Share on Facebook

Main News Page

ਕੀ ਇਹ ਅਕਾਲ ਤਖ਼ਤ 'ਤੇ ਹੋਇਆ ਝਗੜਾ ਇਤਫ਼ਾਕੀਆ ਸੀ ?
-: ਪ੍ਰਭਦੀਪ ਸਿੰਘ, ਟਾਈਗਰ ਜਥਾ

06 ਜੂਨ 2014 ਨੂੰ ਜੂਨ ਚੌਰਾਸੀ ਦੇ ਘੱਲੂਘਾਰੇ ਨੂੰ ਸਮਰਪਿਤ ਵਿਸੇਸ਼ ਸਮਾਗਮ ਦੇ ਦੌਰਾਨ ਇੱਕ ਦਮ ਤਲਵਾਰ ਬਾਜੀ ਸ਼ੁਰੂ ਹੋ ਜਾਣੀ ਕੋਈ ਇਤਫ਼ਾਕੀਆ ਘਟਨਾ ਨਹੀਂ ਮਹਿਸੂਸ ਹੁੰਦੀ। ਸਾਨੂੰ ਕਿਸੇ 'ਤੇ ਭੀ ਦੋਸ਼ ਮੜਣ ਤੋਂ ਪਹਿਲਾਂ ਇਸ ਗੱਲ ਦੀ ਜੜ੍ਹ ਤੱਕ ਜਾਣਾ ਪਵੇਗਾ, ਇਹ ਘਟਨਾ ਵਾਪਰਣ ਦਾ ਕੀ ਕਾਰਣ ਹੋ ਸਕਦਾ ਹੈ?

ਇਸਦਾ ਸਭ ਤੋਂ ਵੱਡਾ ਕਾਰਣ ਜਿਸਨੂੰ ਸਮਝਣਾ ਬਹੁਤੀ ਔਖੀ ਗੱਲ ਨਹੀਂ ਹੈ, ਕਿ ਇਸ ਸਾਲ ਜੂਨ ਚੌਰਾਸੀ ਘੱਲੂਘਾਰੇ ਨੇ ਆਮ ਸਿੱਖ ਜਨਤਾ ਦਾ ਬਹੁਤ ਧਿਆਨ ਖਿੱਚਿਆ, ਜਿਸਦਾ ਸਿਹਰਾ ਸੋਸ਼ਲ ਮੀਡਿਆ ਨੂੰ ਜਾਂਦਾ ਹੈ। ਜਿਉਂ-ਜਿਉਂ ਹੀ ਸਿੱਖ ਅਵਾਮ ਕੌਮੀ ਜਾਗ੍ਰਿਤੀ ਵੱਲ ਵੱਧਣਾ ਸ਼ੁਰੂ ਕਰੇਗੀ, ਰਾਸ਼ਟਰਵਾਦੀ ਮਾਨਸਿਕਤਾ ਨੂੰ ਪੀੜਾ ਹੋਵੇਗੀ, ਕਿਉਂਕਿ ਭਾਵੇਂ ਤੁਸੀਂ 1885 ਈ: ਵੇਲੇ ਕਾਂਗਰਸ ਦੀ ਸਥਾਪਨਾ ਦੇ ਏਜੰਡੇ ਦੀ ਗੱਲ ਕਰੋ ਤੇ ਭਾਵੇਂ 1925 ਈ: ਵਿੱਚ ਆਰ.ਐੱਸ.ਐੱਸ ਦੇ ਏਜੰਡੇ ਦੀ ਗੱਲ ਕਰ ਲਵੋ, ਦੋਵੇਂ ਭਾਰਤੀਆ ਸੰਸਕ੍ਰਿਤੀ ਦੀ ਆੜ ਵਿੱਚ ਇੱਕ ਹਿੰਦੂ ਰਾਸ਼ਟਰਵਾਦ ਦਾ ਸੁਪਨਾ ਦੇਖ ਰਹੇ ਹਨ।

