Share on Facebook

Main News Page

ਗੈਰ ਸਿੱਖ਼ਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਰਹਿਬਰ ਮੰਨ ਲਿਆ, ਪਰ ਅਸੀਂ ਗੁਰੂ ਨਾਲੋਂ ਟੁੱਟ ਕੇ ਰਹਿ ਗਏ
-: ਭਾਈ ਹਰਜਿੰਦਰ ਸਿੰਘ ਮਾਝੀ

- ਧਰਮ ਦੇ ਅਖੌਤੀ ਠੇਕੇਦਾਰਾਂ ਦੇ ਅਖੰਡ ਪਾਠ, ਸੰਪਟ ਪਾਠ ਦੁਕਾਨਦਾਰੀ : ਸੰਗਰਾਹੂਰ!!
- ਗਿਣਤੀ-ਮਿਣਤੀ ਦੇ ਪਾਠ ਕਰਾਉਣੇ ਗੁਰੂ ਨਾਲੋਂ ਤੋੜਨ ਦੀ ਕੋਝੀ ਸਾਜ਼ਿਸ਼!!
- ਅਜੋਕੀ ਨੌਜਵਾਨ ਪੀੜੀ ਨੂੰ ਨਸ਼ੱਈ ਤੇ ਪਤਿੱਤ ਬਣਾਉਣ ਦੀਆਂ ਡੂੰਘੀਆਂ ਸਾਜ਼ਿਸ਼ਾਂ!!

ਕੋਟਕਪੂਰਾ, 31 ਮਈ (ਗੁਰਿੰਦਰ ਸਿੰਘ) :- ਗੈਰ ਸਿੱਖ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਰਹਿਬਰ ਮੰਨਦੇ ਹਨ, ਪਰ ਅਸੀਂ ਕਿਹੜੀ ਗੱਲੋਂ ਖੁੰਝ ਗਏ, ਕਿਉਂਕਿ ਅਸੀਂ ਖੁਦ ਬਾਣੀ ਨਹੀਂ ਪੜ•ਦੇ ਤੇ ਠੇਕੇਦਾਰਾਂ ਤੋਂ ਅਖੰਡ ਪਾਠ, ਸੰਪਟ ਪਾਠ, ਸਹਿਜ ਪਾਠ ਆਦਿਕ ਕਰਵਾ ਕੇ ਸੋਚਦੇ ਹਾਂ ਕਿ ਕਿਤੇ ਅਸੀਂ ਗੁਰੂ ਨੂੰ ਖੁਸ਼ ਕਰ ਲਿਆ। ਸਾਡੀ ਇਹ ਗਲਤਫ਼ਹਿਮੀ ਤੇ ਨਾਸਮਝੀ ਹੀ ਜਿਥੇ ਸਾਨੂੰ ਗੁਰਮਤਿ ਨਾਲੋਂ ਤੋੜ ਰਹੀ ਹੈ, ਉਥੇ ਸਾਡਾ ਆਰਥਿਕ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ।

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਪੰਥਕ ਵਿਦਵਾਨ ਤੇ ਮਿਸ਼ਨਰੀ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਸਾਡੀ ਅਣਗਹਿਲੀ ਤੇ ਲਾਪ੍ਰਵਾਹੀ ਕਾਰਨ ਆਪਣੀਆਂ ਸਾਜ਼ਿਸ਼ਾਂ ’ਚ ਕਾਮਯਾਬ ਹੋ ਰਹੀਆਂ ਹਨ, ਕਿਉਂਕਿ ਸਾਡੇ ਨੌਜਵਾਨਾਂ ਨੂੰ ਨਸ਼ੱਈ ਤੇ ਪਤਿੱਤਪੁਣੇ ਵੱਲ ਤੋਰਿਆ ਜਾ ਰਿਹਾ ਹੈ ਪਰ ਜਿਨਾਂ ਨੌਜਵਾਨਾਂ ਨੂੰ ਗੁਰਬਾਣੀ ਦੀ ਸੋਝੀ ਆ ਗਈ, ਉਨਾਂ ਲੱਚਰ ਪ੍ਰੋਗਰਾਮ ਬੰਦ ਕਰਕੇ ਗੁਰਮਤਿ ਸਮਾਗਮ ਕਰਵਾਉਣਗੇ ਸ਼ੁਰੂ ਕਰ ਦਿੱਤੇ।

