ਆਮ
ਕਰਕੇ ਸੁਣਿਆ ਜਾਂਦਾ ਹੈ ਕਿ ਕਾਨੂੰਨ ਅੰਨ੍ਹਾਂ ਹੁੰਦਾ ਹੈ ਕਾਨੂੰਨ ਦੇ ਹੱਥ ਬਹੁਤ ਲੰਬੇ
ਹੁੰਦੇ ਹਨ, ਲੰਬੇ ਹੱਥਾਂ ਦਾ ਤਾਂ ਪਤਾ ਨਹੀਂ ਸ਼ਾਇਦ ਘੱਟ ਗਿਣਤੀ ਕੌਮਾਂ ਲਈ ਇਥੋਂ ਦਾ
ਕਾਨੂੰਨ ਅੰਨ੍ਹਾਂ ਹੀ ਹੈ। ਏਸੇ ਕਰਕੇ ਤਾਂ ਤੀਹ ਵਰ੍ਹੇ ਹੋ ਚੱਲੇ ਨੇ 84 ਦੇ ਉਸ ਕਾਂਡ
ਨੂੰ ਜੋ ਨਾ ਭੁਲਾਇਆ ਜਾਣ ਵਾਲਾ ਕਹਿਰ ਵਾਪਿਰਆ।
ਅੱਜ ਵੀ ਉਹ ਮਾਵਾਂ, ਉੱਜੜੀਆਂ ਭੈਣਾਂ, ਧੀਆਂ, ਉੱਜੜੇ ਪਰਿਵਾਰਾਂ
ਦੇ ਪਰਿਵਾਰ ਜਿੰਨ੍ਹਾਂ ਦੀਆਂ ਅੱਖਾਂ ਅਜੇ ਵੀ ਇਨਸਾਫ ਲਈ ਵਿਲਕ ਰਹੀਆਂ ਨੇ ਕਿ ਕਦੋਂ ਉਨ੍ਹਾਂ
ਪਾਪੀਆਂ ਨੂੰ ਕੀਤੇ ਦੀ ਸਜ਼ਾ ਮਿਲੇਗੀ। ਸ਼ਾਇਦ ਉਹ ਲੋਕ ਆਪਣੇ ਮਨਾਂ ਤੇ ਉਸ ਦਰਦ ਨੂੰ ਕਿਵੇਂ
ਹੰਢਾਉਂਦੇ ਹੋਣਗੇ, ਉਨ੍ਹਾਂ ਦਾ ਇੱਕ-ਇੱਕ ਪਲ ਕਿਵੇਂ ਨਿਕਲਦਾ ਹੋਵੇਗਾ। ਉਨ੍ਹਾਂ ਦੀਆਂ
ਅੱਖਾਂ ਵਿੱਚ ਤਾਂ ਹੰਝੂ ਵੀ ਸੁੱਕ ਚੁੱਕੇ ਹੋਣਗੇ, ਰਾਤਾਂ ਨੂੰ ਨੀਂਦ ਵੀ ਨਹੀਂ ਆਉਦੀਂ
ਹੋਏਗੀ ਜੇ ਆਉਦੀਂ ਵੀ ਹੋਵੇਗੀ, ਤਾਂ ਰਾਤ ਨੂੰ ਸੁਪਨਿਆਂ ਵਿੱਚ ਉਹਨਾਂ ਸੀਨਾਂ ਨੂੰ ਦੇਖਕੇ
ਡਰ ਕੇ ਤ੍ਰਪਕ ਕੇ ਉੱਠਦੇ ਹੋਣਗੇ ਤੇ ਫਿਰ ਅੱਖਾਂ ਵਿੱਚ ਨੀਂਦ ਕਿੱਥੋਂ ਪੈਂਦੀ ਹੋਵੇਗੀ।
ਜਿੰਨ੍ਹਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਦੇ ਸਾਹਮਣੇ ਘਰ ਉੱਜੜਦੇ ਦੇਖੇ, ਗਲਾਂ 'ਚ
ਟਾਇਰ ਪੈਂਦੇ ਦੇਖੇ, ਮਾਂਵਾਂ-ਭੈਣਾਂ ਤੇ ਧੀਆਂ ਦੀਆਂ ਇੱਜ਼ਤਾਂ ਲੁੱਟੀਦੀਂਆਂ ਦੇਖੀਆਂ, ਬਾਪ
ਦੇ ਸਾਹਮਣੇ ਪੁੱਤਰ ਕਤਲ ਹੋਏ, ਪੁਤੱਰਾਂ ਦੇ ਸਾਹਮਣੇ ਬਾਪ, ਇਸਤੋਂ ਵੱਡੀ ਦੁੱਖ ਦੀ ਗੱਲ
ਕਿਹੜੀ ਹੋ ਸਕਦੀ ਹੈ ਕਿ ਦਿੱਲੀ ਦੇ ਵਿੱਚ ਏਨ੍ਹੀ ਤਬਾਹੀ ਤੋਂ ਬਾਅਦ ਇੱਕ ਕਾਲੌਨੀ ਦਾ ਨਾਮ
ਹੀ ਵਿਧਵਾ ਕਾਲੌਨੀ ਪੈ ਗਿਆ। ਅੱਜ ਸਾਨੂੰ ਉਹ ਸਭ ਕੁੱਝ ਭੁੱਲਣ ਲਈ ਕਿਹਾ ਜਾ ਰਿਹਾ ਹੈ।
ਕੀ ਇਹ ਇਨਸਾਫ ਹੈ?
