Share on Facebook

Main News Page

'ਤੰਗ ਪਜਾਮੀ' ਦਾ ਨਵਾਂ ਫੰਡਾ (ਇਕ ਵਿਅੰਗ)
-: ਇੰਦਰਜੀਤ ਸਿੰਘ ਕਾਨਪੁਰ

ਖ਼ਾਲਸਾ ਨਿਊਜ਼ 'ਤੇ ਬੀਤੇ ਦਿਨ ਇਕ ਖਬਰ ਪੜ੍ਹੀ। ਇਸ ਖਬਰ ਵਿੱਚ ਇਹ ਲਿਖਿਆ ਸੀ ਕਿ ਅਕਾਲ ਤਖਤ ਦੇ ਹੈਡ ਗ੍ਰੰਥੀ ਗੁਰਬਚਨ ਸਿੰਘ ਨੇ, ਮੱਕੜ ਦੇ ਇਸ਼ਾਰੇ 'ਤੇ ਸਿਮਰਨਜੀਤ ਸਿੰਘ ਮਾਨ ਨੂੰ, ਅਕਾਲ ਤਖਤ ਦੇ ਜੰਗਲੇ ਵਿਚ ਇਸ ਲਈ ਵੜਨ ਨਹੀਂ ਦਿਤਾ, ਕਿਉਂਕਿ ੳਨ੍ਹਾਂ ਦੀ ਪਜਾਮੀ ਥੋੜੀ ਖੁੱਲੀ ਸੀ, ਜਾਂ ਉਸ ਦਾ ਡਿਜਾਇਨ ਅਤੇ ਫਿਟਿੰਗ ਮੱਕੜ ਸਾਹਿਬ ਨੂੰ ਪਸੰਦ ਨਹੀਂ ਸੀ।

ਗੁਰਬਚਨ ਸਿੰਘ ਦੇ ਮਤਾਬਿਕ "ਪਜਾਮਿਆਂ ਦੀ ਕਿਸੇ ਰਹਿਤ ਮਰਿਯਾਦਾ" ਅਨੁਸਾਰ ਮਾਨ ਸਾਹਿਬ ਦੀ ਪਜਾਮੀ ਜੰਗਲੇ ਦੇ ਅੰਦਰ ਜਾਣ ਯੋਗ ਨਹੀਂ ਸੀ। ਇੰਝ ਲਗਦਾ ਹੈ, ਕਿ ਮਾਨ ਸਾਹਿਬ ਦੀ ਪਜਾਮੀ ਦੀ ਫਿਟਿੰਗ ਨਾਲ ਸਿੱਖ ਕੌਮ 'ਤੇ ਕੋਈ ਬਹੁਤ ਵੱਡਾ ਖਤਰਾ ਪੈਦਾ ਹੋ ਸਕਦਾ ਹੋਵੇ। ਇਹ ਘਟਨਾ ਪੜ੍ਹ ਕੇ ਬਹੁਤ ਭਾਰੀ ਦੁਖ ਹੋਇਆ ਕਿ ਇਹ "ਸਿਅਸੀ ਗੁਲਾਮ" ਕਦੋਂ ਤਕ ਸਿੱਖ ਰਹਿਤ ਮਰਿਯਾਦਾ ਅਤੇ ਗੁਰਮਤਿ ਦੀਆਂ ਧੱਜੀਆਂ ਉਡਾਉਦੇ ਰਹਿਣਗੇ ? ਸਿੱਖ ਰਹਿਤ ਮਰਿਯਾਦਾ ਵਿੱਚ ਕਿਸ ਥਾਂ 'ਤੇ ਅਜਿਹਾ ਲਿਖਿਆ ਹੈ ਕਿ ਅਕਾਲ ਤਖਤ ਦੇ ਜੰਗਲੇ ਦੇ ਅੰਦਰ ਉਹੀ ਸਿੱਖ ਪ੍ਰਵੇਸ਼ ਕਰ ਸਕਦਾ ਹੈ ਜਿਸਦੀ ਪਜਾਮੀ ਤੰਗ ਹੋਵੇ।