ਹੁਣ ਜਦੋਂ ਇਹਨਾ ਦੋਵਾਂ ਜਮਾਤਾਂ ਦੇ ਏਜੰਡੇ ਨੂੰ ਵੰਗਾਰਦੀ ਹੋਈ ਭਾਰਤ ਵਿੱਚ ਗਿਣਤੀ-ਮਿਣਤੀ ਦੇ ਅਧਾਰ 'ਤੇ ਆਟੇ ਵਿੱਚ ਲੂਣ ਦੇ ਬਰਾਬਰ ਸਮਝੀ ਜਾਣ ਵਾਲੀ ਕੌਮ ਆਪਣੀ ਵੱਖਰੀ ਹਸਤੀ ਦਾ ਨਾਅਰਾ ਪ੍ਰਚੱਲਤ ਕਰਨ ਦੀ ਕੋਸਿਸ਼ ਕਰੇਗੀ, ਤਾਂ ਕਿਵੇਂ ਇਹਨਾ ਦੇ ਸੰਘੋਂ ਇਹ ਗੱਲ ਹੇਠਾ ਕਿਵੇਂ ਉੱਤਰ ਸਕਦੀ ਹੈ। ਚੌਰਾਸੀ ਦਾ ਘੱਲੂਘਾਰਾ ਮਨਾਉਣਾ ਅਤੇ ਬਾਬਾ ਜਰਨੈਲ ਸਿੰਘ ਜੀ ਦੀ ਸਖ਼ਸੀਅਤ ਕੌਮੀ ਨਾਇਕ ਦੇ ਤੌਰ 'ਤੇ ਉਭਾਰਣਾ ਰਾਸ਼ਟਰਵਾਦੀ ਨੀਤੀਆਂ ਅਤੇ ਏਜੰਡਿਆਂ ਨੂੰ ਜੜੋਂ ਪੁੱਟਣ ਵਾਲਾ ਕਾਰਾ ਹੈ।

ਪਰ ਇਹ ਭੀ ਯਾਦ ਰਹੇ ਕਿ ਇਹ ਕੋਈ ਬਹੁਤਾ ਸੁਖਾਲਾ ਕਾਰਜ ਨਹੀਂ ਹੈ, ਕਿਉਂਕਿ ਇਸ ਵੇਲੇ ਤੁਹਾਡੀ ਲੜਾਈ ਤਲਵਾਰ ਦੇ ਜੋਰ ਤੇ ਰਾਜ ਕਰਨ ਵਾਲੀ ਮੁਸਲਿਮ ਹਕੂਮਤ ਨਾਲ ਨਹੀਂ, ਸਗੋਂ ਐਸੇ ਬੋਦੀ ਵਾਲੇ ਬ੍ਰਾਹਮਣ ਨਾਲ ਹੈ ਜੋ ਆਪਣੀ 90% ਜੰਗ ਦਿਮਾਗ ਦੇ ਜੋਰ ਨਾਲ ਲੜਦਾ ਹੈ ਅਤੇ ਕੇਵਲ 10% ਤਲਵਾਰ ਦੀ ਵਰਤੋਂ ਉਹਨਾ ਤੇ ਕਰਦਾ ਹੈ, ਜਿਹੜੇ ਇਸਦੇ ਦਿਮਾਗੀ ਵਾਰ ਤੋਂ ਬੱਚ ਕੇ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਹਨ।

ਜਦੋਂ ਇਸੇ ਸੰਧਰਭ ਵਿੱਚ ਇੱਥੇ ਇਸ ਗੱਲ ਨੂੰ ਸਮਝਣ ਦੀ ਕੋਸਿਸ਼ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਅ(ਕਾਲੀ) ਦਲ ਬਾਦਲ, ਸ਼ਿਰੋਮਣੀ ਕਮੇਟੀ ਅਤੇ ਤਖ਼ਤਾਂ ਤੇ ਬੈਠੇ ਪੁਜਾਰੀ ਇਸ ਦੀ ''ਦਿਮਾਗੀ ਜੰਗ'' ਦੀ ਸੈਨਾ ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਰਾਜ ਕਰੇਗਾ ਖਾਲਸਾ, ਖਾਲਸਾ ਰਾਜ, ਸਿੱਖ ਹੋਮਲੈਂਡ ਜਾਂ ਕੌਮਵਾਦ ਦਾ ਨਾਅਰਾ ਹਿੰਦੂ ਰਾਸ਼ਟਰਵਾਦੀਆਂ ਦੇ ਨਾਲ-ਨਾਲ ਨੀਲੀਆਂ ਪੱਗਾਂ ਦੀ ਦੁਰਵਰਤੋਂ ਕਰ ਰਹੀਆਂ ਇਹਨਾ ਤਿੰਨਾਂ ਧਿਰਾਂ ਨੂੰ ਭੀ ਮੁਆਫ਼ਿਕ ਨਹੀਂ ਆਉਂਦਾ। ਜੇ ਇਸ ਗੱਲ ਨੂੰ ਬੜੇ ਸਰਲ ਰੂਪ ਵਿੱਚ ਵੇਖਣਾ ਹੋਵੇ ਤਾਂ ਸਭ ਤੋਂ ਉੱਤੇ ਸੰਘ ਜਮਾਤ (ਬੀ.ਜੇ.ਪੀ) ਫਿਰ ਉਹਨਾ ਹੇਠਾ ਅ(ਕਾਲੀ) ਦਲ ਅਤੇ ਫਿਰ ਅ(ਕਾਲੀ) ਦਲ ਥੱਲੇ ਸ਼੍ਰੋਮਣੀ ਕਮੇਟੀ ਅਤੇ ਮੌਜੂਦਾ ਅਖੌਤੀ ਜਥੇਦਾਰ।

