Share on Facebook

Main News Page

ਰਾਗਮਾਲਾ ਗੁਰਬਾਣੀ ਨਹੀਂ
-: ਚਰਨਜੀਤ ਸਿੰਘ ਬੱਲ

ਤਰਕਸ਼ੀਲ ਵਿਦਵਾਨਾਂ, ਖੋਜੀ ਇਤਿਹਾਸਕਾਰਾਂ ਅਤੇ ਪ੍ਰਬੀਨ ਬ੍ਰਹਮਗਿਆਨੀਆਂ ਅਨੁਸਾਰ ਰਾਗਮਾਲਾ ਗੁਰਬਾਣੀ ਨਹੀਂ, ਨਾ ਹੀ ਇਸ ਨੂੰ ਕਿਸੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿਚ ਚਾੜ੍ਹਿਆ ਅਤੇ ਨਾਂ ਹੀ ਉਹਨਾਂ ਨੇ ਕਿਸੇ ਹੋਰ ਨੂੰ ਚਾੜ੍ਹਨ ਦਾ ਆਦੇਸ਼ ਦਿੱਤਾ। ਇਹ ਕਿਸੇ ਸਿੱਖ਼ ਦੀ ਗੁਰਬਾਣੀ ਨਾਲ ਰਾਗਮਾਲਾ ਦੀ ਅਸੰਗਤੀ ਬਾਰੇ ਅਗਿਆਨਤਾ ਜਾਂ ਕਿਸੇ ਸਿੱਖ਼ੀ ਵਿਰੋਧੀ ਅਸਿੱਖ਼/ਅਖੌਤੀ ਸਿੱਖ਼ ਦੀ ਗੁੱਝੀ ਚਾਲ ਦਾ ਸਿੱਟਾ ਹੈ। ਇਹ ਸਿੱਖ਼ੀ ਵਿਰੋਧੀ ਕੁਕਰਮ ਗੁਰੂਕਾਲ ਤੋਂ ਮਗਰੋਂ ਉਦੋਂ ਹੋਇਆ ਜਦੋਂ ਸਿੱਖ਼ੀ ਦੀ ਵਾਗ-ਡੋਰ ਬਿਪ੍ਰਨੀ ਨਿਰਮਲੇ ਸਾਧਾਂ, ਮਹੰਤਾਂ, ਪੁਜਾਰੀਆਂ ਆਦਿ ਦੇ ਹੱਥ-ਵੱਸ ਸੀ। ਇਸ ਸਮੇਂ ਸਿੱਖ਼ ਪੰਥ ਮੁਗਲ ਸਰਕਾਰ, ਵਜ਼ੀਰ ਖਾਨ, ਮੁਹਮਦ ਸ਼ਾਹ ਅਬਦਾਲੀ, ਨਾਦਰ ਸ਼ਾਹ, ਜ਼ਕਰੀਆ ਖਾਨ, ਮੀਰ ਮੰਨੂ, ਆਦਿ ਨਾਲ ਜੀਵਨ/ਮੌਤ ਦੇ ਸੰਘਰਸ਼ ਵਿਚ ਜੂਝ ਰਿਹਾ ਸੀ ਅਤੇ ਆਪਣੇ ਵਡਮੁੱਲੇ ਵਿਰਸੇ, ਗੁਰਬਾਣੀ ਤੇ ਇਤਿਹਾਸ ਦੀ ਰਾਖੀ ਕਰਨ ਤੋਂ ਅਸਮਰਥ ਸੀ।

ਗੁਰਬਾਣੀ ਦਾ ਮੂਲ ਮਨੋਰਥ

ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿਚ ਚਾੜ੍ਹੀ ਹੋਈ ਰਾਗਮਾਲਾ ਗੁਰਬਾਣੀ ਨਾ ਹੋਣ ਦੇ ਪਰਮਾਣ ਇਸ ਰਾਗਮਾਲਾ ਤੋਂ ਹੀ ਸਪਸ਼ਟ ਹਨ। ਗੁਰੂ ਸਾਹਿਬਾਨ ਨੇ ਪਾਵਨ ਗੁਰਬਾਣੀ ਭਾਵੇਂ ਰਾਗਾਂ ਵਿਚ ਲਿਖੀ ਹੈ ਪਰ ਉਹਨਾਂ ਦਾ ਗੁਰਬਾਣੀ ਉਚਾਰਣ ਅਤੇ ਲਿਖਣ ਦਾ ਮੂਲ ਮਨੋਰਥ ਮਨੁੱਖਤਾ ਨੂੰ ਉੱਤਮ ਅਧਿਆਤਮਿਕ ਸੂਝ, ਧਾਰਮਿਕ ਬੂਝ, ਭਾਈਚਾਰਿਕ ਸੁਮੇਲ ਅਤੇ ਪਰਉਪਕਾਰੀ ਸਮਾਜਿਕ ਅਤੇ ਸਦਾਚਾਰੀ ਮਨੁੱਖੀ ਜੀਵਨ ਜਾਚ ਪ੍ਰਦਾਨ ਕਰਨਾ ਹੈ। ਰਾਗਮਾਲਾ ਦਾ ਸ਼ਬਦਾਰਥ ਰਾਗਾਂ ਦੀ ਸੂਚੀ ਜਾਂ ਲੜੀ ਹੈ। ਇਸ ਵਿਚ ਗੁਰਬਾਣੀ ਦੇ ਆਦਰਸ਼ਕ ਤੱਤ/ਤੱਥ ਭੋਰਾ ਮਾਤਰ ਵੀ ਨਹੀਂ ਹਨ।

