Share on Facebook

Main News Page

ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵੱਲੋਂ ਬਿਕਰਮ ਮਜੀਠੀਆ ਤਨਖਾਹੀਆ ਕਰਾਰ, ਪਰ ਗੁਰਬਚਨ ਸਿੰਘ ਮਾਮਲਾ ਰਫਾ ਦਫਾ ਕਰਨ ਦੀ ਯੋਜਨਾ ਵਿੱਚ

ਨਾਂਦੇੜ (26 ਅਪ੍ਰੈਲ 2014): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ‘ਚ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਕੀਤੀ ਬੱਜਰ ਕੁਤਾਹੀ ਦਾ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨੇ ਸਖਤ ਸਟੈਂਡ ਲੈ ਲਿਆ ਹੈ, ਜਿਸ ‘ਚ ਜਿਥੇ ਬਿਕਰਮ ਸਿੰਘ ਮਜੀਠੀਆ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹੈ, ਉਥੇ ਕੌਮ ਦੇ ਨਾਂ ਜਾਰੀ ਹੁਕਮਨਾਮੇ ‘ਚ ਇਹ ਵੀ ਕਿਹਾ ਗਿਆ ਹੈ ਕਿ ਮਜੀਠੀਆ ਮੱਥੇ ਕੋਈ ਨਾ ਲੱਗੇ, ਜਦੋਂ ਕਿ ਤਖਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ‘ਤੇ ਫੈਸਲਾ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ‘ਤੇ ਛੱਡਿਆ ਹੋਇਆ ਹੈ।

ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਲੋਂ ਕੈਬਿਨਟ ਮੰਤਰੀ ਮਜੀਠੀਆ ਨੂੰ ਤਨਖਾਹੀਆ ਕਰਾਰ ਦੇ ਕੇ ਕੀਤੀ ਗਈ ਪਹਿਲ ਨੇ ਕੌਮ ਨੂੰ ਦੁਚਿੱਤੀ ਵਿਚ ਪਾ ਦਿੱਤਾ ਹੈ ਜਦੋਂਕਿ ਸਿਰਮੌਰ ਸਿੱਖ ਆਗੂ ਵਜੋਂ ਸਥਾਪਿਤ ਤੇ ਸਿੱਖ ਰਾਜਨੀਤੀ ‘ਚ ਮਜ਼ਬੂਤ ਪਕੜ ਰੱਖਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਉਸਨੂੰ ਕਲੀਨ ਚਿੱਟ ਦਿੱਤੀ ਹੋਈ ਹੈ

ਨਾਂਦੇੜ ਵਿਖੇ ਸਥਿਤ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਉਪਰੰਤ ਜਾਰੀ ਹੁਕਮਨਾਮੇ ਅਨੁਸਾਰ ਬਿਕਰਮ ਮਜੀਠੀਆ ਦੀ ਗਲਤੀ ਨੂੰ ਘੋਰ ਅਪਰਾਧ ਐਲਾਨਿਆ ਗਿਆ ਹੈ ਤੇ ਇਸ ਅਪਰਾਧ ਦੇ ਤਹਿਤ ਹੀ ਮਜੀਠੀਆ ਨੂੰ ਤਖਤ ਸਚਖੰਡ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਦੀ ਇਕੱਤਰਤਾ ਤਨਖਾਹੀਆ ਕਰਾਰ ਦਿੰਦੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਬਿਕਰਮ ਮਜੀਠੀਆ ਦੇ ਕੋਈ ਵੀ ਮੱਥੇ ਨਾ ਲੱਗੇ

ਹੁਕਮਨਾਮੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਜੀਠੀਆ ਨੇ ਰਾਜਨੇਤਾ ਅਰੁਣ ਜੇਤਲੀ ਦਾ ਨਾਂ ਲੈਂਦਿਆਂ ‘ਨਿਸ਼ਚੈ ਕਰ ਅਰੁਣ ਜੇਤਲੀ ਕੀ ਜੀਤ ਕਰੂੰ’ ਕਿਹਾ ਹੈ, ਜਿਸ ਨਾਲ ਇਕ ਆਮ ਇਨਸਾਨ ਦਾ ਨਾਂ ਪਾ ਕੇ ਬਾਣੀ ਦੀ ਬੇ-ਅਦਬੀ ਕੀਤੀ ਗਈ ਹੈ ਤੇ ਇਸ ਘੋਰ ਪਾਪ ਪ੍ਰਤੀ ਸਾਰੇ ਸਿੱਖ ਜਗਤ ਅੰਦਰ ਰੋਸ ਹੈ। ਸੰਗਤਾਂ ਦੀ ਮੰਗ ਹੈ ਕਿ ਮਜੀਠੀਆ ਨੂੰ ਸਖਤ ਸਜ਼ਾ ਦਿੱਤੀ ਜਾਵੇ।

