Share on Facebook

Main News Page

ਪੰਜਾਬੀਆਂ ਅਤੇ ਸਿੱਖ ਅਖਵਾਉਣ ਵਾਲ਼ਿਆਂ ਵਿੱਚ ਭਰਮ
-: ਗੁਰਿੰਦਰ ਸਿੰਘ ਸਿਡਨੀ

ਗੁਰੂ ਸਾਹਿਬਾਨ ਨੇ ਆਮ ਮਨੁਖਾਂ ਨੂੰ ਭਰਮਾਂ ਵਿਚੋਂ ਬਾਹਰ ਕਢਣ ਲਈ ਲੱਗਭੱਗ ੫੦੦ ਸਾਲ ਤੋਂ ਵਧ ਦਾ ਸਮਾਂ ਲਗਾਇਆ ਅਤੇ ਅੱਜ ਵੀ ਜਾਗਤ ਜੋਤ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀਆਂ ਮਹਾਨ ਸਿਖਿਆਵਾਂ ਨਾਲ ਗੁਰਸਿੱਖਾਂ ਨੂੰ ਯੋਗ ਅਗਵਾਈ ਦੇ ਰਿਹੇ ਹਨ, ਪਰ ਬੜੇ ਦੁਖ ਦੀ ਗਲ ਹੈ ਕਿ ਗੁਰਬਾਣੀ ਦੇ ਮਹਾਨ ਖਜਾਨੇ ਦੇ ਬਾਵਜੂਦ ਅਸੀਂ ਭਰਮਾਂ ਵਿਚੋਂ ਨਿਕਲਣਾ ਤਾਂ ਦੂਰ ਦੀ ਗੱਲ, ਹਲੇ ਤੱਕ ਇਹ ਵੀ ਨਹੀਂ ਸਮਝ ਸਕੇ ਕਿ ਭਰਮ ਕਿਹੜੇ-ਕਿਹੜੇ ਹਨ। ਇੱਕ ਮਨੁੱਖ ਦੇ ਜਨਮ ਤੋਂ ਮੌਤ ਤੱਕ ਜ਼ਿੰਦਗੀ ਦੇ ਹਰ ਮੋੜ 'ਤੇ ਇਨੇ ਭਰਮ ਹਨ, ਕਿ ਗਿਣਤੀ ਕਰਨੀ ਵੀ ਮੁਸ਼ਕਿਲ ਹੈ।

ਜਨਮ ਅਤੇ ਬਚਪਨ ਦੇ ਭਰਮ: ਇੱਕ ਬੱਚੇ ਦੇ ਪੈਦਾ ਹੁੰਦੇ ਹੀ ਪਹਿਲਾ ਭਰਮ ਕੀਤਾ ਜਾਂਦਾ ਹੈ ਸੂਤਕ ਅਤੇ ਪਾਤਕ ਦਾ, ਇਹ ਮੰਨ ਲਿਆ ਜਾਂਦਾ ਹੈ, ਕਿ ਜਿਸ ਘਰ ਵਿੱਚ ਕਿਸੇ ਦਾ ਜਨਮ ਜਾਂ ਮੌਤ ਹੋਈ ਹੋਵੇ ਉਸਦਾ ਭੋਜਨ ਭਿਟਿਆ ਜਾਂਦਾ ਹੈ। ਬਿਪਰ ਦੀ ਸੋਚ ਮੁਤਾਬਕ ਭੋਜਨ ਉਨਾਂ ਚਿਰ ਪਵਿਤਰ ਨਹੀਂ ਹੁੰਦਾ ਜਿਨਾ ਚਿਰ ਕਿਸੇ ਪੁਜਾਰੀ ਨੂੰ ਘਰ ਲਿਜਾ ਕੇ ਭੋਜਨ ਨਹੀਂ ਛਕਾਇਆ ਜਾਂਦਾ, ਪਰ ਦੁਖ ਦੀ ਗੱਲ ਤਾਂ ਇਹ ਹੈ ਕਿ ਬਿਪਰ ਦੇ ਤਾਂ ਇਕ ਪੁਜਾਰੀ ਜਾਂਦਾ ਸੀ, ਪਰ ਹੌਲੀ ਹੌਲੀ ਇਹ ਭਰਮ ਸਾਡੇ ਘਰਾਂ ਵਿੱਚ ਆ ਗਿਆ। ਫਿਰ ਕੀ ਬਿਪਰ ਦੇ ਇਕ ਪੁਜਾਰੀ ਦੀ ਜਗਾ, ਸਾਡੇ ਪੰਜ ਪੁਜਾਰੀਆਂ ਨੇ ਲੈ ਲਈ। ਇਸ ਪਖੰਡ ਨੂੰ ਗੁਰੂ ਜੀ ਨੇ ਬਹੁਤ ਧਿਆਨ ਨਾਲ ਦੇਖਿਆ ਅਤੇ ਕਿਹਾ:-

ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ (ਮ:੧ ਪੰਨਾ ੪੭੨)

ਜੇ ਸੂਤਕ ਨੂੰ ਮੰਨ ਲਈਏ ਭਾਵ, ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ, ਤਾਂ ਇਹ ਭੀ ਚੇਤਾ ਰੱਖੋ, ਕਿ ਇਸ ਤਰ੍ਹਾਂ ਸੂਤਕ ਸਭ ਥਾਈਂ ਹੁੰਦਾ ਹੈ ਅਤੇ ਗੋਹੇ ਤੇ ਲਕੜੀ ਦੇ ਅੰਦਰ ਭੀ ਕੀੜੇ ਹੁੰਦੇ ਹਨ, ਜੋ ਜੰਮਦੇ ਮਰਦੇ ਰਹਿਦੇ ਹਨ। ਜੇਕਰ ਅਜਿਹਾ ਭਰਮ ਕੀਤਾ ਜਾਵੇ ਤਾਂ ਭੋਜਨ ਨੂੰ ਪਕਾਇਆ ਹੀ ਨਹੀਂ ਜਾ ਸਕਦਾ।

ਇਸਤੋਂ ਬਾਅਦ ਬੱਚਾ ਜਦੋਂ ਥੋੜਾ ਵੱਡਾ ਹੁੰਦਾ ਹੈ, ਕੁੱਝ ਲੋਕ ਕਿਸੇ ਤਵੀਤ ਨੂੰ ਬਚੇ ਦੇ ਗੱਲ ਵਿੱਚ ਪਾ ਦਿੰਦੇ ਹਨ, ਜਿਸਨੂੰ ਰੱਖ ਵੀ ਕਿਹਾ ਜਾਂਦਾ ਹੈ, ਇਸਦਾ ਮੇਨ ਫੰਕਸ਼ਨ ਬਚੇ ਨੂੰ ਬੁਰੀ ਨਜਰ ਤੋਂ ਬਚਾਉਣਾ ਹੁੰਦਾ ਹੈ। ਜਿਆਦਾਤਰ ਇਹ ਕਿਸੇ ਪਖੰਡੀ ਦੁਆਰਾ ਤਿਆਰ ਕਰਕੇ ਦਿਤੀ ਜਾਂਦੀ ਹੈ, ਕਦੇ ਕੋਈ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਪਛਮੀ ਦੇਸ਼ਾਂ ਵਿੱਚ ਜਿਥੇ ਅਜਿਹੇ ਪਖੰਡ ਲਈ ਕੋਈ ਜਗਾ ਨਹੀਂ ਹੈ, ਉਥੇ ਬਚਿਆਂ ਦੀ ਰਾਖੀ ਕੌਣ ਕਰਦਾ ਹੈ। ਜੇਕਰ ਰੱਖ ਬਾਰੇ ਗੁਰੂ ਅਰਜਨ ਦੇਵ ਜੀ ਕੋਲੋਂ ਪੁਛਿਆ ਜਾਵੇ ਤਾਂ ਉਹ ਕਹਿੰਦੇ ਹਨ :

ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥ (ਪੰਨਾ ੧੦੩)
ਰਾਖਾ ਏਕੁ ਹਮਾਰਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥ (ਪੰਨਾ ੧੧੩੬)

