ਅਮਰੀਕਾ
‘ਚ ਰੋਚੈਸਟਰ ਗੁਰਦੁਆਰੇ ਦੀਆਂ ਅੰਮ੍ਰਿਤਧਾਰੀ ਸੰਗਤਾਂ ਦਾ ਬਿਆਨ ਪੜ੍ਹ ਕੇ ਕੋਈ ਹੈਰਾਨੀ
ਨਹੀਂ ਹੋਈ, ਕਿ ਉਹਨਾਂ ਵਲੋਂ ਸ੍ਰੀ ਅਕਾਲ ਤਖ਼ਤ ‘ਤੇ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਕਰਨ ਦੇ
ਬਾਵਜੂਦ ਪੁਜਾਰੀਆਂ ਵਲੋਂ ਕੋਈ ਕਾਰਵਾਈ ਨਹੀਂ ਹੋਈ ਅਤੇ ਮੌਜੂਦਾ
ਪ੍ਰਬੰਧਕ ਖੁੱਲ੍ਹੇ ਆਮ ਕਹਿ ਰਹੇ ਹਨ ਕਿ ਸ੍ਰੀ ਅਕਾਲ ਤਖ਼ਤ ਨੇ ਉਹਨਾਂ ਦੀ ਕੀ ਲੱਤ ਭੰਨ ਲਈ
ਹੈ। ਪ੍ਰਬੰਧਕ ਕਮੇਟੀ ਨੇ ਅਦਾਲਤ ਨੂੰ ਗੁਰਮਤਿ ਦੇ ਉਲਟ ਗੱਲਾਂ ਦੱਸੀਆਂ ਹਨ।
ਬੀਤੇ ਸਮੇਂ ਦੀਆਂ ਘਟਨਾਵਾਂ ਦੱਸਦੀਆਂ
ਹਨ ਕਿ ਸ੍ਰੀ ਅਕਾਲ ਤਖ਼ਤ ‘ਤੇ ਬੈਠੇ ਪੁਜਾਰੀ ਵੀ ਦੁਨਿਆਵੀ ਅਦਾਲਤਾਂ ਦੇ ਪੱਧਰ ‘ਤੇ ਹੀ ਆ
ਡਿਗੇ ਹਨ, ਹਾਲਾਂ ਕਿ ਦੁਨਿਆਵੀ ਅਦਾਲਤਾਂ ਤਾਂ ਫੇਰ ਵੀ ਕਦੇ ਕਦੇ ਇਨਸਾਫ਼ ਕਰ ਜਾਂਦੀਆਂ ਹਨ।
ਯਾਦ ਹੈ ਇਕ ਪੁਜਾਰੀ ਨੇ ਰੁਪਈਆਂ ਦੀ ਪੰਡ ਲੈ ਕੇ ਇਕ ਬਲਾਤਕਾਰੀ ਸਾਧ ਨੂੰ ਬਰੀ ਕਰ ਦਿੱਤਾ
ਸੀ ਤੇ ਦੁਨਿਆਵੀ ਅਦਾਲਤ ਨੇ ਉਸ ਦਰਿੰਦੇ ਨੂੰ ਦਸ ਸਾਲਾਂ ਲਈ ਸੀਖਾਂ ਪਿੱਛੇ ਡੱਕਿਆ ਸੀ।
ਇਸ ਸਬੰਧੀ ਮੈਨੁੰ ਇਕ ਪੁਰਾਣੀ ਕਹਾਣੀ ਯਾਦ ਆ ਰਹੀ ਹੈ, ਜੋ ਇੱਥੇ
ਬੜੀ ਢੁੱਕਦੀ ਹੈ ਕਿ ਇਕ ਤੇਲੀ ਨੇ ਆਪਣੇ ਗੁਆਂਢੀ ਜੁਲਾਹੇ ਦਾ ਥਾਂ ਧੱਕੇ ਨਾਲ਼ ਹੀ ਦੱਬ
ਲਿਆ। ਉਸ ਜ਼ਮਾਨੇ ‘ਚ ਝਗੜਿਆਂ ਦਾ ਫ਼ੈਸਲਾ ਕਾਜ਼ੀ ਕਰਿਆ ਕਰਦੇ ਸਨ। ਜੁਲਾਹੇ ਨੇ ਕਾਜ਼ੀ ਪਾਸ
ਫ਼ਰਿਆਦ ਕੀਤੀ। ਕਾਜ਼ੀ ਆਮ ਹੀ ਰਿਸ਼ਵਤਖੋਰ ਸਨ, ਜਿਸ ਦਾ ਹਵਾਲਾ ਭਾਈ ਗੁਰਦਾਸ ਜੀ ਨੇ ਵੀ ਆਪਣੀ
ਬਾਣੀ ਵਿਚ ਦਿੱਤਾ ਹੈ ਕਿ, “ਕਾਜੀ ਹੋਇ ਰਿਸ਼ਵਤੀ ਵੱਢੀ ਲੈ ਕੇ ਹਕ ਗਵਾਈ”