ਰਾਗਮਾਲਾ ਦਾ ਸਰੋਤ ਮਾਧਵ ਨਲ ਕਾਮ ਕਾਂਦਲਾ ਨਾਮਕ ਰਚਨਾ

ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿਚਲੀ ਰਾਗਮਾਲਾ ਮੁਸਲਮਾਨ ਸੂਫੀ ਕਵੀ ਆਲਮ ਦੀ ਸੰਨ 991 ਹਿਜਰੀ (1583 ਈਸਵੀ) ਦੀ ਹਿੰਦੀ ਰਚਨਾ ਵਿੱਚੋਂ ਉਤਾਰਾ ਹੈ। ਇਹ ਰਚਨਾ ਪਾਵਨ ਗੁਰਬਾਣੀ ਉਲਟ ਰਾਗ ਅਤੇ ਨ੍ਰਿਤ-ਕਲਾ ਦੇ ਦੋ ਉੱਚ ਕੋਟੀ ਦੋ ਕਲਾਕਾਰਾਂ, ਇਕ ਬ੍ਰਾਹਮਣ ਮਾਧਵ ਨਲ ਅਤੇ ਇਕ ਸੁੰਦਰ ਕਾਮਨੀ ਕਾਮ ਕੰਦਲਾ ਦੇ ਕਾਮੁਕ ਪਰੇਮ ਰੋਗ ਦਾ ਕਿੱਸਾ ਹੈ। ਇਸ ਰਚਨਾ ਵਿਚ ਰਾਗਮਾਲਾ 33 ਅੰਕ ਦੇ ਦੋਹਰੇ ਤੋਂ 38 ਅੰਕ ਦੇ ਦੋਹਰੇ ਤਕ ਹੈ। ਇਹਨਾਂ 6 ਬੰਦਾਂ ਵਿਚ ਕਵੀ ਆਲਮ ਰਾਜ ਦਰਬਾਰ ਵਿਚ ਮਾਧਵ ਨਲ ਅਤੇ ਕਾਮ ਕੰਦਲਾ ਵਲੋਂ ਰਾਗ ਅਤੇ ਨ੍ਰਿਤ ਮੰਡਲੀ ਦਾ ਰਮਣੀਕ ਦ੍ਰਿਸ਼ ਵਿਸਥਾਰ ਨਾਲ ਦਰਸਾਉਂਦਾ ਹੈ। ਇਹ ਤੱਥ ਰਾਗਮਾਲਾ, ਜਿਸ ਦੇ ਆਰੰਭਕ ਤੇ ਅੰਤਲਾ ਅੰਕ ਹੇਠਾਂ ਦਿੱਤੇ ਹਨ, ਦੇ ਪਾਠ ਤੋਂ ਸਪਸ਼ਟ ਹਨ।

ਚੌਪਈ- ਮੁਖ ਤੇ ਉਘਟ ਮ੍ਰਿਦੰਗ ਬਜਾਵਹਿ। ਧੁਨਿ ਕਿੰਨਰ ਸੋ ਬੀਨ ਮਿਲਾਵਹਿ।
ਬੀਨ ਉਪੰਗੁ ਬਾਂਸਰੀ ਬਾਜੈ। ਢਾਢੀ ਜੰਤ੍ਰ ਅੰਮ੍ਰਿਤੀ ਰਾਜੇ।
ਸੁਰ ਮੰਡਲ ਬਾਜੈ ਘਣ ਤੰਤੀ। ਰੁਦ੍ਰ ਬੀਨ ਬਾਜੈ ਬਹੁ ਭੰਤੀ।
ਅਵਜ ਤਾਲ ਕੰਠ ਤਾਲ ਬਜਾਵਹਿ। ਅਗਨਿਤ ਤਾਲ ਤਰੰਗ ਸੁਨਾਵਿਹਿ।
ਜਲ ਤਰੰਗ ਅੰਮ੍ਰਿਤ ਕੁੰਡਲੀ। ਕੁੰਭਰ ਬਾਜੈ ਮਿਲੀ ਧੁਨਿ ਭਲੀ।