ਭਾਵ: ਹੇ ਪ੍ਰਮਾਤਮਾ! ਤੁਸੀਂ ਸਭ ਥਾਵਾਂ ਤੇ ਮੇਰੇ ਰਾਖੇ ਹੋ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ ਅਤੇ ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ ਕਿਉਕਿ ਤੁਸੀਂ ਹਰੇਕ ਦੇ ਮੰਨ ਦੀ ਜਾਨਣ ਵਾਲੇ ਹੋ।

ਵੈਸੇ ਵੀ ਜੇਕਰ ਨਜ਼ਰ ਲਗਣ ਦੇ ਪਿਛੋਕੜ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਪਤਾ ਲਗਦਾ ਹੈ ਕਿ ਜਿਸ ਸਮੇਂ ਮੁਸਲਿਮ ਹਮਲਾਵਰ ਹਿੰਦੁਸਤਾਨ ਵਿੱਚ ਆਉਂਦੇ ਸਨ, ਤਾਂ ਲੋਕ ਆਪਣੀਆਂ ਖੂਬਸੂਰਤ ਲੜਕੀਆਂ ਦੇ ਮੁੰਹ ਉਪਰ ਇਕ ਕਾਲੇ ਰੰਗ ਦਾ ਧੱਬਾ ਲਗਾ ਦਿੰਦੇ ਸਨ, ਤਾਂ ਜੋ ਉਹ ਵਿਦੇਸ਼ੀ ਹਮਲਾਵਰਾਂ ਨੂੰ ਬਦਸੂਰਤ ਲਗਣ ਅਤੇ ਉਹਨਾਂ ਦੀ ਨਜਰ ਵਿੱਚ ਨਾ ਆਉਣ। ਸੋ, ਇਥੇ ਇਕ ਗੱਲ ਧਿਆਨ ਦੇਣ ਜੋਗ ਹੈ ਕਿ ਇਹ ਸ਼ਬਦ “ਨਜ਼ਰ ਵਿੱਚ ਆਉਣਾ ਹੈ” ਨਾ ਕਿ ਨਜਰ ਲਗਣਾ, ਪਰ ਸਮੇਂ ਦੇ ਨਾਲ “ਨਜ਼ਰ ਲਗਣਾ ਕਿਹਾ” ਜਾਣ ਲੱਗਾ। ਇਥੇ ਇੱਕ ਗੱਲ ਹੋਰ ਧਿਆਨਯੋਗ ਹੈ, ਕਿ ਨਜਰ ਵਿੱਚ ਆਉਣ ਦਾ ਖਤਰਾ ਸਿਰਫ ਲੜਕੀਆਂ ਨੂੰ ਹੁੰਦਾ ਸੀ, ਪਰ ਹੁਣ ਪੜੇ ਲਿਖੇ ਲੋਕ ਅਤੇ ਸਿੱਖ ਵੀ ਆਪਣੇ ਬੱਚਿਆਂ ਦੇ ਕਾਲੇ ਰੰਗ ਦੇ ਨਿਸ਼ਾਨ ਲੱਗਾ ਦਿੰਦੇ ਹਨ, ਜੋ ਸਿਰਫ ਇਕ ਭਰਮ ਹੀ ਹੈ। ਸਿਰਫ ਇਨਾ ਹੀ ਨਹੀਂ, ਹੁਣ ਤਾਂ ਅਜੋਕੇ ਸਿੱਖ ਆਪਣੇ ਘਰਾਂ, ਟ੍ਰੈਕਟਰਾਂ, ਟਰਾਲੀਆਂ ਕਾਰਾਂ ਆਦਿ ਨੂੰ ਵੀ ਨਜ਼ਰ ਲੱਗਣ ਤੋਂ ਡਰਦੇ ਹਨ। ਨਜ਼ਰ ਲਗਣ ਦਾ ਇਹ ਪਖੰਡ ਇਥੇ ਹੀ ਖਤਮ ਨਹੀਂ ਹੁੰਦਾ, ਬਲਕਿ ਮਨਮੁਖ ਲੋਕ ਆਪਣੀ ਸਾਰੀ ਜ਼ਿੰਦਗੀ ਇਸ ਭਰਮ ਵਿੱਚ ਹੀ ਗੁਜ਼ਾਰ ਦਿੰਦੇ ਹਨ।