ਭਲਾ ਹੋਵੇ ਮੇਰੇ ਦਰਜ਼ੀ ਦਾ! ਉਹ ਤਾਂ ਹਮੇਸ਼ਾ ਹੀ ਮੇਰੇ ਕਪੜੇ ਤੰਗ ਹੀ ਸੀਂ ਦਿੰਦਾ ਹੈ। ਜਦੋਂ ਵੀ ਉਸਨੂੰ ਕੋਈ ਕਪੜਾ ਸੀਉਣ ਲਈ ਦਿੰਦਾ ਹਾਂ, ਮੈਨੂੰ ਦੋਬਾਰਾ ਖੁੱਲਾ ਕਰਵਾਉਣਾਂ ਪੈਂਦਾ ਹੈ। ਜੇ ਕਿਸੇ ਕਪੜੇ ਵਿੱਚ ਦਬਾਅ ਨਹੀਂ ਹੂੰਦਾ ਤਾਂ ਉਹ ਇਹ ਬਹਾਨਾਂ ਬਣਾਂ ਦਿੰਦਾ ਹੈ ਕਿ ਸਰਦਾਰ ਸਾਹਿਬ ਕਸੂਰ ਮੇਰਾ ਨਹੀਂ, ਕਸੂਰ ਤੁਹਾਡੇ ਕਪੜੇ ਦਾ ਹੈ, ਤੁਹਾਡਾ ਕਪੜਾ ਸ਼੍ਰਿੰਕ ਹੋ ਗਇਆ ਹੈ। ਕਈ ਵਾਰ ਤਾਂ ਉਹ ਕਪੜੇ ਇਨੇ ਤੰਗ ਕਰ ਦਿੰਦਾ ਹੈ ਕਿ ਮੇਰੇ ਕਪੜੇ, ਮੇਰੇ ਪੁੱਤਰ ਨੂੰ ਹੀ ਪੂਰੇ ਆਉਦੇ ਹਨ। ਕਾਸ਼ ! ਮਾਨ ਸਾਹਿਬ ਨੇ ਵੀ ਮੇਰੇ ਦਰਜ਼ੀ ਕੋਲੋਂ ਪਜਾਮਾਂ ਸਵਾਇਆ ਹੁੰਦਾ, ਤਾਂ ਜੰਗਲੇ ਦੇ ਅੰਦਰ ਜਾਂਣ ਤੋਂ ਰੋਕਣ ਲਈ ਗੁਰਬਚਨ ਸਿੰਘ ਅਤੇ ਮਕੜ ਨੂੰ ਕੋਈ ਬਹਾਨਾਂ ਨਹੀਂ ਸੀ ਮਿਲਣਾ। ਜਿਸ ਸਿੱਖ ਨੇ ਅਕਾਲ ਤਖਤ ਦੇ ਜੰਗਲੇ ਦੇ ਅੰਦਰ ਜਾਂਣਾ ਹੋਵੇ, ਉਹ ਮੇਰੇ ਦਰਜ਼ੀ ਕੋਲੋਂ ਪਜਾਮਾਂ ਜਰੂਰ ਸਵਾ ਕੇ ਵੇਖੇ। ਪਜਾਮੇ ਦੀ ਪਜਾਮੀ ਆਪ ਹੀ ਬਣ ਜਾਂਣੀ ਹੈ।