ਦੋਹਰਾ- ਬਾਜੈ ਸਰਬ ਸੰਗੀਤ, ਤਤ ਬਿਰਤ ਘਨ ਤਾਲ।
ਬਹੁਰ ਅਲਾਪਿਹਿ ਰਾਗ ਖਟ(6), ਪੰਚ ਪੰਚ ਸੰਗ ਬਾਲ (ਪੁਤ੍ਰ)
॥33॥
ਚੌਪਈ- ਖਸਟਮ (6ਵਾਂ) ਮੇਘ ਰਾਗ ਵੈ (ਉਹ) ਗਾਵਹਿ।
ਪਾਂਚੋਂ ਸੰਗ ਬਰੰਗਨਿ (ਰਾਗ ਦੀਆਂ ਇਸਤ੍ਰਆਂ) ਲਾਵਹਿ।

ਸੋਰਠ ਗੌਡ ਮਲਾਰੀ ਧੁਨੀ। ਪੁਨ ਗਾਵਹਿ ਆਸਾ ਗੁਨ ਗਨੀ।
ਉਚੇ ਸੁਰ ਸੂਵਹਿ ਪੁਨਿ ਕੀਨੀ। ਮੇਘ ਰਾਗ ਸੋ ਪਾਂਚੋਂ ਚੀਨੀ।
ਬੈਰਾਟੀ ਗਜਧਰ ਕੇਦਾਰਾ। ਜਲਧਰ ਅਉ ਨਟ ਜਬਲੀ ਧਾਰਾ।
ਪੁਨ ਗਾਵਹਿ ਸੰਕਰ ਅਰੁ ਸਿਆਮਾ। ਮੇਘ ਰਾਗ ਪੁੱਤ੍ਰਨਿ ਕੇ ਨਾਮਾ।
ਦੋਹਰਾ- ਖਸਟ ਰਾਗ ਉਨ ਮਿਲ ਕਹੇ, ਸੰਗ ਰਾਗਨੀ ਤੀਸ।
ਸਭੈ ਪੁਤ੍ਰ ਰਾਗੰਨ ਕੇ, ਅਠਾਰਹਿ ਦਸਬੀਸ
॥38॥

ਪਰ ਆਲਮ ਦੀ ਹਿੰਦੀ ਕ੍ਰਿਤ ‘ਮਾਧਵ ਨਲ ਕਾਮ ਕੰਦਲਾ’ ਵਿਚਲੀ ਰਾਗਮਾਲਾ ਦਾ ਗੁਰੂ ਗ੍ਰੰਥ ਸਾਹਿਬ ਵਿਚ ਪੰਜਾਬੀ ਵਿਚ ਉਤਾਰਾ ਕਰਨ ਵਾਲੇ ਨੇ ਅਗਿਅਆਨਤਾ ਵਸ ਜਾਂ ਗੁਝੀ ਚਾਲ ਅਧੀਨ ਬਹੁਗਿਣਤੀ ਭੋਲੇ ਤੇ ਅੰਧਵਿਸ਼ਵਾਸੀ ਸਿੱਖ਼ਾਂ ਨੂੰ ਗੁਮਰਾਹ ਕਰਨ ਲਈ ਰਾਗਮਾਲਾ 34 ਅੰਕ ਤੋਂ ਆਰੰਭ ਕੀਤੀ ਹੈ ਅਤੇ ਕੁਝ ਸ਼ਬਦਾਲਵੀ ਵੀ ਬਦਲ ਦਿੱਤੀ ਹੈ। ਇਸ ਗੁਝੀ ਚਾਲ ਦੀ ਵਲ੍ਹੇਟ ਵਿਚ ਭਾਈ ਵੀਰ ਸਿੰਘ ਵਰਗੇ ਪਰਸਿੱਧ ਵਿਦਵਾਨ ਫਸ ਕੇ ਰਹਿ ਗਏ ਹਨ।

