ਜੂਨ
1984 ਵਿੱਚ ਵਾਪਰੇ ਤੀਜੇ ਘੱਲੂਘਾਰੇ ਨੂੰ ਵਾਪਰਿਆ ਅੱਜ 30ਵਰ੍ਹੇ ਬੀਤ ਗਏ ਹਨ। ਘੱਲੂਘਾਰੇ
ਦੀ ਪੀੜ ਨਾਲ ਜ਼ਖਮੀ ਹੋਏ ਹਜ਼ਾਰਾਂ ਸਿੱਖ ਨੌਜਵਾਨ ਕੌਮ ਦੀ ਹੋਈ ਬਦਲਣ ਲਈ ਆਪਾ ਵਾਰ ਗਏ ਹਨ।
ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਵਿੱਚ ਕੌਮ ਨੂੰ ਨੇ ਇਕ ਵਾਰ ਫਿਰ ਮੁਗਲੀਆਂ ਸਲਤਨਤ ਦੇ
ਆਖਰੀ ਦਹਾਕਿਆਂ ਵਿੱਚ ਕੌਮ ਨੂੰ ਨੇ ਇਕ ਵਾਰ ਫਿਰ ਮੁਗਲੀਆਂ ਸਲਤਨਤ ਦੇ ਜ਼ੁਲਮਾਂ ਨੂੰ ਪਿੰਡੇ
‘ਤੇ ਹੰਢਾਇਆ ਹੈ। ਅਣਗਿਣਤ ਸਿੱਖ ਨੌਜਵਾਨ ਗੁੰਮਨਾਮੀ ਦੀ ਜ਼ਿੰਦਗੀ ਵਿੱਚ ਵਿਚਰਦਿਆਂ ਹੋਇਆ
ਹੀ ਕੌਮ ਦੀ ਝੋਲੀ ਵਿੱਚ ਮਹਾਨ ਇਤਿਹਾਸਕ ਕਾਰਵਾਈਆਂ ਪਾ ਗਏ ਹਨ। ਖਾਲਸਾਈ ਰਵਾਇਤਾਂ ਦੇ ਇਸ
ਵੇਗ ਵਿੱਚ ਅਣਗਿਣਤ ਬਾਪੂਆਂ ਦੀ ਦਾਹੜੀ ਅਤੇ ਪੱਗ ਹਕੂਮਤੀ ਕੇਂਦਰਾਂ ਵਿੱਚ ਰੋਲੀ ਗਈ,
ਹਜ਼ਾਰਾਂ ਧੀਆਂ ਅਤੇ ਮਾਵਾਂ ਦੀ ਚੀਕ ਅਜਿਹੇ ਕੇਂਦਰਾਂ ਵਿੱਚ ਦਮ ਤੋੜਦੀ ਰਹੀ। ਸ਼ਹੀਦ ਆਪਣੀ
ਜ਼ਿੰਮੇਵਾਰੀ ਨਿਭਾ ਕੇ ਅਗਲੇ ਜਹਾਨ ਵਿੱਚ ਜਾ ਬਿਰਾਜੇ ਹਨ। ਪਿੱਛੇ ਕੌਮ ਦੇ ਮੋਢਿਆਂ ਉਥੇ
ਇਕ ਵੱਡੀ ਜ਼ਿੰਮੇਵਾਰੀ ਛੱਡ ਗਏ ਹਨ।
ਅੱਜ ਸ਼ਹੀਦ ਨੌਜਵਾਨਾਂ ਦੀਆਂ ਰੂਹਾਂ ਸਾਡੇ ਅੰਗ-ਸੰਗ ਹਨ, ਉਨ੍ਹਾਂ
ਦੇ ਸੁਪਨੇ ਉਨ੍ਹਾਂ ਦੀਆਂ ਰੀਝਾਂ, ਉਨ੍ਹਾਂ ਦੀ ਤੜਪ ਕੌਮ ਦੀ ਖਾਮੋਸ਼ੀ ਵਿੱਚ ਬਿਰਾਜਮਾਨ
ਹੈ। ਸਿੱਖ ਕੌਮ ਉਸ ਖਾਮੋਸ਼ ਤੜਪ ਦਾ ਇਜ਼ਹਾਰ ਵਕਤ-ਬ-ਵਕਤ ਕਰਦੀ ਰਹਿੰਦੀ ਹੈ। ਪਰ ਫਿਰ ਵੀ
