Share on Facebook

Main News Page

ਅੱਖੀਂ ਡਿਠੇ ਭੂਤ
-: ਗੁਰਿੰਦਰ ਸਿੰਘ ਸਿਡਨੀ

ਭੂਤਾਂ ਦੀਆਂ ਕਹਾਣੀਆਂ ਸਮਾਜ ਵਿੱਚ ਵਿਚਰਦਿਆਂ ਅਕਸਰ ਛੋਟੀ ਉਮਰ ਤੋਂ ਹੀ ਸੁਣਨ ਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ, ਘਰਾਂ, ਸਕੂਲਾਂ, ਸਥਾਂ ਜਿਥੇ ਹੋ ਸਕੇ ਹਰ ਦੂਜੇ ਤੀਜੇ ਬੰਦੇ ਦੀ ਕੋਈ ਕਹਾਣੀ ਹੁੰਦੀ ਹੈ, ਕਿਸੇ ਨੂੰ ਖਜੂਰਾਂ ਵਿਚੋਂ ਭੂਤ ਦਿਸਦਾ ਹੈ, ਕਿਸੇ ਨੂੰ ਅਸਮਾਨ ਵਿੱਚ ਭੂਤ ਦਿਸਦੇ ਹਨ ਅਤੇ ਕਈਆਂ ਨੂੰ ਕਬਰਾਂ ਵਿੱਚ ਭੂਤ ਬੈਠੇ ਦਿਖਾਈ ਦਿੰਦੇ ਹਨ, ਜਿਹਨਾਂ ਕਹਾਣੀਆਂ ਨੂੰ ਸੁਣਕੇ ਬਚਿਆਂ ਦੇ ਮੰਨ ਵਿੱਚ ਬਚਪਨ ਤੋਂ ਹੀ ਡਰ ਬੈਠ ਜਾਂਦਾ ਹੈ, ਫਿਰ ਕੀ ਮਜਾਲ ਹੈ ਕੋਈ ਬਚਾ ਰਾਤ ਸਮੇ ਘਰ ਤੋਂ ਬਾਹਰ ਕਦਮ ਵੀ ਰਖੇ। ਕਈ ਵਾਰ ਤਾਂ ਬਚੇ ਇਨੇ ਡਰ ਜਾਂਦੇ ਹਨ ਕਿ ਬਾਥਰੂਮ ਵਿੱਚ ਵੀ ਘਰਦਿਆਂ ਤੋਂ ਬਿਨਾ ਨਹੀਂ ਜਾ ਸਕਦੇ ਜਿਹਨਾਂ ਨਾਲ ਉਹਨਾਂ ਦੀ ਮਾਨਸਿਕਤਾ ਏਨੀ ਕਮਜੋਰ ਹੋ ਜਾਂਦੀ ਹੈ ਕਿ ਸਾਰੀ ਉਮਰ ਡਰਦੇ ਹੀ ਰਹਿੰਦੇ ਹਨ।

