Share on Facebook

Main News Page

ਸਈਆਂ ਭਏ ਕੋਤਵਾਲ, ਅਬ ਡਰ ਕਾਹੇ ਕਾ
-: ਨਿਰਮਲ ਸਿੰਘ ਕੰਧਾਲਵੀ

ਮੁੱਖ ਮੰਤਰੀ ਦੇ ਪੀ.ਏ. ਦੇ ਰਿਸ਼ਤੇਦਾਰ ਵਲੋਂ ਲੁੱਟਾਂ-ਖੋਹਾਂ ਕਰਨਾ ਦਰਸਾਉਂਦਾ ਹੈ ਕਿ ਮੁਜਰਿਮ ਤਬਕੇ ਨੂੰ ਹਾਕਮਾਂ ਦੀ ਪੂਰੀ ਪੁਸ਼ਤ ਪਨਾਹੀ ਮਿਲ ਰਹੀ ਹੈ ਜਿਸ ਕਰ ਕੇ ਪੁਲਿਸ ਵਾਲ਼ੇ ਜ਼ੁਰਮਾਂ ਦੇ ਬਹੁਤੇ ਕੇਸਾਂ ਨੂੰ ਵੱਟੇ ਖਾਤੇ ਪਾ ਦਿੰਦੇ ਹਨ ਕਿਉਂਕਿ ‘ਉੱਪਰੋਂ’ ਕਿਸੇ ਮਿਹਰਬਾਨ ਦੀ ਕ੍ਰਿਪਾ ਦ੍ਰਿਸ਼ਟੀ ਹੋ ਗਈ ਹੁੰਦੀ ਹੈ। ਆਮ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਬਦਲੇ ਜਦੋਂ ਕੋਈ ਪੁਲਿਸ ਵਾਲ਼ਾ ਦੋਸ਼ੀ ਨੂੰ ਫੜਦਾ ਹੈ, ਤਾਂ ਦੋਸ਼ੀ ਨੰਬਰ ਘੁਮਾ ਕੇ ਪੁਲਿਸ ਵਾਲ਼ੇ ਨੁੰ ਹੁਕਮ ਕਰਦਾ ਹੈ ਕਿ ਉਹ ਗੱਲ ਕਰੇ। ਉੱਧਰੋਂ ਗੱਲ ਕਰਨ ਵਾਲ਼ਾ ਕੋਈ ‘ਉੱਪਰਲਾ’ ਹੁੰਦਾ ਹੈ ਦੇ ਦੋਸ਼ੀ ਹੱਸਦਾ ਮੁਸਕਰਾਉਂਦਾ ਤੇ ਅੰਦਰੋਂ ਪੁਲਿਸ ਵਾਲ਼ੇ ਨੂੰ ਗਾਲ੍ਹਾਂ ਕੱਢਦਾ ਤੁਰ ਜਾਂਦਾ ਹੈ।

ਦੋ ਕੁ ਸਾਲ ਹੋਏ ਪੰਜਾਬ ਗਿਆਂ ਕੁਝ ਪੁਲਿਸ ਵਾਲ਼ਿਆਂ ਨੇ ਮੈਨੂੰ ਇਹੋ ਜਿਹੇ ਅਨੇਕਾਂ ਕਿੱਸੇ ਸੁਣਾਏ ਸਨ। ਮੈਂ ਜਦੋਂ ਜ਼ਮੀਰ ਦੀ ਗੱਲ ਕੀਤੀ ਤਾਂ ਉਹਨਾਂ ਦਾ ਇਕੋ ਜਵਾਬ ਸੀ ਕਿ ਨੌਕਰੀਆਂ ਕਿੱਥੇ ਮਿਲਦੀਆਂ ਹਨ, ਟੱਬਰ ਵੀ ਤਾਂ ਪਾਲਣਾ ਹੋਇਆ। ਭ੍ਰਿਸ਼ਟਾਚਾਰ ਦਾ ਇਤਨਾ ਜ਼ਿਆਦਾ ਭੱਠਾ ਸ਼ਾਇਦ ਉੱਤਰੀ ਭਾਰਤ ਵਿਚ ਹੀ ਬੈਠਾ ਹੋਇਆ ਹੈ, ਜਿਹੜੇ ਲੋਕ ਸਾਊਥ ਇੰਡੀਆ ਘੁੰਮ ਫਿਰ ਕੇ ਆਉਂਦੇ ਹਨ ਉਹਨਾਂ ਦੇ ਤਜਰਬੇ ‘ਤੋਂ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਨਹੀਂ ਮਿਲਦੀਆਂ। ਪੰਜਾਬ ਵਿਚ ਲੋਕ ਅੱਤ ਦੇ ਦੁਖੀ ਹਨ, ਇਸੇ ਕਰ ਹੀ ਉਹਨਾਂ ਨੂੰ ਆਮ ਆਦਮੀ ਪਾਰਟੀ ‘ਚੋਂ ਕੁਝ ਤਾਜ਼ੀ ਹਵਾ ਆਉਂਦੀ ਲੱਗੀ ਹੈ।

