Share on Facebook

Main News Page

ਸਿਰਫ ਇੱਕ ਅੱਖ ਹੀ ਨਹੀਂ, ਬਲਕਿ ਬਾਬੇ ਰਾਮਦੇਵ ਦੀ ਬੁੱਧੀ ਤੇ ਦਿਮਾਗ਼ ਵੀ ਲਕਵੇ ਦੀ ਮਾਰ ਹੇਠ ਆ ਚੁੱਕੇ ਹਨ
-: ਕਿਰਪਾਲ ਸਿੰਘ ਬਠਿੰਡਾ
ਮੋਬ: +੯੧੯੮੫੫੪੮੦੭੯੭

ਮੈਂ ਤਾਂ ਸਮਝ ਰਿਹਾ ਸੀ ਕਿ ਬਾਬਾ ਰਾਮਦੇਵ ਦੀ ਸਿਰਫ ਇੱਕ ਅੱਖ ਹੀ ਲਕਵੇ ਕਾਰਨ ਨੁਕਸਾਨੀ ਗਈ ਹੈ ਜਿਸ ਕਾਰਣ ਉਸ ਨੂੰ ਸਿਰਫ ਇੱਕ ਪਾਸੇ ਭਾਵ ਕਾਂਗਰਸ ਦਾ ਹੀ ਕਾਲ਼ਾ ਧਨ ਭ੍ਰਿਸ਼ਟਾਚਾਰ ਅਤੇ ਪ੍ਰਵਾਰਵਾਦ ਦਿੱਸਦਾ ਹੈ ਪਰ ਐੱਨਡੀਏ ਦਾ ਕਾਲ਼ਾ ਧਨ, ਭ੍ਰਿਸ਼ਟਾਚਾਰ ਅਤੇ ਪ੍ਰਵਾਰਵਾਦ ਬਿਲਕੁਲ ਨਹੀਂ ਦਿਸਦਾ।

ਪਰ ਏਬੀਪੀ ਨਿਊਜ਼ ਚੈੱਨਲ 'ਤੇ ੨੫ ਅਪ੍ਰੈਲ ਨੂੰ ਬਾਬਾ ਰਾਮ ਦੇਵ ਨੂੰ ਘੋਸ਼ਣਾ ਪੱਤਰ ਵਿੱਚ ਵੇਖ ਸੁਣ ਕੇ ਪਤਾ ਲੱਗਾ ਕਿ ਉਸ ਦੀ ਸਿਰਫ ਇੱਕ ਅੱਖ ਹੀ ਨਹੀਂ, ਬਲਕਿ ਉਸ ਦੀ ਬੁੱਧੀ ਤੇ ਦਿਮਾਗ਼ ਵੀ ਲਕਵੇ ਦੀ ਮਾਰ ਹੇਠ ਆ ਚੁੱਕੇ ਹਨ ਜਿਸ ਕਾਰਣ ਵਾਰ ਵਾਰ ਦੱਸੇ ਜਾਣ ਬਾਅਦ ਵੀ ਭਾਜਪਾ ਅਤੇ ਉਸ ਦੇ ਭਾਈਵਾਲਾਂ ਦਾ ਕਾਲਾ ਧਨ, ਭ੍ਰਿਸ਼ਟਾਚਾਰ ਅਤੇ ਪ੍ਰਵਾਰਵਾਦ ਬਾਬੇ ਦੇ ਲਕਵੇ ਮਾਰੇ ਦਿਮਾਗ਼ ਅਤੇ ਬੁੱਧੀ ਦੀ ਪਕੜ ਵਿੱਚ ਨਹੀਂ ਆਇਆ ਇਸ ਕਾਰਣ ਉਨ੍ਹਾਂ ਸਵਾਲਾਂ ਵਿੱਚੋਂ ਕਿਸੇ ਇੱਕ ਦਾ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਟੀਵੀ ਐਂਕਰ ਅਤੇ ਹੋਰਨਾਂ ਵੱਲੋਂ ਅਨੇਕਾਂ ਸਵਾਲ ਪੁੱਛੇ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਸਨ:

ਭਾਜਪਾ ਦੇ ਲਕਸ਼ਮਣ ਵੰਗਾਰੂ ਤੇ ਯੈਦੀਯੁਰੱਪਾ ਆਦਿਕ ਦੇ ਭ੍ਰਿਸ਼ਟਾਚਾਰ ਸਬੰਧੀ ਤੁਸੀਂ ਕੋਈ ਗੱਲ ਕਿਉਂ ਨਹੀਂ ਕਰਦੇ?