ਵੈਸੇ ਹੈਡ ਗ੍ਰੰਥੀ ਗੁਰਬਚਨ ਸਿੰਘ ਨੂੰ ਇਕ ਸਵਾਲ ਪੁਛਣਾਂ ਇਹ ਬਣਦਾ ਹੈ ਕਿ ਮਾਨ ਸਾਹਿਬ ਨੂੰ ਤਾਂ ਤੁਸੀਂ ਜੰਗਲੇ ਦੇ ਅੰਦਰ ਜਾਣ ਨਹੀਂ ਦਿੱਤਾ ਕਿਉਂਕਿ ੳਨ੍ਹਾਂ ਦੀ ਪਜਾਮੀ ਖੁੱਲੀ ਸੀ, ਪਰ "ਤੇਰਾ ਕੀ ਹੋਵੇਗਾ ਕਾਲੀਆ?" ਤੂੰ ਤਾਂ ਹਜੂਰ ਸਾਹਿਬ ਜਾ ਕੇ ਆਪਣਾ ਪੰਜਾਮਾ ਹੀ ਉਤਾਰ ਦਿੰਦਾ ਹੈ? ਮੈਨੂੰ ਅੱਜ ਤਕ ਇਨ੍ਹਾਂ ਦੇ ਪਜਾਮਿਆਂ ਦਾ ਫੰਡਾ ਸਮਝ ਹੀ ਨਹੀਂ ਆਇਆ, ਕਿ ਇਨ੍ਹਾਂ ਦੇ ਪਜਾਮਿਆਂ ਦਾ ਰਾਜ਼ ਕੀ ਹੈ ? ਮੈਂ ਕਈ ਕਿਤਾਬਾਂ ਵੇਚਣ ਅਤੇ ਛਾਪਣ ਵਾਲਿਆਂ ਨੂੰ ਪੁਛਿਆ ਕਿ ਕੋਈ ਕਿਤਾਬ ਐਸੀ ਵੀ ਹੈ, ਜੋ "ਪਜਾਮਿਆਂ ਦੀ ਰਹਿਤ ਮਰਿਯਾਦਾ" ਬਾਰੇ ਹੋਵੇ? ਉਹ ਜਵਾਬ ਦੇਣ ਦੀ ਬਜਾਇ ਹੱਸਣ ਲਗ ਪੈਂਦੇ ਹਨ। ਮੈਂ ਇੰਟਰਨੈਟ 'ਤੇ ਗੁਗਲ 'ਤੇ ਵੀ ਸਰਚ ਕਰਕੇ ਵੇਖਿਆ ਅਤੇ ਵਿਕੀਪੀਡੀਆਂ ਵਿੱਚ ਵੀ ਸਰਚ ਕਰਕੇ ਵੇਖਿਆ। ਅਫਸੋਸ ! ਕਿ ਮੈਨੂੰ ਐਸੀ ਕੋਈ ਰਹਿਤ ਮਰਿਆਦਾ ਅੱਜ ਤਕ ਨਹੀਂ ਮਿਲੀ, ਜਿਸ ਵਿਚ ਜੱਥੇਦਾਰਾਂ ਦੇ ਪਜਾਮਿਆਂ ਦੇ ਡ੍ਰੇਸ ਕੋਡ ਦਾ ਪਤਾ ਮਿਲਦਾ ਹੋਵੇ। ਸ਼ਾਇਦ ਪਜਾਮਿਆਂ ਦੇ ਡ੍ਰੇਸ ਕੋਡ ਦਾ ਰਾਜ਼ ਇਨ੍ਹਾਂ ਜੱਥੇਦਾਰਾਂ ਤੋਂ ਅਲਾਵਾ ਹੋਰ ਕੋਈ ਨਹੀਂ ਜਾਣਦਾ। ਕੋਈ ਕਹਿੰਦਾ ਹੈ ਕਿ ਪਜਾਮੀ ਤੰਗ ਚੰਗੀ ਹੁੰਦੀ ਹੈ, ਤੇ ਕੋਈ ਪਜਾਮਿਆਂ ਤੋਂ ਹੀ ਨਫਰਤ ਕਰਦਾ ਹੈ, ਅਤੇ ਪਜਾਮੀ ਹੀ ੳਤਰਵਾ ਦਿੰਦਾ ਹੈ।

ਗੁਰਬਚਨ ਸਿੰਘ ਜੀ ਤੁਸੀਂ ਤਾਂ ਆਪ ਹਜ਼ੂਰ ਸਾਹਿਬ ਜਾ ਕੇ ਆਪਣਾ ਪਜਾਮਾਂ ਲਾਹ ਦੇਂਦੇ ਹੋ, ਤੁਹਾਨੂੰ ਕੀ ਲੈਣਾ ਦੇਣਾ ਕਿ ਪਜਾਮੀ ਖੁੱਲੀ ਹੈ ਜਾਂ ਤੰਗ ? ਹਜ਼ੂਰ ਸਾਹਿਬ ਵਾਲਿਆਂ ਨੇ ਤਾਂ ਪਜਾਮਿਆਂ ਦਾ ਝਗੜਾ ਹੀ ਮੁਕਾ ਦਿਤਾ ਹੈ "ਨਾ ਰਹੇ ਪਜਾਮੀ ਤੇ ਨਾ ਪਵੇ ਪੁਆੜਾ"। ਕਿਸੇ ਵੀਰ ਕੋਲ "ਪਜਾਮਿਆਂ ਦੀ ਰਹਿਤ ਮਰਿਯਾਦਾ" ਹੋਵੇ, ਤਾਂ ਜਰੂਰ ਭੇਜ ਦੇਣਾ, ਤਾਂ ਕਿ ਪਜਾਮਿਆਂ ਦੇ ਇਸ "ਰਾਜ਼" ਨੂੰ ਸਮਝਿਆ ਜਾ ਸਕੇ।

