Share on Facebook

Main News Page

ਜੂਨ ’84 ਦੀ ਵੰਗਾਰ ਕਬੂਲੋ ! ਭੱਜੋ ਨਾ !

“ਅਸਲ ਵਿਚ ਬ੍ਰਾਹਮਣਵਾਦ ਨੂੰ ਸਿੱਖਾਂ ਦੀ ਅਜ਼ਾਦ-ਤਬੀਅਤ ਤੋਂ ਚਿੜ ਹੈ। ਖ਼ਾਲਸਾ ਬਾਗੀ ਹੁੰਦਾ ਹੈ ਜਾਂ ਬਾਦਸ਼ਾਹ। ਬ੍ਰਾਹਮਣਵਾਦ ਨੂੰ ਚੁੱਭਦਾ ਹੈ ਕਿ 1984 ਤੋਂ ਗ਼ੁਲਾਮੀ ਦੀਆਂ ਬੇੜੀਆਂ ਵਿਚ ਜਕੜੇ ਹੋਣ ਦੇ ਬਾਵਜੂਦ ਸਿੱਖ ‘ਮਾਤਾ ਦਾ ਮਾਲ’ ਕਿਉਂ ਨਹੀਂ ਬਣ ਜਾਂਦੇ ਤੇ ਬੇਅੰਤ ਸਿਹੁੰ, ਕੇ.ਪੀ.ਐਸ. ਗਿੱਲ, ਬਾਦਲ ਵਰਗਿਆਂ ਵਾਂਗ ਭਾਰਤੀ ਹਕੂਮਤੀ ਮਸ਼ੀਰਨੀ ਦੇ ਸੰਦ ਕਿਉਂ ਨਹੀਂ ਬਣ ਜਾਂਦੇ। ਬ੍ਰਾਹਮਣਵਾਦ ਨੂੰ ਬੜਾ ਦੁੱਖ ਹੈ ਕਿ ਨਕਲੀ ਨਿਰੰਕਾਰੀ, ਬੇਆਸੀਏ, ਸਰਸੇ, ਭਨਿਆਰੇ, ਨੂਰਮਹਿਲ, ਕੂਕੇ ਤੇ ਹੋਰਨਾਂ ਡੇਰੇਦਾਰ ਸਾਧਾਂ ਦੇ ਜਾਲ ਵਿਚੋਂ ਫਸਦੇ ਫਸਦੇ ਸਿੱਖ ਕਿਉਂ ਨਿਕਲ ਜਾਂਦੇ ਨੇ।”

