Share on Facebook

Main News Page

ਮਜੀਠੀਆ ਮਾਮਲੇ ਵਿੱਚ ਨਿਰਾਸ਼ਾ ਹੀ ਪੱਲੇ ਪਈ ਪੰਥਕ ਵਫਦ ਦੇ, ਗਿਆਨੀ ਗੁਰਬਚਨ ਸਿੰਘ ਨੇ ਨਹੀਂ ਫੜਾਇਆ ਪੱਲਾ

ਅੰਮ੍ਰਿਤਸਰ: (25 ਅਪ੍ਰੈਲ, ਨਰਿੰਦਰ ਪਾਲ ਸਿੰਘ): ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ "ਦੇਹ ਸਿਵਾ ਵਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨਾ ਟਰੋਂ..." ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਸੰਵੇਦਨਸ਼ੀਲ ਮਾਮਲੇ ਵਿੱਚ ਬਿਕਰਮ ਮਜੀਠੀਆ ਖਿਲਾਫ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਾਸ ਪੁਜੇ, ਯੂਨਾਈਟਿਡ ਸਿੱਖ ਮੂਵਮੈਂਟ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਇਸਦੀ ਅਮਰੀਕਾ ਇਕਾਈ ਦੇ ਆਗੂਆਂ ਤੇ ਵਰਕਰਾਂ ਨੂੰ ਇਕ ਵਾਰ ਫਿਰ ਨਿਰਾਸ਼ਾ ਹੀ ਪੱਲੇ ਪਈ, ਕਿਉਂਕਿ ਗਿਆਨੀ ਗੁਰਬਚਨ ਸਿੰਘ ਨੇ ਵਫਦ ਦੇ ਕਿਸੇ ਵੀ ਆਗੂ ਦੇ ਕਿਸੇ ਵੀ ਰਤਕ ਨਾਲ ਸਹਿਮਤੀ ਨਹੀਂ ਪ੍ਰਗਟਾਈ ਤੇ ਬਿਕਰਮ ਮਜੀਠੀਆ ਨੂੰ ਸਬੰਧਤ ਮਾਮਲੇ ਵਿੱਚ ਤਲਬ ਕਰਨ ਤੋਂ ਇਹ ਕਹਿਕੇ ਇਨਕਾਰ ਕਰ ਦਿੱਤਾ, ਕਿ ਉਹ ਮਾਮਲੇ ਨੁੰ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਵਿੱਚ ਵਿਚਾਰਨਗੇ। ਗਿਆਨੀ ਗੁਰਬਚਨ ਸਿੰਘ ਨੇ ਵਫਦ ਦੀ ਇਹ ਮੰਗ ਵੀ ਨਹੀਂ ਮੰਨੀ ਕਿ ਉਹ 30 ਅਪ੍ਰੈਲ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਸਿੰਘ ਸਾਹਿਬਾਨ ਦੀ ਇਕਤਰਤਾ ਬੁਲਾ ਲੈਣ।

ਯੂਨਾਈਟਿਡ ਸਿੱਖ ਮੂਵਮੈਂਟ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸਤਨਾਮ ਸਿੰਘ ਮਨਾਵਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸ਼ਰਨਜੀਤ ਸਿੰਘ ਰਟੌਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਵਲੋਂ ਪਾਰਟੀ ਦੀ ਫਤਿਹਗੜ੍ਹ ਸਾਹਿਬ ਇਕਾਈ ਦੇ ਪ੍ਰਧਾਨ ਰਣਦੇਵ ਸਿੰਘ ਦੇਬੀ ਅਤੇ ਇਸਦੀ ਅਮਰੀਕਾ ਇਕਾਈ ਵਲੋਂ ਭਾਈ ਨਵਦੀਪ ਸਿੰਘ, ਗਿਆਨੀ ਨਵਤੇਜ ਸਿਘ, ਦਮਦਮੀਟਕਸਾਲ ਦੇ ਪ੍ਰਚਾਰਕ ਭਾਈ ਸੁਖਚੈਨ ਸਿੰਘ, ਭਾਈ ਬਲਜੀਤ ਸਿੰਘ ਰਾਗੀ, ਭਾਈ ਸੁਖਦੇਵ ਸਿੰਘ ਨਾਗੋਕੇ, ਦਿਲਬਾਗ ਸਿੰਘ ਨਾਗੋਕੇ, ਰਣਜੀਤ ਸਿੰਘ, ਸੁਖਦੀਪ ਸਿੰਘ ਸਮੇਤ ਕੋਈ ਤਿੰਨ ਦਰਜਨ ਦੇ ਕਰੀਬ ਨੌਜੁਆਨ ਸ੍ਰੀ ਅਕਾਲ ਤਖਤ ਸਾਹਿਬਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਕਤਰੇਤ ਵਿਖੇ ਮਿਲੇ।