ਜਦੋਂ ਮੈਂ ਦਸਵੀ ਜਮਾਤ ਦਾ ਵਿਦਿਆਰਥੀ ਸੀ ਪਿਤਾ ਜੀ ਦੀ ਸਰਕਾਰੀ ਜੋਬ ਹੋਣ ਕਾਰਨ ਖੇਤੀ ਵਿੱਚ ਆਪਣੇ ਦਾਦਾ ਜੀ ਦੀ ਮੱਦਦ ਕਰਦਾ ਹੁੰਦਾ ਸੀ। ਝੋਨੇ ਦੇ ਸੀਜਨ ਵਿੱਚ ਅਕਸਰ ਰਾਤ ਨੂੰ ਮੋਟਰ ਚਲਾਉਣੀ ਪੈਂਦੀ ਸੀ ਕਿਉਕਿ ਬਿਜਲੀ 11 ਵਜੇ ਆਉਂਦੀ ਹੁੰਦੀ ਸੀ ਅਤੇ ਦਾਦਾ ਜੀ ਬਜੁਰਗ ਹੋਣ ਕਾਰਨ ਇਹ ਜਿਮੇਵਾਰੀ ਮੇਰੀ ਹੀ ਹੁੰਦੀ ਸੀ। ਇੱਕ ਦਿਨ ਮੋਟਰ ਚਲਾਉਣ ਤੋਂ ਬਾਅਦ ਮੈਨੂੰ ਮੇਰਾ ਇੱਕ ਦੋਸਤ (ਨਰਿੰਦਰਪਾਲ ਜੋ ਹੁਣ ਇਸ ਦੁਨੀਆਂ ਵਿੱਚ ਨਹੀਂ) ਮਿਲ ਪਿਆ, ਉਹ ਵੀ ਮੋਟਰ ਚਲਾ ਕੇ ਆਇਆ ਸੀ ਅਤੇ ਪੈਦਲ ਹੀ ਹੋਣ ਕਾਰਨ ਉਸਨੇ ਮੈਨੂੰ ਸਾਈਕਲ ਤੇ ਉਸਦੇ ਘਰ ਡ੍ਰੋਪ ਕਰਨ ਲਈ ਕਿਹਾ। ਵੈਸੇ ਆਮ ਤੋਰ ਤੇ ਮੈਂ ਕਚੇ ਪਹੇ ਵੱਲ ਦੀ ਹੀ ਘਰ ਨੂੰ ਜਾਂਦਾ ਸੀ, ਪਰ ਉਸਦਾ ਘਰ ਮੇਨ ਸੜਕ ਤੇ ਹੀ ਸਿਵੇ ਲੰਘ ਕੇ ਹੀ ਹੁੰਦਾ ਸੀ। ਉਸਦੇ ਘਰ ਨੂੰ ਜਾਂਦਿਆ ਰਸਤੇ ਵਿੱਚ ਸਿਵਿਆਂ ਦੇ ਲਾਗੇ ਦੂਰੋ ਇੱਕ ਆਦਮੀ ਤੁਰਿਆ ਆਉਂਦਾ ਦਿਸਿਆ ਜਿਸਦੇ ਚਿਟੇ ਕਪੜੇ ਪਾਏ ਹੋਏ ਸਨ ਅਤੇ ਦੂਰੋਂ ਇੰਜ ਲਗਿਆ ਜਿਵੇ ਉਸਦਾ ਕੱਦ ਸੜਕ ਦੇ ਆਸ ਪਾਸ ਲਗੇ ਅੰਬਾਂ ਦੇ ਦਰਖਤਾਂ ਜਿਡਾ ਹੋਵੇ, ਬੱਸ ਫਿਰ ਕੀ ਇੰਜ ਦਿੱਲ ਕਰੇ ਕਿ ਸਾਈਕਲ ਨੂੰ ਜਲਦੀ ਨਾਲ ਪਿਛੇ ਨੂੰ ਮੋੜ ਲਵਾਂ ਪਰ ਨਾਲ ਮੇਰਾ ਦੋਸਤ ਹੋਣ ਕਾਰਨ ਮੰਨ ਵਿੱਚ ਆਇਆ ਕਿ ਉਹ ਮੇਰਾ ਮਜ਼ਾਕ ਉਡਾਵੇਗਾ, ਕਿਸੇ ਤਰਾਂ ਹਿਮਤ ਕਰਕੇ ਅਗੇ ਵਧਦਾ ਗਿਆ, ਪਰ ਅਸੀਂ ਜਿਉ ਜਿਉਂ ਅਗੇ ਵਧ ਰਿਹੇ ਸੀ ਉਸ ਬੰਦੇ ਦਾ ਕੱਦ ਛੋਟਾ ਹੁੰਦਾ ਗਿਆ। ਬਿਲਕੁਲ ਲਾਗੇ ਆ ਜਾਣ ਤੇ ਪਤਾ ਲਗਾ ਕਿ ਉਹ ਤਾਂ ਸਾਡੇ ਨਾਲ ਲਗਦੇ ਪਿੰਡ ਬਤਾਲੇ ਦਾ ਇੱਕ ਬਜੁਰਗ ਸੀ ਜੋ ਕਿ ਰੇਲਵੇ ਵਿੱਚ ਨੋਕਰੀ ਕਰਦਾ ਹੁੰਦਾ ਸੀ ਅਤੇ ਅਕਸਰ ਹੀ ਉਸ ਸਮੇ ਆਪਣੇ ਪਿੰਡ ਨੂੰ ਜਾਇਆ ਕਰਦਾ ਸੀ ਵੈਸੇ ਤਾਂ ਮੈਂ ਭਾਵੇ ਸਾਰੀ ਉਮਰ ਉਸ ਘਟਨਾਂ ਤੋਂ ਡਰਦਾ ਰਹਿੰਦਾ ਪਰ ਉਹ ਸਾਡਾ ਇੱਕ ਰਿਸ਼ਤੇਦਾਰ ਹੀ ਸੀ ਇਸ ਲਈ ਮੈਂ ਉਸਨੂੰ ਜਾਣਦਾ ਸੀ।