ਜਦੋਂ ਵੀ ਕੋਈ ਜੂਨ 1984 ਨਾਲ ਸਬੰਧਤ ਤੱਥਾਂ ਤੇ ਘਟਨਾਵਾਂ ਨੂੰ ਸਿੱਖ ਜਜ਼ਬਾਤਾਂ ਦੇ ਸਾਹਮਣੇ ਖੜ੍ਹਾ ਕਰਦਾ ਹੈ ਤਾਂ ਇਨ੍ਹਾਂ ਤੱਥਾਂ ਤੇ ਘਟਨਾਵਾਂ ਦੇ ਅਸਲ ਰੂਪ ਸਾਹਮਣੇ ਪ੍ਰਗਟ ਹੋ ਜਾਂਦੇ ਹਨ ਪਰ ਅਫਸੋਸ ਕਿ ਬਹੁਤੇ ਕਲਮਕਾਰ ਸਿੱਖ ਜਜ਼ਬਾਤਾਂ ਤੋਂ ਸੱਖਣੇ ਹੋਣ ਕਰਕੇ ਇਤਿਹਾਸ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਪਾਉਂਦੇ। ਸਿੱਖੀ ਦੀ ਰੂਹ ਤੋਂ ਅਣਜਾਣ ਤੇ ਓਪਰੇ ਲੋਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਸਾਥੀ ਜੁਝਾਰੂਆਂ ਦੇ ਕਾਰਨਾਮਿਆਂ ਦੇ ਹਾਣ ਦੇ ਨਾ ਹੋਣ ਕਰਕੇ ਖੁਦ-ਦ-ਖੁਦ ਦੂਜੇ ਪਾਸੇ ਜਾਣੀਕਿ ਭਾਰਤੀ ਸਟੇਟ ਦੇ ਹੱਕ ਵਿਚ ਭੁਗਤ ਜਾਂਦੇ ਹਨ। ਪਰ ਅਫਜ਼ਲ ਅਹਿਸਨ ਰੰਧਾਵਾ ਵਰਗੇ ਅਨੇਕਾਂ ਲੋਕਾਂ ਨੂੰ ਪਤਾ ਹੈ ਕਿ ਬ੍ਰਾਹਮਣੀ ਸੋਚ ਨੇ ਭਾਰਤੀ ਹਕੂਮਤੀ ਮਸ਼ੀਨਰੀ ਨੂੰ ਵਰਤ ਕੇ ਪੰਜ ਸਦੀਆਂ ਦਾ ਵੈਰ ਕੱਢਿਆ ਹੈ। ਇਹੋ ਜਿਹੇ ਲੋਕ ਜਾਣਦੇ ਹਨ ਕਿ ਬ੍ਰਾਹਮਣੀ ਸੋਚ ਨੇ ਉਸੇ ਪਲ ਤੋਂ ਗੁਰੂ ਨਾਨਕ ਅਤੇ ਉਨ੍ਹਾਂ ਦੀ ਵਿਚਾਰਧਾਰਾ ਦੇ ਧਾਰਨੀ ਸਿੱਖਾਂ ਨੂੰ ਆਪਣਾ ਦੁਸ਼ਮਣ ਮੰਨਿਆ ਹੋਇਆ ਹੈ, ਜਿਸ ਪਲ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣੀ ਜਨੇਊਂ ਪਹਿਨਣ ਤੋਂ ਇਨਕਾਰ ਕੀਤਾ ਸੀ। ਜਨੇਊ ਤੋਂ ਇਨਕਾਰ ਬ੍ਰਾਹਮਣਵਾਦ ਤੋਂ ਇਨਕਾਰ ਸੀ ਤੇ ਇਹ ਗੱਲ ਚਲਾਕ ਬ੍ਰਾਹਮਣ ਨੇ ਬੜੀ ਚੰਗੀ ਤਰ੍ਹਾਂ ਸਮਝ ਲਈ ਸੀ। ਉਸਨੇ ਮਨੋ-ਮਨੀ ਸੋਚ ਲਿਆ, ਹੂੰਅ! ਹੁਣ ਇਹਨੂੰ ਵੀ ਵੇਖਣਾ ਪਊ! ਮੈਂ ਤਾਂ ਐਡੇ ਵੱਡੇ ਹਿੰਦੂ ਸਮਾਜ ਨੂੰ ਗਧੀਗੇੜ ਪਾ ਛੱਡਿਆ, ਬੁੱਧ ਧਰਮ ਨੂੰ ਖਾ ਗਿਆ, ਜੈਨੀਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ, ਇਸਲਾਮ ਅੰਦਰ ਰਲੇਵਾਂ ਪਾ ਦਿੱਤਾ ਤੇ…? ਇਹ ਤਾਂ ਚੀਜ਼ ਈ ਕੀ ਐ ਮੇਰੇ ਸਾਹਮਣੇ? ਇਹ ਸਿੱਖੀ ਵੇਖਣੀ ਪਊ, ਵੇਖਾਂਗੇ?

ਇੰਝ ਬ੍ਰਾਹਮਣਵਾਦ ਨੇ ਸਿੱਖ ਧਰਮ ਖਿਲਾਫ ਜੰਗ ਅਰੰਭ ਦਿੱਤੀ। ਕਦੇ ਬਾਦਸ਼ਾਹ ਅਕਬਰ ਨੂੰ ਗੁਰੂ-ਘਰ ਖਿਲਾਫ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਕਦੇ ਚੰਦੂ ਸ਼ਾਹ ਤੇ ਕਦੇ ਗੰਗੂ ਦੇ ਰੂਪ ਵਿਚ ਸਿੱਖੀ ਉਪਰ ਵਾਰ ਕੀਤੇ। ਕਦੇ ਪਹਾੜੀ ਰਾਜਿਆਂ ਦੇ ਰੂਪ ਵਿਚ ਗੁਰੂ-ਘਰ ਨੂੰ ਲਲਕਾਰਿਆ ਤੇ ਕਦੇ ਲੱਖਪਤ ਰਾਏ, ਜਸਪਤ ਰਾਏ ਬਣ ਕੇ ਵੰਗਾਰਿਆ, ਕਦੇ ਤੇਜਾ ਸਿਹੁੰ ਤੇ ਲਾਲ ਸਿਹੁੰ ਦਾ ਰੂਪ ਧਾਰਿਆ ਤੇ ਕਦੇ ਡੋਗਰਿਆਂ ਦਾ। 1984 ਵਿਚ ਉਸਨੇ ਇੰਦਰਾ ਦਾ ਰੂਪ ਧਾਰਨ ਕਰ ਲਿਆ ਤੇ ਅੱਗੇ ਪਤਾ ਨਹੀਂ ਹੋਰ ਕਿਹੜੇ ਕਿਹੜੇ ਰੂਪ ਵਿਚ ਟੱਕਰੇਗੀ।