ਹੋਰ ਭਰਮ: ਇਸ ਤੋਂ ਇਲਾਵਾ ਅਜਿਹੇ ਕਈ ਛੋਟੇ ਵਡੇ ਭਰਮ ਜਿਵੇਂ ਬਿੱਲੀ ਦਾ ਰਸਤਾ ਕਟਣਾ, ਖੋਤੇ ਦਾ ਮੱਥੇ ਲਗਣਾ, ਝਾੜੂ ਖੜਾ ਨਾ ਕਰਨਾ ਆਦਿ, ਇਥੇ ਇੱਕ ਗੱਲ ਧਿਆਨਯੋਗ ਹੈ, ਕਿ ਮਨੁਖਾਂ ਦੀ ਮਾਨਸਿਕਤਾ ਨੂੰ ਇਨਾਂ ਕਮਜ਼ੋਰ ਕਰ ਦਿਤਾ ਗਿਆ ਹੈ, ਕਿ ਬਿੱਲੀ ਜੋ ਇੱਕ ਸਭ ਤੋਂ ਕਮਜ਼ੋਰ ਜਾਨਵਰ ਹੈ। ਅਜੋਕੇ ਮਨੁੱਖ ਉਸਦੇ ਰਾਸਤਾ ਕਟਣ ਤੋਂ ਵੀ ਡਰਨ ਲੱਗ ਗਏ ਹਨ ਅਤੇ ਖੋਤਾ ਜਿਸਨੂੰ ਇੱਕ ਬੁਧੀ ਹੀਣ ਜਾਨਵਰ ਜਾਣਿਆ ਜਾਂਦਾ ਹੈ, ਉਸਦੇ ਮੱਥੇ ਲਗਣ ਤੋਂ ਇਹ ਸਮਝਦੇ ਹਨ, ਕਿ ਸ਼ਾਇਦ ਖੋਤਾ ਮਥੇ ਲੱਗਣ ਨਾਲ ਉਹਨਾਂ ਦਾ ਕੰਮ ਨਹੀਂ ਹੋਵੇਗਾ, ਕਿਉਂਕਿ ਕੰਮ ਦੇ ਨਾ ਹੋਣ ਦਾ ਖੋਤੇ ਨੂੰ ਪਤਾ ਲੱਗ ਗਿਆ ਹੈ। ਕਿੰਨੀ ਹੈਰਾਨੀ ਦੀ ਗੱਲ ਹੈ, ਉਹ ਸਿੱਖ ਜੋ ਹਰ ਰੋਜ਼ ਪੜਦਾ ਹੈ "ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥" ਉਹ ਵੀ ਖੋਤਾ ਦੇਖ ਕੇ ਮੁੜ ਜਾਂਦਾ ਹੈ।

ਬਾਕੀ ਰਹੀ ਗੱਲ ਝਾੜੂ ਦੀ, ਜਿਸ ਦੇ ਕਿ ਪਿਛੋਕੜ ਵਿੱਚ ਇੱਕ ਕਾਰਨ ਹੈ, ਕਿਉਂਕਿ ਪਹਿਲੇ ਸਮਿਆਂ ਵਿੱਚ ਵਦੇਰੇ ਝਾੜੂ ਬਾਂਸ ਦੀਆਂ ਤੀਲਾਂ ਤੋਂ ਬਣਦੇ ਸਨ ਅਤੇ ਝਾੜੂ ਖੜਾ ਕਰਨ ਨਾਲ ਇਹ ਖਤਰਾ ਬਣਿਆਂ ਰਹਿੰਦਾ ਸੀ ਕਿ ਕਿਤੇ ਕੋਈ ਬਚਾ ਖੇਲਦਾ-ਖੇਲਦਾ ਇਹ ਤੀਲਾਂ ਆਪਣੀ ਅਖ ਵਿੱਚ ਨਾ ਮਰਵਾ ਲਵੇ, ਇਸ ਲਈ ਅਜਿਹਾ ਕਿਹਾ ਜਾਂਦਾ ਸੀ, ਪਰ ਅਸੀਂ ਇਹ ਵੀ ਭਰਮ ਬਣਾ ਲਿਆ। ਇਹਨਾ ਭਰਮਾਂ ਤੋਂ ਇਲਾਵਾ ਹੋਰ ਵੀ ਕਈ ਭਰਮ ਰੋਜ਼ਾਨਾ ਜਿੰਦਗੀ ਦਾ ਹਿੱਸਾ ਬਣ ਗਏ ਹਨ, ਜਿਵੇਂ ਹਥਾਂ ਵਿੱਚ ਰੰਗ ਬਰੰਗੇ ਨੱਗ ਪਾਉਣਾ ਜਾਂ ਕਿਸੇ ਪਖੰਡੀ ਕੋਲੋਂ ਲੈ ਕੇ ਗਲੇ ਜਾਂ ਬਾਂਹ ਨਾਲ ਤਵੀਤ ਬੰਨਣਾ, ਪਿਛੋਂ ਆਵਾਜ਼ ਮਾਰਨਾ, ਜੁੱਤੀ ਦਾ ਪੁੱਠਾ ਹੋਣਾ, ਕਿਤੇ ਜਾਣ ਸਮੇਂ ਕਿਸੇ ਦਾ ਛਿੱਕ ਮਾਰਨਾ ਆਦਿ...