ਜਦੋਂ ਇਹ ਘਟਨਾ ਆਪਣੇ ਦੋਸਤ ਨੂੰ ਦਸੀ ਤਾਂ ਉਸਨੇ ਮੈਨੂੰ ਦਸਿਆ ਕਿ ਉਸਨੂੰ ਵੀ ਕੁਝ ਇਸ ਤਰਾਂ ਹੀ ਲਗਿਆ ਸੀ ਖੈਰ ਇਹ ਸਭ ਸਾਡੇ ਮੰਨ ਦੇ ਡਰ ਕਾਰਨ ਸਾਨੂੰ ਉਸਦਾ ਪਰ੍ਸ਼ਾਵਾਂ ਹੀ ਕੁਝ ਇਸ ਤਰਾਂ ਲਗਿਆ ਸੀ। ਫਿਰ ਕੀ ਭੂਤਾਂ ਵਾਲੀ ਇੱਕ ਕਹਾਣੀ ਮੇਰੇ ਜੀਵਨ ਨਾਲ ਵੀ ਜੁੜ ਗਈ, ਹੁਣ ਜਿਥੇ ਕਿਤੇ ਵੀ ਕੋਈ ਭੂਤਾਂ ਦਾ ਜਿਕਰ ਕਰਦਾ ਆਪਾਂ ਵੀ ਆਖ ਦਿੰਦੇ ਕਿ ਅਸੀਂ ਵੀ ਦੇਖਿਆ ਹੈ ਭੂਤ, ਮੈਨੂੰ ਲਗਦਾ ਹੈ ਕਿ ਇਹ ਕਹਾਣੀ ਮੈਂ ਕੋਈ 20-25 ਬੰਦਿਆਂ ਨੂੰ ਮਸਾਲਾ ਲਾ ਕਿ ਸੁਣਾਈ ਹੋਵੇਗੀ ਪਰ ਕਿਸੇ ਨੂੰ ਵੀ ਨਹੀਂ ਦਸਿਆ ਕਿ ਉਹ ਲਮਾਂ ਬੰਦਾ ਸਾਡਾ ਰਿਸ਼ਤੇਦਾਰ ਹੀ ਸੀ ਨਾ ਕਿ ਭੂਤ, ਉਹਨਾ ਨੇ ਪਤਾ ਨਹੀਂ ਅਗੇ ਕਿਨਿਆਂ ਕੁ ਨੂੰ ਸੁਣਾਈ ਹੋਵੇਗੀ, ਪਰ ਇਨਾਂ ਕੁ ਜਰੂਰ ਲਗਣ ਲੱਗਾ ਕਿ ਜਿਆਦਾਧਰ ਲੋਕ ਅਜਿਹੀਆਂ ਗੱਪਾਂ ਹੀ ਮਾਰਦੇ ਹਨ ਪਰ ਕੁਝ ਰੱਸੀ ਨੂੰ ਸੱਪ ਸਮਝਣ ਵਾਲੇ ਵੀ ਹੋ ਸਕਦੇ ਹਨ।