ਬ੍ਰਾਹਮਣਵਾਦ ਦੇ ਹਮਲੇ ਕੇਵਲ ਫੌਜੀ ਢੰਗ ਦੇ ਨਹੀਂ ਹੁੰਦੇ। ਉਹ ਸਿੱਖ ਸਿਧਾਂਤ ਉਪਰ ਵੀ ਵਾਰ ਕਰਦਾ ਹੈ ਤੇ ਸਿੱਖ ਸਰੂਪ ਉਪਰ ਵੀ। ਸਿੱਖ ਇਤਿਹਾਸ ਵਿਚ ਮਿਥਿਹਾਸਕ ਕਹਾਣੀਆਂ ਜੋੜਨੀਆਂ, ਗੁਰਬਾਣੀ ਦੇ ਗਲਤ ਅਰਥ ਕਰਨੇ, ਸਿੱਖੀ ਦੀ ਹਰ ਗੱਲ ਨੂੰ ਹਿੰਦੂ ਮੱਤ ਨਾਲ ਜੋੜਨਾ, ਗੁਰੂ ਸਾਹਿਬਾਨ ਤੇ ਸਿੱਖ ਨਾਇਕਾਂ ਪ੍ਰਤੀ ਅਸ਼ਰਧਕ ਟਿੱਪਣੀਆਂ ਕਰਨੀਆਂ, ਸਿੱਖ ਮਨਾਂ ਅੰਦਰ ਸਿੱਖੀ ਸੰਸਕਾਰਾਂ ਪ੍ਰਤੀ ਬਾਗੀ ਭਾਵਨਾ ਭਰਨੀ ਆਦਿਕ ਵੀ ਹਮਲੇ ਹਨ। ਪਰ ਇਨ੍ਹਾਂ ਹਮਲਿਆਂ ਦੀ ਸੂਖਮਤਾ ਨੂੰ ਜਾਨਣਾ ਹਾਰੀ-ਸਾਰੀ ਦਾ ਕੰਮ ਨਹੀਂ। ਸ਼ਰਧਾ ਰਾਮ ਫਿਲੌਰੀ, ਸਵਾਮੀ ਦਯਾ ਨੰਦ, ਗਾਂਧੀ ਵਰਗੇ ਅਨੇਕਾਂ ਲੋਕਾਂ ਨੇ ਸਿੱਖੀ ਨੂੰ ਨਿਸ਼ਾਨਾ ਬਣਾਇਆ। ਹੁਣ ਤਾਂ ਇਕ ਮੁਕੰਮਲ ਸੰਸਥਾ ਆਰ.ਐਸ.ਐਸ. ਹੀ ਬਣਾ ਲਈ ਕਿ ਸਿੱਖਾਂ ਤੇ ਹੋਰਨਾਂ ਗੈਰ-ਹਿੰਦੂਆਂ ਦਾ ਬ੍ਰਾਹਮਣੀਕਰਨ ਕਰ ਲਿਆ ਜਾਵੇ?

