਰੋਟੀ ਖਾਹਿ, ਛਾਹਿ ਮੁਹਿ ਲਾਵੈ? ਭੋਲਾ ਭਾਉ ਗੋਬਿੰਦ ਮਿਲਾਵੈ।
(ਵਾਰ ੧੦ ਪਉੜੀ ੧੩)

ਹੁਣ ਇਸ ਪਉੜੀ ਦੇ ਅਰਥ ਵਿਸ਼ਰਾਮਾਂ ਸਹਿਤ ਹੇਠ ਲਿਖੇ ਹਨ .....

ਬਾਹਮ੍ਹਣ ਪੂਜੈ ਦੇਵਤੇ :- ਬ੍ਰਹਾਮਣਾਂ ਵਲੋਂ ਪੱਥਰਾਂ ਦੀ ਪੂਜਾ ਕਰਨੀ ਤੇ ਉਹਨਾ ਦੇ ਨਾਂ ਤੇ ਖਾਣਾ ਮੰਗ ਕੇ।

ਧੰਨਾ ਗਉ ਚਰਾਵਣ ਆਵੈ :- ਭਗਤ ਧਨਾ ਜੀ ਕਿਰਤੀ ਹਨ ਤੇ ਪਸ਼ੂਆਂ ਦੇ ਦੁਧ ਦਾ ਕੰਮ ਵੀ ਕਰਦੇ ਹਨ।

ਧੰਨੇ ਡਿਠਾ ਚਲਿਤ ਏਹ :- ਧੰਨਾ ਜੀ ਬ੍ਰਹਾਮਣ ਦੁਆਰਾ ਲੋਕਾਂ ਚ ਪਾਏ ਪਥਰਾਂ ਦੇ ਡਰ ਤੇ ਇਸ ਆਸਰੇ ਆਪਣਾ ਪੇਟ ਭਰਨ ਦੇ ਢੌਗ ਨੂੰ ਦੇਖਿਆ ਤਾਂ ਉਸ ਦੀ ਇਸ ਪੂਜਾ ਅਰਚਾ ਨੂੰ ਇਕ ਤਮਾਸ਼ਾ ਭਾਵ ਝੂਠ ਦਸਿਆ।

ਪੁਛੈ:- ਭਗਤ ਧੰਨਾ ਜੀ ਕਹਿਂਦੇ ਪੰਡਿਤਾਂ ਇਸ ਪੱਥਰ ਪੂਜਾ ਨਾਲ ਕੀ ਹੋ ਜੋ ..

ਬਾਹਮ੍ਹਣ ਆਖ ਸੁਣਾਵੈ :- ਤਾਂ ਪੰਡਿਤ ਧਨੇ ਨੂੰ ਕਹਿਣ ਲਗਾ ..

ਠਾਕੁਰ ਦੀ ਸੇਵਾ ਕਰੈ :- ਧੰਨਿਆਂ ਜੋ ਇਸ ਠਾਕੁਰ (ਪਥਰ) ਦੀ ਸੇਵਾ ਕਰਦਾ ਨਾ ਫਿਰ ਇਹ ਠਾਕੁਰ ਖੁਸ਼ ਹੋ ਕਿ ...

ਜੋ ਇਛੇ ਸੋਈ ਫਲ ਪਾਵੈ :- ਮਨ ਦੀਆਂ ਮੁਰਾਦਾਂ ਪੂਰੀਆਂ ਕਰਦਾ

ਧੰਨਾ ਕਰਦਾ ਜੋਦੜੀ :- ਭਗਤ ਧਨਾ ਜੀ ਆਖਣ ਲਗੇ ਪੰਡਿਤਾ ਲੈ ਫਿਰ ਮੇਰਾ ਇਕ ਕੰਮ ਕਰਕੇ ਦਿਖਾ (ਇਥੋ ਗਲ ਵਿਅੰਗ ਚ ਸ਼ੂਰੁ ਹੁੰਦੀ ਹੈ)

ਮੈ ਭਿ ਦੇਹ ਇਕੁ :- ਮੈਨੂੰ ਇਕ ਅਕਾਲ ਪੁਰਖ ਮਿਲਾਦੇ .....