ਅਨਗਿਣਤ ਅਜਿਹੇ ਭਰਮ ਵੀ ਹਨ, ਜੋ ਪਹਿਲੇ ਸਮਿਆਂ ਵਿੱਚ ਨਹੀਂ ਸਨ, ਪਰ ਅਜੋਕੇ ਸਮੇਂ ਦੀ ਦੇਣ ਹਨ, ਜਿਵੇਂ ਇੱਕ ਭਰਮ ਅੱਜ ਕੱਲ ਆਮ ਹੀ ਕੀਤਾ ਜਾਂਦਾ ਹੈ ਕਿ ਟਰੈਕਟਰ ਜਾਂ ਕਿਸੇ ਹੋਰ ਗੱਡੀ ਨੂੰ ਚਲਾਉਣ ਤੋਂ ਪਹਿਲਾਂ ਇੱਕ ਵਾਰ ਅਗੇ ਦਾ ਗਿਯਰ ਪਾਇਆ ਜਾਂਦਾ ਹੈ ਅਤੇ ਕਈ ਲੋਕ ਅਜਿਹਾ ਵੀ ਮੰਨ ਲੈਂਦੇ ਹਨ ਕਿ ਜੇਕਰ ਬੈਕ ਗਿਯਰ ਪਾ ਦਿਤਾ ਜਾਵੇਗਾ, ਤਾਂ ਚਾਲਕ ਨੂੰ ਕਾਰੋਬਾਰ ਵਿੱਚ ਘਾਟਾ ਵੀ ਪੈ ਸਕਦਾ ਹੈ। ਇੱਥੇ ਗੌਰ ਤਲਬ ਹੈ ਕਿ ਵਿਦੇਸ਼ਾਂ ਵਿੱਚ ਜਿਥੇ ਪੰਜਾਬ ਦੇ ਨੋਜਵਾਨ ਅੱਜਕੱਲ ਸੈਮੀ ਟ੍ਰਕ ਆਦਿ ਚਲਾਉਂਦੇ ਹਨ, ਜਿਆਦਾਧਰ ਸਭ ਤੋਂ ਪਹਿਲਾਂ ਬੈਕ ਗਿਯਰ ਦਾ ਇਸਤਮਾਲ ਹੀ ਕਰਦੇ ਹਨ, ਤਾਂ ਜੋ ਉਹ ਕਪ੍ਲਿੰਗ ਚੈਕ ਕਰ ਸਕਣ, ਪਰ ਉਹਨਾਂ ਦੇ ਕਾਰੋਬਾਰ ਵਿੱਚ ਫਿਰ ਵੀ ਵਾਧਾ ਹੀ ਹੁੰਦਾ ਹੈ।