ਕੀ ਇਹ ਕਾਨੂੰਨ ਹੈ ? ਹਰ ਸਾਲ ਉਨ੍ਹਾਂ ਪਰਿਵਾਰਾਂ ਲਈ ਜਦੋਂ ਵੀ
ਜੂਨ ਤੇ ਨਵੰਬਰ ਮਹੀਨਾ ਚੜ੍ਹਦਾ ਹੈ, ਤਾਂ ਕਹਿਰ ਲੈਕੇ ਚੜ੍ਹਦਾ ਹੈ। ਉਨ੍ਹਾਂ ਪਰਿਵਾਰਾਂ
ਦੇ ਬੱਚਿਆਂ ਦਾ ਕੋਈ ਭੱਵਿਖ ਨਹੀਂ, ਕੋਲ ਰੁਜ਼ਗਾਰ ਨਹੀਂ, ਬੱਚੇ ਤੇ ਨੌਜਵਾਨ ਗਲਤ ਕੰਮਾਂ
ਵਿੱਚ ਪੈ ਕੇ ਕੇਸ ਕਟਵਾੳਣ ਤੇ ਨਸ਼ੇ ਕਰਨ ਲਈ ਮਜਬੂਰ ਹੋ ਗਏ। ਸਬੂਤ ਅਤੇ ਗਵਾਹ ਹੋਣ ਦੇ
ਬਾਵਜੂਦ ਕੋਈ ਸੁਣਵਾਈ ਨਹੀਂ, ਤਰੀਕਾਂ ਤੇ ਤਰੀਕਾਂ ਪੈ ਰਹੀਆਂ ਨੇ, ਉਨ੍ਹਾਂ ਵਿੱਚੋਂ ਕੁੱਝ
ਵਿਚਾਰੇ ਤਾਂ ਇਨਸਾਫ ਦੀ ਉਡੀਕ ਵਿੱਚ ਚੱਲ ਵੀ ਵੱਸੇ। ਕਈ ਜ਼ਿੰਮੇਵਾਰ ਗੁਨਾਹਗਾਰ ਵੀ ਬਿਨਾਂ
ਸਜ਼ਾ ਦੇ ਸੰਸਾਰ ਤੋਂ ਤੁੱਰ ਗਏ। ਕਈਆਂ ਨੂੰ ਬਾਇੱਜ਼ਤ ਬਰੀ ਵੀ ਕੀਤਾ ਗਿਆ। ਇਸ ਤੋਂ ਵੱਧ
ਜ਼ੁੱਲਮ ਦੀ ਹੱਦ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਗੁਨਾਹਗਾਰਾਂ ਨੂੰ ਵੱਡੇ-ਵੱਡੇ ਆਹੁਦੇ ਦੇ
ਕੇ ਮੰਤਰੀ ਬਣਾ ਕੇ ਨਿਵਾਜ਼ਿਆ ਗਿਆ। ਇਹ ਜ਼ਖਮਾਂ ਤੇ ਨਮਕ ਛਿੜਕਣਾ ਹੀ ਹੈ। ਸ਼ਾਇਦ ਸਾਰੇ ਹੀ
ਗੂੰਗੇ, ਬੋਲੇ ਤੇ ਅੰਨ੍ਹੇ ਹੋ ਚੁੱਕੇ ਨੇ, ਕੋਈ ਇਸ ਦਰਦ ਨੂੰ ਸਮਝਣ ਲਈ ਤਿਆਰ ਹੀ ਨਹੀਂ।
ਦੁਨੀਆਂ ਦੇ ਇਨਸਾਫਪਸੰਦ, ਅਗਾਂਹਵਧੂ ਅਤੇ ਵਧੀਆ ਸੋਚ ਵਾਲੇ ਦੇਸ਼ਾਂ ਸਾਹਮਣੇ ਵੀ ਰੋਇਆ ਗਿਆ
ਹਾਲ ਸੁਣਾਏ ਗਏ, ਪਰ ਕੋਈ ਮਦਦ ਕਰਨ ਨੂੰ ਤਿਆਰ ਹੀ ਨਹੀਂ। ਹਰ ਸਾਲ ਇਸੇ ਤਰ੍ਹਾਂ ਲੰਘ
ਜਾਂਦਾ ਹੈ। ਸ਼ਾਇਦ ਇਹ ਜ਼ਖਮ ਨਾਸੂਰ ਬਣ ਗਏ ਨੇ ਜੋ ਕਦੇ ਠੀਕ ਨਹੀਂ ਹੋਣਗੇ। ਕੀ ਕਾਨੂੰਨ
ਕੇਵਲ ਘੱਟ ਗਿਣਤੀਆਂ ਲਈ ਹੀ ਬਣਾਇਆ ਗਿਆ ਹੈ? ਬੇਗੁਨਾਹਾਂ ਨੂੰ ਜੇਲਾਂ ਵਿੱਚ ਡੱਕਦੋ,
ਝੂਠੇ ਕੇਸ ਪਾ ਦਿਉ। ਉਹ ਭਲਿਉ ਸਾਰੇ ਸਬੂਤ ਤੇ ਗਵਾਹ ਤਾਂ ਤੁਹਾਡੇ ਸਾਹਮਣੇ ਹੈ, ਹੋਰ ਕੀ
ਭਾਲਦੇ ਹੋ? ਹੁੱਣ ਰੱਬ ਨੇ ਤਾਂ ਆ ਕੇ ਤੁਹਾਡੀ ਬਾਂਹ ਫੜਾ ਨਹੀਂ ਦੇਣੀ। ਹੋਰ ਕਿਹੜੀ
ਪੜਤਾਲ ਕਰਕੇ ਸਬੂਤ ਲੱਭਣਾ ਚਾਹੁੰਦੇ ਹੋ, ਜਾਂ ਫਿਰ ਲੱਭਣਾ ਹੀ ਨਹੀਂ ਚਾਹੁੰਦੇ!!!!