ਜੇ ਤੁਧ ਭਾਵੈ :- ਜੇ ਤੂੰ ਕਰ ਸਕਦਾ ਤਾਂ...

ਪਥਰ ਇਕ ਲਪੇਟ ਕਰ :- ਪੰਡਿਤ ਜੀ ਨੇ ਇਕ ਪੱਥਰ ਚੁੱਕਿਆ ਤੇ ਕਪੜੇ 'ਚ ਲਪੇਟ ਕੇ

ਦੇ ਧੰਨੇ ਨੋ :- ਧੰਨੇ ਨੂੰ ਦੇਣ ਲਗੇ ..

ਗੈਲ ਛੁਡਾਵੈ :- ਤੇ ਆਪਣਾ ਪਿਛਾ ਪੰਡਿਤ ਜੀ ਛਡਾਉਣ ਲਗੇ

ਜਰੂਰੀ ਨੋਟ : -ਜਦ ਪੰਡਿਤ ਨੇ ਪਥਰ ਲਪੇਟਿਆ ਤਾਂ ਨਾਲ ਨਾਲ ਧੰਨਾ ਜੀ ਨੂੰ ਕਹਿਣ ਲਗਾ ਕਿ ਕੁਝ ਵੀ ਖਾਣ ਪੀਣ ਤੋਂ ਪਹਿਲਾਂ ਠਾਕੁਰ ਜੀ ਨੂੰ ਭੋਗ ਲਵਾਉਣਾ ਹੈ, ਬਸ ਆਹ ਭੋਗ ਵਾਲੀ ਗਲ ਤੋਂ ਭਗਤ ਧੰਨੇ ਨੇ ਪੰਡਿਤ ਦਾ ਸਾਰਾ ਪਾਜ ਉਧੇੜ ਦਿਤਾ; ਪਾਠਕ ਜਨ ਹੁਣ ਥੌੜਾ ਜ਼ਿਆਦਾ ਧਿਆਨ ਨਾਲ ਇਸ ਤੋਂ ਅਗਲੀ ਵੀਚਾਰ ਨੂੰ ਪੜਣ)

ਠਾਕੁਰ ਨੋ ਨਾਵਾਲਿ ਕੈ :- (ਭਗਤ ਜੀ ਪੰਡਿਤ ਤੋ ਪਥਰ ਨਹੀ ਪਕੜਦੇ ਸਗੋ ਇਕ ਹੋਰ ਸਵਾਲ ਕਰ ਦਿੰਦੇ ਨੇ ਉਸਦਾ ਪਾਜ ਲਾਉਣ ਲਈ )ਧੰਨਾ ਜੀ ਕਹਿੰਦੇ ਪੰਡਿਤ ਜੀ ਤੂੰ ਰੋਜ਼ ਇਹਨਾਂ ਪਥਰਾਂ ਨੂੰ ਪਾਣੀ ਨਾਲ ਧੋ ਕਿ .....

ਛਾਹਿ ਰੋਟੀ ਲੈ ਭੋਗ ਚੜਾਂਵੈ (ਵ ਦੀਆਂ ਦੁਲਾਵਾਂ ਤੇ ਬਿੰਦੀ ਲਾਉਣੀ ਹੈ) :-ਪੰਡਿਤਾ ਤੂੰ ਰੋਜ਼ ਪਥਰ ਨੂੰ ਲਸੀ ਰੋਟੀ ਦਾ ਭੋਗ ਲਾਉਣ ਦੀਆਂ ਗਲਾਂ ਕਰਦਾ (ਅਸਲ ਚ ਤੂੰ ਲੋਕਾ ਨੂੰ ਮੂਰਖ ਬਣਾ ਰਿਹਾ ਪਥਰ ਕਿਸੇ ਵਸਤੂ ਨੂੰ ਭੋਗ (ਖਾ) ਨਹੀ ਸਕਦੇ ਮੈ ਦਾਅਵੇ ਨਾਲ ਇਹ ਗਲ ਕਹਿੰਦਾ ਕਿ ...