ਵਿਆਹ ਸਮੇਂ ਦੇ ਭਰਮ: ਉਪਰੋਕਤ ਭਰਮਾਂ ਤੋਂ ਬਿਨਾਂ ਅਨੇਕਾਂ ਹੀ ਭਰਮ ਹਨ, ਜੋ ਕਿ ਵਿਆਹ ਦੇ ਸਮੇ ਵਿੱਚ ਕੀਤੇ ਜਾਂਦੇ ਹਨ। ਜਿਵੇਂ:-ਵਿਆਹ ਲਈ ਸ਼ੁਭ ਦਿਨ ਕੱਢਵਾਉਣਾ ਅਤੇ ਕਿਸੇ ਪੰਡਤ ਤੋਂ ਪੁਛ ਕੇ ਕੁੰਡਲੀਆਂ ਮਿਲਵਾਉਣਾ ਜਾਂ ਜਿਸ ਕਿਸੇ ਮਰਦ ਜਾਂ ਇਸਤਰੀ ਦਾ ਵਿਆਹ ਰਖਿਆ ਗਿਆ ਹੋਵੇ, ਉਸਨੂੰ ਘਰ ਚੋਂ ਬਾਹਰ ਨਿਕਲਣਾ ਬੰਦ ਕਰ ਦਿਤਾ ਜਾਣਾ॥ ਪਰ ਕਿਨੀ ਹੈਰਾਨੀ ਦੀ ਗੱਲ ਹੈ, ਉਹ ਸਿੱਖ ਜੋ ਹਰ ਰੋਜ਼ ਗੁਰੂ ਨਾਨਕ ਪਾਤਸ਼ਾਹ ਦੇ ਇਹਨਾ ਸਬਦਾਂ ਨੂੰ ਪੜਦਾ ਅਤੇ ਸੁਣਦਾ ਹੈ ਉਹ ਵੀ ਇਹਨਾਂ ਭਰਮਾਂ ਦਾ ਸ਼ਿਕਾਰ ਹੋ ਚੁਕਾ ਹੈ।

ਸਾਹਾ ਗਣਹਿ ਨ ਕਰਹਿ ਬੀਚਾਰੁ ਸਾਹੇ ਊਪਰਿ ਏਕੰਕਾਰੁ ॥ (ਪੰਨਾ ੯੦੪)