ਭਾਈ ਮਾਝੀ ਨੇ ਅਨੇਕਾਂ ਪਿੰਡਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਥੇ ਸੱਭਿਆਚਾਰ ਦੇ ਨਾਂਅ ’ਤੇ ਲੱਚਰ ਪ੍ਰੋਗਰਾਮ ਕਰਵਾਉਣ ਵਾਲੇ ਨੌਜਵਾਨਾਂ ਨੂੰ ਜਦੋਂ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਇਆ ਗਿਆ ਤਾਂ ਉਨਾਂ ਲੱਚਰ ਪ੍ਰੋਗਰਾਮ ਕਰਾਉਣ ਤੋਂ ਸਦਾ ਲਈ ਤੋਬਾ ਕਰ ਲਈ। ਉਨਾਂ ਦੱਸਿਆ ਕਿ ਪਹਿਲਾਂ ਸਿੱਖ ਵਿਰੋਧੀ ਤਾਕਤਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮੂਰਤੀਆਂ ਸਥਾਪਤ ਕਰਨ ਦੀ ਹਰ ਕੋਸ਼ਿਸ਼ ਕੀਤੀ ਪਰ ਜਦੋਂ ਉਸ ’ਚ ਕਾਮਯਾਬ ਨਾ ਹੋਏ ਤਾਂ ਹੁਣ ਸਿੱਖ ਸ਼ਕਲਾਂ ਦੇ ਰੂਪ ’ਚ ਵਿਰੋਧੀਆਂ ਨੇ 40 ਜਪੁਜੀ ਸਾਹਿਬ ਜਾਂ 40 ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਭੋਲੀਆਂ ਸੰਗਤਾਂ ਨੂੰ ਕੁਰਾਹੇ ਪਾਉਣ ਦਾ ਕੰਮ ਆਰੰਭਿਆ ਹੋਇਆ ਹੈ। ਕਿਉਂਕਿ ਗਿਣਤੀ/ਮਿਣਤੀ ਦੇ ਪਾਠਾਂ ’ਚ ਉਲਝਣ ਵਾਲੀਆਂ ਸੰਗਤਾਂ ਕਦੇ ਵੀ ਸਹਿਜ ਪਾਠ ਨਹੀਂ ਕਰ ਪਾਉਣਗੀਆਂ। ਭਾਈ ਮਾਝੀ ਨੇ ਦਾਅਵਾ ਕੀਤਾ ਕਿ ਗਿਣਤੀ ਦੇ ਪਾਠ ਕਰਨ ਵਾਲੇ ਵੀਰ/ਭੈਣਾਂ ਇਕ, ਦੋ ਤੋਂ ਲੈ ਕੇ 40 ਤੱਕ ਗਿਣਤੀ ਕਰਨ ’ਚ ਹੀ ਉਲਝ ਕੇ ਰਹਿ ਜਾਂਦੇ ਹਨ ਤੇ ਉਨਾਂ ਨੂੰ ਇਹੀ ਭਰਮ ਰਹਿੰਦਾ ਹੈ ਕਿ ਕਿਤੇ ਗਿਣਤੀ ਗਲਤ ਹੋ ਜਾਣ ਨਾਲ ਬਾਬਾ ਜੀ ਨਰਾਜ਼ ਨਾ ਹੋ ਜਾਣ। ਭਾਈ ਮਾਝੀ ਨੇ ਡੇਰੇਦਾਰਾਂ ਵੱਲੋਂ ਨੂੰਹ-ਸੱਸ ’ਚ ਕਲੇਸ਼ ਖੜਾ ਕਰਨ, ਧਾਗੇ-ਤਵੀਤ, ਵਹਿਮ-ਭਰਮ, ਅੰਧਵਿਸ਼ਵਾਸ਼ ਤੇ ਕਰਮਕਾਂਡਾ ਬਾਰੇ ਗੁਰਮਤਿ ਦੀ ਕਸਵੱਟੀ ਅਨੁਸਾਰ ਬੜੇ ਵਿਸਥਾਰ ਨਾਲ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।