ਹਥਿ ਜੋੜਿ ਮਿਨਤ ਕਰੈ (ਰ ਦੀਆਂ ਦੁਲਾਵਾਂ ਤੇ ਬਿੰਦੀ ਲਾਉਣੀ ਆ) :- ਪੰਡਿਤਾਂ ਤੂੰ ਹਥ ਜੋੜ ਕਿ ਇਸ ਪੱਥਰ ਦੀਆਂ ਮਿੰਨਤਾਂ ਕਰੈ ..

ਪੈਰੀ ਪੈ ਪੈ ਬਹੁਤ ਮਨਾਵੈ (ਵ ਦੀਆਂ ਦੁਲਾਵਾਂ ਤੇ ਬਿੰਦੀ) :- ਇਸ ਪਥਰ ਦੇ ਹਦ ਦਰਜੇ ਤਕ ਤਰਲੇ ਕਢੇ ..ਇਹ ਹੀ ਬਸ ਨੀ ਸਗੋਂ..

ਹਉ ਭੀ ਮੁਹੁ ਨ ਜੁਠਾਲਸਾਂ :-ਤੂੰ ਪੰਡਿਤਾਂ ਇਸ ਪਥਰ ਅਗੇ ਖੜ ਕਿ ਇਹ ਪ੍ਰਣ ਕਰ ਲਗੈ ਕਿ ਮੈ ਵੀ ਅੰਨ ਦਾ ਦਾਣਾ ਨੀ ਖਾਣਾ ਕਿੳੁਂਕਿ ....

ਤੂੰ ਰੁਠਾ :- ਤੂੰ ਭਗਵਾਨ (ਪੱਥਰ) ਜੀ ਰੁੱਸ ਗਿਆ ਹੈ

ਮੈ ਕਿਹੁ ਨ ਸੁਖਾਵੈ :- ਤੂੰ ਪੰਡਿਤਾਂ ਇਥੋਂ ਤੱਕ ਵੀ ਕਹਿ ਦੇਵੇ ਕਿ ਮੈਨੂੰ ਠਾਕੁਰ ਤੋਂ ਬਿਨਾਂ ਕੋਈ ਚੰਗਾ ਨਹੀਂ ਲਗਦਾ ਤਾਂ ਕੀ

ਗੋਸਾਂਈ ਪਰਤਖ ਹੋਇ ਰੋਟੀ ਖਾਹਿ ਛਾਹਿ ਮੁਹਿ ਲਾਵੈ? :-ਕੀ ਇਸ ਪਥਰ ਚ ਰਬ ਪ੍ਰਗਟ ਹੋ ਕਿ ਤੇਰੇ ਕਹਿਣ ਅਨੁਸਾਰ ਇਹਨਾਂ ਚੀਜ਼ਾਂ ਨੂੰ ਛਕ ਲੋ? ਬੋਲੋ ਪੰਡਿਤ ਜੀ ਕੀ ਰਬ ਪ੍ਰਗਟ ਹੋ ਜੂ

ਭਗਤ ਧੰਨਾ ਜੀ ਕਹਿੰਦੇ ਪੰਡਿਤਾ ਕਿਉ ਲੋਕਾਂ ਨੂੰ ਮੂਰਖ ਬਣਾ ਰਿਹਾ ਬਹਾਨਾ ਠਾਕੁਰ (ਪਥਰ) ਨੂੰ ਭੋਗ ਲਵਾਉਣ ਦਾ ਪਰ ਖਾਂਦਾ ਕੌਣ ਹੈ? ਸ਼ਰਮ ਕਰੋ ਪੰਡਿਤ ਜੀ ਰਬ ਇਹਨਾਂ ਤਰੀਕਿਆਂ ਨਾਲ ਨੀ ਮਿਲਦਾ।

ਭਗਤ ਧੰਨਾ ਜੀ ਦੀਆਂ ਦਲੀਲਾਂ ਅਗੇ ਪੰਡਿਤ ਨਿਰੁਤਰ ਹੋ ਗਿਆ, ਤਾਂ ਉਸ ਨੇ ਭਗਤ ਧੰਨਾ ਜੀ ਨੂੰ ਪੁਛਿਆ ਕਿ ਫਿਰ ਰਬ ਦੀ ਪ੍ਰਾਪਤੀ ਦਾ ਸਾਧਨ ਕੀ ਹੈ, ਤਾਂ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਪੰਡਿਤ ਨੂੰ ਭਗਤ ਧੰਨਾ ਜੀ ਨੇ ਕਿਹਾ ਸਮਝਾਇਆ ....