ਹਾਂ, ਹਜੂਰ ਸਾਹਿਬ ਵਾਲਿਆਂ ਦਾ ਪਜਾਮਾ ਲਾਹ ਦੇਣ ਵਾਲਾ ਫੰਡਾ ਤਾਂ ਮੈਨੂੰ ਥੋੜਾ ਬਹੁਤਾ ਜ਼ਰੂਰ ਸਮਝ ਆ ਸਕਿਆ ਹੈ, ਕਿਉਂਕਿ ਇਹ ਪੱਕੇ "ਦਸਮ ਗ੍ਰੰਥੀਏ" ਹਨ ਅਤੇ ਦਸਮ ਗ੍ਰੰਥ ਨੂੰ ਮੰਨਣ ਵਾਲੇ "ਮਹਾਕਾਲ" ਅਤੇ "ਕਾਲ" ਦੇ ਪੁਜਾਰੀ ਹੁੰਦੇ ਹਨ। ਇਹ ਮਹਾਕਾਲ ਦੇਵਤਾ ਨੰਗਾ ਹੀ ਰਹਿੰਦਾ ਹੈ ਅਤੇ ਗਲੇ ਵਿਚ ਖੋਪੜੀਆਂ ਦੀ ਮਾਲਾ ਪਾਉਂਦਾ ਹੈ। ਇਹ ਦਸਮ ਗ੍ਰੰਥੀਏ ਵੀ ਸ਼ਾਇਦ ਅਪਣੇ ਇਸ਼ਟ ਮਹਾਕਾਲ ਨੂੰ ਖੁਸ਼ ਕਰਨ ਲਈ ਆਪਣਾ ਪਜਾਮਾ ਲਾਹ ਕੇ ਉਸਨੂੰ ਇਹ ਦਰਸਾਉਂਦੇ ਹਨ ਕਿ, "ਵੇਖ ਅਸੀਂ ਤੇਰੇ ਸੱਚੇ ਭਗਤ ਹਾਂ। ਤੇਰੇ ਵਾਂਗ ਅਸੀਂ ਸਾਰੇ ਹੀ ਨੰਗੇ ਰਹਿੰਦੇ ਹਾਂ। ਨੰਗੀਆਂ ਲੱਤਾ ਵੇਖ ਕੇ ਉਹ ਖੁਸ਼ ਹੋ ਸਕੇ, ਇਸ ਲਈ ਇਹ ਦਸਮ ਗ੍ਰੰਥੀਏ ਆਪਣੇ ਇਸ਼ਟ ਮਹਾਕਾਲ ਨੂੰ ਅਪਣੇ ਪਜਾਮੇ ਲਾਹ ਕੇ, ਅਪਣੇ ਨੰਗੇ ਹੋਣ ਦਾ ਭੁਲੇਖਾ ਪਾਂਦੇ ਹਨ।

ਇਸ ਫੰਡੇ ਨੂੰ ਸਮਝਣ ਵਿੱਚ ਹੀ ਕਈ ਵਰ੍ਹੇ ਲਗ ਗਏ, ਹੁਣ ਗੁਰਬਚਨ ਸਿੰਘ ਅਤੇ ਮੱਕੜ ਨੇ ਇਹ ਨਵਾਂ ਬਖੇੜਾ ਖੜਾ ਕਰ ਦਿਤਾ ਹੈ "ਤੰਗ ਅਤੇ ਖੁਲੀ ਪਜਾਮੀ" ਵਾਲਾ। ਇਹ ਅਖੌਤੀ ਜਥੇਦਾਰ ਕੌਮ ਦਾ ਬੇੜਾ ਹੀ ਗਰਕ ਨਹੀਂ ਕਰ ਰਹੇ, ਬਲਕਿ ਇਹ ਸਿੱਖਾਂ ਨੂੰ ਨਿੱਤ ਨਵੇਂ ਨਵੇਂ ਭੰਬਲਭੂਸਿਆਂ ਵਿੱਚ ਵੀ ਪਾਈ ਜਾ ਰਹੇ ਹਨ।

ਵਾਹਿਗੁਰੂ ਮਿਹਰ ਕਰੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top