ਤੁਸੀਂ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਮੰਗਵਾਉਣ ਦੀ ਗੱਲ ਤਾਂ ਕਰਦੇ ਹੋ ਪਰ ਦੇਸ਼ ਦੀਆਂ ਚੋਣਾਂ ਵਿੱਚ ਜਿਹੜੀ ਪਾਰਟੀ ਸਭ ਤੋਂ ਵੱਧ ਕਾਲਾ ਧਨ ਵਰਤ ਰਹੀ ਹੈ ਉਹ ਭਾਜਪਾ ਹੈ ਜਿਸ ਨੂੰ ਜਿਤਾਉਣ ਦੀ ਤੁਸੀਂ ਵਕਾਲਤ ਕਰਦੇ ਹੋ। ਤੁਸੀਂ ਦੱਸੋ ਕਿ ਭਾਜਪਾ ਹਵਾਈ ਜਹਾਜਾਂ, ਹੈਲੀਕਾਪਟਰਾਂ, ਇਸ਼ਤਿਹਾਰਬਾਜ਼ੀ ਅਤੇ ਰੈਲੀਆਂ 'ਤੇ ਜੋ ਪੈਸਾ ਖਰਚ ਕਰ ਰਹੀ ਹੈ ਇਹ ਇਸ ਨੂੰ ਕਿਥੋਂ ਮਿਲ ਰਿਹਾ ਹੈ?
ਭਾਜਪਾ ਦਾ ਇੱਕ ਉਮੀਦਵਾਰ ਤੁਹਾਨੂੰ ਦੱਸ ਰਿਹਾ ਹੈ ਕਿ ਉਸ ਦਾ ਵੀ ਕਾਲਾ ਧਨ ਫੜਿਆ ਗਿਆ ਹੈ। ਜੇ ਤੁਸੀਂ ਕਾਲਾ ਧਨ ਬਾਹਰ ਲਿਆਉਣ ਲਈ ਲੜਾਈ ਰਹੇ ਹੋ ਤਾਂ ਤੁਹਾਨੂੰ ਚਾਹੀਦਾ ਸੀ ਕਿ ਤੁਰੰਤ ਪ੍ਰੈੱਸ ਕਾਨਫਰੰਸ ਕਰਕੇ ਉਸ ਨੂੰ ਜੇਲ੍ਹ ਭੇਜਣ ਦੀ ਮੰਗ ਕਰਦੇ; ਪਰ ਤੁਸੀਂ ਐਸਾ ਕਿਉਂ ਨਹੀਂ ਕੀਤਾ?

ਗੁਜਰਾਤ ਵਿੱਚ ਕਿਸਾਨਾਂ ਦੀ ਜ਼ਮੀਨ ਬਹੁਤ ਹੀ ਸਸਤੇ ਰੇਟ 'ਤੇ ਉਦਯੋਗਪਤੀਆਂ ਨੂੰ ਦੇ ਦਿੱਤੀ ਗਈ। ਕੀ ਤੁਸੀਂ ਇਹੀ ਮਾਡਲ ਸਾਰੇ ਦੇਸ਼ ਵਿੱਚ ਲਾਗੂ ਕਰਨਾ ਚਾਹੁੰਦੇ ਹੋ?