ਕੋਈ ਰਾਹ ਸਿਰਾ ਦਿਸਦਾ ਨਜ਼ਰ ਨਹੀਂ ਆਉਂਦਾ। ਜ਼ੁਲਮੋਂ-ਸਿਤਮ ਅਤੇ ਆਰਥਿਕ ਕਸ਼ਟਾਂ ਦੀ ਇਹ ਰਾਤ
ਹਾਲੇਂ ਮੁੱਕਦੀ ਪ੍ਰਤੀਤ ਨਹੀਂ ਹੁੰਦੀ। ਜ਼ੁਲਮੋਂ-ਤਸ਼ੱਦਦ ਦੀ ਭੱਠੀ ਵਿੱਚ ਤਪੀ ਕੌਮ ਵਿੱਚ
ਤੜਪ ਨੂੰ ਲੈ ਕੇ ਜੀਅ ਰਹੀ ਹੈ। ਖਾੜਕੂ ਸੰਘਰਸ਼ ਦੀਆਂ ਗਲਤੀਆਂ ਵੀ ਇਸ ਕਾਫ਼ਲੇ ਵਿੱਚ ਵਿਚਰੇ
ਵੀਰਾਂ ਨੂੰ ਤੰਗ ਕਰ ਰਹੀਆਂ ਹਨ। ਸਿਆਸੀ ਮੁਹਾਜ਼ ‘ਚ ਹੋਈ ਅਸਫਲਤਾ ਨੇ ਬਾਜ਼ੀ ਪਲਟ ਦਿੱਤੀ
ਹੈ। ਵਰਤਮਾਨ ਸਮੇਂ ਦਾ ਸੱਚ ਇਕ ਬੌਧਿਕ ਅਤੇ ਵਿਚਾਰਧਾਰਕ ਸੰਘਰਸ਼ ਦੀ ਮੰਗ ਕਰਦਾ ਹੈ। ਅੱਜ
ਵੀ ਬਿਪਰਧਾਰਾ ਆਪਣੀ ਲੁਕਵੀਂ ਲੜਾਈ ਦੇ ਸਾਰੇ ਹਥਿਆਰ ਤਿੱਖੇ ਕਰਕੇ ਮੈਦਾਨ ਵਿੱਚ ਨਿੱਤਰੀ
ਹੋਈ ਹੈ। ਅੱਜ ਫਿਰ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਬਿਪਰਧਾਰਾ ਦੇ ਪੈਰੋਕਾਰਾਂ ਦੇ
ਕਬਜ਼ੇ ਹੇਠ ਹੈ। ਉਹ ਇਸ ਮਹਾਨ ਸਿੱਖ ਕੇਂਦਰ ਨੂੰ ਪੂਜਾ ਪਾਠ ਵਾਲਾ ਇਕ ਸਧਾਰਨ ਜਿਹਾ
ਗੁਰਦੁਆਰਾ ਬਣਾ ਦੇਣ ਲਈ ਤਤਪਰ ਹੈ। ਅਜਿਹਾ ਕਰਕੇ ਬਿਪਰਧਾਰਾ ਇਸ ਕੇਂਦਰ ਨੂੰ ਸਿੱਖਾਂ ਲਈ
ਆਤਮਕ ਬਲ ਪ੍ਰਦਾਨ ਕਰਨ ਵਾਲੇ ਕੇਂਦਰ ਵਜੋਂ ਖਤਮ ਕਰਨਾ ਚਾਹੁੰਦੀ ਹੈ। ਉਹ ਸ੍ਰੀ ਦਰਬਾਰ
ਸਾਹਿਬ ਦੀ ਇਨਕਲਾਬੀ ਸਪਿਰਟ ਨੂੰ ਖਤਮ ਕਰਨ ਦੇ ਵੱਡੇ ਅਤੇ ਸੁਚੇਤ ਯਤਨ ਕਰ ਰਹੀ ਹੈ।
ਅਕਾਲ ਤਖ਼ਤ ਦੇ ਜਥੇਦਾਰ ਅਤੇ ਹੋਰ ਧਾਰਮਿਕ ਸਖਸੀਅਤਾਂ ਬਿਪਰਧਾਰਾ ਦੀ
ਇਸ ਸਿੱਖ ਵਿਰੋਧੀ ਜੰਗ ਵਿੱਚ ਉਸਦਾ ਸਾਥ ਦੇ ਰਹੇ ਹਨ। ਸਿਰਲੱਥ ਸ਼ਹੀਦਾਂ ਦੀ ਜਥੇਬੰਦੀ