ਹੁਣ ਜਦੋਂ ਇਸ ਨੈਟਵਰਕ ਦੀ ਜੁੰਡਲੀ ਨੇ ਦੇਖਿਆ ਕਿ ਬਾਬਾ ਭਿੰਡਰਾਵਾਲਾ ਫਿਰ ਪਰਤ ਰਿਹਾ ਹੈ, ਭਾਵੇਂ ਉਹ ਸੋਸ਼ਲ ਮੀਡਿਆ ਤੇ ਸਿੱਖਾਂ ਵੱਲੋਂ ਪਾਈਆਂ ਜਾ ਰਹੀਆਂ ਪੋਸਟਾ, ਫੋਟੋਆਂ, ਆਡਿਉ ਜਾਂ ਵੀਡਿਉ ਰਾਹੀਂ ਹੋਵੇ ਜਾਂ ਫਿਰ ਪੰਜਾਬ ਦੇ ਪਿੰਡਾਂ-ਸਹਿਰਾਂ ਵਿੱਚ ਲੱਗੇ ਵੱਡੇ-ਵੱਡੇ ਇਸ਼ਤਿਆਰਾਂ ਰਾਹੀਂ ਹੋਵੇ, ਤਾਂ ਇਸ ਤੋਂ ਸੜੇ-ਬਲੇ ਵੱਡੇ ਆਕੇ (ਬੀ.ਜੇ.ਪੀ) ਦਾ ਹੁਕਮ ਅ(ਕਾਲੀਆਂ) ਨੂੰ ਆਇਆ ਹੋਵੇਗਾ, ਅਕਾਲੀਆਂ ਨੇ ਘੁਰਕੀ ਸ਼੍ਰੋਮਣੀ ਕਮੇਟੀ ਅਤੇ ਪੁਜਾਰੀ ਲਾਣੇ ਨੂੰ ਵੱਟੀ ਹੋਵੇਗੀ ਅਤੇ ਸ਼੍ਰੋਮਣੀ ਕਮੇਟੀ ਨੇ ਅੱਗੇ ਆਪਣੀ ਬਦਮਾਸ਼ ਪਾਰਟੀ (ਟਾਸਕ ਫੋਰਸ) ਤਿਆਰ ਕੀਤੀ ਹੋਵੇਗੀ ਕਿ ਕਿਸੇ ਚੰਗੇ ਮੌਕੇ ਨੂੰ ਵੇਖ ਕੇ ਕੁੱਕੜ ਖੇਹ ਉੜਾ ਦਿੱਤੀ ਜਾਵੇ, ਤਾਂ ਕਿ ਇਸ ਘੱਲੂਘਾਰੇ ਦਿਵਸ ਨੂੰ ਹਿੰਦੂਵਾਦੀ ਮੀਡਿਆ ਰਾਹੀਂ ਕਲੰਕਿਤ ਕੀਤਾ ਜਾ ਸਕੇ। ਜਿਸ ਰਾਹੀਂ ਵੱਡੇ ਆਕੇ (ਆਰ.ਐਸ.ਐਸ) ਭੀ ਖੁਸ਼, ਬਾਂਦਰ ਸੈਨਾ ਭੀ ਹਾਰ ਕੇ ਜਿੱਤ ਜਾਵੇਗੀ ਅਤੇ ਕੌਮੀ ਉਤਸ਼ਾਹ ਨੂੰ ਭੀ ਚੋਟ ਲੱਗੇਗੀ। ਨਹੀਂ ਤਾਂ ਭਲਾ ਤੁਸੀਂ ਆਪ ਸੋਚੋ ਕਿ ਐਡੀ ਭੀ ਕਿਹੜੀ ਵੱਡੀ ਗੱਲ ਹੋ ਸਕਦੀ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਆਪ ਨੂੰ ਸਿੱਖਾਂ ਦੀ ਜਿੰਮੇਵਾਰ ਜਮਾਤ ਅਖਵਾਉਣ ਵਾਲੀ ਨੂੰ ਇਸ ਖਾਸ ਦਿਨ ਤੇ ਆਪਣੇ ਗੁੰਡਿਆਂ (ਟਾਸਕ ਫੋਰਸ) ਰਾਹੀਂ ਇਹ ਤਮਾਸ਼ਾ ਖੜਾ ਕਰਨਾ ਪੈ ਗਿਆ?

