Share on Facebook

Main News Page

ਨਸ਼ਿਆਂ ਦੇ ਬਾਰੂਦ ਉਪਰ ਬੈਠਾ ਹੈ ਪੰਜਾਬ – ਨਸ਼ੇ ਸ਼ੁਰੂ ਕਰਨ ਦੀ ਉਮਰ ਹੋਈ 14-16 ਸਾਲ, ਲੜਕੀਆਂ ਵੀ ਹੋਣ ਲੱਗੀਆਂ ਆਦੀ

ਚੰਡੀਗੜ੍ਹ, 1 ਜੂਨ - ਪੰਜਾਬ ਸਰਕਾਰ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿਰੁੱਧ ਭਾਵੇਂ ਵੱਡੀ ਮੁਹਿੰਮ ਛੇੜਦਿਆਂ, ਤਸਕਰਾਂ ਤੇ ਨਸ਼ੱਈਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਸਿੰਥੈਟਿਕ ਡਰੱਗਜ਼ ਦਾ ਪੰਜਾਬ ਭਰ ਵਿੱਚ ਕਹਿਰ ਜਾਰੀ ਹੈ।

ਰਵਾਇਤੀ ਤੇ ਮਹਿੰਗੇ ਨਸ਼ੇ ਅਫੀਮ ਜਾਂ ਇਸ ਤੋਂ ਬਣੇ ਹੋਰ ‘ਪਦਾਰਥਾਂ’ ਉੱਤੇ ਤੇਜ਼ੀ ਨਾਲ ਸਸਤੇ ਤੇ ‘ਬੇਈਮਾਨ ਕੈਮਿਸਟਾਂ’ ਵੱਲੋਂ ਵੇਚੇ ਜਾ ਰਹੇ ਸਿੰਥੈਟਿਕ ਨਸ਼ੇ ਜਾਂ ਡਾਕਟਰਾਂ ਵੱਲੋਂ ਲਿਖੀਆਂ ਦਵਾਈਆਂ ਦਾ ਗਲਬਾ ਵਧ ਰਿਹਾ ਹੈ।