ਸਮਾਂ ਆਪਣੀ ਚਾਲ ਚਲਦਾ ਰਿਹਾ ਅਤੇ ਕਿਸੇ ਗੁਰਮੁਖ ਪਿਆਰੇ ਨੇ ਗੁਰਬਾਣੀ ਪੜਨ ਅਤੇ ਸਮਝਣ ਦੀ ਚੇਟਕ ਲਗਾ ਦਿਤੀ ਅਤੇ ਬਹੁਤਿਆਂ ਸਵਾਲਾਂ ਦੇ ਜਵਾਬ ਖੁਦ-ਬ-ਖੁਦ ਹੀ ਸਾਹਮਣੇ ਆਉਂਦੇ ਗਏ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਂਨਕੋਸ਼ ਵਿੱਚ ਭੂਤ ਬਾਰੇ ਲਿਖਦੇ ਹੋਏ ਜੋ ਅਰਥ ਕੀਤੇ ਹਨ ਉਹ ਵੀ ਕਰਦਾ ਜਾਵਾਂ:-

ਭੂਤ:- ਬੀਤਿਆ ਹੋਇਆ ਸਮਾਂ, ਪੰਜ ਤੱਤ, ਪੰਜ ਵਿਕਾਰ, ਲਾਸ਼, ਸਾਰ ਜਾਂ ਨਿਚੋੜ, ਮਹਾਂਭਾਰਤ ਵਿੱਚ ਲਿਖਿਆ ਹੈ ਕਿ ਦਸ਼ਕ ਦੀ ਪੁਤਰੀ ਕ੍ਰੋਧਾ ਦੇ ਉਧਰ ਚੋਂ ਕਸ਼ਪ ਦੀ ਪੈਦਾ ਹੋਈ ਓਲਾਦ ਭੂਤ ਹਨ ਆਦਿ ਪਰ ਕਿਤੇ ਵੀ ਲੋਕਾਂ ਨੂੰ ਡਰਾਉਣ ਵਾਲਾ ਭੂਤ ਨਹੀਂ ਹੈ।

ਆਓ ਹੁਣ ਵਿਚਰਦੇ ਹਾਂ ਕਿ ਗੁਰੂ ਸਾਹਿਬ ਨੇ ਭੂਤ ਕਿਸਨੂੰ ਕਿਹਾ ਹ

ਗੁਰੂ ਅਰਜਨ ਪਾਤਸ਼ਾਹ ਜੀ ਫੁਰਮਾਉਂਦੇ ਹਨ:- ਸਾਰ ਭੂਤ ਸਤਿ ਹਰਿ ਕੋ ਨਾਉ ॥ (ਪੰਨਾ ੨੮੯)
ਭਾਵ:-ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ,

ਇਸੇ ਤਰਾਂ ਹੋਰ ਜਗਾ ਫੁਰਮਾਉਂਦੇ ਹਨ:- ਸਰਬ ਭੂਤ ਆਪਿ ਵਰਤਾਰਾ ॥ (ਪੰਨਾ ੨੮੯)
ਭਾਵ: ਸਾਰੇ ਜੀਵਾਂ ਵਿਚ ਪ੍ਰਭੂ ਆਪ ਹੀ ਵਰਤ ਰਿਹਾ ਹੈ,

ਅਤੇ ਭਗਤ ਕਬੀਰ ਜੀ ਲਿਖਦੇ ਹਨ :- ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ (ਪੰਨਾ ੬੫੪)
ਭਾਵ:-ਮਰਨ ਤੋਂ ਬਾਅਦ ਇਹੀ ਆਖਦੇ ਹਨ ਕਿ ਹੁਣ ਇਸ ਮਰੇ ਬੰਦੇ ਨੂੰ ਘਰ ਵਿਚੋਂ ਲੈ ਜਾਓ, ਇਸ ਲਾਸ਼ ਦਾ ਹੁਣ ਕੋਈ ਕੰਮ ਨਹੀਂ