ਭੋਲਾ ਭਾਉ ਗੋਬਿੰਦ ਮਿਲਾਵੈ।

ਭੋਲਾ :- ਨਿਰਸਾਵਰਥ (ਔਗੁਣਾ ਰਹਿਤ ਸੁਭਾਉ)
ਭਾਉ :- ਪ੍ਰੇਮ
ਗੋਬਿੰਦ :- ਧਰਤੀ ਦਾ ਮਾਲਕ
ਮਿਲਾਵੈ :- ਮਿਲਦਾ ਹੈ
(ਉਪਰੋਕਤ ਪਉੜੀ ਦੇ ਅਰਥ ਮੈ ਪਦ ਅਰਥਾਂ ਦੇ ਰੂਪ' ਚ ਕੀਤੇ)

ਸੋ ਉਪਰੋਕਤ ਵੀਚਾਰ ਤੋਂ ਅਸੀਂ ਸਹਿਜੇ ਹੀ ਸਿਟਾ ਕਢ ਸਕਦੇ ਹਾਂ, ਕਿ ਭਾਈ ਗੁਰਦਾਸ ਜੀ ਭਗਤ ਧੰਨਾ ਜੀ ਦੁਆਰਾ ਪੱਥਰ ਪੂਜਾ ਦਾ ਮੰਡਨ ਨਹੀਂ ਸਗੋਂ ਖੰਡਨ ਕਰ ਰਹੇ ਹਨ। ਸੋ ਪਹਿਲੀ ਗਲ ਇਹ ਸਾਬਿਤ ਹੁੰਦੀ ਹੈ ਭਾਈ ਗੁਰਦਾਸ ਦੀ ਪਉੜੀ 'ਚੋਂ ਕਿ ਭਗਤ ਧੰਨਾ ਜੀ ਨਿਰਾਕਾਰ ਦੇ ਉਪਾਸ਼ਕ ਸਨ, ਨਾ ਕਿ ਪਥਰਾਂ ਦੇ।

ਆਉ ਹੁਣ ਆਪਾਂ ਭਗਤ ਧੰਨਾ ਜੀ ਦੇ ਆਪਣੀ ਜ਼ੁਬਾਨੋਂ ਪੁੱਛਦੇ ਹਾਂ ਕਿ ਉਹਨਾਂ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਕਿੰਝ ਹੋਈ ਉਹ ਆਪ ਫਰਮਾਉਂਦੇ ਹਨ :-

ਗਿਆਨ ਪ੍ਰਵੇਸ਼ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ॥ ਪ੍ਰੇਮ ਭਗਤਿ ਮਾਨੀ ਸੁਖ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ॥ ੩॥
ਜੋਤਿ ਸਮਾਏ ਸਮਾਨੀ ਜਾ ਕਾ ਅਛਲੀ ਪ੍ਰਭ ਪਹਿਚਾਨਿਆ॥ ਧੰਨੇ ਧਨ ਪਾਇਆ ਧਰਣੀਧਰ ਮਿਲਿ ਜਨ ਸੰਤੁ ਸਮਾਨਿਆ॥
(ਆਸਾ ;੪੮੭)

ਕਹੈ ਧਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਹੀ॥ (ਆਸਾ ;੪੮੮)

ਉਪਰੋਕਤ ਰਚਨਾ ਭਗਤ ਧੰਨਾ ਜੀ ਦੀ ਹੈ ਜਿਸ ਤੋ ਸਪਸਟ ਹੋ ਰਿਹਾ ਹੈ; ਉਹ ਖੁਦ ਮੰਨ ਰਹੇ ਆ ਕਿ "ਧੰਨੇ ਧਨ ਪਾਇਆ ਧਰਣੀਧਰ ਮਿਲਿ ਜਮ ਸੰਤੁ ਸਮਾਨਿਆ" ਕਿ ਮੈਨੂੰ ਗੁਰਮੁਖਾਂ ਦੀ ਸੰਗਤ ਦੁਆਰਾ ਮਿਲੀ ਸੋਝੀ ਨੇ ਇਹ ਗਲ ਸਮਝਾ ਦਿਤੀ ਕਿ ਰਬ ਜੀ ਤਾਂ ਹਰ ਜਗਾ ਮੌਜੂਦ ਹਨ "ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਹੀ"