ਚੌਪਈ- ਰਾਗ ਏਕ ਸੰਗ ਪੰਚ ਬਰੰਗਨ (ਇਸਤ੍ਰੀਆਂ। ਸੰਗਿ ਅਲਾਪਹਿ ਆਠਉ ਨੰਦਨ (ਪੁੱਤ੍ਰ)॥
ਪਰਥਮ ਰਾਗ ਭੇਰਵ ਵੈ ਕਰਹੀ। ਪੰਚ ਰਾਗਨੀ ਸੰਗ ਉਚਰੀ।
ਪ੍ਰਥਮ ਭੈਰਵੀ ਬਿਲਾਵਲੀ। ਪੁਨਿਆ ਕੀ ਗਾਵਹਿ ਬੰਗਲੀ।
ਪੁਨ ਅਸਲੇਖੀ ਕੀ ਭਈ ਬਾਰੀ। ਇਹ ਭੈਰੋਂ ਕੀ ਪਾਂਚੋਂ ਨਾਰੀ।
ਪੰਚਮ ਹਰਖ ਦਿਸਾਖ ਸੁਨਾਵਹਿ। ਬੰਗਲਾ ਮਧੁ ਮਾਧਵ ਗਾਵਹਿ।
ਦੋਹਰਾ- ਲਲਿਤ ਬਿਲਾਵਲਿ ਗਾਵਹੀ, ਅਪਨੀ ਅਪਨੀ ਭਾਂਤਿ।
ਆਠ ਪੁਤ੍ਰ ਭੈਰਵ ਕੇ, ਗਾਇਨ ਗਾਵਹਿ ਪ੍ਰਾਤਿ
॥34॥

ਰਾਗਮਾਲਾ ਦੀ ਆਲਮ ਕ੍ਰਿਤ ਨਾਲ ਪੂਰਨ ਸੰਗਤੀ

ਆਲਮ ਦੀ ਕ੍ਰਿਤ ‘ਮਾਧਵ ਨਲ ਕਾਮ ਕਾਂਦਲਾ’ ਨੂੰ ਪੜ੍ਹਿਆਂ ਸਧਾਰਨ ਵਿਅਕਤੀ ਨੂੰ ਵੀ ਸਪਸ਼ਟ ਹੋ ਜਾਂਦਾ ਹੈ ਕਿ ਇਸ ਵਿਚਲੀ ਰਾਗਮਾਲਾ ਉਸ ਰਚਨਾ ਦਾ ਅਨਿਖੜਵਾਂ ਅਤੇ ਅਟੁਟਵਾਂ ਅੰਗ ਹੈ ਅਤੇ ਇਸ ਦੀ ਉਸ ਦੇ ਵਿਸ਼ੇ, ਰੂਪ ਰੇਖਾ, ਸੰਧਰਭ ਅਤੇ ਪ੍ਰਸੰਗ ਨਾਲ ਪੂਰਨ ਇਕਸਾਰਤਾ ਅਤੇ ਸੰਗਤੀ ਹੈ। ਫੇਰ ਉਸ ਰਚਨਾ ਦੇ ਅੰਕ 34 ਦੀ ਚੋਪਈ, ਜੋ ਕਿ ਗੁਰੂ ਗ੍ਰੰਥ ਵਿਚਲੀ ਰਾਗਮਾਲਾ ਦਾ ਪਹਿਲਾ ਬੰਦ ਹੈ, ਦੀ ਅੰਤਲੀ ਤੁਕ ਵੇਖੋ ‘ਬੰਗਲਾ ਮਧੁ ਮਾਧਵ ਗਾਵਹਿ’, ਵਿਚ ਮਾਧਵ, ਜੋ ਕਿ ਇਸ ਰਚਨਾ ਦਾ ਮੁੱਖ ਪਾਤਰ ਹੈ, ਦਾ ਨਾਮ ਸਪਸ਼ਟ ਦਿੱਤਾ ਹੋਇਆ ਹੈ। ਇਸ ਕ੍ਰਿਤ ਦੇ ਅੰਕ 38, ਜੋ ਕਿ ਰਾਗਮਾਲਾ ਦਾ ਅੰਤਲਾ ਬੰਦ ਹੈ, ਤੋਂ ਵੀ ਇਹਨਾਂ ਤੱਥਾਂ ਦੀ ਪੁਸ਼ਟੀ ਹੁੰਦੀ ਹੈ।