ਪੰਜ ਸੌ ਸਾਲ ਦੇ ਇਤਿਹਾਸ ਵਿਚ ਸਿੱਖਾਂ ਨੇ ਬ੍ਰਾਹਮਣਵਾਦ ਦੇ ਅਨੇਕਾਂ ਚੇਹਰੇ ਵੇਖੇ ਹਨ। ਹਮਲਾਵਰ ਚੇਹਰੇ ਤਾਂ ਚਲੋ ਸਾਡੇ ਯਾਦ ਹੀ ਰਹਿੰਦੇ ਹਨ ਪਰ ਬ੍ਰਾਹਮਣਵਾਦ ਦੇ ਨਰਮ ਚੇਹਰਿਆਂ ਪ੍ਰਤੀ ਵੀ ਜਾਪਦਾ ਹੈ ਕਿ ਨਵੇਂ ਸਿਰਿਉਂ ਸੋਚਣਾ ਪਵੇਗਾ। ਕਸ਼ਮੀਰੀ ਪੰਡਤਾਂ ਨੂੰ ਜੇ ਆਪਣਾ ਧਰਮ ਬਚਾਉਣ ਲਈ ਗੁਰੂ-ਦਰਬਾਰ ਵਿਚ ਜਾ ਕੇ ਦੋਹਾਈ ਪਾਉਣੀ ਆਉਂਦੀ ਸੀ ਤਾਂ ਫਿਰ ਉਨ੍ਹਾਂ ਹਿੰਦੂ ਪਹਾੜੀ ਰਾਜਿਆਂ ਖਿਲਾਫ ਮੂੰਹ ਕਿਉਂ ਨਹੀਂ ਖੋਲ੍ਹਿਆ ਜਿਹੜੇ ਆਏ ਦਿਨ ਦਸਮੇਸ਼ ਪਿਤਾ ਨਾਲ ਖਹਿੰਦੇ ਰਹਿੰਦੇ ਸਨ। ਇਹੋ ਜਿਹੇ ਅਨੇਕਾਂ ਪ੍ਰਸੰਗ ਹਨ ਤੇ ਉਨ੍ਹਾਂ ਦੇ ਅਨੇਕਾਂ ਪ੍ਰਵਚਨ ਹਨ। ਅਸੀਂ ਦੀਵਾਨ ਟੋਡਰ ਮੱਲ, ਪੰਡਿਤ ਕ੍ਰਿਪਾ ਰਾਮ ਦੱਤ ਤੇ ਦੀਵਾਨ ਕੌੜਾ ਮੱਲ ਜਿਹੀਆਂ ਸ਼ਖ਼ਸੀਅਤਾਂ ਤੋਂ ਇਨਕਾਰੀ ਨਹੀਂ ਪਰ ਅਸੀਂ ਗੰਗੂਆਂ ਚੰਦੂਆਂ ਦਾ ਕੀ ਕਰੀਏ।

ਇਤਿਹਾਸਕਾਰਾਂ ਨੇ ਸਾਬਤ ਕਰ ਦਿੱਤਾ ਹੈ 1984 ਨੂੰ ਕਹਿਰ ਢਾਹੁਣ ਵਾਲੀ ਇੰਦਰਾ ਗਾਂਧੀ ਵੀ ਗੰਗੂ ਦੀ ਖਾਨਦਾਨੀ ਵਾਰਿਸ ਹੀ ਨਹੀਂ, ਸਗੋਂ ਉਹ ਗੰਗੂ ਦੇ ਵਿਰਸੇ ਦੀ ਵੀ ਵਾਰਿਸ ਸੀ। ਗੰਗੂ ਦਾ ਵਿਰਸਾ ਆਖਦਾ ਹੈ ਸਿੱਖੀ ਤੇ ਸਿੱਖ ਰਹਿਣ ਨਹੀਂ ਦੇਣੇ, ਪੱਗ ਤੇ ਦਾੜ੍ਹੇ ਨਹੀਂ ਰਹਿਣ ਦੇਣੇ। ਅੱਜ ਹਰ ਜਾਗਦੀ ਜ਼ਮੀਰ ਵਾਲੇ ਸਿੱਖ ਨੂੰ ਆਪਣੇ ਆਲੇ ਦੁਆਲੇ ਵਿਚੋਂ ਅਹਿਸਾਸ ਹੋ ਰਿਹਾ ਹੈ ਕਿ "ਸਿੱਖਾ! ਜਾਂ ਤਾਂ ਹਿੰਦੂ ਹੋਣਾ ਮੰਨ ਲੈ, ਨਹੀਂ ਮਰਨ ਲਈ ਤਿਆਰ ਹੋ ਜਾ।" ਬਿਲਕੁਲ ਉਵੇਂ ਜਿਵੇਂ ਸਾਹਿਬਜ਼ਾਦਿਆਂ ਨੂੰ ਸਰਹੰਦ ਦੀ ਕਚਹਿਰੀ ਵਿਚ ਆਖਿਆ ਗਿਆ ਸੀ,”ਦੀਨ ਕਬੂਲੋ ਜਾਂ ਮੌਤ?” ਅਸੀਂ ਜਾਣਦੇ ਹਾਂ ਕਿ ਸਾਹਿਬਜ਼ਾਦਿਆਂ ਨੇ ਉਦੋਂ ਉਹ ਵੰਗ਼ਾਰ ਕਬੂਲੀ ਸੀ ਤੇ ਅੱਜ ਵੀ ਸਿੱਖਾਂ ਨੇ ਹਕੂਮਤ ਦੀ ਵੰਗਾਰ ਕਬੂਲੀ ਹੋਈ ਹੈ।

