Share on Facebook

Main News Page

ਪੰਜਾਬ ਵਾਲਿਉ! 'ਮੋਦੀ ਮੋਦੀ' ਕਰਦੇ ਕਿਤੇ ਅਪਣੀ ਅਣਖ ਦਾ ਭੋਗ ਹੀ ਨਾ ਪਵਾ ਬੈਠਿਉ !

ਇਕ ਚੀਨੀ ਕਹਾਵਤ ਹੈ ਕਿ ਕਈ ਬਹਾਦਰ ਲੋਕ ਵੀ, ਸੱਤਾ ਦੀ ਕੁਰਸੀ ਉਤੇ ਬੈਠਦਿਆਂ ਹੀ ਬੇ-ਅਣਖੇ ਬਣ ਜਾਂਦੇ ਹਨ, ਖ਼ਾਸ ਤੌਰ 'ਤੇ ਜੇ ਉਨ੍ਹਾਂ ਨੂੰ ਕੁਰਸੀ, ਕਿਸੇ ਹੋਰ ਦੀ ਮੁਥਾਜੀ ਕਰਨ ਸਦਕਾ ਮਿਲੀ ਹੋਵੇ। ਅਜਿਹੇ ਲੋਕਾਂ ਦੀ ਅਣਖ ਮਰ ਜਾਂਦੀ ਹੈ ਤੇ ਉਹ ਹਰ ਸਮੇਂ ਡਰਦੇ ਹੀ ਰਹਿੰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਜਦ ਤਕ ਉਪਰ ਵਾਲੇ ਖ਼ੁਸ਼ ਹਨ, ਤਦ ਤਕ ਹੀ ਕੁਰਸੀ ਸੁਰੱਖਿਅਤ ਹੈ।

ਪਰ ਜਦ ਉਨ੍ਹਾਂ ਨੂੰ ਤਾਹਨੇ ਮਿਲਦੇ ਹਨ ਤਾਂ ਉਹ 'ਬਹਾਦਰੀ' ਦਾ ਵਿਖਾਵਾ ਕਰਨ ਲਈ, ਅਪਣੇ ਤੋਂ ਕਮਜ਼ੋਰਾਂ ਨੂੰ ਦੱਬ ਕੇ ਕੁੱਟਣ ਲਗਦੇ ਹਨ। ਇਸ ਨਾਲ ਉਨ੍ਹਾਂ ਨੂੰ ਮਾਨਸਕ ਤਸੱਲੀ ਮਿਲਣ ਲਗਦੀ ਹੈ ਕਿ ਉਹ ਅਜੇ ਵੀ ਬੜੇ 'ਬਹਾਦਰ' ਹਨ ਤੇ ਡਰਪੋਕ ਨਹੀਂ ਬਣ ਗਏ। ਪੁਲਿਸ ਮਹਿਕਮੇ ਵਿਚ ਵੇਖ ਲਉ, ਜਿਸ ਪੁਲਿਸ ਅਫ਼ਸਰ ਨੂੰ ਅਪਣੇ ਗੁਣਾਂ ਸਦਕਾ ਨਹੀਂ ਸਗੋਂ ਚਮਚਾਗੀਰੀ, ਸਿਫ਼ਾਰਸ਼ ਅਤੇ ਉਪਰਲਿਆਂ ਦੀ 'ਮਿਹਰ' ਸਦਕਾ ਕੁਰਸੀ ਮਿਲੀ ਹੋਵੇ, ਉਹ ਉਪਰਲਿਆਂ ਸਾਹਮਣੇ ਤਾਂ ਡੱਡੂ ਬਣ ਕੇ ਧਰਤੀ ਉਤੇ ਫੁਦਕਦਾ ਵੇਖਿਆ ਜਾ ਸਕਦਾ ਹੈ ਪਰ ਜਨਤਾ ਉਤੇ ਬਹੁਤ ਜ਼ੁਲਮ ਕਰਦਾ ਹੈ ਤਾਕਿ ਅਪਣੇ ਅੰਦਰ ਪੈਦਾ ਹੋਏ ਕਮਤਰੀ ਦੇ ਅਹਿਸਾਸ ਉਤੇ ਕਾਬੂ ਪਾ ਸਕੇ ਤੇ ਕਹਿ ਸਕੇ ਕਿ ''ਅਸੀ ਤਾਂ ਜੀ ਬੜੇ ਬਹਾਦਰ ਹਾਂ।''