ਜਿਉਂ ਹਹੀ ਭਾਈ ਮੋਹਕਮ ਸਿੰਘ ਦੀ ਅਗਵਾਈ ਵਿੱਚ ਪੰਜ ਚੋਣਵੇਂ ਸਿੰਘਾਂ ਨੇ ਗਿਆਨੀ ਗੁਰਬਚਨ ਸਿੰਘ ਨਾਲ ਫਤਹਿ ਦੀ ਸਾਂਝ ਪਾਈ ਤੇ ਸੰਗਤੀ ਤੌਰ 'ਤੇ ਗਲਬਾਤ ਕਰਨ ਲਈ ਸਮਾਂ ਮੰਗਿਆ ਤਾਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਮਸਲਾ ਤਾਂ ਉਨ੍ਹਾਂ ਪਾਸ ਆ ਚੁਕਾ ਹੈ। ਵਫਦ ਦੇ ਜੋਰ ਦੇਣ 'ਤੇ ਗਿਆਨੀ ਗੁਰਬਚਨ ਸਿੰਘ ਵੱਡੇ ਕਮਰੇ ਵਿਚ ਬੈਠ ਗਏ ਤੇ ਨਾਲ ਹੀ ਵਫਦ ਦੇ ਆਗੂ ਤੇ ਨੌਜੁਆਨ। ਵਫਦ ਨੇ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਾਸੋਂ ਮੰਗ ਕੀਤੀ ਕਿ ਮਜੀਠੀਆ ਨੂੰ ਤੁਰੰਤ ਪੰਥ ਵਿਚੋਂ ਛੇਕ ਦਿੱਤਾ ਜਾਵੇ ਤਾਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਮਜੀਠੀਆ ਦਾ ਲਿਖਤੀ ਅਫਸੋਸ ਪੱਤਰ ਆ ਗਿਆ ਹੈ। ਸ੍ਰ. ਸਤਨਾਮ ਸਿੰਘ ਮਨਾਵਾ ਨੇ ਸਵਾਲ ਕੀਤਾ ਕਿ ਕੀ ਇਹ ਅਫਸੋਸ ਪੱਤਰ ਬਿਕਰਮ ਸਿੰਘ ਮਜੀਠੀਆ ਆਪ ਦੇਕੇ ਗਿਆ ਹੈ। ਕੀ ਸਤਵੇਂ ਪਾਤਸ਼ਾਹ ਨੇ ਸੰਗਤ ਦੇ ਦੱਸਣ ਤੇ ਹੀ ਪੁਰਖਿਆਂ ਦੀ ਬਾਣੀ ਦੀ ਇਕ ਤੁੱਕ ਬਦਲਣ ਪਿਛੇ ਰਾਮ ਰਾਏ ਨੂੰ ਦਰਸ਼ਨ ਦੇਣ ਜਾਂ ਦਰਸ਼ਨ ਕਰਨ ਤੋਂ ਨਹੀਂ ਸੀ ਵਰਜ ਦਿੱਤਾ। ਇਕ ਸਿੰਘ ਨੇ ਤਾਂ ਇਹ ਵੀ ਕਿਹਾ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਸ਼ੇਰੇ ਪੰਜਾਬ ਰਣਜੀਤ ਸਿੰਘ ਨੂੰ ਇਮਲੀ ਬੰਨ ਦਿੱਤਾ ਸੀ, ਮਹਾਰਾਜਾ ਦੇ ਸਿਪਾਹੀਆਂ ਨੇ ਉਸਤੋਂ ਮੂੰਹ ਫੇਰ ਲਿਆ ਸੀ, ਤੁਸੀਂ ਕਿਸਦੀ ਇੰਤਜਾਰ ਕਰ ਰਹੇ ਹੋ।

