Share on Facebook

Main News Page

ਗੁਰਬਚਨ ਸਿੰਘ ਨੇ ਦਿੱਤਾ ਇੱਕ ਵਾਰ ਫਿਰ ਆਪਣੀ ਗੁਲਾਮੀ ਦਾ ਸਬੂਤ - ਵੋਟਾਂ ਵਿੱਚ ਬਾਦਲਾਂ ਨੂੰ ਫਾਇਦਾ ਦੇਣ ਲਈ ਮਜੀਠੀਆ ਨੂੰ 1 ਮਈ 2014 ਨੂੰ ਅਕਾਲ ਤਖ਼ਤ ‘ਤੇ ਸੱਦਿਆ

ਅੰਮ੍ਰਿਤਸਰ, 28 ਅਪ੍ਰੈਲ (ਚਰਨਜੀਤ ਸਿੰਘ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੀ  ਦੀ ਇਕ ਲਾਈਨ ਵਿਚ "ਨਿਸਚੈ ਕਰਿ ਅਰੁਣ ਜੇਤਲੀ ਕੀ ਜੀਤ ਕਰੋਂ" ਮਾਮਲੇ ਵਿਚ ਉਲਝੇ ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਿਚ ਉਸ ਸਮੇਂ ਹੋਰ ਵਾਧਾ ਹੋ ਗਿਆ, ਜਦ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿ: ਗੁਰਬਚਨ ਸਿੰਘ ਨੇ ਇਸ ਮਾਮਲੇ ‘ਤੇ ਵਿਚਾਰ ਕਰਨ ਲਈ ਪੰਜ ‘ਜਥੇਦਾਰਾਂ’ ਦੀ ਮੀਟਿੰਗ 1 ਮਈ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸੱਦ ਲਈ।

 

ਮੀਟਿੰਗ ਵਿਚ ਅਪਣਾ ਪੱਖ ਰੱਖਣ ਲਈ ਬਿਕਰਮ ਸਿੰਘ ਮਜੀਠੀਆ ਨੂੰ ਵੀ ਬੁਲਾਇਆ ਗਿਆ ਹੈ। ਦਸਣਯੋਗ ਹੈ ਕਿ ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ ਸਖ਼ਤ ਵਿਰੋਧ ਕਰਨ ‘ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ, ਬੇਹਦ ਮਜਬੂਰੀ ਦੀ ਹਾਲਤ ਵਿਚ, ਅਕਾਲ ਤਖ਼ਤ ਦੇ ‘ਜਥੇਦਾਰ’ ਗਿਆਨੀ ਗੁਰਬਚਨ ਸਿੰਘ ਨੂੰ ਇਹ ਕਦਮ ਚੁਕਣਾ ਪਿਆ। ਪੱਤਰਕਾਰਾਂ ਨਾਲ ਗੱਲਬਾਤ ਲਈ ਹਰ ਵੇਲੇ ਤਿਆਰ-ਬਰ-ਤਿਆਰ ਰਹਿਣ ਵਾਲੇ ਗਿਆਨੀ ਗੁਰਬਚਨ ਸਿੰਘ ਅੱਜ, ਪੈਦਾ ਹੋਏ ਹਾਲਾਤ ਸਾਹਮਣੇ ਕਾਫ਼ੀ ਮਜਬੂਰ ਨਜ਼ਰ ਆ ਰਹੇ ਸਨ।

ਉਹ ਅੱਜ ਪੱਤਰਕਾਰਾਂ ਦੇ ਸਵਾਲਾਂ ਤੋਂ ਬਚ ਕੇ, ਸਿਰਫ਼ ਦੋ ਕੁ ਲਾਈਨਾਂ ਵਿਚ ਹੀ ਪ੍ਰੈੱਸ ਮਿਲਣੀ ਖ਼ਤਮ ਕਰਨੀ ਚਾਹ ਰਹੇ ਸਨ। ਪੱਤਰਕਾਰਾਂ ਵਲੋਂ ਵਾਰ-ਵਾਰ ਸਵਾਲ ਪੁੱਛੇ ਜਾਣ ਤੋਂ ਔਖੇ ਹੋਏ ਗਿਆਨੀ ਗੁਰਬਚਨ ਸਿੰਘ ਨੇ ਥੋੜਾ ਤਲਖ਼ ਹੋ ਕੇ ਕਿਹਾ, "ਮੈਂ ਜੋ ਵੀ ਗੱਲ ਕਰਨੀ ਹੈ, 1 ਮਈ ਨੂੰ ਹੀ ਕਰਨੀ ਹੈ। ਇਸ ਤੋਂ ਪਹਿਲਾਂ ਕੋਈ ਫ਼ਾਇਦਾ ਨਹੀਂ।" ਉਨ੍ਹਾਂ ਕਿਹਾ ਕਿ ਮਜੀਠੀਆ ”ਸਾਹਿਬ” ਦਾ ਮੁਆਫ਼ੀਨਾਮਾ ਅਕਾਲ ਤਖ਼ਤ ‘ਤੇ ਆ ਚੁੱਕਾ ਹੈ ਜੋ ਉਹ ਆਪ ਲੈ ਕੇ ਆਏ ਸਨ, ਇਸ ਲਈ ਹੁਣ ਇਸ ‘ਤੇ ਕੇਵਲ ਵਿਚਾਰ ਹੀ ਕਰਨੀ ਬਾਕੀ ਹੈ। ‘ਜਥੇਦਾਰ’ ਨੇ ਕਿਹਾ ਕਿ ਇਸ ਮੀਟਿੰਗ ਵਿਚ ਅਪਣਾ ਪੱਖ ਰੱਖਣ ਲਈ ਮਜੀਠੀਆ "ਜੀ" ਨੂੰ ਵੀ ਆਉਣ ਲਈ ਕਿਹਾ ਗਿਆ ਹੈ। ਬੇਹਦ ਦਬਾਅ ਵਿਚ ਨਜ਼ਰ ਆ ਰਹੇ ‘ਜਥੇਦਾਰ’ ਨੇ ਔਖੇ-ਸੌਖੇ ਨਰਮ ਭਾਸ਼ਾ ਵਿਚ ਕਿਹਾ, "ਚਲ ਰਹੇ ਮਸਲੇ ‘ਤੇ ਵਿਚਾਰ ਕਰਨ ਲਈ ਪੰਜ ‘ਜਥੇਦਾਰਾਂ’ ਦੀ ਮੀਟਿੰਗ 1 ਮਈ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬੁਲਾਈ ਗਈ ਹੈ ਜਿਸ ਵਿਚ ਪੰਜਾਂ ਤਖ਼ਤਾਂ ਦੇ ‘ਸਿੰਘ ਸਾਹਿਬਾਨ’ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਹੈ।"

ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਘਟਨਾ ‘ਤੇ ਬਿਕਰਮ ਸਿੰਘ ਨੂੰ ਕਲੀਨ ਚਿੱਟ ਦਿਤੇ ਜਾਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ‘ਜਥੇਦਾਰ’ ਨੇ ਕਿਹਾ ਕਿ ਇਹ ਬਾਦਲ ”ਸਾਹਿਬ” ਦਾ ਸਟੈਂਡ ਹੋ ਸਕਦਾ ਹੈ ਤੇ ਇਹ ਉਨ੍ਹਾਂ ਦੀ ਨਿਜੀ ਰਾਏ ਹੈ।

ਇਸ ਮਾਮਲੇ ‘ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਜਾਰੀ ‘ਹੁਕਮਨਾਮੇ’ ਦੀ ਪ੍ਰੋੜ੍ਹਤਾ ਕਰਦਿਆਂ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਕਿਸੇ ਆਮ ਆਦਮੀ ਦਾ ਨਾਮ, ਗੁਰੂ ਕ੍ਰਿਤ ਵਿਚ ਵਰਤ ਕੇ ਬਿਕਰਮ ਸਿੰਘ ਨੇ ਬਜਰ ਗ਼ਲਤੀ ਕੀਤੀ ਹੈ, ਇਸ ਲਈ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਜਾਰੀ ‘ਹੁਕਮਨਾਮੇ’ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਹਨ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ‘ਜਥੇਦਾਰ’ ਗਿਆਨੀ ਮੱਲ ਸਿੰਘ, ਸ਼੍ਰੋਮਣੀ ਕਮੇਟੀ ਦੇ ਵਿਦਵਾਨ ਸਕੱਤਰ ਸ. ਰੂਪ ਸਿੰਘ, ਪ੍ਰਸਿੱਧ ਸਿੱਖ ਚਿੰਤਕ ਬੀਬੀ ਕਿਰਨਜੋਤ ਕੌਰ, ਦਿੱਲੀ ਕਮੇਟੀ ਦੇ ਸ. ਅਵਤਾਰ ਸਿੰਘ ਹਿਤ ਅਤੇ ਕੁਲਦੀਪ ਸਿੰਘ ਭੋਗਲ ਨੇ ‘ਜਥੇਦਾਰ’ ਨਾਲ ਲੰਮੀ ਵਿਚਾਰ ਚਰਚਾ ਕੀਤੀ।

ਨਿਮਾਣੇ ਸਿੱਖ ਵਾਂਗ ਪੇਸ਼ ਹੋਣਗੇ ਬਿਕਰਮ ਸਿੰਘ

ਦੂਜੇ ਪਾਸੇ ਬਿਕਰਮ ਸਿੰਘ ਦੇ ਮੀਡੀਆ ਸਲਾਹਕਾਰ ਸ. ਸਰਚਾਂਦ ਸਿੰਘ ਨੇ ਕਿਹਾ ਕਿ ਸ. ਬਿਕਰਮ ਸਿੰਘ, 1 ਮਈ ਨੂੰ, ਨਿਮਾਣੇ ਸਿੱਖ ਵਾਂਗ  ਅਕਾਲ ਤਖ਼ਤ ‘ਤੇ ਹਾਜ਼ਰ ਹੋ ਕੇ ‘ਜਥੇਦਾਰਾਂ’ ਸਾਹਮਣੇ ਅਪਣਾ ਪੱਖ ਰਖਣਗੇ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ, ਅਕਾਲ ਤਖ਼ਤ ਨੂੰ ਸਮਰਪਤ ਹਨ ਤੇ ਅਕਾਲ ਤਖ਼ਤ ਦੇ ਹਰ ਹੁਕਮ ਅੱਗੇ ਸਿਰ ਝੁਕਾਉਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top