2014 ਦੀਆਂ ਚੋਣਾਂ ਵਿਚ ਪੰਜਾਬ ਦੇ ਜਿਸ ਵੀ ਇਲਾਕੇ ਵਿਚ ਜਾਉ, ਪੁਛਿਆ ਜਾਂਦਾ ਹੈ, 'ਮੋਦੀ ਮੋਦੀ' ਕਰਨ ਵਾਲਿਆਂ ਦੀ ਅਣਖ ਨੂੰ ਕੀ ਹੋ ਗਿਆ ਹੈ? ਮਿਸਾਲ ਦਿਤੀ ਜਾਂਦੀ ਹੈ ਕਿ ਕਿਸੇ ਵੀ ਪਿੰਡ ਵਿਚ ਕੋਈ ਉਮੀਦਵਾਰ ਆ ਜਾਵੇ ਤਾਂ ਲੋਕ ਉਸ ਅੱਗੇ ਸ਼ਰਤ ਰਖਦੇ ਹਨ, ''ਅਸੀਂ ਵੋਟ ਉਸ ਨੂੰ ਦੇਵਾਂਗੇ ਜਿਹੜਾ ਸਾਡੀ ਗਲੀ ਪੱਕੀ ਬਣਵਾ ਦੇਵੇਗਾ।''

ਉਮੀਦਵਾਰ ਜਵਾਬ ਦੇਂਦਾ ਹੈ, ''ਸੜਕ ਤਾਂ ਪੰਚਾਇਤ ਨੇ ਬਣਵਾਣੀ ਹੈ, ਪਰ ਕੋਈ ਨਹੀਂ, ਤੁਸੀ ਮੇਰੇ ਕੋਲੋਂ ਮੰਗ ਕੀਤੀ ਹੈ ਤਾਂ 4 ਦਿਨਾਂ ਦੇ ਅੰਦਰ ਅੰਦਰ ਸੜਕ ਮੈਂ ਅਪਣੇ ਖ਼ਰਚੇ 'ਤੇ ਪੱਕੀ ਕਰਵਾ ਦੇਂਦਾ ਹਾਂ। ਜਦ ਸੜਕ ਪੱਕੀ ਬਣ ਗਈ, ਫਿਰ ਮੈਂ ਤੁਹਾਡੇ ਕੋਲੋਂ ਵੋਟ ਮੰਗਣ ਆਵਾਂਗਾ।''

ਇਹੋ ਜਹੀਆਂ ਸ਼ਰਤਾਂ ਪੇਸ਼ ਕੀਤੀਆਂ ਜਾਂਦੀਆਂ ਤੇ ਮੰਨੀਆਂ ਜਾਂਦੀਆਂ ਤੁਸੀਂ ਹਰ ਹਲਕੇ ਵਿਚ ਵੇਖ ਸਕਦੇ ਹੋ। ਪਰ ਨਰਿੰਦਰ ਮੋਦੀ ਜਦ ਅਕਾਲੀਆਂ ਦੇ ਖ਼ਰਚੇ ਤੇ, ਸਿੱਖਾਂ ਅਤੇ ਦੂਜੇ ਪੰਜਾਬੀਆਂ ਦੀਆਂ ਵੋਟਾਂ ਮੰਗਣ ਆਇਆ ਸੀ, ਤਾਂ ਕੀ ਉਸ ਅੱਗੇ ਤੁਰੰਤ ਮੰਨੀਆਂ ਜਾ ਸਕਣ ਵਾਲੀਆਂ ਸ਼ਰਤਾਂ ਨਹੀਂ ਸਨ ਰਖੀਆਂ ਜਾ ਸਕਦੀਆਂ ਜਿਵੇਂ ਕਿ ਇਹ ਕਿ....? :