ਪੁੱਛੇ ਗਏ ਉਪ੍ਰੋਕਤ ਸਵਾਲਾਂ ਵਿੱਚੋਂ ਕਿਸੇ ਇੱਕ ਵੀ ਸਵਾਲ ਦਾ ਬਾਬਾ ਰਾਮਦੇਵ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਇਸ ਤੋਂ ਇਲਾਵਾ ਦੇਸ਼ ਦੇ ਸਾਰੇ ਰਜਵਾੜਿਆਂ ਅਤੇ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਧਰੋਹੀ ਦੱਸਣ ਵਾਲੇ ਬਾਬੇ ਰਾਮਦੇਵ ਨੂੰ ਜਦ ਰਾਜਸਥਾਨ ਦੀ ਮੁੱਖ ਮੰਤਰੀ ਰਾਜੇ ਵਸੁੰਧਰਾ ਸਬੰਧੀ ਪੁੱਛਿਆ ਗਿਆ ਕਿ ਉਹ ਵੀ ਰਜਵਾੜਾਸ਼ਾਹੀ ਪ੍ਰਵਾਰ ਦੀ ਮੈਂਬਰ ਹੈ ਤਾਂ ਬਾਬੇ ਨੇ ਕਿਹਾ ਉਸ ਦੇ ਮਾਤਾ ਦੇ ਜ਼ੀਨਜ਼ ਬਹੁਤ ਅੱਛੇ ਸਨ ਭਾਵ ਜੋ ਭਾਜਪਾ ਵਿੱਚ ਆ ਗਿਆ ਉਸ ਦੇ ਜ਼ੀਨਜ਼ ਅੱਛੇ ਹੋਣ ਦਾ ਸਰਟੀਫਿਕੇਟ ਅਤੇ ਜੋ ਕਾਂਗਰਸ ਵਿੱਚ ਉਹ ਸਾਰੇ ਗਦਾਰ ਅਤੇ ਭ੍ਰਿਸ਼ਟ!

ਇੱਕ ਨੌਜਵਾਨ ਲੜਕੀ ਨੇ ਪੁੱਛਿਆ ਕਿ ਤੁਸੀਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸਮਰਥਨ ਇਸ ਕਰਕੇ ਕਰ ਰਹੇ ਹੋ ਕਿ ਉਹ ਵਿਦੇਸ਼ਾਂ ਵਿੱਚੋਂ ਕਾਲ਼ਾ ਧਨ ਵਾਪਸ ਲਿਆਏਗਾ ਪਰ ਜੇ ਉਹ ਨਾਂਹ ਲਿਆ ਸਕੇ ਤਾਂ ਤੁਸੀਂ ਕੀ ਕਰੋਗੇ?

ਇਸ ਦਾ ਇਹ ਜਵਾਬ ਦੇਣ ਦੇਣ ਦੀ ਬਜਾਏ ਕਿ ਜੋ ਉਸ ਨੇ ਕਾਲ਼ਾ ਧਨ ਵਾਪਸ ਲਿਆਉਣ ਦਾ ਆਪਣਾ ਵਾਅਦਾ ਨਾਂਹ ਨਿਭਾਇਆ ਤਾਂ ਉਹ ਮੋਦੀ ਦਾ ਵੀ ਵਿਰੋਧ ਕਰਨਗੇ; ਬਾਬੇ ਨੇ ਹਾਸੋਹੀਣਾ ਜਵਾਬ ਦਿੰਦਿਆਂ ਕਿਹਾ ਕਿ ਇਹ ਸਵਾਲ ਤਾਂ ਕਰਨਾ ਹੀ ਨਹੀਂ ਚਾਹੀਦਾ ਕਿਉਂਕਿ ਜੇ ਕੋਈ ਸ਼ਾਦੀ ਹੋਣ ਤੋਂ ਪਹਿਲਾਂ ਹੀ ਪੁੱਛੇ ਕਿ ਜੇ ਸ਼ਾਦੀ ਪਿੱਛੋਂ ਤਲਾਕ ਹੋ ਗਿਆ ਤਾਂ ਕੀ ਕਰੋਗੇ? ਤਾਂ ਇਸ ਦਾ ਕੋਈ ਕੀ ਜਵਾਬ ਦੇ ਸਕਦਾ ਹੈ?