ਰਾਗਮਾਲਾ ਦੀ ਸ਼ਬਦਾਵਲੀ ਅਤੇ ਸ਼ੈਲੀ ਗੁਰਬਾਣੀ ਨਾਲ ਨਹੀਂ ਮਿਲਦੀ

ਮਾਧਵ ਨਲ ਕਾਂਮ ਕਾਂਦਲਾ ਵਿਚਲੀ ਰਾਗਮਾਲਾ ਦੀ ਰਚਨਾ ਚੌਪਈਆਂ, ਦੋਹਰਿਆਂ ਅਤੇ ਸੋਰਠਿਆਂ ਵਿਚ ਹੈ। ਚੌਪਈ ਦੇ ਅੰਤ ਵਿਚ ਅੰਕ ਨਹੀਂ, ਚੌਪਈ ਦੇ ਹੇਠਲੇ ਦੋਹਰੇ ਜਾਂ ਸੋਰਠੇ ਦੇ ਅੰਤ ਵਿਚ ਅੰਕ ਦਿੱਤਾ ਹੋਇਆ ਹੈ। ਗੁਰਬਾਣੀ ਦੇ ਹਰ ਸ਼ਬਦ, ਅਸ਼ਟਪਦੀ, ਛੰਤ, ਸ਼ਲੋਕ ਦੇ ਸਿਰਲੇਖ ਵਿਚ ਮਹਲਾ ਜਾਂ ਕਰਤਾ ਦਾ ਨਾਮ ਅਤੇ ਅਖੀਰ ਵਿਚ ਅੰਕ ਦਿੱਤਾ ਹੋੲਆ ਹੈ। ਪਰ ਗੁਰੂ ਗ੍ਰੰਥ ਸਹਿਬ ਵਿਚਲੀ ਰਾਗਮਾਲਾ ਦੇ ਕਰਤੇ ਦਾ ਵਰਣਨ ਨਹੀਂ ਹੈ ਅਤੇ ਨਾ ਹੀ ਇਸ ਵਿਚ ਚੌਪਈ, ਦੋਹਰਾ ਅਤੇ ਸੋਰਠਾ ਸਿਰਲੇਖ ਹਨ। ਹਰ ਬੰਦ ਦੇ ਅੰਤ ਵਿਚ ਅੰਕ 1 ਦਿੱਤਾ ਹੋਇਆ ਹੈ।

ਰਾਗਮਾਲਾ ਦੀ ਸ਼ਬਦਾਵਲੀ ਅਤੇ ਸ਼ੈਲੀ ਬਾਰੇ ਪੰਥ ਦੇ ਮਹਾਨ ਵਿਦਵਾਨ ਡਾ: ਸਾਹਿਬ ਸਿੰਘ ਜੀ ਟਿਪਣੀ ਕਰਦੇ ਹੋਏ ਲਿਖਦੇ ਹਨ, “ਸ੍ਰੀ ਗੁਰੂ ਗ੍ਰੰਥ ਸਹਿਬ ਦੀ ਬਾਣੀ ਵਿਚ ਜਿੱਥੇ ਕਿੱਥੇ ਭੀ ਸੰਸਕ੍ਰਿਤ ਲਫ਼ਜ਼ ‘ਪੁਨਹ’ ਪੁਰਾਣਾ ਪੰਜਾਬੀ ਰੂਪ ਆਇਆ ਹੈ ਉਹ ਫੁਨਿ ਹੈ, ਪੁਨਿ ਕਿਤੇ ਭੀ ਨਹੀਂ। ਸਾਹਿਤਕ ਦ੍ਰਿਸ਼ਟੀਕੋਣ ਤੋਂ ਇਹ ਇਕ ਅਨੋਖੀ ਗੱਲ ਹੈ। ਕਿਸੇ ਭੀ ਗੁਰ-ਵਿਅਕਤੀ ਨੇ ਆਪਣੀ ਬਾਣੀ ਵਿਚ ਇਹ ਲਫ਼ਜ਼ (ਪੁਨ, ਪੁਨਿ) ਨਹੀਂ ਵਰਤਿਆ। ਫਿਰ ਵੇਖੋ ਸਿਰਲੇਖ। ਰਾਗਮਾਲਾ ਦੇ ਨਾਲ ‘ਮਹਲਾ 1, ਮਹਲਾ 2, ਮਹਲਾ 3, ਮਹਲਾ 4, ਮਹਲਾ 5, ਆਦਿਕ ਕੋਈ ਭੀ ਲਫ਼ਜ਼ ਨਹੀਂ, ਜਿੱਥੋਂ ਪਾਠਕ ਇਹ ਨਿਰਨਾ ਕਰ ਸਕੇ ਕਿ ਇਹ ਕਿਸ ਗੁਰ-ਵਿਅਕਤੀ ਦੀ ਲਿਖੀ ਹੋਈ ਹੈ।”

“ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਹਿਬ ਵਿਚ ਕਿਤੇ ਭੀ ਕੋਈ ਸ਼ਬਦ, ਸ਼ਲੋਕ ਆਦਿਕ ਦਰਜ ਨਹੀਂ, ਜਿਸ ਦੇ ਲਿਖਣ ਵਾਲੇ ਗੁਰ-ਵਿਅਕਤੀ ਦਾ ਨਿਰਨਾ ਕਰਨਾ ਸਿੱਖ਼ਾਂ ਉੱਤੇ ਛੱਡਿਆ ਗਿਆ ਹੈ। ਇਥੇ ਇਹ ਅਨੋਖੀ ਗੱਲ ਕਿਉਂ?”

“ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ, ਅਸ਼ਟਪਦੀਆਂ, ਛੰਤਾਂ ਨੂੰ ਧਿਆਨ ਨਾਲ ਵੇਖੋ। ਜਦੋਂ ਕਿਤੇ ਕੋਈ ਬੰਦ ਖਤਮ ਹੁੰਦਾ ਹੈ, ਤਾਂ ਉਸ ਦੇ ਅਖੀਰ ਤੇ ਅੰਕ ਦਿੱਤਾ ਹੁੰਦਾ ਹੈ। ਉਸ ਬੰਦ ਦਾ ਭਾਵ ਆਪਣੇ ਆਪ ਵਿਚ ਮੁਕਮਲ ਹੁੰਦਾ ਹੈ। ਪਰ ਰਾਗ ਮਾਲਾ ਦੀ ਕਾਵਿ ਬਣਤਰ ਵਿਚ ਇਕ ਅਨੋਖੀ ਗੱਲ ਵੇਖੀ ਜਾ ਰਹੀ ਹੈ। ਚੌਪਈ (ਦੇਖੋ ਉਕਤ ਅੰਕ 34, ਜੋ ਕਿ ਗੁਰੂ ਗ੍ਰੰਥ ਸਾਹਿਬ ਵਿਚਲੀ ਰਾਗਮਾਲਾ ਦਾ ਆਰੰਭਕ ਬੰਦ ਹੈ) ਦੀਆਂ ਅੱਠ ਤੁਕਾਂ ਦੇ ਅਖੀਰ ਤੇ ‘ਅੰਕ 1’ ਦਿੱਤਾ ਹੋਇਆ ਹੈ। ਪਰ ਅਖੀਰਲੀਆਂ ਦੋ ਤੁਕਾਂ ਵਿਚ ਭਰਉ ਦੇ ਸਾਰੇ ਪੁੱਤਰਾਂ ਦੇ ਨਾਮ ਨਹੀਂ ਆ ਸਕੇ। ਲਲਤ ਅਤੇ ਬਿਲਾਵਲ ਦੋ ਨਾਮ ਅਗਲੇ ਦੋਹਰੇ ਦੀ ਤੁਕ ਵਿਚ ਹਨ। ਉਸ ਦੋਹਰੇ ਦੇ ਅਖੀਰ ਵਿਚ ਭੀ ‘ਅੰਕ 1’ ਹੈ। ਹਰ ਥਾਂ ‘ਅੰਕ 1’ ਦਾ ਲਿਖਿਆ ਜਾਣਾ ਪਾਠਕ ਦੀ ਕੋਈ ਸਹਾਇਤਾ ਨਹੀਂ ਕਰਦਾ।”

ਰਾਗਮਾਲਾ ਗੁਰਬਾਣੀ ਦੇ ਰਾਗਾਂ ਦੀ ਸੂਚੀ ਨਾਲੋਂ ਵਖਰੀ

ਗੁਰੂ ਗ੍ਰੰਥ ਦੀ ਬਾਣੀ 37 ਰਾਗਾਂ ਵਿਚ ਉਚਾਰੀ ਅਤੇ ਲਿਖੀ ਹੋਈ ਹੈ। ਇਸ ਵਿਚਲੇ 6 ਮੁੱਖ ਰਾਗਾਂ ਵਿਚੋਂ ਸਿਰੀ ਰਾਗ ਪਹਿਲਾ, ਅਤੇ ਭੇਰਉ ਰਾਗ ਚੌਵੀਵਾਂ ਹੈ। ਪਰ ਰਾਗਮਾਲਾ, ਜਿਸ ਦੇ ਰਾਗਾਂ, ਵਹੁਟੀਆਂ ਅਤੇ ਪੁਤ੍ਰਾਂ ਦਾ ਜੋੜ 84 ਹੈ, ਭੈਰਉ ਰਾਗ ਪਹਿਲਾ ਅਤੇ ਸਿਰੀ ਰਾਗ ਪੰਜਵਾਂ ਹੈ।

“ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚਲੇ 12 ਰਾਗਾਂ ਦਾ ਰਾਗਮਾਲਾ ਵਿਚ ਵਰਣਨ ਨਹੀਂ ਹੈ ਅਤੇ ਰਾਗਮਾਲਾ ਵਿਚਲੇ 59 ਰਾਗਾਂ ਦਾ ਵਰਣਨ ਹੈ, ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਾਗ ਨਹੀਂ ਹਨ।” ਗਿ: ਰਤਨ ਸਿੰਘ ਬੀ: ਏ: ਬੀ: ਟੀ:

“ਪਾਠਕਾਂ ਵਾਸਤੇ ਇਹ ਹੈਰਾਨੀ ਵਾਲੀ ਗੱਲ ਹੀ ਹੋਵੇਗੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਕੁਝ ਰਾਗ ਇਸ ‘ਰਾਗ ਮਾਲਾ’ ਵਿਚ ਨਹੀਂ ਹਨ। ਹੋਰ ਬਥੇਰੇ ਰਾਗਾਂ ਦਾ ਜ਼ਿਕਰ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹਨ।” ਡਾ: ਸਾਹਿਬ ਸਿੰਘ ਜੀ

ਭਾਈ ਕਾਨ੍ਹ ਸਿੰਘ ਨਾਭਾ ਰਾਗਮਾਲਾ ਬਾਰੇ

ਮਾਧਵਨਲ- ਕਾਮ ਕੰਦਲਾ ਦਾ ਪ੍ਰੇਮੀ, ਸੰਗੀਤ ਵਿਦਿਆ ਦਾ ਪੰਡਿਤ ਇਕ ਬ੍ਰਾਹਮਣ। ਮਹਾਨ ਕੋਸ਼, ਪੰਨਾ 963

ਮਾਧਵਾਨਲ ਸੰਗੀਤ- ਮਾਧਵਾਨਲ ਗਵੈਏ ਦਾ ਬਣਾਇਆ ਇਕ ਸੰਗੀਤ, ਜਿਸ ਦਾ ਅਨੁਵਾਦ ਆਲਮ ਕਵੀ ਨੇ ਹਿੰਦੀ ਭਾਸ਼ਾ ਵਿਚ ਕੀਤਾ ਹੈ। ਰਾਗਮਾਲਾ ਇਸੇ ਗ੍ਰੰਥ ਦਾ ਇਕ ਪਾਠ ਹੈ। ਮਹਾਨ ਕੋਸ਼, ਪੰਨਾ 963

ਰਾਗਮਾਲਾ- ਮਾਧਵਾਨਲ ਸੰਗੀਤ ਦੇ, ਆਲਮ ਕਵਿ ਕ੍ਰਿਤ, ਹਿੰਦੀ ਅਨੁਵਾਦ ਵਿਚੋਂ 63 ਛੰਦ ਤੋਂ 72ਵੇਂ ਤੀਕ ਦਾ ਪਾਠ, ਜਿਸ ਵਿਚ ਛੀ ਰਾਗ, ਉਨ੍ਹਾਂ ਦੀਆਂ ਪੰਜ ਪੰਜ ਰਾਗਣੀਆਂ ਅਤੇ ਅੱਠ ਅੱਠ ਪੁਤ੍ਰ ਦੱਸੇ ਹਨ। ਮਹਾਨ ਕੋਸ਼, ਪੰਨਾ 1028

ਸਿੱਖ਼ ਰਹਿਤ ਮਰਯਾਦਾ

‘ਸਿਖ ਰਹਿਤ ਮਰਯਾਦਾ’ ਦੀ ਪਹਿਲੀ ਅਡੀਸ਼ਨ (ਸੰਨ 1938) ਵਿਚ ਲਿਖਿਆ ਗਿਆ ਸੀ- “ਭੋਗ ਮੁੰਦਾਵਣੀ ਉੱਤੇ ਪਾਇਆ ਜਾਵੇ ਅਤੇ ਰਾਗਮਾਲਾ ਨਾ ਪੜ੍ਹੀ ਜਾਵੇ, ਪਰ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ, ਕਿਉਂਕਿ ਇਸ ਗੱਲ ਬਾਰੇ ਪੰਥ ਵਿਚ ਅਜੇ ਤਕ ਮਤਭੇਦ ਹੈ।”

ਪਰ ਪਿਛੋਂ ਦੀਆਂ ਐਡੀਸ਼ਨਾਂ ਵਿਚ ਇਸ ਤਰ੍ਹਾਂ ਸੋਧ ਕਰ ਦਿੱਤੀ ਗਈ, “ਭੋਗ ਮੁੰਦਾਵਣੀ ਉੱਤੇ ਜਾਂ ਰਾਗਮਾਲਾ ਪੜ੍ਹ ਕੇ, ਸਥਾਨਕ ਰੀਤੀ ੳਨੁਸਾਰ ਪਾਇਆ ਜਾਵੇ। ਰਾਗਮਾਲਾ ਬਾਰੇ ਅਜੇ ਤਕ ਪੰਥ ਵਿਚ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ।” ਗਿ: ਰਤਨ ਸਿੰਘ ਬੀ: ਏ: ਬੀ: ਟੀ:

ਆਲਮ ਕਵੀ

ਆਲਮ ਨਾਮ ਦੇ ਕਵੀ ਦੋ ਹੋਏ ਹਨ, ਇਕ ਅਕਬਰ ਬਾਦਸ਼ਾਹ ਦੇ ਸਮੇਂ ਅਤੇ ਦੂਜਾ ਗੁਰੂ ਗੋਬਿੰਦ ਸਿੰਘ ਜੀ (ਬਹਾਦੁਰ ਸ਼ਾਹ) ਦੇ ਸਮੇਂ। ਦੋਵੇਂ ਹੀ ਹਿੰਦੀ ਬੋਲੀ ਦੇ ਕਵੀ ਸਨ। ਪਹਿਲਾ ਆਲਮ ਮੁਸਲਮਾਨ ਸੂਫੀ ਕਵੀ ਸੀ; ਅਤੇ ਦੂਜਾ ਇਕ ਮੁਸਲਮਾਨ ਔਰਤ ਦੇ ਇਸ਼ਕ ਦਾ ਡੰਗਿਆ ਹੋਇਆ ਸੰਸਕ੍ਰਿਤ ਦਾ ਵਿਦਵਾਨ ਹਿੰਦੂ ਤੋਂ ਮੁਸਲਮਾਨ ਬਣਿਆ ਸੀ।

"Alama Kavi; author of ‘Madhavnala Kam Kandla Nataka’ wrote his book in 1583 A.D. (Samat 1640, 991 Hijri) during the reign of Akbar, the great, whom he praises as the depository of knowledge and wealth, and as the Guru of the whole world. He is distinguished from another Alama, who flourished during Bahadur Shah’s reign and wrote on erotic suject" Dr. Hira Lall B.A. Research Scholar

ਸੰਨ, ਸੰਮਤ, ਹਿਜਰੀ

ਆਲਮ, ਮੁਸਲਮਾਨ ਸੂਫੀ ਕਵੀ ‘ਮਾਧਵ ਨਲ ਕਾਮ ਕਾਂਦਲਾ’ ਦਾ ਕ੍ਰਿਤ ਕਾਲ ‘ਸੰਮਤ ਨੌ ਸੈ ਇਕਾਨਵਾ ਆਹੀ’ ਲਿਖਦਾ ਹੈ, ਜੋ ਕਿ ਭਾਈ ਕਾਨ੍ਹ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ, ਗਿਆਨੀ ਰਤਨ ਸਿੰਘ ਬੀ: ਏ: ਬੀ: ਟੀ: ਸਮੇਤ ਪ੍ਰਸਿੱਧ ਵਿਦਵਾਨਾ ਅਨੁਸਾਰ ਹਿਜਰੀ ਸੰਨ ਹੈ। ਹਿਜਰੀ (ਹਿਜਰ, ਵਿਛੋੜੇ ਦਾ ਸਮਾਂ) ਸੰਨ 622 ਈਸਵੀ, ਜਦੋਂ ਮੁਹੰਮਦ ਨੂੰ ਉਸ ਦੇ ਵਿਰੋਧੀ ਧੜੇ ਦੇ ਭਾਰੇ ਪਲੜੇ ਨਾਲ ਟਕਰਾਉ ਕਾਰਨ ਮੱਕਾ ਛੱਡ ਕੇ ਮਦੀਨੇ ਨੂੰ ਭਜਣਾ ਪਿਆ ਸੀ, ਤੋਂ ਆਰੰਭ ਹੁੰਦਾ ਹੈ।

ਹਵਾਲੇ ਦੇ ਸਰੋਤ ਦੀ ਸੂਚੀ

‘ਮਾਧਵ ਨਲ ਕਾਮ ਕਾਂਦਲਾ (ਕ੍ਰਿਤ ਕਵੀ ਆਲਮ) ਤੇ ਰਾਗਮਾਲਾ ਨਿਰਣਯ (ਪੜਚੋਲ)’ ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ
‘ਰਾਗਮਾਲਾ’ ਗਿਆਨੀ ਰਤਨ ਸਿੰਘ ਬੀ: ਏ: ਬੀ: ਟੀ: ਵੋਰਿਕ, ਯੂ: ਕੇ:, ਉਸੇ ਪੁਸਤਕ ਵਿਚੋਂ, (ਬਿਦਿੲਮ)
‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ’ ਡਾ: ਸਾਹਿਬ ਸਿੰਘ
‘ਮਹਾਨ ਕੋਸ਼’ ਭਾਈ ਕਾਨ੍ਹ ਸਿੰਘ ਨਾਭਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top