ਸੋ, ਇਸ ਤਰ੍ਹਾਂ ਇਹ ਮਿੱਥ ਕੇ ਭਗਤ ਧੰਨਾ ਜੀ ਨੂੰ ਰੱਬ ਪੱਥਰ 'ਚੋਂ ਮਿਲਿਆ ਸੀ; ਭਗਤ ਧੰਨਾ ਜੀ ਦੀ ਬਾਣੀ ਦੁਆਰਾ ਝੂਠੀ ਪੈ ਜਾਂਦੀ ਹੈ। (ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆਂ ਲਈ ਭਗਤ ਬਾਣੀ ਸਟੀਕ ਭਾਗ ੧ ਪੜੋ ਪ੍ਰੋ. ਸਾਹਿਬ ਸਿੰਘ)

ਹੁਣ ਤਕ ਅਸੀਂ ਭਾਈ ਗੁਰਦਾਸ ਤੇ ਭਗਤ ਧੰਨਾ ਜੀ ਦੀ ਆਪਣੀ ਰਚਨਾ 'ਚੋਂ ਇਹ ਸਾਬਿਤ ਕਰ ਦਿਤਾ ਹੈ ਕਿ ਭਗਤ ਧੰਨਾ ਜੀ ਨਾਲ ਜੋੜੀ ਜਾਂਦੀ ਪੱਥਰ 'ਚੋਂ ਰਬ ਪ੍ਰਾਪਤੀ ਦੀ ਮਿੱਥ ਨਿਰਾਧਾਰ ਹੈ।

ਹੁਣ ਅਸੀਂ ਉਸ ਸਖਸ਼ੀਅਤ ਦੇ ਵਿਚਾਰਾਂ ਤੋਂ ਜਾਣੂ ਹੋਵਾਂਗੇ, ਜੋ ਗੁਰੂ ਗ੍ਰੰਥ ਦੀ ਸੰਪਾਦਨਾ ਕਰਦੇ ਹਨ ਤੇ ਬਾਣੀ ਨੂੰ ਤਰਤੀਬ ਦਿੰਦੇ ਹਨ। ਭਾਵ ਕਿ ਗੁਰੂ ਅਰਜਨ ਸਾਹਿਬ ਜੀ; ਇਸ 'ਚ ਕੋਈ ਸ਼ਕ ਨੀ ਕਿ ਪੱਥਰ ਵਾਲੀ ਕਹਾਣੀ ਭਗਤ ਧੰਨਾਂ ਜੀ ਦੀ ਗੁਰੂ ਅਰਜਨ ਸਾਹਿਬ ਦੇ ਸਮੇਂ ਤਕ ਪ੍ਰਚਿਲਤ ਹੋ ਚੁਕੀ ਸੀ, ਜਿਸ ਕਾਰਨ ਗੁਰੂ ਅਰਜਨ ਸਾਹਿਬ ਨੂੰ ਵੀ ਨਿਰਣਾ ਕਰਕੇ ਦਸਣਾ ਪਇਆ ਕਿ ਭਗਤ ਧਨਾ ਜੀ ਨੂੰ ਰਬ ਦੀ ਪ੍ਰਾਪਤੀ ਕਿੰਝ ਹੋਈ ;

ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮੁਖ ਲੀਣਾ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥ ੧॥ਰਹਾਉ॥
ਬੁਨਨਾ ਤਨਨਾ ਤਿਆਗਿ ਕੇ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਰਾ ਭਇਓ ਗੁਨੀਯ ਗਹੀਰਾ॥ ੧॥
ਰਵਿਦਾਸ ਢੁਵੰਤਾ ਢੋਰ ਨੀਤਿ ਤਿਆਗੀ ਮਾਇਆ॥ ਪਰਗਟ ਹੋਆ ਸਾਧ ਸੰਗਿ ਹਰ ਦਰਸ਼ਨ ਪਾਇਆ॥ ੨॥
ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ॥ ਹਿਰਦੈ ਵਸਿਆ ਪਾਰਬ੍ਰਹਮ ਭਗਤਾਂ ਮਹਿ ਗਨਿਆ॥ ੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥
੪॥(ਮ:੫,ਆਸਾ ੪੮੭)