ਹਾਲੇ ਵੀ ਆਰਾਮ ਨਾਲ ਮਾਰਕੀਟ ਵਿੱਚ ਉਪਲਬਧ ਇਹ ਨਸ਼ੀਲੇ ਪਦਾਰਥ ਸੂਬੇ ਦੇ ਨਿਰਾਸ਼ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਝੁੰਡਾਂ ਦਾ ਸਹਾਰਾ ਬਣ ਰਹੇ ਹਨ ਜਦਕਿ ਰੱਜੇ-ਪੁੱਜੇ ਲੋਕ ਉਂਜ ‘ਲੋਰ’ ਵਿੱਚ ਰਹਿਣ ਲਈ ਇਹ ਨਸ਼ੇ ਵਰਤ ਰਹੇ ਹਨ। ਬਹੁਤ ਪੁਰਾਣੇ ਤੇ ਰਵਾਇਤੀ ਨਸ਼ੀਲੇ ਪਦਾਰਥਾਂ ਅਫੀਮ, ਭੁੱਕੀ ਤੇ ਅਜਿਹੇ ਹੋਰ ਪਦਾਰਥਾਂ ਦੇ ਕਾਰੋਬਾਰ ਦਾ ਧੰਦਾ ਦਹਾਕਿਆਂ ਤੋਂ ਕੁਝ ਸਿਆਸੀ ਵੱਡਿਆਂ ਦੀ ਸਰਪ੍ਰਸਤੀ ਹੇਠ ਚੱਲਦਾ ਆ ਰਿਹਾ ਹੈ। ਰਵਾਇਤੀ ਨਸ਼ਾ ਅਫੀਮ ਆਦਿ ਤਾਂ ਵੱਡੀ ਮਾਤਰਾ ਵਿੱਚ ਜਾਂ ਤਾਂ ਪਾਕਿਸਤਾਨ ਤੋਂ ਜਾਂ ਫਿਰ ਅਫੀਮ ਬੀਜਦੇ ਇਲਾਕਿਆਂ ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਆਉਂਦੀ ਹੈ। ਪਰ ਸਿੰਥੈਟਿਕ ਤੇ ਅਰਧ ਸਿੰਥੈਟਿਕ ਨਸ਼ੇ ਜਾਂ ਡਾਕਟਰਾਂ ਵੱਲੋਂ ਲਿਖੀਆਂ ਜਾਂਦੀਆਂ ‘ਰਾਹਤ’ ਦੇਣ ਵਾਲੀਆਂ ਦਵਾਈਆਂ ਦਾ ਉੱਭਰ ਰਿਹਾ ਕਾਰੋਬਾਰ ਐਨ ਪੰਜਾਬ ਪੁਲੀਸ ਤੇ ਸਿਹਤ ਵਿਭਾਗ ਦੇ ਨੱਕ ਹੇਠ ਵੱਧ-ਫੁੱਲ ਰਿਹਾ ਹੈ। ਜੇਕਰ ਮੁਲਕ ਦੀ ਔਸਤਨ ਸ਼ਰਾਬ ਦੀ ਖਪਤ 26 ਫੀਸਦੀ ਹੈ ਤਾਂ ਪੰਜਾਬ ਦੁੱਗਣੇ ਦੇ ਨੇੜੇ-ਤੇੜੇ 46 ਫੀਸਦੀ ‘ਤੇ ਹੈ। ਇਸੇ ਤਰ੍ਹਾਂ ਪੂਰੇ ਮੁਲਕ ਦੇ ਮੁਕਾਬਲੇ ਸਿੰਥੈਟਿਕ ਡਰੱਗਜ਼ ਜਿਵੇਂ ਹੈਰੋਇਨ ਤੇ ਸਮੈਕ ਦੀ ਵਰਤੋਂ ਪੰਜਾਬ ‘ਚ 3.5 ਫੀਸਦੀ ਵੱਧ ਹੈ। ਪਾਰਟੀ ਡਰੱਗਜ਼ ਹੋਰ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕਰ ਰਹੀਆਂ ਹਨ। ਇਹ ਜਾਣਕਾਰੀ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਚੰਡੀਗੜ੍ਹ ਆਧਾਰਤ ਜ਼ੋਨਲ ਡਾਇਰੈਕਟਰ ਕੌਸਤਭ ਸ਼ਰਮਾ ਤੋਂ ਮਿਲੀ ਹੈ।

ਉਨ੍ਹਾਂ ਕਿਹਾ ਕਿ ਸਿੰਥੈਟਿਕ, ਅਰਧ ਸਿੰਥੈਟਿਕ ਤੇ ਡਾਕਟਰਾਂ ਵੱਲੋਂ ਲਿਖੀਆਂ ਜਾਂਦੀਆਂ ਡਰੱਗਜ਼ ਪੰਜਾਬ ਦੇ ਪਿੰਡਾਂ, ਸ਼ਹਿਰਾਂ ਸਭ ਥਾਈਂ ਮਾਰ ਕਰ ਰਹੀਆਂ ਹਨ, ਹਾਲਾਂਕਿ ਇਸ ਬਾਰੇ ਸਹੀ ਅੰਕੜੇ ਉਪਲਬਧ ਨਹੀਂ ਹਨ। ਪਰ ਇਹ ਅਲਾਮਤ ਪੰਜਾਬ ‘ਚ ਜੜ੍ਹਾਂ ਫੈਲਾ ਰਹੀ ਹੈ। ਸਥਿਤੀ ਇੰਨੀ ਭਿਆਨਕ ਹੈ ਕਿ ਮਨੋਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਕਾਲਜ ਪੜ੍ਹਦੇ 25 ਫੀਸਦੀ ਤੋਂ 30 ਫੀਸਦੀ ਤੱਕ ਮੁੰਡੇ-ਕੁੜੀਆਂ ਇਹ ਸਿੰਥੈਟਿਕ, ਅਰਧ ਸਿੰਥੈਟਿਕ ਜਾਂ ਡਾਕਟਰਾਂ ਵੱਲੋਂ ਸੁਝਾਈਆਂ ਡਰੱਗਜ਼ ਦੇ ਆਦੀ ਹਨ।