ਅਤੇ ਅਗੇ ਲਿਖਦੇ ਹਨ:- ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ ॥ (ਪੰਨਾ ੪੮੩)
ਭਾਵ:-ਮੈਂ ਸਾਰੇ ਜੀਵਾਂ ਵਿਚ ਹੁਣ ਇੱਕ ਪਰਮਾਤਮਾ ਨੂੰ ਵੱਸਦਾ ਸਮਝ ਲਿਆ ਹੈ, ਇਸ ਵਾਸਤੇ ਮੇਰੇ ਸਾਰੇ ਵੈਰ-ਵਿਰੋਧ ਮੁੱਕ ਗਏ ਹਨ,

ਅਤੇ ਜੇਕਰ ਭਗਤ ਜੈਦੇਵ ਜੀ ਕੋਲੋਂ ਪੁਛਿਆ ਜਾਵੇ ਤਾਂ ਉਹ ਕਿਹੰਦੇ ਹਨ:- ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥੫॥੧॥ (ਪੰਨਾ ੫੨੬)
ਅਰਥ:- ਜੈਦੇਵ ਭੀ ਹੋਰ ਆਸਰੇ ਸਾਰੇ ਛੱਡ ਕੇ ਉਸੇ ਦੀ ਸਰਨ ਆਇਆ ਹੈ, ਉਹ ਹੁਣ ਭੀ, ਪਿਛਲੇ ਸਮੇ ਭੀ ਹਰ ਥਾਂ ਮੌਜੂਦ ਹੈ,

ਇਸ ਬਾਬਤ ਭਗਤ ਰਵਿਦਾਸ ਜੀ ਫੁਰਮਾਉਂਦੇ ਹਨ:- ਘਰ ਕੀ ਨਾਰਿ ਉਰਹਿ ਤਨ ਲਾਗੀ ॥ ਉਹ ਤਉ ਭੂਤੁ ਭੂਤੁ ਕਰਿ ਭਾਗੀ ॥੩॥ (ਪੰਨਾ ੭੯੪)
ਭਾਵ:- ਆਪਣੀ ਵਹੁਟੀ ਜੋ ਸਦਾ ਮਨੁੱਖ ਦੇ ਨਾਲ ਲੱਗੀ ਰਹਿੰਦੀ ਸੀ,ਮਰਨ ਉਪਰੰਤ ਇਹ ਆਖ ਕੇ ਪਰੇ ਹਟ ਜਾਂਦੀ ਹੈ ਇਹ ਤਾਂ ਹੁਣ ਮਰ ਗਿਆ ਹੈ,

ਅਤੇ ਪਾਵਨ ਗੁਰੂ ਗਰੰਥ ਸਾਹਿਬ ਦੇ ਪੰਨਾ ੮੩੯ ਉਪਰ ਗੁਰੂ ਨਾਨਕ ਪਾਤਸ਼ਾਹ ਲਿਖਦੇ ਹਨ:- ਪੰਚਮੀ ਪੰਚ ਭੂਤ ਬੇਤਾਲਾ ॥
ਭਾਵ:- ਉਸ ਦੇ ਪੈਦਾ ਕੀਤੇ ਹੋਏ ਜਿਹੜੇ ਜੀਵ ਪੰਜ ਤੱਤਾਂ ਵਿਚ ਹੀ ਪਰਵਿਰਤ ਹਨ ਉਹ ਜੀਵਨ-ਜਾਚ ਤੋਂ ਖੁੰਝੇ ਹੋਏ ਹਨ।