ਇੱਕ ਗੱਲ ਸਾਨੂੰ ਬੜੀ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਮੌਜੂਦਾ ਦੌਰ ਵਿੱਚ ਅਕਾਲ ਤਖ਼ਤ 'ਤੇ ਜੋ ਕੁਝ ਭੀ ਹੋ ਰਿਹਾ ਹੈ, ਉਹ ਆਰ.ਐਸ.ਐਸ ਦੀ ਮਰਜੀ ਤੋਂ ਬਿਨਾ ਨਹੀਂ ਹੋ ਰਿਹਾ। ਇਹੋ ਜਹੀਆਂ ਨਿੱਤ ਵਾਪਰ ਰਹੀਆਂ ਕੌਮ ਘਾਤਕ ਕਾਰਵਾਈਆਂ ਨੂੰ ਬੜੇ ਅਸਿੱਧੇ ਰੂਪ ਵਿੱਚ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਿਸ ਨਾਲ ਇਹਨਾਂ ਦੀ ਸੋਚ ਮੁਤਾਬਿਕ ਸੱਪ ਭੀ ਮਰ ਜਾਵੇ ਅਤੇ ਲਾਠੀ ਭੀ ਨਾ ਟੁੱਟੇ ਵਾਲੀ ਕਹਾਵਤ ਅਨੁਸਾਰ ਸਿੱਖਾਂ ਦੀ ਸਾਰੀ ਦੁਨੀਆ ਵਿੱਚ ਇੱਕ ਐਵੇ ਬਿਨਾ ਕਿਸੇ ਮਕਸਦ ਦੇ ਲੜਾਕੂਪੁਣੇ ਜਿਹੇ ਵਾਲੀ ਇੱਕ ਤਸਵੀਰ ਪੇਸ਼ ਹੋ ਸਕੇ ਅਤੇ ਉਹ ਭੀ ਬਾਹਰੋਂ-ਬਾਹਰੋਂ ਇਹਨਾ ਦੀ ਆਪਸੀ ਖਿਚੋਤਾਣ ਤੋਂ ਹੀ ਪੇਸ਼ ਹੋਵੇ। ਆਰ.ਐਸ.ਐਸ ਦੇ ਇਸ ਮਕਸੱਦ ਨੂੰ ਪੂਰਾ ਕਰਨ ਲਈ ਅ(ਕਾਲੀ) ਦਲ, ਸ਼੍ਰੋਮਣੀ ਕਮੇਟੀ ਅਤੇ ਪੁਜਾਰੀ ਲਾਣਾ (ਅਖੌਤੀ ਜਥੇਦਾਰ) ਹਮੇਸ਼ਾ ਸਿੱਖੀ ਦੇ ਰੂਪ ਘੁਸਪੈਠੀਏ ਮੁਹੱਈਆ ਕਰਵਾਉਣ ਲਈ ਤੱਤਪਰ ਰਹਿੰਦੇ ਹਨ।

ਇਹਨਾਂ ਗੈਰ ਪੰਥਿਕ ਕਾਰਵਾਈਆਂ ਤੋਂ ਛੁੱਟਕਾਰਾ ਪਾਉਣ ਲਈ, ਅੱਜ ਸਾਨੂੰ ਇੱਕ ਸੁਪਣਾ ਵੇਖਣਾ ਸ਼ੁਰੂ ਕਰਨਾ ਪਵੇਗਾ ਕਿ ਅਸੀਂ ਭੀ ਗੁਰਦਵਾਰਾ ਸੁਧਾਰ ਲਹਿਰ ਦੀਆਂ ਪੈੜਾਂ 'ਤੇ ਚੱਲਦੇ ਹੋਏ ਕਿਸੇ ਤਰ੍ਹਾਂ ਧਾਰਮਿਕ ਅਜ਼ਾਦੀ ਦੀ ਇਨਕਲਾਬੀ ਲਹਿਰ ਚਲਾ ਸਕੀਏ ਅਤੇ ਇਹਨਾ ਅਜੋਕੇ ਮਹੰਤਾਂ ਕੋਲੋਂ ਗੁਰਦਵਾਰੇ ਆਜ਼ਾਦ ਕਰਵਾ ਸਕੀਏ। ਯਾਦ ਰਹੇ ਕਿ ਜਾਗਦੇ ਹੋਏ ਵੇਖਿਆ ਜਾਣ ਵਾਲਾ ਸੁਪਣਾ ਹੀ ਹਰ ਹਕੀਕਤ ਦਾ ਆਧਾਰ ਹੁੰਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top