ਵਫਦ ਦੇ ਬਾਰ ਬਾਰ ਕਹਿਣ 'ਤੇ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਤਨਖਾਹੀਆ ਵੀ ਪੰਜ ਸਿੰਘ ਸਾਹਿਬਾਨ ਹੀ ਕਰਾਰ ਦੇ ਸਕਦੇ ਹਨ ਤੇ ਉਨ੍ਹਾਂ ਨੂੰ ਤੁਰੰਤ ਕਿਵੇਂ ਸੱਦਿਆ ਜਾ ਸਕਦਾ। ਭਾਈ ਮੋਹਕਮ ਸਿੰਘ ਨੇ ਦੱਸਿਆ ਕਿ ਤੁਸੀਂ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਪੰਜ ਗ੍ਰੰਥੀ ਸਾਹਿਬਾਨ ਸ਼ਾਮਿਲ ਕਰਕੇ ਵੀ ਫੈਸਲੇ ਸੁਣਾਏ ਹਨ। ਸਤਨਾਮ ਸਿੰਘ ਮਨਾਵਾ ਨੇ ਕਿਹਾ ਕਿ ਜੇਕਰ ਅਜੇਹੀ ਗਲ ਹੈ ਤਾਂ ਗਿਆਨੀ ਗੁਰਬਚਨ ਸਿੰਘ, ਸਾਰੇ ਹੀ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਹਵਾਈ ਜਹਾਜ ਰਾਹੀਂ ਬੁਲਾ ਲੈਣ, ਕਿਰਾਇਆ ਉਹ (ਮਨਾਵਾ) ਜ਼ਮੀਨ ਵੇਚ ਕੇ ਵੀ ਦੇਣ ਨੂੰ ਤਿਆਰ ਹਨ। ਜਦ ਗਿਆਨੀ ਗੁਰਬਚਨ ਸਿੰਘ ਕਿਸੇ ਤਰ੍ਹਾ ਵੀ ਬਿਕਰਮ ਮਜੀਠੀਆ ਦੀ ਕੀਤੀ ਗਈ ਬੱਜਰ ਗਲਤੀ ਲਈ ਕੋਈ ਠੋਸ ਕਾਰਵਾਈ ਕਰਨ ਲਈ ਰਾਜੀ ਨਾ ਹੋਏ, ਤਾਂ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਹਿ ਹੀ ਦਿੱਤਾ ਕਿ ਸਿੰਘ ਸਾਹਿਬ ਅਸੀਂ ਮਹਿਸੂਸ ਕਰਦੇ ਹਾਂ ਕਿ ਤੁਸੀਂ ਸਿਰਫ ਕੁਰਸੀ ਦੀ ਪਕੜ ਖਾਤਿਰ ਸਾਨੂੰ ਇਨਸਾਫ ਨਹੀਂ ਦੇਣਾ ਚਾਹੁੰਦੇ। ਇਸਤੇ ਗਿਆਨੀ ਗੁਰਬਚਨ ਸਿੰਘ ਵੀ ਥੋੜਾ ਤਲਖ ਹੋਏ ‘ਮੈਨੂੰ ਕਿਸੇ ਕਿਸਮ ਦੀ ਅਹੁਦੇ ਦੀ ਕੋਈ ਪਕੜ ਨਹੀਂ ਹੈ। ਕੋਈ ਅੱਧੇ ਘੰਟੇ ਦੀ ਵਫਦ ਨਾਲ ਮੁਲਾਕਾਤ ਦੌਰਾਨ ਜਦ ਮਾਮਲਾ ਕਿਸੇ ਤਣ ਪਤਣ ਨਾ ਲੱਗਾ ਤਾਂ ਵਫਦ ਉਠ ਕੇ ਬਾਹਿਰ ਆ ਗਿਆ। ਕੁਝ ਨੌਜੁਆਨ ਤਾਂ ਭਾਵੁਕ ਹੋਕੇ ਇਹ ਕਹਿ ਉਠੇ ਕਿ ਆਉ ਧਰਨਾ ਦੇਈਏ ਫਿਰ ਐਦਾਂ ਨਹੀਂ ਸੁਨਣਾ ਕਿਸੇ ਨੇ ਸਾਨੂੰ ।

ਭਾਈ ਮੋਹਕਮ ਸਿੰਘ ਨੇ ਬਾਅਦ ਵਿਚ ਗਲਬਾਤ ਕਰਦਿਆਂ ਕਿਹਾ ਕਿ ਅਸਲ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਜੋ ਵੀ ਕੀਤਾ ਹੈ, ਉਹ ਇਕ ਸੋਚੀ ਸਮਝੀ ਸਾਜਿਸ਼ ਤਹਿਤ, ਆਰ.ਐਸ.ਐਸ. ਦੇ ਇਸ਼ਾਰੇ 'ਤੇ ਕੀਤਾ ਹੈ। ਹੁਣ ਤੀਕ ਤਾਂ ਅਜੇਹੀ ਗਲਤੀ ਲਈ ਬਿਕਰਮ ਮਜੀਠੀਆ ਅਕਾਲ ਤਖਤ ਸਾਹਿਬ 'ਤੇ ਤਲਬ ਹੋ ਜਾਣਾ ਚਾਹੀਦਾ ਸੀ, ਲੇਕਿਨ ਸਭ ਗੁਲਾਮੀ ਕੱਟ ਰਹੇ ਹਨ, ਸਿੱਖ ਸਿੱਖੀ ਤੇ ਸਿੱਖ ਸਿਧਾਂਤ ਨੂੰ ਪਿੱਠ ਦੇਕੇ। ਮਜੀਠੀਆ ਮਾਮਲੇ ਵਿਚ ਆਣ ਵਾਲੇ ਦਿਨਾਂ ਵਿਚ ਹਾਲਾਤ ਕੀ ਕਰਵਟ ਲੈਂਦੇ ਹਨ, ਇਹ ਤਾਂ ਸਮਾਂ ਹੀ ਦਸੇਗਾ, ਲੇਕਿਨ ਅੱਜ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਸ ਲੈਕੇ ਗਏ ਪੰਥਕ ਆਗੂਆਂ ਤੇ ਵਰਕਰਾਂ ਨੂੰ ਨਿਰਾਸ਼ਾ ਹੀ ਪੱਲੇ ਪਈ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top