ਇਸੇ ਤਰ੍ਹਾਂ ਇੱਕ ਹੋਰ ਲੜਕੀ ਨੇ ਪੁੱਛਿਆ ਕਿ ਤੁਸੀਂ ਕੇਜਰੀਵਾਲ ਦਾ ਸਮਰਥਨ ਕਿਉਂ ਨਹੀਂ ਕਰ ਰਹੇ ਤਾਂ ਇਸ ਦਾ ਜਵਾਬ ਦਿੰਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਤਾਂ ਭ੍ਰਿਸ਼ਟਾਚਾਰ ਖਤਮ ਕਰਨ ਦੀਆਂ ਗੱਲਾਂ ਕਰਦਾ ਸੀ ਪਰ ਹੁਣ ਕਹਿੰਦਾ ਹੈ ਸੰਪ੍ਰਦਾਇਕਤਾ ਭ੍ਰਿਸ਼ਟਾਚਾਰ ਨਾਲੋਂ ਵੀ ਵੱਡਾ ਮੁੱਦਾ ਹੈ ਇਸ ਲਈ ਮੋਦੀ ਨੂੰ ਹਰਾਓ। ਹੁਣ ਮੋਦੀ ਨੂੰ ਹਰਾਉਣ ਵਾਲੇ ਕੇਜਰੀਵਾਲ ਦਾ ਕੀ ਸਾਥ ਦੇਈਏ ਜੇ ਉਹ ਸੋਨੀਆਂ ਨੂੰ ਹਰਾਉਣ ਦਾ ਸੱਦਾ ਦਿੰਦਾ ਤਾਂ ਉਸ ਦਾ ਸਾਥ ਜਰੂਰ ਦੇਣਾ ਸੀ। ਭਾਵ ਲਕਵੇ ਮਾਰੇ ਦਿਮਾਗ਼ ਤੇ ਬੁੱਧੀ ਵਾਲੇ ਬਾਬੇ ਨੂੰ ਹਰ ਉਹ ਵਿਅਕਤੀ ਦੇਸ਼ ਧਰੋਹੀ ਦਿੱਸ ਰਿਹਾ ਹੈ ਜੋ ਮੋਦੀ ਦਾ ਵਿਰੋਧ ਕਰਦਾ ਹੈ। ਜਿਹੜਾ ਭ੍ਰਿਸ਼ਟ ਤੇ ਸੰਪ੍ਰਦਾਇਕ ਦੰਗਿਆਂ ਤੇ ਰਾਜਨੀਤੀ ਕਰਨ ਵਾਲੀ ਭਾਜਪਾ ਅਤੇ ਕਾਂਗਰਸ ਦੋਵਾਂ ਨੂੰ ਹਰਾਉਣ ਦਾ ਸੱਦਾ ਦਿੰਦਾ ਹੈ ਉਹ ਵੀ ਬਾਬੇ ਨੂੰ ਦੇਸ਼ ਧਰੋਹੀ, ਅਤਿਵਾਦੀ ਤੇ ਨਕਸਲਵਾਦੀ ਹੀ ਦਿੱਸਦਾ ਹੈ। ਬਾਬੇ ਰਾਮਦੇਵ ਦੀ ਏਬੀਪੀ ਨਿਊਜ਼ ਚੈੱਨਲ 'ਤੇ ਹੋਈ ਪੂਰੀ ਗੱਲਬਾਤ ਤੁਸੀਂ ਦੇਖ ਸਕਦੇ ਹੋ -->

 