ਸੋ, ਦੋਵਾਂ ਧਿਰਾਂ ਨੂੰ ਹੀ ਪਤਾ ਸੀ ਕਿ ਕਾਜ਼ੀ ਰਿਸ਼ਵਤ ਲੈਂਦਾ ਸੀ।
ਸੋ, ਜੁਲਾਹੇ ਨੂੰ ਉਹਦੇ ਦੋਸਤਾਂ ਮਿੱਤਰਾਂ ਨੇ ਸਲਾਹ ਦਿਤੀ ਕਿ ਭਾਵੇਂ ਉਹ ਸੱਚਾ ਹੀ ਸੀ,
ਪਰ ਫੇਰ ਵੀ ਕਾਜ਼ੀ ਦਾ ਮੱਥਾ ਡੰਮ੍ਹਣਾ ਪੈਣਾ ਸੀ, ਜਿਵੇਂ ਅੱਜ ਦੇ ਪੰਜਾਬ ਵਿਚ ਹੈ ਕਿ ਭਾਵੇਂ
ਕੰਮ ਤੁਹਾਡਾ ਜਾਇਜ਼ ਹੈ ਜਾਂ ਨਾਜਾਇਜ਼, ਜੇਬ ਢਿੱਲੀ ਕਰਨੀ ਹੀ ਪਵੇਗੀ ਨਹੀਂ ਤਾਂ ਮਾਰੀ ਜਾਉ
ਕੰਧ ਨਾਲ਼ ਟੱਕਰਾਂ। ਸੋ, ਇਕ ਸ਼ਾਮ ਮੂੰਹ-ਹਨ੍ਹੇਰੇ ਜਿਹੇ ਆਪਣੀ ਖੱਡੀ ‘ਤੇ ਬਹੁਤ ਵਧੀਆ
ਕੱਪੜੇ ਦੀ ਤਿਆਰ ਕੀਤੀ ਹੋਈ ਇਕ ਪਗੜੀ ਕਾਜ਼ੀ ਨੂੰ ਦੇ ਕੇ ਮੁਕੱਦਮਾ ਸੁਣਨ ਵੇਲੇ ਉਹਦਾ
ਧਿਆਨ ਰੱਖਣ ਦੀ ਮਿੰਨਤ ਕਰ ਆਇਆ।
ਉੱਧਰ ਤੇਲੀ ਪਾਸ ਇਕ ਚੰਗਾ ਤਕੜਾ ਖੇਤੀ ਕਰਨਯੋਗ ਵਹਿੜਕਾ ਸੀ, ਜੋ
ਉਸ ਨੇ ਕਾਜ਼ੀ ਨੂੰ ਦੇ ਦਿੱਤਾ। ਮੁਕੱਦਮੇ ਵਾਲ਼ੇ ਦਿਨ ਜੁਲਾਹਾ ਵਾਰ ਵਾਰ ਆਪਣੀ ਪਗੜੀ ‘ਤੇ
ਹੱਥ ਲਗਾ ਕੇ ਕਾਜ਼ੀ ਨੂੰ ਦਿੱਤੀ ਹੋਈ ਪਗੜੀ ਯਾਦ ਕਰਵਾ ਰਿਹਾ ਸੀ, ਪਰ ਮੁਕੱਦਮਾ ਲਗਾਤਾਰ
ਉਸਦੇ ਵਿਰੁੱਧ ਜਾ ਰਿਹਾ ਸੀ।
ਪਾਠਕ ਜਨੋਂ! ਕਿੱਥੇ ਪਗੜੀ ਤੇ ਕਿੱਥੇ ਵਹਿੜਕਾ। ਜੁਲਾਹੇ ਦੇ ਕੋਲ
ਹੀ ਇਕ ਵਿਅਕਤੀ ਬੈਠਾ ਸੀ ਜੋ ਵਿਚਲੇ ਭੇਦ ਨੂੰ ਜਾਣਦਾ ਸੀ। ਉਸ ਨੇ ਹੌਲ਼ੇ ਜਿਹੇ ਜੁਲਾਹੇ
ਦੇ ਕੰਨ ‘ਚ ਕਿਹਾ, “ਭਲਿਆਮਾਣਸਾ, ਇੱਥੋਂ ਇਨਸਾਫ਼ ਦੀ ਉਮੀਦ ਨਾ
ਰੱਖ, ਤੇਰੀ ਪਗੜੀ ਨੂੰ ਵਹਿੜਕਾ ਖਾ ਗਿਐ...”
ਸੋ ਰੋਚੈਸਟਰ ਦੀਏ ਸੰਗਤੇ, ਲਗਦੈ ਤੁਹਾਡੀ
ਦਸਤਾਰ ਨੂੰ ਵਹਿੜਕਾ ਖਾ ਗਿਐ।
(ਨੋਟ: ਇੱਥੇ ਦਸਤਾਰ ਤੋਂ ਭਾਵ ਸ਼ਿਕਾਇਤ ਤੋਂ ਹੈ)