ਪੰਥਕ ਵਿਦਵਾਨ ਤੇ ਸਿੱਖ ਚਿੰਤਕ ਭਾਈ ਗੁਰਨੇਕ ਸਿੰਘ ਸੰਗਰਾਹੂਰ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਹਵਾਲਾ ਦਿੰਦਿਆਂ ਸੰਗਤ ਨੂੰ ਬੇਨਤੀ ਕੀਤੀ ਕਿ ਹਰ ਸਾਲ ਗੁਰੂ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਪੋਸਟਰ, ਬੈਨਰ ਜਾਂ ਪਰਚੇ ਆਦਿ ਛਪਵਾਉਣ ਮੌਕੇ ਉਸ ’ਚ ਤੀਜਾ ਘੱਲੂਘਾਰਾ ਮਨਾਉਣ ਦਾ ਜ਼ਿਕਰ ਵੀ ਜਰੂਰ ਕੀਤਾ ਜਾਵੇ, ਜਿਸ ਰਾਹੀਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇ ਕਿ ਅਪ੍ਰੇਸ਼ਨ ਬਲਿਊ ਸਟਾਰ ਸਿੱਖਾਂ ਲਈ ਤੀਜਾ ਘੱਲੂਘਾਰਾ ਸੀ, ਜਦੋਂ ਸਾਡੇ ਆਪਣੇ ਦੇਸ਼ ਦੀ ਫੌਜ਼ ਨੇ ਸਿੱਖਾਂ ਦੇ ਪਵਿੱਤਰ ਅਸਥਾਨਾਂ ’ਤੇ ਗੋਲਾਬਾਰੀ ਕੀਤੀ ਤੇ ਮਰਦ, ਔਰਤਾਂ ਤੋਂ ਇਲਾਵਾ ਮਾਸੂਮ ਬੱਚਿਆਂ ਤੇ ਬਜ਼ੁਰਗਾਂ ’ਤੇ ਵੀ ਅਥਾਹ ਜ਼ੁਲਮ ਢਾਹਿਆ ਗਿਆ। ਭਾਈ ਸੰਗਰਾਹੂਰ ਨੇ ਧਰਮ ਦੇ ਠੇਕੇਦਾਰਾਂ ਵੱਲੋਂ ਕਰਵਾਏ ਜਾ ਰਹੇ ਅਖੰਡ ਪਾਠ ਤੇ ਸੰਪਟ ਪਾਠ ਨੂੰ ਦੁਕਾਨਦਾਰੀ ਤੇ ਸੌਦੇਬਾਜ਼ੀ ਦੱਸਦਿਆਂ ਕਿਹਾ ਕਿ ਹੁਕਮਨਾਮਾ ਫੈਕਸ ਜਾਂ ਈਮੇਲ ਰਾਹੀਂ ਭੇਜ ਦੇਣਾ ਕਿੱਥੋਂ ਦਾ ਗੁਰਮਤਿ ਸਿਧਾਂਤ ਹੈ? ਉਨਾਂ ਅਖੌਤੀ ਠੇਕੇਦਾਰਾਂ ਵੱਲੋਂ ਧਰਮ ਦੇ ਨਾਂਅ ’ਤੇ ਠੇਕੇਦਾਰੀ ਸਿਸਟਮ, ਹਾਟ ਲਾਈਨ ਅਤੇ ਐਮਰਜੈਂਸੀ ਸਹੂਲਤਾਂ ਦਾ ਵੀ ਵਿਸਥਾਰ ’ਚ ਜ਼ਿਕਰ ਕੀਤਾ।

ਉਨਾਂ ਦੱਸਿਆ ਕਿ ਬਾਬੇ ਨਾਨਕ ਨੇ ਬਾਬਰ ਦੇ ਮੂੰਹ ’ਤੇ ਜਾਬਰ ਕਹਿਣ ਦੀ ਜੁਰਅੱਤ ਦਿਖਾਈ, ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਪਾਪਾਂ ਦਾ ਚਿੱਠਾ ਜਨਤਕ ਕੀਤਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੱਖਾਂ ਨਾਲ ਕੀਤਾ ਜਾਂਦਾ ਬੇਗਾਨਗੀ ਵਾਲਾ ਸਲੂਕ ਇੰਦਰਾ ਗਾਂਧੀ ਸਾਹਮਣੇ ਰੱਖਣ ’ਚ ਕੋਈ ਹਿਚਕਚਾਹਟ ਮਹਿਸੂਸ ਨਾ ਕੀਤੀ ਪਰ ਸਾਡੇ ਧਰਮ ਦੇ ਅਖੌਤੀ ਠੇਕੇਦਾਰਾਂ ਦੀ ਸਟੇਜ ਤੋਂ ਉਨਾਂ ਦੀ ਭਾਈਵਾਲ ਪਾਰਟੀ ਨਾਲ ਸਬੰਧਤ ਇਕ ਔਰਤ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ ਸਮਾਗਮਾਂ ਮੌਕੇ ਸਟੇਜ ਤੋਂ ਸ਼ਰੇਆਮ ਐਲਾਨ ਕਰਦੀ ਹੈ ਕਿ ਗੁਰੂ ਜੀ ਦੀ ਸ਼ਹਾਦਤ ਲਈ ਚੰਦੂ ਜਿੰਮੇਵਾਰ ਨਹੀਂ ਸੀ, ਉਸ ਸਮੇਂ ਕਿਸੇ ਵੀ ਧਰਮ ਦੇ ਠੇਕੇਦਾਰ ਨੇ ਉਸ ਨੂੰ ਟੋਕਣ ਦੀ ਜੁਰਅੱਤ ਨਾ ਦਿਖਾਈ। ਉਸੇ ਪਾਰਟੀ ਦਾ ਇਕ ਆਗੂ ਆਪਣੀ ਪੁਸਤਕ ’ਚ ਬਲਿਊ ਸਟਾਰ ਲਈ ਇੰਦਰਾ ਗਾਂਧੀ ਨੂੰ ਮਜਬੂਰ ਕਰਨ ਦੀ ਗੱਲ ਕਬੂਲ ਰਿਹਾ ਹੈ ਪਰ ਉਸ ਨੂੰ ਟੋਕਣ ਵਾਲਾ ਕੋਈ ਵੀ ਸਿੱਖ ਆਗੂ ਜਾਂ ਜੱਥੇਦਾਰ ਸਾਹਮਣੇ ਨਹੀਂ ਆਇਆ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਅਚਾਨਕ ਨੇ ਸੰਗਤਾਂ ਨੂੰ ਵਹਿਮ-ਭਰਮ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top