- ਮੋਦੀ ਜੀ ਸਿੱਖਾਂ ਕੋਲੋਂ ਵੋਟਾਂ ਮੰਗਣੀਆਂ ਹਨ, ਇਸ ਲਈ ਏਨਾ ਕੁ ਐਲਾਨ ਤਾਂ ਕਰ ਹੀ ਦਿਉ ਕਿ ਗੁਜਰਾਤ ਦੇ ਸਿੱਖਾਂ ਵਿਰੁਧ ਸੁਪ੍ਰੀਮ ਕੋਰਟ ਵਿਚ ਪਿਆ ਕੇਸ ਵਾਪਸ ਲੈਂਦੇ ਹੋ
- ਮੋਦੀ ਜੀ, ਅੰਮ੍ਰਿਤਸਰ ਆਏ ਹੋ ਤਾਂ 84 ਦੇ ਬਲੂ-ਸਟਾਰ ਆਪ੍ਰੇਸ਼ਨ ਲਈ ਕਾਂਗਰਸ ਦੀ ਨਿਖੇਧੀ ਹੀ ਕਰ ਦਿਉ ਤਾਂਕਿ ਅੰਮ੍ਰਿਤਸਰ ਦੇ ਸਿੱਖਾਂ ਦੀਆਂ ਤੁਹਾਡੇ ਬਾਰੇ ਗ਼ਲਤਫ਼ਹਿਮੀਆਂ ਦੂਰ ਹੋ ਜਾਣ
- ਮੋਦੀ ਜੀ ਏਨਾ ਹੀ ਐਲਾਨ ਕਰ ਦਿਉ ਕਿ ਅੰਮ੍ਰਿਤਸਰ ਦੇ ਬੀਜੇਪੀ ਉਮੀਦਵਾਰ ਦਾ ਦਫ਼ਤਰ ਇਕ ਵਿਵਾਦਤ ਵਿਅਕਤੀ ਦੀ ਯਾਦਗਾਰੀ ਇਮਾਰਤ ਵਿਚੋਂ ਹਟਾ ਲਿਆ ਜਾਏਗਾ ਤਾਕਿ ਸਿੱਖਾਂ ਦੇ ਜਜ਼ਬਾਤ ਦਾ ਧਿਆਨ ਵੀ ਰਖਿਆ ਜਾ ਸਕੇ
- ਮੋਦੀ ਜੀ, ਤੁਸੀ ਪ੍ਰਧਾਨ ਮੰਤਰੀ ਬਣ ਗਏ ਤਾਂ ਇਕ ਦੋ ਸਿੱਖਾਂ ਨੂੰ ਵੀ ਕੇਂਦਰੀ ਵਜ਼ਾਰਤ ਵਿਚ ਜ਼ਰੂਰ ਲਵੋਗੇ - ਇਸ ਬਾਰੇ ਹੀ ਐਲਾਨ ਕਰ ਦਿਉ, ਸਿੱਖ ਖ਼ੁਸ਼ ਹੋ ਜਾਣਗੇ
- ਮੋਦੀ ਜੀ, ਐਲਾਨ ਕਰ ਦਿਉ ਕਿ ਤੁਸੀਂ ਪ੍ਰਧਾਨ ਮੰਤਰੀ ਬਣ ਗਏ, ਤਾਂ ਸੁਪ੍ਰੀਮ ਕੋਰਟ ਦੇ ਅਧੀਨ ਐਸ.ਆਈ.ਟੀ. ਕਾਇਮ ਕਰ ਕੇ, ਨਵੰਬਰ 84 ਕਤਲੇਆਮ ਦਾ ਪੂਰਾ ਸੱਚ ਦੁਨੀਆਂ ਸਾਹਮਣੇ ਲਿਆ ਰੱਖੋਗੇ।