ਅੰਤਮ ਸਮੇਂ ਦੇ ਭਰਮ: ਜਿਥੇ ਆਮ ਮਨੁੱਖ ਆਪਣਾ ਸਾਰਾ ਜੀਵਨ ਭਰਮਾਂ ਵਿੱਚ ਬਤੀਤ ਕਰਦੇ ਹਨ, ਉਥੇ ਇਸ ਸੰਸਾਰ ਤੋਂ ਵਿਦਾਇਗੀ ਸਮੇਂ ਵੀ ਇਹ ਭਰਮ ਪਿਛਾ ਨਹੀਂ ਛੱਡਦੇ, ਜਿਵੇਂ ਕੇ ਮੌਤ ਤੋਂ ਤੁਰੰਤ ਬਾਅਦ ਹੀ ਮ੍ਰਿਤਕ ਨੂੰ ਮੰਜੇ ਤੋਂ ਹੇਠਾਂ ਉਤਰ ਦਿਤਾ ਜਾਂਦਾ ਹੈ। ਜੇਕਰ ਕਿਸੇ ਜਵਾਨ ਜਾਂ ਬੱਚੇ ਦੀ ਮੌਤ ਹੋ ਜਾਵੇ ਤਾਂ ਰੋਣਾ ਸੁਭਾਵਿਕ ਹੀ ਆ ਜਾਂਦਾ ਹੈ, ਪਰ ਕਈ ਵਾਰ ੯੦-੯੫ ਸਾਲ ਦੇ ਬੰਦਿਆਂ ਦਾ ਵੀ ਕਾਫੀ ਪਿੱਟ ਸਿਆਪਾ ਕੀਤਾ ਜਾਂਦਾ ਹੈ। ਪਿੰਡਾਂ ਵਿੱਚ ਕੁੱਝ ਕੁ ਬੀਬੀਆਂ ਅਜਿਹੀਆਂ ਹੁੰਦੀਆਂ ਹਨ, ਮਾਨੋ ਜਿਹਨਾ ਦਾ ਸ਼ਾਇਦ ਇਹ ਪ੍ਰੋਫੈਸ਼ਨ ਹੀ ਹੋਵੇ ਇਸ ਤਰਾਂ ਵੈਣ ਪਾਉਂਦੀਆਂ ਹਨ, ਜਿਵੇਂ ਸੁਰ ਵਿੱਚ ਕੋਈ ਰਾਗ ਅਲਾਪ ਰਹੀਆਂ ਹੋਣ। ਪਰ ਕੀ ਇਸ ਤਰਾਂ ਪਿੱਟਣਾ ਗੁਰਮਤਿ ਨੂੰ ਪ੍ਰਵਾਨ ਹੈ? ਬਲਕਿ ਸਤਿਗੁਰੂ ਅਰਜਨ ਪਾਤਸ਼ਾਹ ਜੀ ਤਾਂ ਕਿਹੰਦੇ ਹਨ:- ਰੋਵਨਹਾਰੇ ਕੀ ਕਵਨ ਟੇਕ ॥ ਇਨਾਂ ਹੀ ਬਸ ਨਹੀਂ ਜੇਕਰ ਮਰਨ ਵਾਲਾ ਕਿਸੇ ਬਿਮਾਰੀ ਕਾਰਨ ਮਰਿਆ ਹੋਵੇ ਤਾਂ ਕੁਝ ਲੋਕ ਮ੍ਰਿਤਕ ਨਾਲ ਕੋਈ ਕਾਨਾ ਵੀ ਰੱਖ ਦਿੰਦੇ ਹਨ। ਮ੍ਰਿਤਕ ਸੰਸਕਾਰ ਸਮੇਂ ਕੁੱਝ ਸਥਾਨਾਂ ਉਪਰ ਇੱਕ ਚਾਟੀ ਵੀ ਭੰਨੀ ਜਾਂਦੀ ਹੈ, ਤਾਂ ਜੋ ਮਰਨ ਵਾਲੇ ਨੂੰ ਪਤਾ ਲੱਗ ਜਾਵੇ, ਕਿ ਉਹ ਹੁਣ ਮਰ ਚੁਕਾ ਹੈ। ਕਮਾਲ ਦੀ ਗੱਲ ਇਹ ਹੈ ਕਿ ਜਿਥੇ ਵਿਦੇਸ਼ਾਂ ਵਿੱਚ ਅਜਿਹੇ ਕਰਮ ਨਹੀਂ ਕੀਤੇ ਜਾਂਦੇ, ਕੀ ਮ੍ਰਿਤਕਾਂ ਨੂੰ ਪਤਾ ਹੀ ਨਹੀਂ ਚਲਦਾ ਕਿ ਉਹ ਮਰ ਚੁਕੇ ਹਨ?

ਜੇਕਰ ਸਾਰੇ ਭਰਮਾਂ ਦਾ ਜਿਕਰ ਕਰਨ ਦੀ ਕੋਸ਼ਿਸ਼ ਕਰਾਂ, ਤਾਂ ਸ਼ਾਇਦ ਇੱਕ ਲੇਖ ਤਾਂ ਕੀ ਕਈ ਕਿਤਾਬਾਂ ਲਿਖਣੀਆਂ ਪੈ ਸਕਦੀਆਂ ਹਨ। ਇਹਨਾਂ ਭਰਮਾਂ ਤੋਂ ਮੁਕਤੀ ਪਾਉਣ ਦਾ ਇਕ ਹੀ ਤਰੀਕਾ ਹੈ, ਕਿ ਸੱਚੇ ਸਤਿਗੁਰੂ ਗ੍ਰੰਥ ਸਾਹਿਬ ਕੋਲੋਂ ਯੋਗ ਅਗਵਾਈ ਲਈ ਜਾਵੇ ਅਤੇ ਸ਼ਬਦ ਨਾਲ ਆਪਣੇ ਭਰਮ ਦੂਰ ਕੀਤੇ ਜਾਣ। ਸਤਿਗੁਰੂ ਨਾਨਕ ਪਾਤਸ਼ਾਹ ਦਾ ਫੁਰਮਾਨ ਹੈ:-

ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥੧॥ (ਪੰਨਾ ੧੯)
ਮਨ ਰੇ ਸਬਦਿ ਤਰਹੁ ਚਿਤੁ ਲਾਇ

ਗੁਰੂ ਗ੍ਰੰਥ ਅਤੇ ਪੰਥ ਦਾ ਦਾਸ
ਫੋਨ ੦੪੧੩੭੯੯੨੧੧


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top