ਅਸਲ ਵਿਚ ਬ੍ਰਾਹਮਣਵਾਦ ਨੂੰ ਸਿੱਖਾਂ ਦੀ ਅਜ਼ਾਦ-ਤਬੀਅਤ ਤੋਂ ਚਿੜ ਹੈ। ਖ਼ਾਲਸਾ ਬਾਗੀ ਹੁੰਦਾ ਹੈ, ਜਾਂ ਬਾਦਸ਼ਾਹ। ਬ੍ਰਾਹਮਣਵਾਦ ਨੂੰ ਚੁੱਭਦਾ ਹੈ ਕਿ 1984 ਤੋਂ ਗ਼ੁਲਾਮੀ ਦੀਆਂ ਬੇੜੀਆਂ ਵਿਚ ਜਕੜੇ ਹੋਣ ਦੇ ਬਾਵਜੂਦ ਸਿੱਖ ‘ਮਾਤਾ ਦਾ ਮਾਲ’ ਕਿਉਂ ਨਹੀਂ ਬਣ ਜਾਂਦੇ ਤੇ ਬੇਅੰਤ ਸਿਹੁੰ, ਕੇ.ਪੀ.ਐਸ. ਗਿੱਲ, ਬਾਦਲ ਵਰਗਿਆਂ ਵਾਂਗ ਭਾਰਤੀ ਹਕੂਮਤੀ ਮਸ਼ੀਰਨੀ ਦੇ ਸੰਦ ਕਿਉਂ ਨਹੀਂ ਬਣ ਜਾਂਦੇ। ਬ੍ਰਾਹਮਣਵਾਦ ਨੂੰ ਬੜਾ ਦੁੱਖ ਹੈ ਕਿ ਨਕਲੀ ਨਿਰੰਕਾਰੀ, ਬੇਆਸੀਏ, ਸਰਸੇ, ਭਨਿਆਰੇ, ਨੂਰਮਹਿਲ, ਕੂਕੇ ਤੇ ਹੋਰਨਾਂ ਡੇਰੇਦਾਰ ਸਾਧਾਂ ਦੇ ਜਾਲ ਵਿਚੋਂ ਫਸਦੇ ਫਸਦੇ ਸਿੱਖ ਕਿਉਂ ਨਿਕਲ ਜਾਂਦੇ ਨੇ? ਪਰ ਫੇਰ ਵੀ ਬ੍ਰਾਹਮਣਵਾਦ ਦੇ ਹਮਲੇ ਮੁੱਕੇ ਨਹੀਂ। ਅਜੇ ਉਸਦੇ ਤਰਕਸ਼ ਵਿਚ ਬੜੇ ਤੀਰ ਨੇ। ਉਸਨੇ ਪੰਜਾਬ ਅੰਦਰ ਨਸ਼ਿਆਂ ਦਾ ਦਰਿਆ ਵਗਾ ਦਿੱਤਾ ਹੈ।