ਸਿਆਸੀ ਲੋਕਾਂ ਦੀ ਰਾਜਨੀਤੀ ਕਾਰਣ ਮਾਰੇ ਗਏ ਘੱਟ ਗਿਣਤੀ ਫਿਰਕੇ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰਨੀ ਬਾਬੇ ਲਈ ਬੇਮਾਆਨੀ ਕਿਉਂ ਲਗਦੀ ਹੈ? ਇਸ ਦਾ ਕਾਰਣ ਇੱਕ ਹੀ ਹੈ ਕਿ ਬਾਬਾ ਰਾਮਦੇਵ ਆਰ.ਐੱਸ.ਐੱਸ ਦੀ ਕੱਟੜ ਸੋਚ ਦਾ ਧਾਰਨੀ ਹੈ, ਜਿਨ੍ਹਾਂ ਦਾ ਟੀਚਾ ਹੈ ਘੱਟ ਗਿਣਤੀਆਂ ਨੂੰ 'ਸਾਮ ਦਾਮ ਦੰਡ ਭੇਦ' ਦੇ ਸਾਰੇ ਤਰੀਕਿਆਂ ਰਾਹੀਂ ਡਰਾ ਧਮਕਾ ਕੇ ਮੁੜ ਹਿੰਦੂ ਧਰਮ ਵਿੱਚ ਜ਼ਜ਼ਬ ਕਰਨਾ ਤੇ ਭਾਰਤ ਨੂੰ ਹਿੰਦੂ-ਰਾਸ਼ਟਰ ਘੋਸ਼ਿਤ ਕਰਨਾ।

ਇਥੇ ਇਹ ਦੱਸਣਾ ਵਾਜ਼ਬ ਹੋਵੇਗਾ ਕਿ ੪-੫ ਜੂਨ ੨੦੧੧ ਦੀ ਦਰਮਿਆਨੀ ਰਾਤ ਨੂੰ ਜਦੋਂ ਬਾਬਾ ਰਾਮਦੇਵ ਤੇ ਉਸ ਦੇ ਸਮਰਥਕਾਂ ਨੂੰ ਰਾਮ ਲੀਲਾ ਗਰਾਉਂਡ ਵਿੱਚੋਂ ਦਿੱਲੀ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਖਦੇੜ ਦਿੱਤਾ ਸੀ ਤਾਂ ਬਾਬਾ ਰਾਮਦੇਵ, ਭਾਜਪਾ ਅਤੇ ਆਰਐੱਸਐੱਸ ਦੀ ਸਾਖਾਵਾਂ ਨੂੰ ਉਹ ਦਿਨ ਇਤਿਹਾਸ ਦਾ ਸਭ ਤੋਂ ਕਾਲ਼ਾ ਦਿਨ ਅਤੇ ਲੋਕਤੰਤਰ ਦਾ ਘਾਣ ਹੋਇਆ ਦਿੱਸਣ ਲੱਗ ਪਿਆ ਸੀ ਪਰ ਇਨ੍ਹਾਂ ਲਕਵੇ ਮਾਰੀ ਬੁੱਧੀ ਵਾਲਿਆਂ ਨੂੰ ਨਵੰਬਰ ੧੯੮੪ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਅਤੇ ੨੦੦੨ ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਸਮੇਂ ਲੋਕਤੰਤਰ ਦਾ ਘਾਣ ਜਾਂ ਇਤਿਹਾਸ ਦੇ ਕਾਲ਼ੇ ਦਿਨ ਕਿਉਂ ਨਹੀਂ ਦਿੱਸਦੇ? ਉਸ ਸਮੇਂ ਵੀ ਇਸ ਲੇਖਕ ਨੇ ਇਨ੍ਹਾਂ ਸੌੜੀ ਸੋਚ ਵਾਲੇ ਆਗੂਆਂ ਨੂੰ ਇਤਿਹਾਸ ਦੇ ਅਸਲੀ ਕਾਲ਼ੇ ਦਿਨਾਂ ਦੀ ਯਾਦ ਦਾ ਚੇਤਾ ਕਰਵਾਉਣ ਲਈ ਇੱਕ ਲੇਖ ਲਿਖਿਆ ਸੀ ਜਿਹੜਾ ਕਿ ਜਿਸਦਾ ਲਿੰਕ ਸਿੰਘ ਸਭਾ ਯੁ.ਐਸ.ਏ. ਦੀ ਵੈਬਸਾਈਟ ਦੇ ਲਿੰਕ http://singhsabhausa.com/fullview.php?type=article&path=840 'ਤੇ ਪੜਿਆ ਜਾ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top