ਗੁਰੂ ਅਰਜਨ ਸਾਹਿਬ ਜੀ ਨੇ ਇਸ ਸ਼ਬਦ ਦੁਆਰਾ ਸਾਫ ਕਰ ਦਿਤਾ ਹੈ ਕਿ ਧੰਨਾ ਜੀ ਨੂੰ ਅਕਾਲ ਪੁਰਖੁ ਦੀ ਸੋਝੀ ਪਥਰਾਂ 'ਚੋਂ ਨਹੀਂ, ਸਗੋਂ ਗਿਆਨਵਾਨ ਤਰਕ ਸ਼ਾਸ਼ਤਰੀ ਨਾਮਦੇਵ, ਕਬੀਰ, ਰਵਿਦਾਸ, ਸੈਨ ਵਰਗਿਆਂ ਅਜ਼ੀਮ ਸ਼ਖਸ਼ੀਅਤਾਂ ਦੇ ਗਿਆਨ ਦੁਆਰਾ ਤੇ ਭਗਤ ਰਾਮਾਨੰਦ ਜੀ ਦੁਆਰਾ ਅਧਿਆਤਮਿਕ ਮਾਰਗ 'ਚ ਕੀਤੇ ਗਿਆਨ ਰੂਪੀ ਚਾਨਣ ਦੁਆਰਾ ਹੋਈ, ਜਿਸ ਨੂੰ ਭਗਤ ਧੰਨਾ ਜੀ ਖੁਦ ਕਬੂਲ ਕਰਦੇ ਹਨ :-
ਗਿਆਨ ਪ੍ਰਵੇਸ ਗੁਰਹਿ ਧਨੁ ਦੀਆ ...........
..............................................
ਧੰਨੇ ਧਨੁ ਪਾਇਆ ਧਰਣੀਧਰ ਮਿਲਿ ਜਨੁ ਸੰਤੁ ਸਮਾਨਿਆ
(ਆਸਾ ਭਗਤ ਧਨਾ, ੪੮੭)

ਸੋ, ਉਪਰੋਕਤ ਸਾਰੀ ਵਿਚਾਰਚਰਚਾ ਤੋਂ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ, ਕਿ ਭਗਤ ਧੰਨਾ ਜੀ ਨੂੰ ਪਥਰ 'ਚੋਂ ਰੱਬ ਨਹੀਂ ਮਿਲਿਆ, ਭਾਵ ਉਹ ਪਥਰ ਪੂਜਕ ਨਹੀਂ ਸਨ। ਅਕਾਲਪੁਰਖ ਦੇ ਮਿਲਾਪ ਦਾ ਸਾਧਨ ਭਗਤ ਜੀ ਦੇ ਜੀਵਨ 'ਚ ਸਿਰਫ ਤੇ ਸਿਰਫ ਗੁਰਮੁਖਾਂ ਦੀ ਸੰਗਤ ਤੇ ਗਿਆਨ ਦੇ ਪ੍ਰਕਾਸ਼ ਦੁਆਰਾ ਰਬ ਜੀ ਦੀ ਪ੍ਰਾਪਤੀ ਹੋਈ।

ਸੋ, ਅਸੀਂ ਵੀ ਭਗਤ ਧੰਨਾ ਜੀ ਦੇ ਜੀਵਨ ਤੇ ਬਾਣੀ ਤੋਂ ਸਿਖਿਆ ਲੈ ਕੇ ਕਿਰਤਮ ਪੂਜਾ ਤਿਆਗ ਕੇ ਇਕ ਨਿੰਰਕਾਰ ਵਾਲੇ ਬਣ ਜਾਈਏ।

ਭੁਲ ਚੁੱਕ ਦੀ ਖਿਮਾ।

ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਕ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top