ਸਿੱਖਾਂ ਨੂੰ ਘੱਟਗਿਣਤੀ ਵਿੱਚ ਕਰਨ ਲਈ ਦੂਜੇ ਸੂਬਿਆਂ ਤੋਂ ਲੋਕਾਂ ਨੂੰ ਲਿਆ ਕੇ ਧੜਾਧੜ ਪੰਜਾਬ ਵਿਚ ਵਸਾਉਣਾ ਅਰੰਭ ਦਿੱਤਾ ਹੈ। ਪੰਜਾਬ ਨੂੰ ਬੰਜ਼ਰ ਬਣਾਉਣ ਦੇ ਉਪਰਾਲੇ ਕੀਤੇ ਨੇ। ਪੰਜਾਬ ਦੀ ਕਿਸਾਨੀ ਨੂੰ ਲੁੱਟਣ ਦਾ ਹਰ ਹਰਬਾ ਵਰਤਿਆ ਹੈ ਤੇ ਅਣਖੀਲੇ ਕਿਸਾਨਾਂ ਨੂੰ ਕਰਜ਼ਾਈ ਕਰਕੇ ਆਤਮ ਹੱਤਿਆਵਾਂ ਦੇ ਰਾਹ ਤੋਰਿਆ ਹੈ। ਟੀ.ਵੀ. ਫਿਲਮਾਂ ਤੇ ਹੋਰਨਾਂ ਸਾਧਨਾਂ ਰਾਹੀਂ ਸਿੱਖ ਸ਼ਕਲ ਦਾ ਮਜ਼ਾਕ ਉਡਾ ਕੇ ਸਿੱਖ ਨੌਜਵਾਨਾਂ ਅੰਦਰ ਹੀਣ-ਭਾਵਨਾ ਭਰਨ ਤੇ ਸਿੱਖੀ ਤੋਂ ਬਾਗੀ ਕਰਨ ਦੇ ਉਪਰਾਲੇ ਕੀਤੇ ਹਨ। ਸਿੱਖਾਂ ਦੀ ਬੋਲੀ ਪੰਜਾਬੀ ਨੂੰ ਮਾਰਨ ਲਈ ਇਸ ਉਪਰ ਹਿੰਦੀ ਤੇ ਸੰਸਕ੍ਰਿਤ ਦੀ ਪੁੱਠ ਚਾੜ੍ਹੀ ਹੈ। ਸਿੱਖਾਂ ਨੂੰ ਵੰਡਣ, ਪਾੜਨ ਤੇ ਆਪਸ ਵਿਚ ਲੜਾਉਣ ਦੇ ਪ੍ਰੋਗਰਾਮ ਬਣਾਏ ਹਨ।

ਅਸਲ ਗੱਲ ਤਾਂ ਇਹ ਹੈ ਕਿ ਸਿੱਖ ਧਰਮ, ਸੱਭਿਆਚਾਰ, ਅਰਥਚਾਰੇ ਤੇ ਸਮਾਜਿਕ ਢਾਂਚੇ ਉਪਰ ਬੜੇ ਜ਼ਬਰਦਸਤ ਹਮਲੇ ਕੀਤੇ ਹਨ। ਸਿੱਖੀ ਸਰੂਪ ਵਿਚ ਫਿਰਦੇ ਬ੍ਰਾਹਮਣ ਦੇ ਏਜੰਟ ਆਖਦੇ ਜਾਪਦੇ ਹਨ,”ਹੁਣ ਐਵੇਂ ਸਿਰ ਪੜਵਾਉਣ ਦਾ ਕੀ ਫਾਇਦਾ? ਹਿੰਦੂ ਹਕੂਮਤ ਨਾਲ ਮੱਥਾ ਲਾਉਣਾ ਪਹਾੜ ਨਾਲ ਟੱਕਰ ਲਾਉਣ ਵਾਲੀ ਗੱਲ ਹੈ। ਚੁੱਪ ਕਰਕੇ ਨੀਵੀਂ ਪਾ ਕੇ ਦਿਨ ਕਟੀ ਕਰ ਲਵੋ। ਜੇ ਰੱਜਵੀਂ ਰੋਟੀ ਤੇ ਟੌਹਰ ਨਾਲ ਦਿਨ ਕੱਢਣੇ ਨੇ ਫਿਰ ਸਿੱਖੀ ਸਰੂਪ ਤਿਆਗ ਦਿਉ। ਆਰਾਮ ਨਾਲ ਰਹੋ ਤੇ ਮੌਜਾਂ ਲੁੱਟੋ। ਜਾਂ ਫਿਰ ਅਕਾਲੀਆਂ ਵਾਂਗ ਦੇਸ਼ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋ ਕੇ ਨਜ਼ਾਰੇ ਲਵੋ। ਕੀ ਰੱਖਿਆ ਹੈ ਸਿੱਖੀ ਦੀ ਮੁੱਖ ਧਾਰਾ ਵਿਚ। ਬ੍ਰਾਹਮਣੀ ਮੁੱਖ ਧਾਰਾ ਹੀ ਅਸਲ ਮੁੱਖ ਧਾਰਾ ਹੈ। ਕੀ ਆਖਦੇ ਨੇ ਹਿੰਦੂ ਤੁਹਾਨੂੰ? ਆਪਣੇ ਈ ਭਾਈ ਨੇ, ਨਹੁੰਆਂ ਨਾਲੋਂ ਮਾਸ ਵੀ ਕਦੇ ਟੁੱਟਦੇ ਨੇ? ਕੌਣ ਕਹਿੰਦਾ ਏ ਅੰਮ੍ਰਿਤ ਨਾ ਛਕੋ, ਬਾਣੀ ਨਾ ਪੜੋ, ਜੋ ਮਰਜ਼ੀ ਏ ਕਰੋ ਤੇ ਜੈਨੀਆਂ, ਬੋਧੀਆਂ ਵਾਂਗ ਬੰਦੇ ਬਣਕੇ ਰਹੋ।”