ਨਸ਼ਿਆਂ ਦਾ ਰੌਲ਼ਾ ਬਹੁਤ ਦੇਰ ਦਾ ਪੈ ਰਿਹਾ ਹੈ। ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ। ਹੁਣ ਜੋ ਕੀਤਾ ਜਾ ਰਿਹਾ ਹੈ ਉਹ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਕੀਤਾ ਜਾ ਰਿਹਾ ਹੈ ਤੇ ਜੋ ਕੀਤਾ ਜਾ ਰਿਹੈ ਇਹ ਡਰਾਮੇਬਾਜ਼ੀ ਤੋਂ ਵੱਧ ਕੁਝ ਨਹੀਂ। ਦੋ ਦੋ ਕਵਿੰਟਲ ਢਿੱਡਾਂ ਵਾਲ਼ੇ ਪੁਲਸੀਏ ਪਿੰਡਾਂ ‘ਚ ਜਾ ਕੇ ਐਵੇਂ ਗਹੀਰਿਆਂ ਨੂੰ ਹੀ ਲੱਤਾਂ ਮਾਰੀ ਜਾਂਦੇ ਹਨ। ਅਮਲੀਆਂ ਨੂੰ ਫੜਿਆਂ ਨਸ਼ਿਆਂ ਦਾ ਖ਼ਾਤਮਾ ਹੋ ਜਾਊ? ਵੱਡੀਆਂ ਖੇਪਾਂ ਜਿਹਨਾਂ ਤੋਂ ਫੜੀਆਂ ਦਿਖਾਈਆਂ ਜਾਂਦੀਆਂ ਹਨ ਉਹਨਾਂ ਵਿਚਾਰਿਆਂ ਤੋਂ ਤਾਂ ਮੂੰਹ ਤੋਂ ਮੱਖੀ ਨਹੀਂ ਉਡਦੀ। ਉਹ ਗ਼ਰੀਬ ਦੋ ਚਾਰ ਹਜ਼ਾਰ ਰੁਪਿਆਂ ‘ਚ ਇਕ ਥਾਂ ਤੋਂ ਦੂਜੀ ਥਾਂ ਨਸ਼ੇ ਦੀ ਖੇਪ ਪਹੁੰਚਾਉਣ ਲਈ ਵੱਡੇ ਤਸਕਰਾਂ ਨੇ ਕਿਰਾਏ ‘ਤੇ ਕੀਤੇ ਹੋਏ ਹੁੰਦੇ ਹਨ। ਪੁਲਿਸ ਕਦੇ ਦੱਸਦੀ ਹੈ ਕਿ ਇਸ ਡਰੱਗ ਦੇ ਅਸਲ ਮਾਲਕ ਕੌਣ ਹਨ? ਕੁਝ ਲੋਕ ਤਾਂ ਇੱਥੋਂ ਤਕ ਵੀ ਕਹਿੰਦੇ ਹਨ ਫੋਟੋਆਂ ਛਪਵਾਉਣ ਤੇ ਅਖ਼ਬਾਰਾਂ ‘ਚ ਖ਼ਬਰਾਂ ਲਵਾਉਣ ਤੋਂ ਬਾਅਦ ਮਾਲ ਅਸਲ ਮਾਲਕਾਂ ਕੋਲ ਪਹੁੰਚ ਜਾਂਦਾ ਹੈ।

ਪਿੱਛੇ ਜਿਹੇ ਇਕ ਰੇਡੀਓ ‘ਤੇ ਡਰੱਗ ਦੀ ਤਸਕਰੀ ਬਾਰੇ ਪ੍ਰੋਗਰਾਮ ਚਲ ਰਿਹਾ ਸੀ। ਪੇਸ਼ਕਾਰ ਲੋਕਾਂ ਤੋਂ ਪੁੱਛ ਰਿਹਾ ਸੀ ਕਿ ਫੜੀ ਹੋਈ ਡਰੱਗ ਦਾ ਕੀ ਕੀਤਾ ਜਾਂਦਾ ਹੈ? ਇਕ ਕਾਲਰ ਆਇਆ ਤੇ ਉਹ ਕਹਿਣ ਲੱਗਾ ਕਿ ਉਸ ਨੂੰ ਪਤਾ ਹੈ। ਪੇਸ਼ਕਾਰ ਨੇ ਪੁੱਛਿਆ ਤਾਂ ਉਹ ਕਹਿੰਦਾ ਕਿ ਉਹਦੇ ਰਿਸ਼ਤੇਦਾਰ ਦੀਆਂ ਦੋ ਆਰਾ ਮਿੱਲਾਂ ਹਨ। ਦੋ ਚਾਰ ਮਹੀਨਆਂ ਬਾਅਦ ਪੁਲਿਸ ਵਾਲੇ ਬੋਰੀਆਂ ‘ਚ ਬੂਰਾ ਭਰ ਕੇ ਲਿਜਾਂਦੇ ਹਨ। ਪੇਸ਼ਕਾਰ ਪੁੱਛਦੈ ਕਿ ਬੂਰੇ ਨੂੰ ਪੁਲਿਸ ਵਾਲ਼ੇ ਕੀ ਕਰਦੇ ਹਨ? ਕਾਲਰ ਕਹਿੰਦੈ ਇਹ ਵੀ ਹੁਣ ਉਸ ਨੂੰ ਦੱਸਣਾ ਪਊ।

ਸੋ, ਜਿਤਨਾ ਚਿਰ ਸਿਆਸਤਦਾਨਾਂ ਦੀ ਪੁਸ਼ਤਪਨਾਹੀ ਖ਼ਤਮ ਨਹੀਂ ਹੁੰਦੀ, ਪੱਛਮੀ ਦੇਸ਼ਾਂ ਵਰਗਾ ਸਾਫ਼ ਸੁਥਰਾ ਨਿਜ਼ਾਮ ਨਹੀਂ ਸਥਾਪਤ ਹੁੰਦਾ ਲੋਕ ਇਸੇ ਤਰ੍ਹਾਂ ਚੱਕੀ ਵਿਚ ਪੀਸ ਹੁੰਦੇ ਰਹਿਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top