ਅਕਾਲੀ ਦਲ ਵੀ ਇਸ ਵੇਲੇ ਪੂਰੀ ਤਰ੍ਹਾਂ ਹਿੰਦੂ ਸ਼ਕਤੀਆਂ ਦੇ ਕਬਜ਼ੇ ਹੇਠ ਹੈ। ਸਿੱਖਾਂ ਨੂੰ
ਸਿਆਸੀ ਅਗਵਾਈ ਦੇਣ ਵਾਲੇ ਕੌਮ ਨੂੰ ਰੂਹਾਨੀ ਤੌਰ ਤੇ ਕੰਗਾਲ ਕਰ ਦੇਣ ਦੇ ਯਤਨਾਂ ਨੂੰ ਅੱਗੇ
ਵਧਾ ਰਹੇ ਹਨ। ਪੰਥਕ ਵਿਚਾਰਧਾਰਾ ਦੇ ਆਗੂਆਂ ਲਈ ਵਰਤਮਾਨ ਚੁਣੌਤੀ ਸ੍ਰੀ ਦਰਬਾਰ ਸਾਹਿਬ ਅਤੇ
ਸ੍ਰੀ ਅਕਾਲ ਤਖਤ ਸਾਹਿਬ ਦੀ ਇਨਕਲਾਬੀ ਸਪਿਰਟ ਨੂੰ ਕਾਇਮ ਰੱਖਣ ਦੀ ਹੈ। ਜੂਨ 1984 ਦੇ
ਸ਼ਹੀਦਾਂ ਦਾ ਸਪੱਸ਼ਟ ਸੰਦੇਸ਼ ਹੀ ਇਸ ਸਪਿਰਟ ਨੂੰ ਕਾਇਮ ਰੱਖਣ ਦਾ ਹੈ। ਉਨ੍ਹਾਂ ਨੇ ਸ਼ਹੀਦੀਆਂ
ਹੀ ਪੰਥਕ ਸਪਿਰਟ ਦਾ ਝੰਡਾ ਉਤਾਂਹ ਰੱਖਣ ਲਈ ਪਾਈਆਂ ਸਨ। ਪੰਥਕ ਧਿਰਾਂ ਦੀ ਦੂਜੀ ਵੱਡੀ
ਜ਼ਿੰਮੇਵਾਰੀ ਸਿੱਖ ਕੌਮ ਦੀ ਰੂਹ ਨੂੰ ਲੱਗੇ ਸੋਕੜੇ ਨੂੰ ਖਤਮ ਕਰਨ ਦੀ ਹੈ। ਨੈਤਿਕ ਨਿਘਾਰ
ਅਤੇ ਗੁਰਬਤ ਦੇ ਜਿਸ ਰਾਹ ਉਤੇ ਅੱਜ ਕੌਮ ਤੁਰ ਰਹੀ ਹੈ, ਜੇ ਉਸਨੂੰ ਸਪੱਸ਼ਟ ਸਟੈਂਡ ਨਾਲ ਨਾ
ਮੋੜਿਆ ਗਿਆ ਤਾਂ ਕੌਮ ਦੇ ਵਿਹੜਿਆਂ ਵਿੱਚ ਛਾਈ ਰਾਤ ਲੰਮੇਰੀ ਹੁੰਦੀ ਰਹੇਗੀ।
ਸਿੱਖ ਕੌਮ ਵਿੱਚ ਇਸ ਵੇਲੇ ਜੋ ਜਗੀਰੂ ਕਿਸਮ ਦੇ ਸਿਆਸੀ ਲੋਕ
ਤਹਿਜੀਬ ਵਿਹੂਣੀਆਂ ਸਿਆਸੀ ਲੁੱਡੀਆਂ ਪਾ ਰਹੇ ਹਨ, ਉਸਨੂੰ ਹਾਰ ਦੇਣੀ ਪੰਥਕ ਧਿਰਾਂ ਦੀ
ਵੱਡੀ ਜ਼ਿੰਮੇਵਾਰੀ ਹੈ। ਇਹ ਲੋਕ ਆਪਣੀ ਦੌਲਤ ਦੇ ਅਫਰੇਵੇਂ ਨਾਲ ਜੋ ਚੱਜ ਖਿਲਾਰ ਰਹੇ ਹਨ
ਉਨ੍ਹਾਂ ਨਾਲ ਕਿਰਤੀ ਸਿੱਖਾਂ ਦੀ ਰੂਹ ਵਲੂੰਧਰੀ ਗਈ ਹੈ। ਸਮੁੱਚਾ ਸਿੱਖ ਚਰਿੱਤਰ ਇਨ੍ਹਾਂ