ਇਹੋ ਜਿਹੇ ਲੋਕਾਂ ਨੂੰ ਕੌਣ ਸਮਝਾਵੇ ਕਿ ਇੰਝ ਭੇਡਾਂ ਬੱਕਰੀਆਂ ਵਾਂਗ ਹਜ਼ਾਰਾਂ ਸਾਲ ਜਿਉਣ ਨਾਲੋਂ ਅਣਖ ਤੇ ਗ਼ੈਰਤ ਨਾਲ ਜੂਝਣ ਦੇ ਕੁਝ ਪਲ ਹੀ ਕਿਤੇ ਲਾਸਾਨੀ ਹੁੰਦੇ ਹਨ।

ਅਲਾਮਾ ਇਕਬਾਲ ਦੇ ਬੋਲ ਹਨ:

ਮੁੱਲਾਂ ਕੋ ਗਰ ਹੈ ਹਿੰਦ ਮੇ ਸਜਦੇ ਕੀ ਇਜਾਜ਼ਤ,
ਨਾਦਾਂ ਯੇ ਸਮਝਤਾ ਹੈ ਕਿ ਇਸਲਾਮ ਹੈ ਆਜ਼ਾਦ

ਅਸਲ ਵਿਚ ਜੂਨ 1984 ਨੇ ਸਿੱਖ ਕੌਮ ਨੂੰ ਵੰਗ਼ਾਰ ਪਾਈ ਹੈ ਕਿ "ਸਿੱਖੋ! ਜੇ ਬ੍ਰਾਹਮਣਵਾਦ ਦੇ ਪੰਜਿਆਂ ਤੋਂ ਬਚ ਸਕਦੇ ਹੋ ਤਾਂ ਬਚੋ!" ਇਸ ਵੰਗਾਰ ਨੂੰ ਜਿਉਂਦੀ-ਜਾਗਦੀ ਜ਼ਮੀਰ ਵਾਲਿਆਂ ਨੇ ਕਬੂਲ ਕੀਤਾ ਹੋਇਆ ਹੈ ਤੇ ਜੰਗ ਜਾਰੀ ਹੈ। ਇੰਝ ਜਾਪਦਾ ਹੈ ਕਿ ਦਸਮੇਸ਼ ਪਿਤਾ ਸਿੱਖ ਕੌਮ ਨੂੰ ਫਿਰ ਸੀਸ ਭੇਟ ਕਰਨ ਲਈ ਵੰਗਾਰ ਰਹੇ ਹਨ:

ਦਸਮੇਸ਼ ਪਿਤਾ ਦੀ, ਸੀਸ ਦੀ ਮੰਗ
ਜੇ ਪੂਰੀ ਨਹੀਂ ਕਰ ਸਕਦੇ,
ਤਾਂ ਫਿਰ, ਉੱਠੀ ਉਂਗਲ ਵਾਲਾ ਕੈਲੰਡਰ
ਕੰਧ ‘ਤੇ ਕਿਉਂ ਲਾਈਏ।
ਜਾਂ ਤਾਂ ਏਹਨੂੰ ਪਾੜ ਕੇ ਸੁੱਟ ਦਈਏ,
ਜਾਂ ਫਿਰ ਅਗਲੇ ਪੰਜ ਪਿਆਰੇ ਬਣ ਜਾਈਏ।

ਸੋ, ਖ਼ਾਲਸਾ ਜੀ! ਸੋਚੋ! ਭੱਜਣਾ ਹੈ ਜਾਂ ਜੂਨ 84 ਦੀ ਵੰਗ਼ਾਰ ਕਬੂਲਣੀ ਹੈ।

Source: http://sikhsangharsh.com/?p=12558


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top