ਜਲੰਧਰ ਦੇ ਇਕ ਨਿਊਰੋ-ਸਾਇਕੈਟਰਿਸਟ ਤੇ ਨਸ਼ੀਲੇ ਪਦਾਰਥਾਂ ਦੀ ਲਤ ਛੁਡਾਉਣ ਦੇ ਮਾਹਰ ਹਿਮਾਂਸ਼ੂ ਸਰੀਨ ਅਨੁਸਾਰ ਪੰਜਾਬ ਵਿੱਚ ‘ਟਾਈਮ ਬੰਬ’ ਦੀ ਟਿੱਕ-ਟਿੱਕ ਸ਼ੁਰੂ ਹੋ ਗਈ ਹੈ। ਧਮਾਕਾ ਕਿਸੇ ਵੀ ਸਮੇਂ ਹੋ ਸਕਦਾ ਹੈ। ਹਿਮਾਂਸ਼ੂ ਸਰੀਨ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਵਿੱਚ ਹਰ ਰੋਜ਼ 200 ਤੋਂ 250 ਮਰੀਜ਼ਾਂ (ਓਪੀਡੀ ਵਿੱਚ) ਦੀ ਜਾਂਚ ਕਰਦੇ ਹਨ। ਉਨ੍ਹਾਂ ਨੂੰ ਜਿਹੜੀ ਗੱਲ ਸਭ ਤੋਂ ਵੱਧ ਤੰਗ ਕਰ ਰਹੀ ਹੈ ਉਹ ਇਹ ਹੈ ਕਿ ਇਨ੍ਹਾਂ ‘ਪਦਾਰਥਾਂ’ ਦਾ ਸੇਵਨ ਸ਼ੁਰੂ ਕਰਨ ਦੀ ਨੌਜਵਾਨਾਂ ਦੀ ਉਮਰ ਤੇਜ਼ੀ ਨਾਲ ਘਟ ਰਹੀ ਹੈ ਤੇ ਲੜਕੀਆਂ ਵਿੱਚ ਨਸ਼ੀਲੇ ਟੀਕੇ ਲਾਉਣ ਤੇ ਹੈਰੋਇਨ ਲੈਣ ਦਾ ਰੁਝਾਨ ਵੀ ਤੇਜ਼ੀ ਨਾਲ ਵਧ ਰਿਹਾ ਹੈ।