ਪਰ ਨਾ ਕੋਈ ਮੰਗ ਕੀਤੀ ਗਈ, ਨਾ ਮੋਦੀ ਵਲੋਂ ਕੋਈ ਐਲਾਨ ਹੀ ਹੋਇਆ। ਮੇਰੇ ਇਕ ਸਹਿਜਧਾਰੀ ਮਿੱਤਰ ਨੇ ਇਕ ਆਰ.ਐਸ.ਐਸ. ਲੀਡਰ ਨੂੰ ਇਸ ਬਾਰੇ ਪੁਛਿਆ ਤਾਂ ਉਸ ਦਾ ਜਵਾਬ ਸੀ, ''ਸਿੱਖਾਂ ਦੀ ਅਣਖ 1984 ਨੇ ਮਾਰ ਦਿਤੀ ਹੈ ਤੇ ਉਹ ਹੁਣ ਪੰਥ ਅਤੇ ਪੰਜਾਬ ਲਈ ਕੁੱਝ ਮੰਗਣ ਦੀ ਸੋਚ ਵੀ ਨਹੀਂ ਸਕਦੇ ਤੇ ਅਸੀ ਉਨ੍ਹਾਂ ਨੂੰ ਕੁੱਝ ਦੇ ਕੇ, ਮਜ਼ਬੂਤ ਕਰਨ ਦੀ ਮੂਰਖਤਾ ਵੀ ਨਹੀਂ ਕਰ ਸਕਦੇ। ਉਨ੍ਹਾਂ ਦੇ ਇਕ ਦੋ ਲੀਡਰਾਂ ਨੂੰ ਹੀ ਬੁਰਕੀਆਂ ਸੁੱਟਣ ਨਾਲ ਕੰਮ ਬਣਦਾ ਹੋਵੇ ਤਾਂ ਕੀ ਲੋੜ ਹੈ ਉਨ੍ਹਾਂ ਨੂੰ ਤਾਕਤਵਰ ਬਣਾਉਣ ਦੀ!!''

ਸੋ ਜਿਨ੍ਹਾਂ ਬਾਰੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਦਿੱਲੀ ਵਿਚ ਆ ਗਏ ਤਾਂ ਪੰਜਾਬ ਦਾ ਬੜਾ ਭਲਾ ਹੋ ਜਾਏਗਾ, ਉਹ ਤਾਂ ਸੋਚਦੇ ਹਨ ਕਿ ਸਿੱਖਾਂ ਦੀ ਅਣਖ ਖ਼ਤਮ ਕਰਨ ਵਿਚ ਉਹ ਸਫ਼ਲ ਹੋ ਚੁੱਕੇ ਹਨ ਤੇ ਹੁਣ ਇਨ੍ਹਾਂ ਨੂੰ ਕੁੱਝ ਦੇਣ ਦੀ ਗੱਲ ਬਾਰੇ ਸੋਚਣ ਦੀ ਵੀ ਲੋੜ ਨਹੀਂ। ਪੰਜਾਬੀਆਂ ਦੇ 'ਲੀਡਰਾਂ' ਬਾਰੇ ਉਨ੍ਹਾਂ ਦੇ ਜੋ ਵਿਚਾਰ ਬਣ ਚੁੱਕੇ ਹਨ, ਉਹ ਤਾਂ ਬਦਲਣਗੇ ਨਹੀਂ ਪਰ ਤੁਸੀਂ ਅਪਣੇ ਬਾਰੇ ਵੀ ਉਨ੍ਹਾਂ ਨੂੰ ਇਸੇ ਤਰ੍ਹਾਂ ਸੋਚਣ ਦਿਉਗੇ ਜਾਂ ਦਸ ਦਿਉਗੇ ਕਿ ਤੁਹਾਡੀ ਅਣਖ ਮਰੀ ਨਹੀਂ ਤੇ ਸਦਾ-ਸਲਾਮਤ ਹੈ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top