ਹੁਕਮਨਾਮੇ ਵਿਚ ਸਿੱਖ ਇਤਿਹਾਸ ਦੀ ਉਸ ਘਟਨਾ ਨੂੰ ਗਵਾਹ ਦੇ ਤੌਰ ‘ਤੇ ਲਿਖਿਆ ਗਿਆ ਹੈ, ਜਿਸ ਵਿਚ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਬਾਣੀ ਵਿਚ ਫੇਰਬਦਲ ਕਰਨ ਕਰਕੇ ਆਪਣੇ ਨੇੜੇ ਨਹੀਂ ਆਉਣ ਦਿੱਤਾ ਸੀ। ਗੁਰਬਾਣੀ ਦੇ ਅਦਬ-ਸਤਿਕਾਰ ਵਿਚ ਗੁਰੂ ਸਾਹਿਬਾਨ ਨੇ ਆਪਣੇ ਪੁੱਤਰ ਨੂੰ ਵੀ ਨਹੀਂ ਸੀ ਬਖਸ਼ਿਆ, ਜਿਸ ਕਰਕੇ ਪੰਜ ਸਿੰਘ ਸਾਹਿਬਾਨ ਨੇ ਉਸਨੂੰ ਤਨਖਾਹੀਆ ਕਰਾਰ ਦੇਣ ਦਾ ਫੈਸਲਾ ਲਿਆ ਹੈ।

ਤਖਤ ਹਜ਼ੂਰ ਸਾਹਿਬ ਨਾਂਦੇੜ ‘ਚ ਹੋਈ ਮੀਟਿੰਗ ਦੌਰਾਨ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ, ਮੀਤ ਗ੍ਰੰਥੀ ਭਾਈ ਕਸ਼ਮੀਰ ਸਿੰਘ, ਭਾਈ ਰਾਮ ਸਿੰਘ ਤੇ ਭਾਈ ਵਜਿੰਦਰ ਸਿੰਘ ਨੇ ਭਾਗ ਲਿਆ, ਜਿਸ ਤੋਂ ਬਾਅਦ ਪੰਥ ਦੇ ਨਾਂ ਜਾਰੀ ਕੀਤੇ ਗਏ ਹੁਕਮਨਾਮੇ ਵਿਚ ਬਿਕਰਮ ਸਿੰਘ ਮਜੀਠੀਆ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚ ਜਾਣ-ਬੁੱਝ ਕੇ ਅਰੁਣ ਜੇਤਲੀ ਦਾ ਨਾਂ ਸ਼ਾਮਿਲ ਕਰਨ ਨੂੰ ਬੱਜਰ ਕੁਤਾਹੀ ਦੱਸਿਆ ਗਿਆ। ਗਿਆਨੀ ਜੋਤਇੰਦਰ ਸਿੰਘ ਨੇ ਦੱਸਿਆ ਕਿ ਜਦੋਂ ਤਕ ਬਿਕਰਮ ਮਜੀਠੀਆ ਆਪਣੀ ਇਸ ਬੱਜਰ ਗਲਤੀ ਦੀ ਮੁਆਫੀ ਨਹੀਂ ਮੰਗਦੇ, ਉਸ ਨਾਲ ਕੋਈ ਵੀ ਸਿੱਖ ਉਨ੍ਹਾਂ ਨਾਲ ਸਾਂਝ ਨਾ ਰੱਖੇ ਤੇ ਨਾ ਹੀ ਉਨ੍ਹਾਂ ਦੇ ਮੱਥੇ ਲੱਗੇ।

ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਸਰਚਾਂਦ ਸਿੰਘ ਨੇ ਕਿਹਾ ਹੈ ਕਿ ਸਾਨੂੰ ਅਜੇ ਤਕ ਇਸ ਬਾਰੇ ਕੋਈ ਸੂਚਨਾ ਨਹੀਂ ਮਿਲੀ। ਉਹ ਤਖ਼ਤ ਸਾਹਿਬ ਦਾ ਪੂਰਾ ਮਾਣ-ਸਨਮਾਨ ਕਰਦੇ ਹਨ, ਪਰ ਬਿਕਰਮ ਸਿੰਘ ਮਜੀਠੀਆ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਇਕ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋ ਕੇ ਆਪਣਾ ਮਾਫੀਨਾਮਾ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੋ ਵੀ ਹੁਕਮ ਲਾਉਣਗੇ, ਉਸ ‘ਤੇ ਬਿਕਰਮ ਸਿੰਘ ਮਜੀਠੀਆ ਪਾਬੰਦ ਰਹਿਣਗੇ।


ਟਿੱਪਣੀ:

ਅਖੌਤੀ ਦਸਮ ਗ੍ਰੰਥ 'ਚ ਸ਼ਾਮਿਲ ਇਹ ਰਚਨਾ "ਦੇਹ ਸਿਵਾ ਵਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨਾ ਟਰੋਂ...", ਗੁਰਬਾਣੀ ਨਹੀਂ। ਹੁਣ ਇਨ੍ਹਾਂ ਅਖੌਤੀ ਜਥੇਦਾਰਾਂ ਨੂੰ ਮੌਕਾ ਮਿਲ ਗਿਆ ਹੈ ਕਿ ਇਸ ਗ੍ਰੰਥ ਦੀਆਂ ਰਚਨਾਵਾਂ ਨੂੰ ਹੋਰ ਮਸ਼ਹੂਰ ਕੀਤਾ ਜਾਵੇ। ਜੇ ਮਜੀਠੀਆ ਅਕਲ ਵਾਲਾ ਹੋਵੇ ਤਾਂ, ਕਹੇ ਕਿ ਇਹ ਤਾਂ ਗੁਰਬਾਣੀ ਨਹੀਂ, ਮੈਂ ਨਹੀਂ ਮੁਆਫੀ ਮੰਗਦਾ, ਪਰ ਇਨਾਂ ਦਿਮਾਗ ਹੁੰਦਾ ਤਾਂ, ਐਸੀ ਬੇਵਕੂਫੀ ਨਾ ਕਰਦਾ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top