ਡਾ. ਸਰੀਨ ਅਨੁਸਾਰ ਜੇਕਰ 10 ਸਾਲ ਪਹਿਲਾਂ ਨਸ਼ਿਆਂ ਦਾ ਸੇਵਨ ਸ਼ੁਰੂ ਕਰਨ ਦੀ ਉਮਰ 22-25 ਸਾਲ ਹੁੰਦੀ ਸੀ, ਹੁਣ 14-15 ਸਾਲ ਦੀ ਉਮਰ ਤੋਂ ਹੀ ਮੁੰਡੇ ਇਹ ਕੰਮ ਸ਼ੁਰੂ ਕਰ ਰਹੇ ਹਨ। ਡਾ. ਸਰੀਨ ਅਨੁਸਾਰ ਹੁਣ ਹਰੇਕ ਹਫ਼ਤੇ ਦੋ ਤਿੰਨ ਮੁਟਿਆਰਾਂ ਵੀ ਮਰੀਜ਼ਾਂ ‘ਚ ਆਉਣ ਲੱਗੀਆਂ ਹਨ। ਇਸ ਸਾਰੇ ਕੁਝ ਲਈ ਆਲੇ-ਦੁਆਲੇ ਦੇ ਸਾਥੀਆਂ ਦਾ ਦਬਾਅ, ਨਸ਼ਿਆਂ ਦਾ ਬਲੈਕ ਮਾਰਕੀਟ ਵਿੱਚ ਖੁੱਲ੍ਹੇਆਮ ਉਪਲਬਧ ਹੋਣਾ ਜ਼ਿੰਮੇਵਾਰ ਹੈ। ਉਨ੍ਹਾਂ ਦੱਸਿਆ ਕਿ ਕਈ ਵਿਦਿਆਰਥੀ ਤਾਂ ਸਕੂਲ ਦੀ ਵਰਦੀ ਵਿੱਚ ਵੀ ਉਨ੍ਹਾਂ ਕੋਲ ਇਲਾਜ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਰੋਜ਼ 200 ਤੋਂ ਵੱਧ ਗਿਣਤੀ ਦੇ ਓਪੀਡੀ ਮਰੀਜ਼ਾਂ ਵਿੱਚੋਂ 60-70 ਤਾਂ 16 ਤੋਂ 30 ਸਾਲ ਦੀ ਉਮਰ ਦੇ ਹੁੰਦੇ ਹਨ। ਇਹ ਅੰਕੜਾ ਪੰਜਾਬ ਦੀ ਬਦ ਤੋਂ ਬਦਤਰ ਹੋ ਰਹੀ ਸਥਿਤੀ ਬਿਆਨ ਕਰਦਾ ਹੈ।

ਪੰਜਾਬ ਦੀ ਔਸਤਨ ਅੱਧੀ ਆਬਾਦੀ ਕਿਸੇ ਨਾ ਕਿਸੇ ਨਸ਼ੇ ‘ਤੇ ਲੱਗੀ ਹੋਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਅਧਿਆਪਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ‘ਪੋ੍ਰਫੈਸਰ ਐਮੀਰੇਟਸ’ ਪੋ੍ਰ. ਰਣਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਕਹਿਣਾ ਔਖਾ ਹੈ ਕਿ ਕੌਣ ਪੱਕਾ ਅਮਲੀ ਹੈ ਤੇ ਕੌਣ ਜਾਂ ਕਿੰਨੇ ਲੋਕ ਕਦੇ ਕਦਾਈਂ ਨਸ਼ਾ ਲੈਣ ਵਾਲੇ ਹਨ। ਪੰਜਾਬ ਵਿੱਚ ਨਸ਼ਿਆਂ ਦੀ ਲਤ ਬਾਰੇ ਵਿਸਥਾਰਤ ਖੋਜ ਆਧਾਰਤ ਪੁਸਤਕ ਲਿਖਣ ਵਾਲੇ ਪੋ੍ਰ. ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਰਵੇਖਣ ਮੁਤਾਬਕ ਪੰਜਾਬ ਦੇ 20-22 ਫੀਸਦੀ ਨੌਜਵਾਨ ਸਿੰਥੈਟਿਕ ਜਾਂ ਡਾਕਟਰਾਂ ਵੱਲੋਂ ਲਿਖੀਆਂ ਡਰੱਗਜ਼ ਦੇ ਆਦੀ ਹਨ ਅਤੇ 15-20 ਫੀਸਦੀ ਅਲਕੋਹਲ (ਸ਼ਰਾਬ) ਵਾਲੇ ਹਨ।

ਕੁੱਲ 5 ਫੀਸਦੀ ਕੁ ਹੈਰੋਇਨ ਜਾਂ ਸਮੈਕ ਦੇ ਆਦੀ ਹਨ। ਪੰਜਾਬ ਦੇ ਪੰਜ ਵਿੱਚੋਂ ਇਕ ਨੌਜਵਾਨ ਦਾ ਡਰੱਗਜ਼ ਲੈਣ ਦੇ ਆਦੀ ਹੋਣਾ, ਆਪਣੇ ਆਪ ਵਿੱਚ ਖਤਰੇ ਦੀ ਘੰਟੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top