ਇੱਕ ਜਗਾ ਗੁਰੂ ਅਰਜਨ ਪਾਤਸ਼ਾਹ ਲਿਖਦੇ ਹਨ:- ਪਸੁ ਪੰਖੀ ਭੂਤ ਅਰੁ ਪ੍ਰੇਤਾ ॥ ਬਹੁ ਬਿਧਿ ਜੋਨੀ ਫਿਰਤ ਅਨੇਤਾ ॥ (ਪੰਨਾ ੧੦੦੫)
ਭਾਵ:- ਜੀਵ ਪਸ਼ੂ ਪੰਛੀ ਭੂਤ ਪ੍ਰੇਤ ਆਦਿਕ ਅਨੇਕਾਂ ਜੂਨਾਂ ਵਿਚ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਭਟਕਦਾ ਫਿਰਦਾ ਹੈ। ਪਰ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਥੇ ਮਰਨ ਤੋਂ ਬਾਅਦ ਕਿਸੇ ਜੂਨ ਨਹੀਂ ਬਲਕੇ ਜਿਉਂਦੇ ਜੀ ਮਾਇਆ ਦੇ ਵੱਸ ਪਏ ਮਨੁਖ ਦੀ ਗੱਲ ਹੋ ਰਹੀ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਗੁਰਬਾਣੀ ਉਸ ਭੂਤ ਨੂੰ ਨਹੀਂ ਮੰਨਦੀ ਜੋ ਬ੍ਰਾਹਮਣ ਨੇ ਲੋਕਾਂ ਨੂੰ ਡਰਾਉਣ ਲਈ ਕਲਪੇ ਹੋਏ ਹਨ, ਤਾਂ ਜੋ ਲੋਕ ਇਹਨਾਂ ਦੇ ਡਰੋਂ ਪੂਜਾ ਜਾਂ ਇਹਨਾਂ ਤੋਂ ਬਚਾ ਲਈ ਕੋਈ ਓਪਾਅ ਕਰਾਉਣ ਤਾਂ ਫਿਰ ਉਹ ਕਿਹੜੇ ਭੂਤ ਹਨ ਜੋ ਗੁਰਬਾਣੀ ਮੰਨਦੀ ਹੈ ਅਤੇ ਸਾਨੂੰ ਹਰ ਰੋਜ ਦੇਖਣ ਨੂੰ ਮਿਲਦੇ ਹਨ ਇਸ ਬਾਬਤ ਭਗਤ ਕਬੀਰ ਜੀ ਦੇ ਬਹੁਤ ਧਿਆਨ ਦੇਣ ਯੋਗ ਬਚਨ ਹਨ ਉਹ ਲਿਖਦੇ ਹਨ:-

ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥ (ਪੰਨਾ ੧੩੭੪)
ਭਾਵ:- ਹੇ ਕਬੀਰ! ਜਿਹਨਾਂ ਘਰਾਂ ਵਿੱਚ ਗੁਰੂ ਦੀ ਸੇਵਾ ਭਾਵ ਗੁਰੂ ਦੀ ਸਿਖਿਆ ਅਨੁਸਾਰ ਜੀਵਨ ਨੂੰ ਖੂਬਸੂਰਤ ਨਹੀਂ ਬਣਾਇਆ ਜਾਂਦਾ ਉਹ ਘਰ ਸਿਵਿਆਂ ਜਿਹੇ ਹਨ ਅਤੇ ਉਹਨਾਂ ਵਿੱਚ ਰਹਿਣ ਵਾਲੇ ਮਨੁਖ ਭੂਤ ਹਨ। ਸੋ ਇਸ ਤਰਾਂ ਦੇ ਭੂਤ ਦੇਖਣ ਲਈ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਬਲਕੇ ਖੁਦ ਸ਼ੀਸੇ ਦੇਖਣ ਦੀ ਜਰੂਰਤ ਹੈ।

ਗੁਰਬਾਣੀ ਵਿੱਚ ਹੋਰ ਵੀ ਅਨੇਕਾਂ ਸ਼ਬਦ ਅਜਿਹੇ ਮਿਲਦੇ ਹਨ ਜਿਵੇਂ ਪ੍ਰੇਤ, ਜਿੰਨ, ਬੇਤਾਲਾ ਆਦਿ ਪ੍ਰੰਤੂ ਸਾਰਿਆਂ ਦੇ ਅਰਥ ਕਾਫੀ ਹਦ ਤੱਕ ਇਕੋ ਜਿਹੇ ਹੀ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top