ਕਾਰਵਾਈਆਂ ਨਾਲ ਸ਼ਰਮਸ਼ਾਰ ਹੋ ਗਿਆ ਹੈ। ਇਹੋ ਜਿਹੀਆਂ ਕਾਰਵਾਈਆਂ ਸਿੱਖੀ ਦੀਆਂ ਸਮਾਜੀ ਅਤੇ
ਸੱਭਿਆਚਾਰਕ ਕਦਰਾਂ ਕੀਮਤਾਂ ਦੀ ਤਬਾਹੀ ਕਰ ਰਹੀਆਂ ਹਨ। ਅੱਜ ਦੌਲਤ ਨੇ ਅੰਨ੍ਹੇ ਵਿਖਾਵੇ,
ਨਸ਼ਿਆਂ ਦੇ ਸੇਵਨ, ਪੱਛਮੀ ਪਹਿਰਾਵਿਆਂ ਅਤੇ ਸਿੱਖੀ ਦੀ ਸ਼ਾਨ ਨਾਲੋਂ ਉਖੜੀ ਹੋਈ ਜਿਹੋ ਜਿਹੀ
ਜੀਵਨ ਸ਼ੈਲੀ ਸਿੱਖ ਕੌਮ ਦਾ ਅੰਗ ਬਣ ਰਹੀ ਹੈ, ਇਸ ਚੁਣੌਤੀ ਨੂੰ ਸਿਧਾਂਤਕ ਰੂਪ ਵਿੱਚ
ਟੱਕਰਿਆਂ ਹੀ ਸ਼ਹੀਦਾਂ ਦੇ ਸੁਪਨਿਆਂ ਦਾ ਸੰਸਾਰ ਸਿਰਜਿਆ ਜਾ ਸਕੇਗਾ। ਸਿਆਸੀ ਤੌਰ ਤੇ ਸਿੱਖਾਂ
ਨੂੰ ਪੰਥਕ ਨੁਕਤੇ ਨਜ਼ਰ ਤੋਂ ਸੁਚੇਤ ਕਰਨ ਦੇ ਨਾਲ-ਨਾਲ ਇਕ ਵਿਚਾਰਧਾਰਕ ਲਹਿਰ ਵੀ ਚਲਾਉਣੀ
ਪਵੇਗੀ।
ਸਭ ਤੋਂ ਵੱਡੀ ਗੱਲ ਕੌਮ ਵਿੱਚ ਸਵੈਮਾਣ ਦਾ ਜਜ਼ਬਾ ਭਰਨਾ ਪਵੇਗਾ। ਜੇ
ਕੌਮ ਸਵੈਮਾਣ ਤੋਂ ਹੀਣੀ ਹੋ ਗਈ ਤਾਂ ਇਸ ਨੂੰ ‘ਕਾਕਿਆਂ’ ਦੇ ਪੈਰੀ ਪੈਣੋ ਨਹੀਂ ਰੋਕਿਆ ਜਾ
ਸਕੇਗਾ। ਅਜਿਹੀ ਸਥਿਤੀ ਵਿੱਚ ਸ਼ਹੀਦਾਂ ਦੀ ਰੂਹ ਲੂਣ ਦੇ ਹੰਝੂ ਕੇਰਦੀ ਰਹੇਗੀ। ਜੂਨ 1984
ਦੇ ਘੱਲੂਘਾਰੇ ਦਾ ਸਭ ਤੋਂ ਵੱਡਾ ਸਬਕ ਹੀ ਉਸ ਘੱਲੂਘਾਰੇ ਦੇ ਜ਼ਖਮਾਂ ਨੂੰ ਆਪਣੇ ਸੀਨੇ
ਵਿੱਚ ਵਸਾ ਕੇ ਕੌਮ ਦੀ ਹੋਣੀ ਸੰਵਾਰਨ ਦਾ ਇਮਾਨਦਾਰ ਸੰਕਲਪ ਕਰਨ ਦਾ ਹੈ। ਅਜਿਹੇ ਪਾਵਨ
ਸੰਕਪਲ ਪ੍ਰਤੀ ਨਿਸ਼ਠਾ ਅਤੇ ਪ੍ਰਤੀਬੱਧਤਾ ਵਿਖਾ ਕੇ ਹੀ ਅਸੀਂ ਕੌਮ ਦੇ ਵਕਤੀ ਤੌਰ ਤੇ ਡੁੱਬੇ
ਹੋਏ ਸੂਰਜ ਨੂੰ ਮੁੜ ਤਕੋਂ ਚਮਕਾ ਸਕਾਂਗੇ ਅਤੇ ਜ਼ੁਲਮਾਂ ਦੀ ਇਹ ਰਾਤ ਤਾਂ ਹੀ ਮੁੱਕ ਸਕੇਗੀ।